ਘੁੰਗਰਾਲ
From Wikipedia, the free encyclopedia
Remove ads
ਘੁੰਗਰੂਆਂ ਦੀ ਮਾਲਾ ਨੂੰ, ਜੋ ਬਲਦਾਂ/ਵਹਿੜਕਿਆਂ ਦੇ ਗਲ ਪਾਈ ਜਾਂਦੀ ਹੈ, ਘੁੰਗਰਾਲ ਕਹਿੰਦੇ ਹਨ। ਘੁੰਗਰਾਲਾਂ ਬਲਦਾਂ/ਵਹਿੜਕਿਆਂ ਦੀ ਜੋੜੀ ਨੂੰ ਜਦ ਵਿਆਹ ਸਮੇਂ ਰੱਥ/ਗੱਡਿਆਂ ਨੂੰ ਜੋੜਿਆ ਜਾਂਦਾ ਸੀ, ਮੇਲੇ 'ਤੇ ਜਾਣਾ ਹੁੰਦਾ ਸੀ, ਕਿਸੇ ਖੁਸ਼ੀ ਦੇ ਸਮਾਗਮ 'ਤੇ ਜਾਣਾ ਹੁੰਦਾ ਸੀ, ਖਰਾਸ ਨੂੰ ਜੋੜਨਾ ਹੁੰਦਾ ਸੀ, ਉਸ ਸਮੇਂ ਪਾਈਆਂ ਜਾਂਦੀਆਂ ਸਨ। ਕਈ ਸ਼ੁਕੀਨ ਜੱਟ ਤਾਂ ਹਮੇਸ਼ਾ ਹੀ ਬਲਦਾਂ ਦੇ ਘੁੰਗਰਾਲਾਂ ਪਾ ਕੇ ਰੱਖਦੇ ਸਨ। ਬੋਤਿਆਂ ਨੂੰ ਸ਼ਿੰਗਾਰਨ ਸਮੇਂ ਵੀ ਉਨ੍ਹਾਂ ਦੇ ਗੋਡਿਆਂ ਨਾਲ ਛੋਟੀ ਜਿਹੀ ਛੋਟੇ ਛੋਟੇ ਘੁੰਗਰੂਆਂ ਦੀ ਘੁੰਗਰਾਲ ਬੰਨ੍ਹਦੇ ਸਨ। ਧਾਰਨਾ ਹੈ ਕਿ ਘੁੰਗਰਾਲ ਕਰਕੇ ਮਾੜੀਆਂ ਰੂਹਾਂ ਪਸ਼ੂਆਂ ਤੋਂ ਦੂਰ ਰਹਿੰਦੀਆਂ ਹਨ।
ਘੁੰਗਰਾਲ ਆਮ ਤੌਰ 'ਤੇ ਪੰਜ ਤੋਂ ਪੰਦਰਾਂ ਤੱਕ ਦੀ ਗਿਣਤੀ ਦੀ ਘੁੰਗਰੂਆਂ ਦੀ ਬਣਦੀ ਸੀ। ਬਲਦਾਂ ਅਤੇ ਵਹਿੜਕਿਆਂ ਦੇ ਕੱਦ-ਕਾਠ ਅਨੁਸਾਰ ਘੁੰਗਰਾਲਾਂ ਛੋਟੀਆਂ ਅਤੇ ਵੱਡੀਆਂ ਬਣਾਈਆਂ ਜਾਂਦੀਆਂ ਸਨ। ਘੁੰਗਰਾਲ ਬਣਾਉਣ ਲਈ ਚਮੜੇ ਦੀ ਦੋ ਕੁ ਇੰਚ ਚੌੜੀ ਤੇ 4 ਕੁ ਫੁੱਟ ਲੰਮੀ ਵੱਧਰੀ ਲਈ ਜਾਂਦੀ ਸੀ। ਇਸ ਵੱਧਰੀ ਵਿਚ ਘੁੰਗਰੂ ਪਰੋਏ ਜਾਂਦੇ ਸਨ। ਚਮੜੇ ਦੀ ਵੱਧਰੀ ਦੇ ਇਕ ਸਿਰੇ ਤੇ ਬਕਸੂਆ ਲੱਗਿਆ ਹੁੰਦਾ ਸੀ। ਦੂਸਰੇ ਸਿਰੇ ਵਿਚ ਇੰਚ ਇੰਚ ਕੁ ਦੇ ਫਰਕ 'ਤੇ 5/ 7 ਕੁ ਗਲੀਆਂ ਕੱਢੀਆਂ ਹੁੰਦੀਆਂ ਸਨ। ਇਸ ਸਿਰੇ ਨੂੰ ਬਕਸੂਏ ਵਿਚ ਪਾਉਣ ਲਈ ਥੋੜ੍ਹਾ ਤਿਰਛਾ ਕੀਤਾ ਹੁੰਦਾ ਸੀ। ਵੱਧਰੀ ਵਿਚ ਗਲੀਆਂ ਇਸ ਲਈ ਕੱਢੀਆਂ ਹੁੰਦੀਆਂ ਸਨ ਤਾਂ ਜੋ ਘੁੰਗਰਾਲ ਨੂੰ ਬਲਦ ਦੇ ਗਲ ਵਿਚ ਸਹੀ ਫਿੱਟ ਕਰਨ ਲਈ ਵਰਤਿਆ ਜਾ ਸਕੇ। ਕਈ ਘੁੰਗਰਾਲਾਂ ਮੋਟੀ ਰੱਸੀ ਵਿਚ ਘੁੰਗਰੂ ਪਰੋ ਕੇ ਵੀ ਬਣਾਈਆਂ ਜਾਂਦੀਆਂ ਸਨ। ਘੁੰਗਰੂ ਪਿੱਤਲ ਦੇ/ਪਿੱਤਲ ਦੀ ਦੇਗ ਦੇ ਬਣੇ ਹੁੰਦੇ ਸਨ। ਘੁੰਗਰੂ ਇਕ ਮੂੰਹ ਵਾਲੇ ਵੀ ਹੁੰਦੇ ਸਨ। ਕਈ ਘੁੰਗਰੂਆਂ ਦੇ ਮੂੰਹ ਰੈਡ ਕਰਾਸ ਦੇ ਨਿਸ਼ਾਨ ਵਰਗੇ ਹੁੰਦੇ ਸਨ। ਘੁੰਗਰੂ ਵਿਚ ਛੋਟੀ ਜਿਹੀ ਕਾਲੇ ਰੰਗ ਦੀ ਦੇਗ ਦੀ ਗੋਲੀ ਹੁੰਦੀ ਸੀ। ਇਹ ਗੋਲੀ ਹੀ ਘੁੰਗਰੂ ਦੇ ਖੋਲ ਵਿਚ ਲੱਗ-ਲੱਗ ਕੇ ਛਣਕਦੀ ਹੁੰਦੀ ਸੀ।[1]
ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਇਸ ਲਈ ਖੇਤੀ ਵਿਚ ਬਲਦਾਂ ਦੀ ਵਰਤੋਂ ਬਹੁਤ ਹੀ ਘੱਟ ਗਈ ਹੈ। ਵਿਆਹਾਂ ਵਿਚ ਹੁਣ ਰੱਥ ਨਹੀਂ ਜਾਂਦੇ, ਕਾਰਾਂ ਜਾਂਦੀਆਂ ਹਨ। ਮੇਲੇ ਲੋਕ ਹੁਣ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ ਅਤੇ ਬੱਸਾਂ ’ਤੇ ਜਾਂਦੇ ਹਨ।ਆਵਤ ਪਾਉਣ ਦਾ ਰਿਵਾਜ ਹੀ ਖਤਮ ਹੋ ਗਿਆ ਹੈ। ਖਰਾਸ ਖਤਮ ਹੋ ਗਏ ਹਨ। ਘੁਲ੍ਹਾੜੀਆਂ ਹੁਣ ਇੰਜਣਾਂ ਨਾਲ ਚਲਦੀਆਂ ਹਨ। ਇਸ ਲਈ ਬਲਦਾਂ ਦੀ ਵਰਤੋਂ ਬਹੁਤ ਹੀ ਘੱਟ ਗਈ ਹੈ। ਫੇਰ ਬਲਦਾਂ ਦੇ ਗਲਾਂ ਵਿਚ ਘੁੰਗਰਾਲਾਂ ਕਿਥੋਂ ਪੈਣੀਆਂ ਹਨ ? ਘੁੰਗਰਾਲਾਂ ਦੀ ਵਰਤੋਂ ਦਾ ਸੁਨਹਿਰੀ ਯੁੱਗ ਹੁਣ ਖਤਮ ਹੋ ਗਿਆ ਹੈ।[2]
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads