ਡਨਕਿਰਕ (2017 ਫ਼ਿਲਮ)

From Wikipedia, the free encyclopedia

Remove ads

ਡਨਕਿਰਕ 2017 ਵਿੱਚ ਰਿਲੀਜ਼ ਹੋਈ ਬਰਤਾਨਵੀ-ਅਮਰੀਕੀ ਫ਼ਿਲਮ ਹੈ ਜਿਹੜੀ ਯੁੱਧ ਤੇ ਅਧਾਰਿਤ ਹੈ। ਇਸ ਫ਼ਿਲਮ ਦਾ ਨਿਰਦੇਸ਼ਕ, ਲੇਖਕ ਅਤੇ ਸਹਿ-ਨਿਰਮਾਤਾ ਕ੍ਰਿਸਟੋਫ਼ਰ ਨੋਲਨ ਸੀ। ਇਸ ਫ਼ਿਲਮ ਵਿੱਚ ਮੁੱਖ ਅਦਾਕਾਰ ਫ਼ਿਓਨ ਵ੍ਹਾਈਟਹੈਡ, ਟੌਮ ਗਲਿਨ-ਕਾਰਨੀ, ਜੈਕ ਲੌਡਨ, ਹੈਰੀ ਸਟਾਈਲਜ਼, ਐਨਿਊਰਿਨ ਬਾਰਨਾਰਡ, ਜੇਮਜ਼ ਡਾਰਸੀ, ਬੈਰੀ ਕਿਓਗਨ, ਕੈਨੇੇਥ ਬ੍ਰਾਨਾਗ, ਕਿਲੀਅਨ ਮਰਫੀ, ਮਾਰਕ ਰਿਲਾਂਸ, ਟੌਮ ਹਾਰਡੀ ਸਨ।

ਵਿਸ਼ੇਸ਼ ਤੱਥ ਡਨਕਿਰਕ, ਨਿਰਦੇਸ਼ਕ ...

ਡਨਕਿਰਕ ਤਿੰਨ ਦ੍ਰਿਸ਼ਕੋਣਾਂ ਤੋਂ ਜੰਗ ਦੌਰਾਨ ਫੌਜੀ ਨਿਕਾਸ ਨੂੰ ਵਿਖਾਉਂਦੀ ਹੈ ਜਿਸ ਵਿੱਚ ਧਰਤੀ, ਸਮੁੰਦਰ ਅਤੇ ਹਵਾ ਸ਼ਾਮਿਲ ਹਨ। ਇਸ ਫ਼ਿਲਮ ਵਿੱਚ ਬਹੁਤ ਘੱਟ ਡਾਇਲਾਗ ਹਨ ਅਤੇ ਨੋਲਨ ਨੇ ਇਸ ਫ਼ਿਲਮ ਦਾ ਰੁਮਾਂਚ ਬਣਾਉਣ ਲਈ ਜ਼ਿਆਦਾਤਰ ਸਿਨਾਮਾਟੋਗ੍ਰਾਫ਼ੀ ਅਤੇ ਸੰਗੀਤ ਤੋਂ ਕੰਮ ਲਿਆ ਹੈ। ਇਸ ਫ਼ਿਲਮ ਦੀ ਸ਼ੂਟਿੰਗ ਮਈ 2016 ਵਿੱਚ ਡਨਕਿਰਕ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਸਨੂੰ ਸਿਤੰਬਰ ਵਿੱਚ ਲਾਸ ਏਂਜਲਸ ਵਿੱਚ ਪੂਰਾ ਕੀਤਾ ਗਿਆ। ਇਸ ਪਿੱਛੋਂ ਇਸਦਾ ਪਿਛਲਾ-ਨਿਰਮਾਣ ਸ਼ੁਰੂ ਹੋਇਆ। ਸਿਨੇਮਾਟੋਗ੍ਰਾਫ਼ਰ ਹੋਏਟ ਵੈਨ ਹੋਏਟੇਮਾ ਨੇ ਇਸ ਫ਼ਿਲਮ ਨੂੰ ਆਈ.ਮੈਕਸ. 65 mm ਅਤੇ 65 mm ਵੱਡੇ ਫ਼ਾਰਮੈਟ ਫ਼ਿਲਮ ਸਟੌਕ ਨਾਲ ਫ਼ਿਲਮਾਇਆ। ਡਨਕਿਰਕ ਵਿੱਚ ਬਾਹਰਲੇ ਵਿਹਾਰਕ ਪ੍ਰਭਾਵ ਸ਼ਾਮਿਲ ਹਨ ਅਤੇ ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨਿਕਾਸ ਸਮੇਂ ਰਹਿ ਗਈਆਂ ਇਤਿਹਾਸਿਕ ਕਿਸ਼ਤੀਆਂ ਅਤੇ ਹੋਰ ਰਹਿੰਦ-ਖੂੰਦ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਪੁਰਾਣੇ ਲੜਾਕੂ ਹਵਾਈ ਜਹਾਜ਼ਾਂ ਨੂੰ ਬਾਖੂਬੀ ਵਿਖਾਇਆ ਗਿਆ ਹੈ।

ਇਸ ਫ਼ਿਲਮ ਨੂੰ ਪਹਿਲੀ ਵਾਰ 13 ਜੁਲਾਈ 2017 ਨੂੰ ਓਡੀਅਨ ਲੀਸੈਸਟਰ ਸਕੇਅਰ, ਲੰਡਨ ਵਿਖੇ ਵਿਖਾਇਆ ਗਿਆ ਸੀ ਅਤੇ ਇਸਨੂੰ ਇੰਗਲੈਂਡ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ 21 ਜੁਲਾਈ ਨੂੰ ਆਈ.ਮੈਕਸ 70 ਐਮਐਮ ਅਤੇ 35 ਐਮਐਮ ਫ਼ਾਰਮੈਟਾਂ ਵਿੱਚ ਰਿਲੀਜ਼ ਕੀਤਾ ਗਿਆ ਸੀ। ਇਹ ਫ਼ਿਲਮ ਦੂਜੀ ਸੰਸਾਰ ਜੰਗ ਤੇ ਬਣੀ ਸਭ ਵੱਧ ਪੈਸਾ ਕਮਾਉਣ ਵਾਲੀ ਫ਼ਿਲਮ ਹੈ ਅਤੇ ਇਸਨੇ ਦੁਨੀਆ ਭਰ ਤੋਂ 525 ਮਿਲੀਅਨ ਡਾਲਰ ਕਮਾਏ ਹਨ। ਡਨਕਿਰਕ ਨੂੰ ਇਸਦੇ ਸਕਰੀਨਲੇਖਨ, ਨਿਰਦੇਸ਼ਨ, ਸੰਗੀਤ ਅਤੇ ਸਿਨੇਮਾਟੋਗ੍ਰਾਫੀ ਲਈ ਦੁਨੀਆ ਭਰ ਵਿੱਚ ਸਰਾਹਿਆ ਗਿਆ ਹੈ ਅਤੇ ਕੁਝ ਆਲੋਚਕਾਂ ਨੇ ਇਸਨੂੰ ਨੋਲਨ ਦੀ ਸਭ ਤੋਂ ਵਧੀਆ ਫ਼ਿਲਮ ਕਿਹਾ ਹੈ ਅਤੇ ਕੁਝ ਆਲੋਚਕਾਂ ਨੇ ਇਸਨੂੰ ਜੰਗ ਤੇ ਬਣੀਆਂ ਫ਼ਿਲਮਾਂ ਵਿੱਚੋਂ ਸਭ ਤੋਂ ਵਧੀਆ ਫ਼ਿਲਮ ਦਾ ਦਰਜਾ ਦਿੱਤਾ ਹੈ।

90ਵੇਂ ਅਕਾਦਮੀ ਅਵਾਰਡਾਂ ਵਿੱਚ ਇਸ ਫ਼ਿਲਮ ਨੂੰ 8 ਕੰਮਾਂ ਲਈ ਨਾਮਜ਼ਦ ਕੀਤਾ ਗਿਆ ਸੀ ਜਿਸ ਵਿੱਚ ਸਭ ਤੋਂ ਵਧੀਆ ਫ਼ਿਲਮ ਅਤੇ ਸਭ ਤੋਂ ਵਧੀਆ ਨਿਰਦੇਸ਼ਕ (ਨੋਲਨ ਦੀ ਆਸਕਰ ਵਿੱਚ ਨਿਰਦੇਸ਼ਕ ਦੇ ਤੌਰ 'ਤੇ ਸਭ ਤੋਂ ਪਹਿਲੀ ਨਾਮਜ਼ਦਗੀ) ਸ਼ਾਮਿਲ ਸੀ। ਇਹ ਫ਼ਿਲਮ ਨੂੰ ਸਭ ਤੋਂ ਵਧੀਆ ਸਾਊਂਡ ਐਡੀਟਿੰਗ, ਸਭ ਤੋਂ ਵਧੀਆ ਸਾਊਂਡ ਮਿਕਸਿੰਗ ਲਈ ਆਸਕਰ ਅਵਾਰਡ ਦਿੱਤੇ ਗਏ ਸਨ।

Remove ads

ਕਥਾਨਕ (ਪਲਾਟ)

1940 ਦੇ ਵਿੱਚ, ਫ਼ਰਾਂਸ ਦੀ ਜੰਗ ਦੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਗਠਜੋੜ ਵਾਲੇ ਦੇਸ਼ਾਂ ਦੇ ਸੈਨਿਕ ਆਪਣੇ ਮੋਰਚੇ ਤੋਂ ਪਿੱਛੇ ਹਟ ਕੇ ਡਨਕਿਰਕ ਵਿਖੇ ਜਮ੍ਹਾਂ ਹੋ ਗਏ। ਟੌਮੀ, ਜਿਹੜਾ ਕਿ ਇੱਕ ਬਰਤਾਨਵੀ ਪ੍ਰਾਈਵੇਟ ਰੈਂਕ ਦਾ ਨੌਜਵਾਨ ਫੌਜੀ ਹੈ, ਅਤੇ ਜਰਮਨਾਂ ਦੀ ਘਾਤ ਲਾ ਕੇ ਹਮਲਾ ਕਰਨ ਵਾਲੀ ਸੈਨਿਕ ਟੁਕੜੀ ਦੇ ਹਮਲੇ ਤੋਂ ਇਕੱਲਾ ਜ਼ਿੰਦਾ ਰਹਿ ਸਕਿਆ ਹੈ। ਸਮੁੰਦਰ ਤਟ ਤੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਸੈਨਿਕਾਂ ਨੂੰ ਵੇਖਦਾ ਹੈ ਜਿਹੜੇ ਕਿ ਨਿਕਾਸੀ ਦੀ ਉਡੀਕ ਕਰ ਰਹੇ ਹਨ ਅਤੇ ਇਸ ਦੌਰਾਨ ਉਸਦੀ ਮੁਲਾਕਾਤ ਗਿਬਸਨ ਨਾਲ ਹੁੰਦੀ ਹੈ ਜਿਹੜਾ ਕਿ ਇੱਕ ਮੁਰਦਾ ਸਰੀਰ ਨੂੰ ਦਫ਼ਨਾ ਰਿਹਾ ਹੁੰਦਾ ਹੈ। ਤਟ ਉੱਪਰ ਜਰਮਨਾਂ ਦੁਆਰਾ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ ਉਹਨਾਂ ਨੂੰ ਇੱਕ ਜ਼ਖ਼ਮੀ ਫੌਜੀ ਮਿਲਦਾ ਹੈ। ਉਹ ਉਸਨੂੰ ਸਟ੍ਰੈਚਰ ਉੱਪਰ ਪਾ ਕੇ ਇੱਕ ਹਸਪਤਾਲ ਜਹਾਜ਼ ਉੱਪਰ ਲੈ ਜਾਂਦੇ ਹਨ, ਕਿਉਂਕਿ ਇਸ ਨਾਲ ਉਹਨਾਂ ਨੂੰ ਜਹਾਜ਼ ਉੱਪਰ ਰਹਿਣ ਦਾ ਮੌਕਾ ਮਿਲ ਸਕਦਾ ਸੀ ਪਰ ਉਹਨਾਂ ਨੂੰ ਜਹਾਜ਼ ਤੋਂ ਬੇਦਖ਼ਲ ਕਰ ਦਿੱਤਾ ਜਾਂਦਾ ਹੈ। ਇਸ ਪਿੱਛੋਂ ਉਸ ਹਸਪਤਾਲ ਜਹਾਜ਼ ਨੂੰ ਹਵਾਈ ਹਮਲੇ ਦੁਆਰਾ ਡੁਬੋ ਦਿੱਤਾ ਜਾਂਦਾ ਹੈ। ਇਸ ਦੌਰਾਨ ਟੌਮੀ ਇੱਕ ਹੋਰ ਫੌਜੀ ਐਲੇਕਸ ਦੀ ਪਾਣੀ ਚੋਂ ਬਾਹਰ ਨਿਕਲਣ ਵਿੱਚ ਮਦਦ ਕਰਦਾ ਹੈ। ਉਹ ਰਾਤ ਗੁਜ਼ਾਰਨ ਲਈ ਇੱਕ ਵਿਨਾਸ਼ਕ ਜਹਾਜ਼ ਉੱਪਰ ਪਨਾਹ ਲੈਂਦੇ ਹਨ ਪਰ ਉਸ ਜਹਾਜ਼ ਨੂੰ ਇੱਕ ਤਾਰਪੀਡੋ ਹਮਲੇ ਦੁਆਰਾ ਡੁਬੋ ਦਿੱਤਾ ਜਾਂਦਾ ਹੈ। ਗਿਬਸਲ ਜਹਾਜ਼ ਦਾ ਇੱਕ ਬੂਹੇ-ਨੁਮਾ ਦਰਵਾਜ਼ਾ ਖੋਲ੍ਹਦਾ ਹੈ ਜਿਸ ਨਾਲ ਟੌਮੀ ਅਤੇ ਐਲੇਕਸ ਜਹਾਜ਼ ਵਿੱਚੋਂ ਬਾਹਰ ਨਿਕਲਦੇ ਹਨ ਅਤੇ ਉਹ ਤਟ ਉੱਪਰ ਵਾਪਸ ਆ ਜਾਂਦੇ ਹਨ।

ਜੰਗੀ ਜਹਾਜ਼ਾਂ ਦੀ ਘਾਟ ਕਾਰਨ ਤਟ ਉੱਪਰ ਪਹੁੰਚਣ ਲਈ ਰਾਇਲ ਨੇਵੀ ਨੂੰ ਕੁਝ ਨਾਗਰਿਕ ਜਹਾਜ਼ਾਂ ਦੀ ਲੋੜ ਹੈ। ਵੇਮਾਊਥ ਵਿੱਚ ਇੱਕ ਗ਼ੈਰਤਬਜੇਕਾਰ ਜਹਾਜ਼ੀ ਜਿਸਦਾ ਨਾਮ ਡਾਅਸਨ ਹੈ ਅਤੇ ਉਸਦਾ ਪੁੱਤਰ ਪੀਟਰ ਆਪਣੀ ਕਿਸ਼ਤੀ ਮੂਨਸਟੋਨ ਲੈ ਕੇ ਰਵਾਨਾ ਹੁੰਦੇ ਹਨ ਭਾਵੇਂ ਉਹਨਾਂ ਉੱਪਰ ਨੇਵੀ ਨੇ ਇਸ ਕੰਮ ਲਈ ਦਬਾਅ ਨਹੀਂ ਪਾਇਆ ਸੀ। ਪੀਟਰ ਦਾ ਇੱਕ ਨੌਜਵਾਨ ਦੋਸਤ ਜੌਰਜ ਵੀ ਉਹਨਾਂ ਨਾਲ ਜਾਣ ਦੀ ਜ਼ਿਦ ਕਰਦਾ ਹੈ ਅਤੇ ਜਹਾਜ਼ ਉੱਪਰ ਸਵਾਰ ਹੋ ਜਾਂਦਾ ਹੈ। ਸਮੁੰਦਰ ਵਿੱਚ ਉਹ ਇੱਕ ਤਬਾਹ ਹੋਏ ਜਹਾਜ਼ ਤੋਂ ਇੱਕ ਫੌਜੀ ਦੀ ਜਾਨ ਬਚਾਉਂਦੇ ਹਨ। ਜਦੋਂ ਉਸ ਫੌਜੀ ਨੂੰ ਪਤਾ ਲੱਗਦਾ ਹੈ ਕਿ ਡਾਅਸਨ ਡਨਕਿਰਕ ਵੱਲ ਜਾਣ ਤੋਂ ਨਹੀਂ ਰੁਕ ਰਿਹਾ ਤਾਂ ਉਹ ਉਹਨਾਂ ਉੱਪਰ ਵਾਪਸ ਮੁੜਨ ਲਈ ਦਬਾਅ ਪਾਉਂਦਾ ਹੈ ਅਤੇ ਮੰਗ ਕਰਦਾ ਹੈ ਕਿ ਜਹਾਜ਼ ਦਾ ਸਾਰੀ ਜ਼ਿੰਮੇਵਾਰੀ ਉਸਨੂੰ ਦੇ ਦਿੱਤੀ ਜਾਵੇ। ਇਸੇ ਮਸਲੇ ਵਿੱਚ ਹੋਈ ਝੜਪ ਦੌਰਾਨ ਜੌਰਜ ਦੇ ਸਿਰ ਵਿੱਚ ਸੱਟ ਲੱਗ ਜਾਂਦੀ ਹੈ ਜਿਸ ਨਾਲ ਉਹ ਅੰਨ੍ਹਾ ਹੋ ਜਾਂਦਾ ਹੈ।

ਦੂਰ ਕਿਤੇ ਤਿੰਨ ਸਪਿਟਫ਼ਾਇਰ ਜੰਗੀ ਹਵਾਈ ਜਹਾਜ਼ ਇੰਗਲਿਸ਼ ਚੈਨਲ ਨੂੰ ਪਾਰ ਕਰਦੇ ਹਨ ਅਤੇ ਡਨਕਿਰਕ ਵੱਲ ਵਧਦੇ ਹਨ। ਦੁਸ਼ਮਣ ਹਵਾਈ ਜਹਾਜ਼ਾਂ ਨਾਲ ਹੋਈ ਇੱਕ ਝੜਪ ਦੌਰਾਨ ਉਹਨਾਂ ਦੇ ਲੀਡਰ ਦੇ ਹਵਾਈ ਜਹਾਜ਼ ਨੂੰ ਡੇਗ ਦਿੱਤਾ ਜਾਂਦਾ ਹੈ। ਇਸ ਪਿੱਛੋਂ ਉਹਨਾਂ ਵਿੱਚੋਂ ਇੱਕ ਪਾਇਲਟ ਜਿਸਦਾ ਨਾਮ ਫ਼ਾਰੀਅਰ ਹੈ ਕਮਾਨ ਸੰਭਾਲਦਾ ਹੈ ਭਾਵੇਂ ਉਸਦੇ ਜਹਾਜ਼ ਦੀ ਤੇਲ ਵਾਲੀ ਗੇਜ ਗੋਲੀ ਵੱਜਣ ਕਰਕੇ ਕੰਮ ਕਰਨਾ ਬੰਦ ਕਰ ਦਿੰਦੀ ਹੈ। ਉਹ ਇੱਕ ਮਾਈਨਸਵੀਪਰ ਸਮੁੰਦਰੀ ਜਹਾਜ਼ ਨੂੰ ਜਰਮਨ ਹਵਾਈ ਹਮਲੇ ਤੋਂ ਬਚਾ ਲੈਂਦੇ ਹਨ ਪਰ ਉਹਨਾਂ ਦੋਵਾਂ ਵਿੱਚੋਂ ਇੱਕ ਹਵਾਈ ਜਹਾਜ਼ ਨੂੰ ਗੋਲੀਆਂ ਲੱਗਣ ਕਰਕੇ ਅੱਗ ਲੱਗ ਜਾਂਦੀ ਹੈ ਜਿਸ ਨਾਲ ਉਸਦੇ ਪਾਇਲਟ ਨੂੰ ਜਹਾਜ਼ ਨੂੰ ਪਾਣੀ ਵਿੱਚ ਉਤਾਰਨਾ ਪੈਂਦਾ ਹੈ। ਪਾਇਲਟ ਜਿਸਦਾ ਨਾਮ ਕੌਲਿੰਸ ਹੈ, ਪਾਣੀ ਵਿੱਚ ਡੁੱਬ ਰਹੇ ਹਵਾਈ ਜਹਾਜ਼ ਦੇ ਕਾਕਪਿੱਟ ਨੂੰ ਬਹੁਤ ਕੋਸ਼ਿਸ਼ਾਂ ਦੇ ਬਾਅਦ ਵੀ ਖੋਲ੍ਹਣ ਵਿੱਚ ਅਸਮਰੱਥ ਰਹਿੰਦਾ ਹੈ ਪਰ ਐਨ ਮੌਕੇ ਤੇ ਉਸਨੂੰ ਮੂਨਸਟੋਨ ਦੁਆਰਾ ਬਚਾ ਲਿਆ ਜਾਂਦਾ ਹੈ।

ਟੌਮੀ, ਐਲੇਕਸ ਅਤੇ ਗਿਬਸਨ ਸਕਾਟਲੈਂਡ ਦੇ ਸੈਨਿਕਾਂ ਦੀ ਟੁਕੜੀ ਨਾਲ ਰਲ ਜਾਂਦੇ ਹਨ ਅਤੇ ਇੱਕ ਜਾਲ ਖਿੱਚਣ ਵਾਲੀ ਬੇੜੀ ਵਿੱਚ ਲੁਕ ਜਾਂਦੇ ਹਨ ਜਿਹੜੀ ਗਠਜੋੜ ਵਾਲੀਆਂ ਫੌਜਾਂ ਦੇ ਖੇਤਰ ਤੋਂ ਬਾਹਰ ਪਈ ਹੁੰਦੀ ਹੈ। ਉਹ ਇਸਦੇ ਅੰਦਰ ਬੈਠੇ ਇੱਕ ਮਜ਼ਬੂਤ ਸਮੁੰਦਰੀ ਲਹਿਰ ਦਾ ਇੰਤਜ਼ਾਰ ਕਰਦੇ ਹਨ ਜਿਸ ਨਾਲ ਕਿ ਬੇੜੀ ਪਾਣੀ ਵਿੱਚ ਤੈਰਨ ਲੱਗ ਜਾਵੇ। ਜਰਮਨ ਸੈਨਿਕ ਬੇੜੀ ਉੱਪਰ ਗੋਲੀਆਂ ਚਲਾਉਂਦੇ ਹਨ ਅਤੇ ਪਾਣੀ ਬੇੜੀ ਵਿੱਚ ਗੋਲੀਆਂ ਦੁਆਰਾ ਬਣਾਏ ਗਏ ਛੇਕਾਂ ਵਿੱਚੋਂ ਦਾਖਲ ਹੋਣ ਲੱਗਦਾ ਹੈ। ਐਲੇਕਸ ਬੇੜੀ ਦੇ ਭਾਰ ਨੂੰ ਹਲਕਾ ਕਰਨ ਦੀ ਸਲਾਹ ਦਿੰਦੇ ਹੋਏ, ਗਿਬਸਨ ਉੱਪਰ ਦੋਸ਼ ਲਾਉਂਦਾ ਹੈ, (ਜਿਹੜਾ ਕਿ ਉਸਦੇ ਮਿਲਣ ਤੋਂ ਬਾਅਦ ਹੁਣ ਤੱਕ ਖ਼ਾਮੋਸ਼ ਰਿਹਾ ਹੈ), ਕਿ ਉਹ ਇੱਕ ਜਰਮਨ ਜਾਸੂਸ ਹੈ ਅਤੇ ਉਹ ਉਸ ਉੱਪਰ ਬੇੜੀ ਤੋਂ ਬਾਹਰ ਨਿਕਲਣ ਲਈ ਜ਼ੋਰ ਦਿੰਦਾ ਹੈ। ਇਹ ਇਲਜ਼ਾਮ ਲੱਗਣ ਉੱਪਰ ਗਿਬਸਨ ਦੱਸਦਾ ਹੈ ਕਿ ਉਹ ਇੱਕ ਫ਼ਰਾਂਸੀਸੀ ਹੈ ਜਿਸਨੇ ਉਸ ਦੁਆਰਾ ਦਫ਼ਨਾਏ ਗਏ ਫ਼ੌਜੀ ਦੀ ਪਛਾਣ ਚੋਰੀ ਕਰ ਲਈ ਸੀ ਤਾਂ ਕਿ ਉਸਨੂੰ ਅੰਗਰੇਜ਼ੀ ਸੈਨਾ ਨਾਲ ਬਾਹਰ ਨਿਕਲਣ ਦਾ ਮੌਕਾ ਮਿਲ ਸਕੇ। ਸਾਰੇ ਉਸ ਡੁੱਬ ਰਹੀ ਬੇੜੀ ਨੂੰ ਛੱਡ ਕੇ ਬਾਹਰ ਨਿਕਲ ਜਾਂਦੇ ਹਨ। ਗਿਬਸਨ ਬਾਹਰ ਨਿਕਲਣ ਵਿੱਚ ਅਸਮਰੱਥ ਹੁੰਦਾ ਹੈ ਅਤੇ ਡੁੱਬ ਜਾਂਦਾ ਹੈ। ਐਲੇਕਸ ਅਤੇ ਟੌਮੀ ਨਾਲ ਵਾਲੇ ਵਿਨਾਸ਼ਕ ਜਹਾਜ਼ ਵੱਲ ਤੈਰਦੇ ਹਨ ਪਰ ਉਸ ਜਹਾਜ਼ ਨੂੰ ਇੱਕ ਹਵਾਈ ਬੰਬ ਦੁਆਰਾ ਡੁਬੋ ਦਿੱਤਾ ਜਾਂਦਾ ਹੈ। ਮੂਨਸਟੋਨ ਪਾਣੀ ਵਿੱਚ ਤੈਰ ਰਹੇ ਫੌਜੀਆਂ ਨੂੰ ਪਨਾਹ ਦਿੰਦਾ ਹੈੇ ਜਿਸ ਵਿੱਚ ਟੌਮੀ ਅਤੇ ਐਲੇਕਸ ਵੀ ਸ਼ਾਮਿਲ ਹੁੰਦੇ ਹਨ। ਪੀਟਰ ਨੂੰ ਪਤਾ ਲੱਗਦਾ ਹੈ ਜੌਰਜ ਦੀ ਮੌਤ ਹੋ ਚੁੱਕੀ ਹੈ, ਜਦੋਂ ਸਮੁੰਦਰੀ ਜਹਾਜ਼ ਤੋਂ ਬਚਾਇਆ ਗਿਆ ਫੌਜੀ ਜੌਰਜ ਬਾਰੇ ਉਸਨੂੰ ਉਸਦੇ ਹਾਲ ਬਾਰੇ ਪੁੱਛਦਾ ਹੈ ਤਾਂ ਪੀਟਰ ਉਸਨੂੰ ਜਵਾਬ ਦਿੰਦਾ ਹੈ ਕਿ ਉਹ ਛੇਤੀ ਹੀ ਠੀਕ ਹੋ ਜਾਵੇਗਾ। ਫ਼ਾਰੀਅਰ ਆਪਣੇ ਜਹਾਜ਼ ਵਿੱਚੋਂ ਤੇਲ ਖ਼ਤਮ ਹੋਣ ਤੋਂ ਪਹਿਲਾਂ ਜਰਮਨ ਹਵਾਈ ਜਹਾਜ਼ ਨੂੰ ਡੇਗ ਦਿੰਦਾ ਹੈ। ਤੇਲ ਖ਼ਤਮ ਹੋਣ ਤੇ ਉਸਦਾ ਜਹਾਜ਼ ਤਟ ਉੱਪਰ ਹਵਾ ਵਿੱਚ ਤੈਰਦਾ ਹੋਇਆ ਗਠਜੋੜ ਦੇ ਬਾਹਰ ਵਾਲੇ ਇਲਾਕੇ ਵਿੱਚ ਉੱਤਰਦਾ ਹੈ। ਉਹ ਆਪਣੇ ਜਹਾਜ਼ ਨੂੰ ਅੱਗ ਲਾ ਦਿੰਦਾ ਹੈ ਅਤੇ ਉਸਨੂੰ ਜੰਗ ਦਾ ਕੈਦੀ ਬਣਾ ਲਿਆ ਜਾਂਦਾ ਹੈ। ਤਟ ਉੱਪਰ, ਰਾਇਲ ਨੇਵੀ ਕਮਾਂਡਰ ਬੌਲਟਨ ਆਖ਼ਰੀ ਬਰਤਾਨਵੀ ਸੈਨਿਕਾਂ ਨੂੰ ਜਾਂਦੇ ਹੋਏ ਵੇਖਦਾ ਹੈ। ਉਹ ਅੰਦਾਜ਼ਾ ਲਾਉਂਦਾ ਹੈ ਲਗਭਗ ਤਿੰਨ ਲੱਖ ਸੈਨਿਕਾਂ ਦਾ ਨਿਕਾਸ ਹੋ ਗਿਆ ਹੈ ਜਿਹੜੇ ਕਿ ਬਰਤਾਨਵੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਉਮੀਦ ਤੋਂ ਦਸ ਗੁਣਾ ਵਧਕੇ ਸੀ। ਉਹ ਫ਼ਰਾਂਸੀਸੀ ਸੈਨਿਕਾਂ ਦੀ ਨਿਕਾਸੀ ਲਈ ਉੱਥੇ ਹੀ ਰੁਕਦਾ ਹੈ।

ਵੇਮਾਊਥ ਨੂੰ ਵਾਪਿਸ ਜਾਂਦੇ ਹੋਏ, ਡਾਅਸਨ ਨੂੰ ਇੰਨੇ ਸਾਰੇ ਸਿਪਾਹੀਆਂ ਦੀ ਜਾਨ ਬਚਾਉਣ ਲਈ ਵਧਾਈ ਮਿਲਦੀ ਹੈ। ਤਬਾਹ ਹੋਏ ਸਮੁੰਦਰੀ ਜਹਾਜ਼ ਤੋਂ ਬਚਾਇਆ ਗਿਆ ਸਿਪਾਹੀ ਜੌਰਜ ਦੇ ਮੁਰਦਾ ਸਰੀਰ ਨੂੰ ਲਿਜਾਂਦੇ ਹੋਏ ਵੇਖਦਾ ਹੈ। ਪੀਟਰ ਉੱਥੋਂ ਦਾ ਅਖ਼ਬਾਰ ਪੜ੍ਹਦਾ ਹੈ; ਮੁੱਢਲੇ ਸਫ਼ੇ ਵਿੱਚ ਜੌਰਜ ਦੀ ਤਾਰੀਫ਼ ਵੀ ਲਿਖੀ ਹੈ। ਐਲੇਕਸ ਅਤੇ ਟੌਮੀ ਵੇਮਾਊਥ ਨੂੰ ਜਾਂਦੀ ਹੋਈ ਰੇਲਗੱਡੀ ਵਿੱਚ ਸਵਾਰ ਹੋ ਜਾਂਦੇ ਹਨ। ਐਲੇਕਸ ਨੂੰ ਤੁਰੀ ਜਾਂਦੀ ਰੇਲਗੱਡੀ ਵਿੱਚ ਨਾਗਰਿਕਾਂ ਤੋਂ ਇੱਜ਼ਤ ਦੀ ਉਮੀਦ ਹੁੰਦੀ ਹੈ ਪਰ ਉਹਨਾਂ ਨੂੰ ਇਸ ਤੋਂ ਵਧਕੇ ਹੀਰੋ ਵਾਂਗੂ ਸਰਾਹਨਾ ਮਿਲਦੀ ਹੈ। ਇਸ ਦੌਰਾਨ ਟੌਮੀ ਅਖ਼ਬਾਰ ਵਿਚਲੇ ਚਰਚਿਲ ਦੇ ਬਿਆਨਾਂ ਨੂੰ ਪੜ੍ਹਦਾ ਹੈ।

Remove ads

ਅਦਾਕਾਰ

  • ਫ਼ਿਓਨ ਵ੍ਹਾਈਟਹੈਡ, ਟੌਮੀ
  • ਟੌਮ ਗਲਿਨ-ਕਾਰਨੀ, ਪੀਟਰ ਡਾਅਸਨ
  • ਜੈਕ ਲੌਡਨ, ਕੌਲਿੰਸ
  • ਹੈਰੀ ਸਟਾਈਲਜ਼, ਐਲੇਕਸ
  • ਐਨਿਊਰਿਨ ਬਾਰਨਾਰਡ, ਗਿਬਸਨ
  • ਜੇਮਜ਼ ਡਾਰਸੀ, ਕਰਨਲ ਵਿਨਾਂਟ
  • ਬੈਰੀ ਕੋਇਨਗਨ, ਜੌਰਜ ਮਿਲਸ
  • ਕੈਨੇਥ ਬਾਰਨਾਗ, ਕਮਾਂਡਰ ਬੌਲਟਨ
  • ਕਿਲੀਅਨ ਮਰਫ਼ੀ, ਕੰਬਦਾ ਹੋਇਆ ਫ਼ੌਜੀ
  • ਮਾਰਕ ਰਿਲਾਂਸ, ਮਿਸਟਰ ਡਾਅਸਨ
  • ਟੌਮ ਹਾਰਡੀ, ਫ਼ਾਰੀਅਰ

ਇਹ ਵੀ ਵੇਖੋ

  • ਇੰਸੈਪਸ਼ਨ
  • ਇੰਟਰਸਟੈਲਰ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads