ਪ੍ਰਾਚੀਨ ਮਿਸਰੀ ਦੇਵੀ ਦੇਵਤੇ
From Wikipedia, the free encyclopedia
ਪ੍ਰਾਚੀਨ ਮਿਸਰ ਦੇ ਦੇਵਮਾਲਾ ਵਿੱਚ ਪ੍ਰਾਚੀਨ ਮਿਸਰ ਵਿੱਚ ਪੂਜੇ ਜਾਂਦੇ ਦੇਵੀ ਦੇਵਤੇ ਹਨ। ਇਨ੍ਹਾਂ ਦੇਵ-ਹਸਤੀਆਂ ਦੇ ਆਲੇ-ਦੁਆਲੇ ਦੇ ਵਿਸ਼ਵਾਸ ਅਤੇ ਰਸਮਾਂ ਪੂਰਵ-ਇਤਿਹਾਸਕ ਸਮਿਆਂ ਵਿੱਚ ਕਿਸੇ ਸਮੇਂ ਉਭਰੇ ਪ੍ਰਾਚੀਨ ਮਿਸਰ ਦੇ ਧਰਮ ਦੀ ਬੁਨਿਆਦ ਹਨ। ਦੇਵੀ-ਦੇਵਤੇ ਕੁਦਰਤੀ ਤਾਕਤਾਂ ਅਤੇ ਵਰਤਾਰਿਆਂ ਦੀ ਪ੍ਰਤਿਨਿਧਤਾ ਕਰਦੇ ਸਨ, ਅਤੇ ਮਿਸਰੀ ਲੋਕ ਉਹਨਾਂ ਨੂੰ ਖ਼ੁਸ਼ ਰੱਖਣ ਲਈ ਉਹਨਾਂ ਨੂੰ ਚੜ੍ਹਾਵੇ ਚੜ੍ਹਾਉਂਦੇ ਅਤੇ ਰਸਮਾਂ ਅਰਦਾਸਾਂ ਕਰਦੇ ਤਾਂ ਕਿ ਇਹ ਤਾਕਤਾਂ ਮਾਅਤ (ਬ੍ਰਹਮ ਹੁਕਮ) ਦੇ ਅਨੁਸਾਰ ਕੰਮ ਜਾਰੀ ਰੱਖ ਸਕਣ। 3100 ਈਪੂ ਦੇ ਨੇੜੇ ਮਿਸਰੀ ਰਾਜ ਦੀ ਸਥਾਪਨਾ ਤੋਂ ਬਾਅਦ, ਇਹਨਾਂ ਕਾਰਜਾਂ ਨੂੰ ਕਰਨ ਦਾ ਅਧਿਕਾਰ ਫ਼ਿਰਔਨ ਨੇ ਆਪਣੇ ਹਥ ਲੈ ਲਿਆ ਸੀ, ਜਿਸ ਨੇ ਦੇਵਤਿਆਂ ਦਾ ਪ੍ਰਤੀਨਿਧ ਹੋਣ ਦਾ ਦਾਅਵਾ ਕੀਤਾ ਸੀ ਅਤੇ ਮੰਦਿਰਾਂ ਦਾ ਪ੍ਰਬੰਧ ਕਰਨ ਲੱਗਿਆ ਜਿੱਥੇ ਧਾਰਮਿਕ ਰੀਤਾਂ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਸਨ।
ਦੇਵਤਿਆਂ ਦੀਆਂ ਗੁੰਝਲਦਾਰ ਵਿਸ਼ੇਸ਼ਤਾਵਾਂ ਨੂੰ ਮਿਥਿਹਾਸ ਵਿੱਚ ਅਤੇ ਦੇਵਤਿਆਂ ਦੇ ਵਿਚਕਾਰ ਪੇਚੀਦਾ ਰਿਸ਼ਤਿਆਂ ਵਿੱਚ ਪ੍ਰਗਟ ਕੀਤਾ ਗਿਆ ਸੀ: ਪਰਿਵਾਰਕ ਰਿਸ਼ਤਿਆਂ, ਢਿੱਲੇ-ਮੋਕਲੇ ਸਮੂਹਾਂ ਅਤੇ ਦਰਜੇਬੰਦੀਆਂ, ਅਤੇ ਵੱਖ-ਵੱਖ ਦੇਵਤਿਆਂ ਦਾ ਇੱਕ ਵਿੱਚ ਜੋੜ। ਕਲਾ ਵਿੱਚ ਦੇਵਤਿਆਂ ਦੇ ਵੱਖੋ-ਵੱਖ ਰੂਪ ਜਿਵੇਂ ਕਿ ਜਾਨਵਰ, ਇਨਸਾਨ, ਵਸਤੂਆਂ ਅਤੇ ਵੱਖੋ-ਵੱਖ ਰੂਪਾਂ ਦੇ ਜੋੜ-ਨੂੰ, ਉਹਨਾਂ ਦੀਆਂ ਮੂਲ ਵਿਸ਼ੇਸ਼ਤਾਈਆਂ ਦੇ ਪ੍ਰਤੀ ਪ੍ਰਤੀਕਵਾਦ ਦੁਆਰਾ ਵੀ ਪਰਗਟ ਕੀਤਾ ਜਾਂਦਾ ਸੀ।
ਵੱਖ-ਵੱਖ ਯੁਗਾਂ ਵਿਚ, ਸੂਰਜੀ ਦੇਵਤਾ ਰਾ, ਰਹੱਸਮਈ ਦੇਵਤਾ ਅਮੁਨ ਅਤੇ ਮਾਤਾ ਦੇਵੀ ਈਸਸ ਸਮੇਤ ਦੇਵਮਾਲਾ ਵਿੱਚ ਉੱਚਤਮ ਪਦਵੀ ਰੱਖਦੇ ਦੱਸੇ ਜਾਂਦੇ ਸਨ। ਸਭ ਤੋਂ ਉੱਚੇ ਦੇਵਤੇ ਨੂੰ ਆਮ ਤੌਰ 'ਤੇ ਸੰਸਾਰ ਦੀ ਰਚਨਾ ਦਾ ਸਿਹਰਾ ਜਾਂਦਾ ਸੀ ਅਤੇ ਇਹ ਅਕਸਰ ਸੂਰਜ ਦੀ ਜੀਵਨ ਦਾਤਾ ਸ਼ਕਤੀ ਨਾਲ ਜੁੜਿਆ ਹੁੰਦਾ ਸੀ। ਕੁਝ ਵਿਦਵਾਨਾਂ ਦੀ, ਮਿਸਰੀ ਲਿਖਤਾਂ ਦੇ ਅੰਸ਼ਕ ਤੌਰ 'ਤੇ ਆਧਾਰਿਤ ਦਲੀਲ ਹੈ, ਕਿ ਮਿਸਰ ਦੇ ਲੋਕ ਇੱਕ ਅਜਿਹੀ ਬ੍ਰਹਮ ਸ਼ਕਤੀ ਨੂੰ ਪਛਾਣਨ ਲੱਗ ਪਏ ਸਨ, ਜੋ ਸਾਰੀਆਂ ਚੀਜ਼ਾਂ ਦੇ ਪਿੱਛੇ ਵਿਆਪਕ ਸੀ ਅਤੇ ਦੂਸਰੇ ਸਾਰੇ ਦੇਵੀ-ਦੇਵਤਿਆਂ ਵਿੱਚ ਮੌਜੂਦ ਸੀ। ਫਿਰ ਵੀ ਉਹਨਾਂ ਨੇ ਦੁਨੀਆ ਦੇ ਆਪਣੇ ਮੂਲ ਬਹੁਦੇਵਵਾਦੀ ਦ੍ਰਿਸ਼ਟੀਕੋਣ ਨੂੰ ਕਦੇ ਨਹੀਂ ਸੀ ਤਿਆਗਿਆ। ਸ਼ਾਇਦ 14 ਵੀਂ ਸਦੀ ਈਪੂ. ਵਿੱਚ ਐਟਨਵਾਦ ਦੇ ਸਮੇਂ ਦੌਰਾਨ ਉਹ ਲਾਂਭੇ ਗਏ ਸਨ ਜਦੋਂ ਅਧਿਕਰਿਤ ਧਰਮ ਨੇ ਗ਼ੈਰ-ਮਨੁੱਖੀ ਰੂਪ ਵਿੱਚ ਸੂਰਜ ਦੇਵਤਾ ਐਟਨ ਤੇ ਹੀ ਨਿਰੋਲ ਤੌਰ 'ਤੇ ਜ਼ੋਰ ਦਿੱਤਾ ਸੀ।
ਦੇਵਤਿਆਂ ਨੂੰ ਸੰਸਾਰ ਭਰ ਵਿੱਚ ਵਿਆਪਕ ਮੰਨਿਆ ਜਾਂਦਾ ਸੀ, ਉਹ ਕੁਦਰਤੀ ਘਟਨਾਵਾਂ ਨੂੰ ਪ੍ਰਭਾਵਿਤ ਕਰਨ ਅਤੇ ਮਨੁੱਖਾਂ ਦੇ ਜੀਵਨ ਦੇ ਕੋਰਸ ਨੂੰ ਪ੍ਰਭਾਵਿਤ ਕਰਨ ਦੇ ਯੋਗ ਮੰਨੇ ਜਾਂਦੇ ਸਨ। ਲੋਕ ਉਹਨਾਂ ਦੇ ਨਾਲ ਮੰਦਿਰਾਂ ਅਤੇ ਅਣਅਧਿਕਾਰਤ ਧਾਰਮਿਕ ਅਸਥਾਨਾਂ ਵਿੱਚ ਨਿੱਜੀ ਕਾਰਨਾਂ ਤੇ ਵਿਚਾਰ ਵਟਾਂਦਰੇ ਦੇ ਨਾਲ-ਨਾਲ ਰਾਜਕੀ ਰੀਤਾਂ ਦੇ ਵੱਡੇ ਟੀਚਿਆਂ ਲਈ ਵੀ ਗੱਲਬਾਤ ਕਰਦੇ ਸਨ। ਮਿਸਰੀ ਲੋਕ ਦੈਵੀ ਮਦਦ ਲਈ ਅਰਦਾਸ ਕਰਦੇ, ਦੇਵਤਿਆਂ ਨੂੰ ਕੰਮ ਕਰਨ ਲਈ ਮਜਬੂਰ ਕਰਨ ਲਈ ਟੂਣੇ ਟਾਮਣ ਵਰਤਦੇ, ਅਤੇ ਉਹਨਾਂ ਨੂੰ ਸਲਾਹ ਲਈ ਬੁਲਾਇਆ ਕਰਦੇ ਸਨ। ਆਪਣੇ ਦੇਵੀ ਦੇਵਤਿਆਂ ਨਾਲ ਮਨੁੱਖਾਂ ਦੇ ਸਬੰਧ ਮਿਸਰ ਦੇ ਸਮਾਜ ਦਾ ਇੱਕ ਬੁਨਿਆਦੀ ਹਿੱਸਾ ਸਨ।