ਤਖ਼ਤ ਸ੍ਰੀ ਦਮਦਮਾ ਸਾਹਿਬ
ਤਲਵੰਡੀ ਸਾਬੋ, ਪੰਜਾਬ, ਭਾਰਤ ਵਿੱਚ ਸਿੱਖਾਂ ਦੇ 5 ਤਖ਼ਤਾਂ ਵਿੱਚੋਂ ਇੱਕ From Wikipedia, the free encyclopedia
Remove ads
ਤਖ਼ਤ ਸ੍ਰੀ ਦਰਬਾਰ ਸਾਹਿਬ ਦਮਦਮਾ ਸਾਹਿਬ, ਇਹ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ, ਜੋ ਕਿ ਤਲਵੰਡੀ ਸਾਬੋ ਵਿੱਚ ਸਥਿਤ ਹੈ, ਜੋ ਕਿ ਪੰਜਾਬ, ਭਾਰਤ ਦੇ ਬਠਿੰਡਾ ਜ਼ਿਲ੍ਹੇ ਦੇ ਬਠਿੰਡਾ ਸ਼ਹਿਰ ਦੇ ਨੇੜੇ ਹੈ।[2] ਇਸ ਸਥਾਨ 'ਤੇ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ 1705 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮਕ ਸਿੱਖ ਧਰਮ ਗ੍ਰੰਥਾਂ ਦਾ ਪੂਰਾ ਸੰਸਕਰਣ ਤਿਆਰ ਕੀਤਾ ਸੀ। ਬਾਕੀ ਚਾਰ ਤਖ਼ਤ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਹਨ।
Remove ads
ਇਤਿਹਾਸ
ਪ੍ਰਸਿੱਧ ਇਤਿਹਾਸਕ ਨਗਰ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੋਂ ਤਕਰੀਬਨ 28 ਕਿਲੋਮੀਟਰ ਦੂਰ ਦੱਖਣ ਵੱਲ ਸਥਿਤ ਹੈ। ਕਿਸੇ ਸਮੇਂ ਇੱਥੋਂ ਸਰਸਵਤੀ ਨਦੀ ਵਹਿੰਦੀ ਹੁੰਦੀ ਸੀ। ਪਰ ਸਮੇਂ ਨਾਲ ਸਭ ਕੁਝ ਖਤਮ ਹੋ ਗਿਆ। ਇੱਥੋਂ ਦੇ ਪ੍ਰਚੀਨ ਇਤਿਹਾਸ ਬਾਰੇ ਕਈ ਦੰਦ ਕਥਾਵਾਂ ਪ੍ਰਚੱਲਤ ਹਨ। ਇੱਕ ਇਹ ਕਿ ਪਹਿਲਾਂ ਇਹ ਲੱਖੀ ਜੰਗਲ ਦਾ ਇਲਾਕਾ ਮੁਗਲ ਬਾਦਸ਼ਾਹ ਸਮਸ਼ਉਲਦੀਨ ਅਲਤਮਸ਼ ਵੇਲੇ ਹਿੰਦੂ ਗੁੱਜਰਾਂ ਦੇ ਕਬਜ਼ੇ ਵਿੱਚ ਸੀ। ਗੁੱਜਰਾਂ ਦੀ ਵੱਡੀ ਚੌਧਰ ਹੇਠ 48 ਪਿੰਡ ਸਨ ਜੋ ਉਨ੍ਹਾਂ ਨੇ ਇਸਲਾਮ ਧਾਰਨ ਕਰਕੇ ਮੁਗ਼ਲ ਬਾਦਸ਼ਾਹ ਪਾਸੋਂ ਪ੍ਰਾਪਤ ਕੀਤੇ। ਤਲਵੰਡੀ ਨਾਲ ਸਾਬੋ ਸ਼ਬਦ ਜੁੜਨ ਦਾ ਪਹਿਲਾ ਮੱਤ ਇਹ ਪ੍ਰਚੱਲਤ ਹੈ ਕਿ ਗੁੱਜਰਾਂ ਦੇ ਮੁਖੀ ਚੌਧਰੀ ਦੇ ਕੋਈ ਪੁੱਤਰ ਨਾ ਹੋਣ ਕਰਕੇ ਉਸ ਤੋਂ ਬਾਅਦ ਤਲਵੰਡੀ ਦੀ ਚੌਧਰ ਦਾ ਕੰਮ ਉਸ ਦੀ ਧੀ ਸਾਹਬੋ ਨੇ ਸੰਭਾਲਿਆ ਸੀ। ਦੂਸਰਾ ਇਹ ਕਿ ਨਵਾਬ ਨੇ ਤਲਵੰਡੀ ਸਮੇਤ 40 ਦੇ ਕਰੀਬ ਪਿੰਡ ਆਪਣੀ ਧੀ ਸਾਹਬੋ ਨੂੰ ਦਾਜ ਵਿੱਚ ਦਿੱਤੇ ਸਨ ਜਿਸ ਕਰਕੇ ਇਸ ਦਾ ਨਾਮ ਸਾਹਬੋ ਕੀ ਤਲਵੰਡੀ ਜਾਂ ਤਲਵੰਡੀ ਸਾਬੋ ਪੈ ਗਿਆ। ਤੀਸਰਾ ਇਹ ਵੀ ਦੱਸਿਆ ਜਾਂਦਾ ਹੈ ਕਿ ਤਲਵੰਡੀ ਦੇ ਸਰਦਾਰਾਂ ਦੀ ਬੰਸਾਵਲੀ ਵਿੱਚ ਛੇਵੇਂ ਸਥਾਨ ‘ਤੇ ਸਾਬੋ ਨਾਮ ਦਾ ਇੱਕ ਸਰਦਾਰ ਹੋਇਆ ਜਿਸ ਨੇ ਬਰਾੜਾਂ ਦਾ ਕਬਜ਼ਾ ਤਲਵੰਡੀ ਉਪਰ ਕਰਵਾਇਆ। ਸਰਦਾਰ ਦੇ ਨਾਮ ਤੋਂ ਇਸ ਨਾਲ ਸਾਬੋ ਜੁੜ ਗਿਆ। ਸੰਨ 1576 ਈਸਵੀ ਵਿੱਚ ਸਾਬੋ ਨੇ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਦੀ ਸਹਾਇਤਾ ਕੀਤੀ ਜਿਸ ਕਰਕੇ ਲੱਖੀ ਜੰਗਲ ਬਠਿੰਡਾ ਦੀ ਚੌਧਰ ਸਿੱਧੂ ਬਰਾੜਾਂ ਨੂੰ ਹਾਸਲ ਹੋਈ। ਸਾਬੋ ਨੇ ਤਲਵੰਡੀ ਨੂੰ ਆਪਣੀਆਂ ਸਰਗਰਮੀਆਂ ਦਾ ਗੜ੍ਹ ਬਣਾਇਆ। ਇਹ ਵੀ ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਸਮੇਂ ਬਠਿੰਡਾ ਤੋਂ ਸਿਰਸਾ ਵੱਲ ਜਾਂਦੇ ਸਮੇਂ ਇੱਥੇ ਕੁਝ ਸਮੇਂ ਲਈ ਠਹਿਰੇ ਸਨ। 1675 ਈਸਵੀ ਵਿੱਚ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਇਸ ਸਥਾਨ ‘ਤੇ ਬਿਰਾਜੇ ਅਤੇ ਕੁਝ ਦਿਨ ਠਹਿਰੇ। ਉਨ੍ਹਾਂ ਇੱਥੇ ਇੱਕ ਤਲਾਬ ਪੁੱਟਣ ਦੀ ਸ਼ੁਰੂਆਤ ਵੀ ਕੀਤੀ।
ਜਦ 18ਵੀਂ ਸਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ‘ਤੇ ਆਏ ਤਾਂ ਇੱਥੋਂ ਦੀ ਚੌਧਰ ਸਲੇਮ ਚੌਧਰੀ ਦੇ ਪੁੱਤਰ ਰਾਏ ਡੱਲੇ ਕੋਲ ਸੀ। ਗੁਰੂ ਜੀ ਜਦੋਂ ਮੁਕਤਸਰ ਦੀ ਆਖ਼ਰੀ ਲੜਾਈ ਤੋਂ ਬਾਅਦ ਤਲਵੰਡੀ ਸਾਬੋ ਨੂੰ ਆ ਰਹੇ ਸਨ ਤਾਂ ਭਾਈ ਡੱਲੇ ਨੂੰ ਪਤਾ ਲੱਗਾ। ਉਨ੍ਹਾਂ ਚਾਰ ਸੌ ਵਿਅਕਤੀਆਂ ਨੂੰ ਨਾਲ ਲੈ ਕੇ ਸੱਤ ਕੋਹ ਅੱਗੇ ਜਾ ਕੇ ਮੌਜੂਦਾ ਪਿੰਡ ਬੰਗੀ ਨਿਹਾਲ ਸਿੰਘ ਕੋਲ ਪਹੁੰਚ ਕੇ ਗੁਰੂ ਜੀ ਦਾ ਸਵਾਗਤ ਕੀਤਾ ਜਿੱਥੇ ਹੁਣ ਯਾਦਗਾਰ ਬਣੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਪਹੁੰਚ ਕੇ ਇੱਕ ਉੱਚੇ ਟਿੱਬੇ ‘ਤੇ ਬੈਠ ਕੇ ਦਮ ਲਿਆ। ਉਨ੍ਹਾਂ ਆਪਣਾ ਜੰਗੀ ਕਮਰਕਸਾ ਖੋਲ੍ਹਦਿਆਂ ਕਿਹਾ ਕਿ ਇਹ ਤਾਂ ਆਪਣਾ ਆਨੰਦਪੁਰ ਸਾਹਿਬ ਵਾਲਾ ਦਮਦਮਾ ਹੈ। ਜਿਸ ਕਰਕੇ ਇਸ ਨਗਰ ਦੇ ਨਾਲ ਸ੍ਰੀ ਦਮਦਮਾ ਸਾਹਿਬ ਜੁੜਿਆ ਹੈ। ਗੁਰੂ ਜੀ ਇੱਥੇ ਇੱਕ ਸਾਲ ਦੇ ਕਰੀਬ ਰਹੇ ਅਤੇ ਇਹ ਸਮਾਂ ਉਨ੍ਹਾਂ ਦਾ ਧਰਮ ਪ੍ਰਚਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਚਨਕਾਲ ਸੀ। ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੰਕਿਤ ਕਰਕੇ ਭਾਈ ਮਨੀ ਸਿੰਘ ਤੋਂ ਨਵੀਂ ਬੀੜ ਲਿਖਵਾ ਕੇ ਸੰਪੂਰਨ ਕਰਵਾਈ। ਇਸ ਦੇ ਹੋਰ ਉਤਾਰੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਤੋਂ ਕਰਵਾਏ ਗਏ। ਬੀੜ ਸੰਪੂਰਨ ਹੋਣ ਉਪਰੰਤ ਬਚੀ ਸਿਆਹੀ ਅਤੇ ਕਲਮਾਂ ਨੇੜੇ ਹੀ ਇੱਕ ਕੱਚੀ ਛੱਪੜੀ ਵਿੱਚ ਪਾਉਂਦਿਆਂ ਇਸ ਅਸਥਾਨ ਨੂੰ ਵਿਦਿਆ ਦਾ ਕੇਂਦਰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ ਕੱਚੀ ਛੱਪੜੀ ਵਾਲਾ ਅਸਥਾਨ ਹੁਣ ਲਿਖਣਸਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਪ੍ਰੰਪਰਾ ਅਨੁਸਾਰ ਅੱਜ ਵੀ ਇੱਥੇ ਆਉਂਦੀਆ ਸੰਗਤਾਂ ਗੁਰਮੁਖੀ ਦੇ ਪੈਂਤੀ ਅੱਖਰ ਲਿਖ ਕੇ ਵਿਦਿਆ ਪ੍ਰਾਪਤੀ ਲਈ ਅਰਦਾਸ ਕਰਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪ੍ਰਾਪਤ ਕਰਨ ਵਾਲੇ ਪਹਿਲੇ 48 ਸਿੰੰਘਾਂ ਨੂੰ ਗੁਰੂ ਜੀ ਨੇ ਬ੍ਰਹਮ ਗਿਆਨੀ ਦਾ ਖ਼ਿਤਾਬ ਦਿੱਤਾ। ਇਹ ਬੀੜ ਬਾਅਦ ਵਿੱਚ ਹਜ਼ੂਰੀ ਜਾਂ ਦਮਦਮੀ ਬੀੜ ਵਜੋਂ ਮਸ਼ਹੂਰ ਹੋਈ। ਇਸੇ ਬੀੜ ਨੂੰ ਹੀ ਗੁਰੂ ਜੀ ਨੇ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਗੁਰਗੱਦੀ ਦਿੰਦਿਆਂ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਦਾ ਮਿਲਾਪ ਵੀ ਇਸ ਅਸਥਾਨ ‘ਤੇ ਹੀ ਹੋਇਆ ਸੀ।
ਇਸ ਅਸਥਾਨ ਤੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਮੋਹਰ ਲਗਾ ਕੇ ਸੰਗਤਾਂ ਨੂੰ ਹੁਕਮਨਾਮੇ ਜਾਰੀ ਕਰਿਆ ਕਰਦੇ ਸਨ। ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੇ ਜਫ਼ਰਨਾਮੇ ਦਾ ਜਵਾਬ ਵੀ ਇੱਥੇ ਹੀ ਮਿਲਿਆ ਸੀ। ਇੱਥੇ ਰਹਿੰਦਿਆਂ ਦਸਮ ਪਿਤਾ ਨੇ ਇਸ ਮਹਾਨ ਪਵਿੱਤਰ ਧਰਤੀ ਨੂੰ ਅਨੇਕਾਂ ਵਰਦਾਨ ਦੇ ਕੇ ਨਿਵਾਜਿਆ। ਗੁਰੂ ਜੀ ਬਾਬਾ ਦੀਪ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਨਿਯੁਕਤ ਕਰਕੇ ਇੱਥੋਂ ਦੀ ਸੇਵਾ ਸੰਭਾਲ ਅਤੇ ਮਿਸ਼ਨ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪ ਕੇ 1706 ਦੇ ਅਕਤੂਬਰ ਮਹੀਨੇ ਦੇ ਨੇੜੇ-ਤੇੜੇ ਇੱਥੋਂ ਦੱਖਣ ਵੱਲ ਚਲੇ ਗਏ।
Remove ads
ਤਖ਼ਤ ਵਜੋਂ ਮਾਨਤਾ
ਇਸ ਤਖ਼ਤ ਨੂੰ ਅਧਿਕਾਰਤ ਤੌਰ 'ਤੇ 18 ਨਵੰਬਰ 1966 ਨੂੰ ਸਿੱਖ ਧਰਮ ਦੇ ਪੰਜਵੇਂ ਤਖ਼ਤ ਵਜੋਂ ਮਾਨਤਾ ਦਿੱਤੀ ਗਈ ਸੀ। ਸਿੱਖਾਂ ਦੀ ਮੰਗ 'ਤੇ, 30 ਜੁਲਾਈ 1960 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੁਆਰਾ ਜਨਰਲ ਮੀਟਿੰਗ ਮਤਾ ਨੰ: 789 ਦੁਆਰਾ ਇੱਕ ਸਬ-ਕਮੇਟੀ ਨਿਯੁਕਤ ਕੀਤੀ ਗਈ ਸੀ। ਦਮਦਮਾ ਸਾਹਿਬ ਜਾਂ ਗੁਰੂ ਕੀ ਕਾਸ਼ੀ ਨੂੰ ਸਿੱਖਾਂ ਦਾ ਪੰਜਵਾਂ ਤਖ਼ਤ ਘੋਸ਼ਿਤ ਕਰਨ ਲਈ 183 ਪੰਨਿਆਂ ਵਾਲੀ ਸਬ-ਕਮੇਟੀ ਦੀ ਰਿਪੋਰਟ ਪ੍ਰਾਪਤ ਹੋਈ ਸੀ ਪਰ ਇਹ ਇਤਿਹਾਸ ਜਾਂ ਰਹਿਤ ਮਰਿਆਦਾ ਦੁਆਰਾ ਜਾਇਜ਼ ਨਹੀਂ ਹੈ ਅਤੇ ਇਹ ਇੱਕ ਰਾਜਨੀਤਿਕ ਗੱਲ ਹੈ।[3]
18 ਨਵੰਬਰ 1966 ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਜਨਰਲ ਬਾਡੀ ਮੀਟਿੰਗ ਨੇ ਮਤਾ ਨੰਬਰ 32 ਰਾਹੀਂ ਸਿਫ਼ਾਰਸ਼ਾਂ ਨੂੰ ਪ੍ਰਵਾਨਗੀ ਦਿੱਤੀ। ਇਸਨੂੰ ਭਾਰਤ ਸਰਕਾਰ ਦੁਆਰਾ ਅਪ੍ਰੈਲ 1999 ਵਿੱਚ ਖਾਲਸਾ ਸਿਰਜਣਾ ਦੇ ਤਿੰਨ ਸੌ ਸਾਲਾ ਜਸ਼ਨਾਂ ਦੌਰਾਨ ਪੰਜਵੇਂ ਸਿੱਖ ਤਖ਼ਤ ਵਜੋਂ ਘੋਸ਼ਿਤ ਕੀਤਾ ਗਿਆ ਸੀ।
Remove ads
ਗੁਰਦੁਆਰਾ
ਦਮਦਮਾ ਸਾਹਿਬ ਦੀਆਂ ਪਵਿੱਤਰ ਯਾਦਗਾਰਾਂ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸਵੀਂ, ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਤੇ ਸਰੋਵਰ, ਬੁਰਜ, ਖੂਹ ਅਤੇ ਭੋਰਾ ਸਾਹਿਬ ਬਾਬਾ ਦੀਪ ਸਿੰਘ, ਗੁਰਦੁਆਰਾ ਮਾਤਾ ਸਾਹਿਬ ਕੌਰ ਸੁੰਦਰ ਕੌਰ, ਗੁਰਦੁਆਰਾ ਬਾਬਾ ਬੀਰ ਸਿੰਘ ਧੀਰ ਸਿੰਘ, ਗੁਰਦੁਆਰਾ ਜੰਡਸਰ ਸਾਹਿਬ, ਮਹੱਲਸਰ ਸਾਹਿਬ, ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ, ਗੁਰਦੁਆਰਾ ਦੇਗਸਰ ਬੇਰ ਸਾਹਿਬ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ, ਅਕਾਲ ਸਰੋਵਰ ਅਤੇ ਗੁਰੂਸਰ ਸਰੋਵਰ ਸ਼ਾਮਲ ਹਨ। ਪ੍ਰਮੁੱਖ ਇਤਿਹਾਸਕ ਵਸਤਾਂ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਮੋਹਰ, ਤੇਗਾ ਬਾਬਾ ਦੀਪ ਸਿੰਘ, ਸ੍ਰੀ ਸਾਹਿਬ ਪਾਤਸ਼ਾਹੀ ਦਸਵੀਂ, ਤੋੜੇਦਾਰ ਬੰਦੂਕ, ਸ਼ੀਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਭ ਤੋਂ ਉੱਤਮ ਯਾਦਗਾਰ ਬਾਬਾ ਦੀਪ ਸਿੰਘ ਜੀ ਦੇ ਉਤਾਰੇ ਵਾਲੀ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਬੀੜ। ਇਹ ਨਿਸ਼ਾਨੀਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੁਸ਼ੋਭਿਤ ਹਨ।
ਧਰਮ-ਧਾਮ
- ਗੁਰਦੁਆਰਾ ਮੰਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਿਸ਼ਾਹੀ ਨੌਵੀਂ ਜਿਸ ਨੂੰ ‘ਦਰਬਾਰ ਸਾਹਿਬ ’ ਵੀ ਕਹਿੰਦੇ ਹਨ। ਇਥੇ ਗੁਰੂ ਤੇਗ ਬਹਾਦਰ ਜੀ ਮਾਲਵਾ ਪ੍ਰਦੇਸ਼ ਦੀ ਪ੍ਰਚਾਰ ਯਾਤ੍ਰਾ ਵੇਲੇ ਠਹਿਰੇ ਸਨ ਅਤੇ ਸੰਗਤ ਨੂੰ ਧਰਮ-ਉਪਦੇਸ਼ ਦਿੱਤਾ ਸੀ।
- ਗੁਰੂਸਰ ਸਰੋਵਰ—ਇਸ ਸਰੋਵਰ ਦੀ ਖੁਦਾਈ ਗੁਰੂ ਤੇਗ ਬਹਾਦਰ ਜੀ ਨੇ ਕਰਵਾਈ ਸੀ ਅਤੇ ਬਾਦ ਵਿਚ ਦਸਮ ਗੁਰੂ ਜੀ ਨੇ ਇਸ ਨੂੰ ਹੋਰ ਡੂੰਘਾ ਕਰਵਾਇਆ।
- ਗੁਰਦੁਆਰਾ ਮੰਜੀ ਸਾਹਿਬ ਪਾਤਿਸ਼ਾਹੀ ਨੌਵੀਂ ਅਤੇ ਦਸਵੀਂ— ਇਥੇ ਗੁਰੂ ਤੇਗ ਬਹਾਦਰ ਜੀ ਨੇ ‘ਗੁਰੂਸਰ ’ ਦੀ ਖੁਦਾਈ ਦੇ ਕੰਮ ਦੀ ਨਿਗਰਾਨੀ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਵੀ ਇਸ ਥਾਂ ਉਤੇ ਪਧਾਰੇ ਸਨ। ਇਸ ਦੀ ਵਰਤਮਾਨ ਇਮਾਰਤ ਬੁੰਗਾ ਮਸਤੂਆਣਾ ਦੇ ਸੰਤ ਸੇਵਕ ਜੱਥੇ ਨੇ ਬਣਵਾਈ ਹੈ।
- ਤਖ਼ਤ ਸ੍ਰੀ ਦਮਦਮਾ ਸਾਹਿਬ— ਉਹ ਸਥਾਨ ਜਿਥੇ ਗੁਰੂ ਗੋਬਿੰਦ ਸਿੰਘ ਹਰ ਰੋਜ਼ ਦੀਵਾਨ ਸਜਾ ਕੇ ਜਿਗਿਆਸੂਆਂ ਨੂੰ ਉਪਦੇਸ਼ ਦਿੰਦੇ ਸਨ। ਇਥੇ ਹੀ ਗੁਰੂ ਗ੍ਰੰਥ ਸਾਹਿਬ ਦੀ ਨਵੀਂ ਬੀੜ ਤਿਆਰ ਕੀਤੀ ਗਈ ਸੀ।
- ਗੁਰਦੁਆਰਾ ਨਿਵਾਸ ਅਸਥਾਨ ਦਮਦਮਾ ਸਾਹਿਬ ਪਾਤਿਸ਼ਾਹੀ ਦਸਵੀਂ— ਦਰਬਾਰ ਸਾਹਿਬ ਦੇ ਨੇੜੇ ਇਕ ਬੁਰਜ-ਨੁਮਾ ਇਮਾਰਤ ਜਿਥੇ ਦਸਮ ਗੁਰੂ ਜੀ ਦਾ ਨਿਵਾਸ ਸੀ।
- ਗੁਰਦੁਆਰਾ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ —ਜਿਥੇ ਦੋਵੇਂ ਮਾਤਾਵਾਂ ਠਹਿਰੀਆਂ ਸਨ।
- ਗੁਰਦੁਆਰਾ ਲਿਖਣਸਰ—ਇਥੇ ਇਕ ਟੋਭੇ ਦੇ ਕੰਢੇ ਬੈਠ ਕੇ ਦਸਮ ਗੁਰੂ ਜੀ ਕਲਮਾਂ ਘੜ ਘੜ ਕੇ ਟੋਭੇ ਵਿਚ ਸੁਟਦੇ ਜਾਂਦੇ ਸਨ ਅਤੇ ਫੁਰਮਾਂਦੇ ਸਨ ਕਿ ਇਹ ਥਾਂ ਕਦੇ ਵਿਦਵਾਨਾਂ ਦੀ ਟਕਸਾਲ ਬਣੇਗੀ।
- ਗੁਰਦੁਆਰਾ ਜੰਡਸਰ— ਤਖ਼ਤ ਸਾਹਿਬ ਤੋਂ ਅਧੇ ਕਿ.ਮੀ. ਦੀ ਵਿਥ ਉਤੇ ਉਹ ਥਾਂ ਜਿਥੇ ਦਸਮ ਗੁਰੂ ਜੀ ਨੇ ਯੋਧਿਆਂ ਨੂੰ ਤਨਖ਼ਾਹ ਵੰਡੀ ਸੀ।
- ਟਿੱਬੀ ਸਾਹਿਬ— ਮਹੱਲਸਰ ਦੇ ਨੇੜੇ ਜਿਥੇ ਗੁਰੂ ਜੀ ਨੇ ਹੋਲਾ ਮਹੱਲਾ ਖੇਡਿਆ ਸੀ।
- ਨਾਨਕਸਰ—ਤਖ਼ਤ ਸਾਹਿਬ ਅਤੇ ਜੰਡਸਰ ਦੇ ਵਿਚਾਲੇ ਇਕ ਸਥਾਨ ਜਿਥੇ ਗੁਰੂ ਨਾਨਕ ਦੇਵ ਜੀ ਆਪਣੀ ਕਿਸੇ ਉਦਾਸੀ ਵੇਲੇ ਆ ਕੇ ਰੁਕੇ ਸਨ।
- ਬੁਰਜ ਬਾਬਾ ਦੀਪ ਸਿੰਘ—ਤਖ਼ਤ ਸਾਹਿਬ ਦੇ ਨੇੜੇ ਇਕ ਬੁਰਜ ਜੋ ਬਾਬਾ ਦੀਪ ਸਿੰਘ ਜੀ ਨੇ ਉਸਾਰਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਦੱਖਣ ਨੂੰ ਕੀਤੇ ਪ੍ਰਸਥਾਨ ਤੋਂ ਬਾਦ ਬਾਬਾ ਜੀ ਇਸ ਸਥਾਨ ਉਤੇ ਰਹਿ ਕੇ ਗੁਰੂ-ਧਾਮਾਂ ਦੀ ਦੇਖ-ਭਾਲ ਕਰਦੇ ਸਨ।
- ਸਮਾਧ ਭਾਈ ਡੱਲ ਸਿੰਘ— ਤਖ਼ਤ ਸਾਹਿਬ ਦੇ ਨੇੜੇ ਉਹ ਥਾਂ ਜਿਥੇ ਚੌਧਰੀ ਡੱਲਾ ਦਾ ਸਸਕਾਰ ਕੀਤਾ ਗਿਆ ਸੀ।
- ਥੜਾ ਸਾਹਿਬ ਭਾਈ ਬੀਰ ਸਿੰਘ ਅਤੇ ਧੀਰ ਸਿੰਘ—ਬੁਰਜ ਬਾਬਾ ਦੀਪ ਸਿੰਘ ਦੇ ਨੇੜੇ ਉਹ ਥਾਂ ਜਿਥੇ ਦੋ ਰੰਘਰੇਟੇ ਸਿੱਖਾਂ (ਪਿਉ-ਪੁੱਤਰਾਂ) ਨੇ ਗੁਰੂ ਜੀ ਦੁਆਰਾ ਨਵੀਂ ਬੰਦੂਕ ਦਾ ਨਿਸ਼ਾਣਾ ਪਰਖਣ ਲਈ ਆਪਣੇ ਆਪ ਨੂੰ ਹੋੜ ਨਾਲ ਪੇਸ਼ ਕੀਤਾ ਸੀ।
- 1923 ਈ. ਵਿਚ ਸੰਤ ਅਤਰ ਸਿੰਘ ਦੁਆਰਾ ਉਸਾਰਿਆ ਗਿਆ ‘ਬੁੰਗਾ ਮਸਤੂਆਣਾ ਸਾਹਿਬ’ ਵੀ ਮਹੱਤਵਪੂਰਣ ਸਥਾਨ ਹੈ ਜਿਥੇ ਨੌਜਵਾਨ ਸਿੰਘਾਂ ਨੂੰ ਸਿੱਖ ਧਰਮ ਦਾ ਗਿਆਨ ਦਿੱਤਾ ਜਾਂਦਾ ਹੈ।
- ਹੋਰ ਬੁੰਗੇ ਵੀ ਬਣੇ ਹੋਏ ਹਨ, ਜਿਵੇਂ ਮਲਵਈ ਬੁੰਗਾ, ਮਦਰਸਾ ਬੁੰਗਾ, ਝੰਡਾ ਬੁੰਗਾ , ਰਵਿਦਾਸੀਆਂ ਦਾ ਬੁੰਗਾ, ਗਿਆਨੀਆਂ ਦਾ ਬੁੰਗਾ।
- ਬੁੱਢਾ ਦਲ ਦੇ ਨਿਹੰਗ ਸਿੰਘਾਂ ਦੀ ਛਾਵਣੀ ਵੀ ਵਿਸ਼ੇਸ਼ ਉੱਲੇਖਯੋਗ ਸਥਾਨ ਹੈ। ਚੌਧਰੀ ਡੱਲੇ ਦੇ ਵੰਸ਼ਜਾਂ ਪਾਸ ਦਸਮ ਗੁਰੂ ਜੀ ਦੀਆਂ ਬਖ਼ਸ਼ੀਆਂ ਕੁਝ ਇਤਿਹਾਸਿਕ ਵਸਤੂਆਂ ਸੰਭਾਲੀਆਂ ਹੋਈਆਂ ਹਨ, ਜਿਵੇਂ ਇਕ ਖੜਗ, ਦੋ ਦਸਤਾਰਾਂ, ਦੋ ਚੋਲੇ , ਦੋ ਪਜਾਮੇ, ਬਾਜ਼ ਦਾ ਇਕ ਡੋਰਾ ਆਦਿ।[4]
Remove ads
ਗੈਲਰੀ
- ਗੁਰਦੁਆਰਾ ਲਿਖਣਸਾਰ ਸਾਹਿਬ
- ਲੰਗਰ ਹਾਲ
- ਗੁਰਦੁਆਰਾ ਲਿਖਣਸਾਰ ਸਾਹਿਬ ਦਾ ਇਤਿਹਾਸ
ਹਵਾਲੇ
Wikiwand - on
Seamless Wikipedia browsing. On steroids.
Remove ads

