ਭਾਰਤੀ ਪੰਜਾਬੀ ਨਾਟਕ
From Wikipedia, the free encyclopedia
Remove ads
20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਨੌਰਾ ਰਿਚਰਡਜ਼ ਦੇ ਯਤਨਾਂ ਸਦਕਾ ਲਾਹੌਰ ਕਾਲਜ ਦੇ ਮੰਚ ਤੇ ਪੰਜਾਬੀ ਵਿਚ ਨਾਟ ਮੰਚਣ ਦੀ ਪਿਰਤ ਸ਼ੁਰੂ ਹੋਈ। ਪੰਜਾਬੀ ਨਾਟਕ ਦੇ ਇਤਿਹਾਸ ਵਿਚ ਇਸ ਤੱਥ ਨੂੰ ਸਰਬਪ੍ਰਵਾਨਿਤ ਰੂਪ ਵਿਚ ਗ੍ਰਹਿਣ ਕੀਤਾ ਜਾ ਚੁੱਕਾ ਹੈ ਕਿ ਆਧੁਨਿਕ ਭਾਂਤ ਦੇ ਸਾਹਿਤਕ ਨਾਟਕ ਦਾ ਆਰੰਭ ਆਈ. ਸੀ. ਨੰਦਾ ਰਾਹੀਂ ਮਿਸਿਜ਼ ਨੋਰ੍ਹਾ ਰਿਚਰਡਜ਼ ਦੀ ਪ੍ਰੇਰਨਾ ਨਾਲ 1913 ਵਿਚ ਛਪੇ ਨਾਟਕ 'ਦੁਲਹਨ' ਤੋਂ ਹੋਇਆ। ਭਾਵੇਂ ਇਹ ਇਕ ਫ਼ੈਸਲਾਕੁੰਨ ਘਟਨਾ ਸੀ ਪਰੰਤੂ ਇਸ ਤੋਂ ਪਹਿਲਾਂ ਪੰਜਾਬੀ ਵਿਚ ਪਈ ਨਾਟਕੀਅਤਾ, ਲੋਕ ਨਾਟਪਰੰਪਰਾ, ਈਸਾਈ ਮਿਸ਼ਨਰੀਆ ਦੇ ਯਤਨ, ਸੰਸਕ੍ਰਿਤ ਨਾਟਕਾਂ ਦੇ ਅਨੁਵਾਦ, ਟੈਪਰੈਂਸ ਸੁਸਾਇਟੀ ਅਤੇ ਪਾਰਸੀ ਥੀਏਟਰੀਕਲ ਕੰਪਨੀਆਂ ਦੀਆਂ ਨਾਟਮਸ਼ਕਾਂ, ਭਾਰਤੀ ਨਾਟ ਪਰੰਪਰਾ ਦੇ ਅੰਸ਼ਕ ਪ੍ਰਭਾਵ ਰਾਹੀਂ ਭਾਈ ਵੀਰ ਸਿੰਘ ਤੇ ਬਾਵਾ ਬੁੱਧ ਸਿੰਘ ਦੇ ਨਾਟ ਯਤਨ ਆਪਣਾ ਅਰਥ ਗ੍ਰਹਿਣ ਕਰਦੇ ਹਨ। 1913 ਤੋਂ ਪਹਿਲਾ ਅਤੇ ਉਸਦੇ ਸਮਾਨਾਂਤਰ ਚਾਰ ਤਰ੍ਹਾਂ ਦੀਆਂ ਨਾਟਕੀ ਅਤੇ ਰੰਗਮੰਚੀ ਸਰਗਰਮੀਆਂ/ ਸਥਿਤੀਆਂ ਸਪਸ਼ਟ ਦੇਖੀਆ ਜਾ ਸਕਦੀਆਂ ਹਨ:
1) ਲੋਕਨਾਟ ਪਰੰਪਰਾ ਦੇ ਰਾਮਲੀਲ੍ਹਾ/ਰਾਸ ਲੀਲ੍ਹਾ ਅਤੇ ਭੰਡ ਤਮਾਸ਼ਿਆਂ ਵਰਗੇ ਰੂਪ।
2) ਪੁਸਤਕ ਰੂਪ ਵਿਚ ਪ੍ਰਾਪਤ ਸੰਸਕ੍ਰਿਤ ਨਾਟਕ।
3) ਪਾਰਸੀ ਰੰਗਮੰਚ
4) ਪੰਜਾਬ ਵਿਚ ਰਹਿੰਦੇ ਅੰਗਰੇਜ਼ਾਂ ਦੀਆਂ ਅੰਗਰੇਜ਼ੀ ਪੇਸ਼ਾਵਰ ਜਾਂ ਸ਼ੌਕੀਆਂ ਨਾਟਮੰਡਲੀਆਂ ਜਾਂ ਸਕੂਲਕਾਲਜਾਂ ਦੇ ਅਧਿਆਪਕਾਂ ਵਿਦਿਆਰਥੀਆਂ ਦੇ ਯਤਨਾਂ ਨਾਲ ਹੁੰਦੀਆਂ ਸਨ। ਇਹ ਨਾਟਕ (ਜਿਵੇਂ ਕਿ ਸ਼ੈਕਸਪੀਅਰ ਅਤੇ ਇਬਸਨ ਦੀਆਂ ਰਚਨਾਵਾਂ) ਪੁਸਤਕ ਰੂਪ ਵਿਚ ਵੀ ਸਕੂਲਾਂਕਾਲਜਾਂ ਦੀਆਂ ਲਾਇਬ੍ਰੇਰੀਆਂ ਵਿਚ ਆਮ ਪ੍ਰਾਪਤ ਸਨ।
ਪੰਜਾਬੀ ਦਾ ਪਹਿਲਾ ਮੌਲਿਕ ਨਾਟਕ 'ਚੰਦਰ ਹਰੀ'(1909) ਪਾਰਸੀ ਸ਼ੈਲੀ ਦੀ ਰਚਨਾ ਹੈ। ਪਾਰਸੀ ਰੰਗਮੰਚ ਨਵੀਂ ਜਨਮੀ ਪੰਜਾਬੀ ਚੇਤਨਾ ਨਾਟਕ ਰੰਗਮੰਚ ਦੀ ਪਹਿਲੀ ਪਛਾਣ ਹੈ, ਜਿਸਦਾ ਵਜੂਦ ਇਪਟਾ ਲਹਿਰ ਦੇ ਉਭਾਰ ਤੱਕ ਨਜ਼ਰ ਆਉਂਦਾ ਰਹਿੰਦਾ ਹੈ। ਪਾਰਸੀ ਰੰਗਮੰਚ ਨੇ ਪੰਜਾਬੀ ਨਾਟਮੰਚ ਦੇ ਵਿਕਾਸ ਕ੍ਰਮ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਪੰਜਾਬੀ ਨਾਟਕ ਦੇ ਬਦਲਦੇ ਪਰਿਪੇਖ ਨੂੰ ਵੱਖਵੱਖ ਪੜਾਵਾਂ ਤੋਂ ਵਾਚਣ ਲਈ ਇਸਦੇ ਇਤਿਹਾਸਕ ਸਫ਼ਰ ਦੇ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ। ਪੰਜਾਬੀ ਨਾਟਕ ਦੇ ਹੁਣ ਤੱਕ ਦੀਆਂ ਪ੍ਰਾਪਤੀਆਂ ਦੇ ਗਹਿਨ ਅਧਿਐਨ ਲਈ ਦੋ ਵਿਦਵਾਨਾਂ ਡਾ. ਗੁਰਦਿਆਲ ਸਿੰਘ ਫੁੱਲ ਅਤੇ ਡਾ. ਸਤੀਸ਼ ਕੁਮਾਰ ਵਰਮਾ ਦੀ ਵਰਗ ਵੰਡ ਪ੍ਰਾਪਤ ਹੁੰਦੀ ਹੈ। ਗੁਰਦਿਆਲ ਸਿੰਘ ਫੁੱਲ ਨੇ ਪੰਜਾਬੀ ਨਾਟਕ ਦੇ ਵਿਕਾਸ ਪੜਾਅ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ:
ਪਹਿਲਾ ਪੜਾਅ: ਪੰਜਾਬੀ ਨਾਟਕ ਦਾ ਨਿੰਮਣ ਸਮਾਂ1849 ਤੋਂ 1900 ਤੱਕ
ਦੂਜਾ ਪੜਾਅ: ਪੰਜਾਬੀ ਨਾਟਕ ਦਾ ਜੰਮਣ ਸਮਾਂ1901 ਤੋਂ 1910 ਤੱਕ
ਤੀਜਾ ਪੜਾਅ ਪੰਜਾਬੀ ਨਾਟਕ ਦਾ ਬਾਲ ਸਮਾਂ1911 ਤੋਂ 1947 ਤੱਕ
ਚੌਥਾ ਪੜਾਅ ਸੁਤੰਤਰ ਕਾਲ ਦਾ ਪੰਜਾਬੀ ਨਾਟਕ ਭਾਵ ਪੰਜਾਬੀ ਨਾਟਕ ਦੇ ਵਿਕਸਿਤ ਹੋਣ ਦਾ ਸਮਾਂ 1947 ਤੋਂ 31/10/1966
ਪੰਜਵਾਂ ਪੜਾਅ ਪੰਜਾਬੀ ਸੂਬੇ(ਨਵੇਂ ਪੰਜਾਬ) ਦਾ ਪੰਜਾਬੀ ਨਾਟਕ ਭਾਵ ਪੰਜਾਬੀ ਨਾਟਕ ਦਾ ਅਸਲੀ ਪੰਜਾਬੀ ਨਾਟਕ ਬਣਨ ਦਾ ਸਮਾਂ1/11/1966 ਤੋਂ 31/12/1985
ਗੁਰਦਿਆਲ ਸਿੰਘ ਫੁੱਲ ਤੋਂ ਇਲਾਵਾ ਡਾ. ਸਤੀਸ਼ ਕੁਮਾਰ ਵਰਮਾ ਨੇ ਆਧੁਨਿਕ ਪੰਜਾਬੀ ਨਾਟਕ ਦੇ ਵਿਕਾਸ ਪੱਥ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ:
1) ਪਹਿਲਾ ਦੌਰ(1913 ਤੋਂ ਪਹਿਲਾ)
2) ਦੂਜਾ ਦੌਰ(1913 ਤੋਂ 1947, ਪਹਿਲੀ ਪੀੜ੍ਹੀ)
3) ਤੀਜਾ ਦੌਰ(1947 ਤੋਂ 1975, ਦੂਜੀ ਪੀੜ੍ਹੀ)
4) ਚੌਥਾ ਦੌਰ(1975 ਤੋਂ 1990, ਤੀਜੀ ਪੀੜ੍ਹੀ)
5) ਪੰਜਵਾਂ ਦੌਰ(1990 ਤੋਂ 2004, ਚੌਥੀ ਪੀੜ੍ਹੀ)
ਉਪਰੋਕਤ ਪ੍ਰਾਪਤ ਵਰਗ ਵੰਡ ਦੇ ਆਧਾਰ ਉੱਤੇ ਡਾ. ਸਤੀਸ਼ ਕੁਮਾਰ ਵਰਮਾ ਦੀ ਵਰਗ ਵੰਡ ਨੂੰ ਹੀ ਅੱਗੇ ਵਧਾਉਂਦੇ ਹੋਏ, ਪੰਜਾਬੀ ਨਾਟਕ ਦੇ ਹੁਣ ਤੱਕ ਦੇ ਇਤਿਹਾਸਕ ਸਫ਼ਰ ਨੂੰ ਪੰਜ ਪੀੜ੍ਹੀਆਂ ਅਤੇ ਛੇ ਵਿਕਾਸ ਪੜਾਵਾਂ ਵਿਚ ਵਰਗੀਕ੍ਰਿਤ ਕਰਦੇ ਹੋਏ ਗਹਿਨ ਦ੍ਰਿਸ਼ਟੀ ਤੋਂ ਵਾਚਿਆ ਜਾ ਸਕਦਾ ਹੈ:
1) ਪਹਿਲਾ ਦੌਰ(1913 ਤੋਂ ਪਹਿਲਾ)
2) ਦੂਜਾ ਦੌਰ(1913 ਤੋਂ 1947, ਪਹਿਲੀ ਪੀੜ੍ਹੀ)
3) ਤੀਜਾ ਦੌਰ(1947 ਤੋਂ 1975, ਦੂਜੀ ਪੀੜ੍ਹੀ)
4) ਚੌਥਾ ਦੌਰ(1975 ਤੋਂ 1990, ਤੀਜੀ ਪੀੜ੍ਹੀ)
5) ਪੰਜਵਾਂ ਦੌਰ(1990 ਤੋਂ 2010, ਚੌਥੀ ਪੀੜ੍ਹੀ)
6) ਛੇਵਾਂ ਦੌਰ(2010 ਤੋਂ ਹੁਣ ਤੱਕ, ਪੰਜਵੀਂ ਪੀੜ੍ਹੀ)[1]
ਆਧੁਨਿਕ ਪੰਜਾਬੀ ਨਾਟਕ ਪਹਿਲੇ ਦੌਰ ਤੋਂ ਵਰਤਮਾਨ ਤੱਕ ਕਈ ਵਿਕਾਸ ਪੜ੍ਹਾਵਾਂ ਵਿਚੋਂ ਹੁੰਦਾ ਹੋਇਆ ਨਿਰੰਤਰਤਾ ਦਾ ਧਾਰਨੀ ਬਣਿਆ ਹੈ। ਆਧੁਨਿਕ ਪੰਜਾਬੀ ਨਾਟਕ ਦੇ ਵਿਕਾਸ ਰੁਖ਼ ਨੂੰ ਨਿਰਧਾਰਿਤ ਕਰਨ ਵਿਚ ਭਾਰਤੀ ਅਤੇ ਪੱਛਮੀ ਨਾਟਪ੍ਰਣਾਲੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਭਾਵੇਂ ਪੰਜਾਬੀ ਨਾਟਕ ਦਾ ਮੁੱਢ 1913 ਤੋਂ ਆਈ.ਸੀ.ਨੰਦਾ ਦੇ ਨਾਟਕ ਦੁਲਹਨ ਨਾਲ ਹੋਇਆ ਪਰੰਤੂ ਇਸ ਤੋਂ ਪਹਿਲਾਂ ਵੀ ਪੰਜਾਬੀ ਭਾਸ਼ਾ ਵਿਚ ਨਾਟਕ ਲਿਖੇ ਜਾ ਰਹੇ ਸਨ। ਪੰਜਾਬੀ ਨਾਟਧਾਰਾ ਦੇ ਬੀਜ ਅੰਸ਼ ਭਾਰਤੀ ਲੋਕਨਾਟ ਪਰੰਪਰਾ ਅਤੇ ਸੰਸਕ੍ਰਿਤ ਨਾਟ ਪਰੰਪਰਾ ਤੋਂ ਵਿਕਸਿਤ ਹੋਏ ਹਨ। ਜਿਸ ਕਰਕੇ ਮੁੱਢਲਾ ਪੰਜਾਬੀ ਨਾਟਕ ਇਨ੍ਹਾਂ ਦੇ ਅੰਤਰਗਤ ਪ੍ਰਫੁਲਤ ਹੋਇਆ। ਪੰਜਾਬੀ ਨਾਟਕ ਦਾ ਵਿਕਾਸ ਪੱਥ 1849 ਵਿਚ ਅੰਗਰੇਜ਼ਾਂ ਦੇ ਪੰਜਾਬ ਉੱਤੇ ਅਧਿਕਾਰ ਉਪਰੰਤ ਹੀ ਲੀਹਾਂ ਤੇ ਪੈ ਗਿਆ ਸੀ ਅਤੇ ਪੰਜਾਬੀ ਭਾਸ਼ਾ ਵਿਚ ਨਾਟਕ ਸਿਰਜਣਾ ਦਾ ਦੌਰ ਸ਼ੁਰੂ ਹੋਇਆ। ਪਾਰਸੀ ਥੀਏਟਰ, ਟੈਪਰੈਂਸ ਸੁਸਾਇਟੀ, ਈਸਾਈ ਮਿਸ਼ਨਰੀ ਅਤੇ ਸੰਸਕ੍ਰਿਤ ਨਾਟਕ ਪਰੰਪਰਾ ਅਧੀਨ ਅਨੁਵਾਦਿਤ ਨਾਟਕ ਅਤੇ ਮੌਲਿਕ ਨਾਟਕ ਰਚਨਾ ਨੇ ਪੰਜਾਬੀ ਸਾਹਿਤ ਵਿਚ ਨਾਟਕ ਦੀ ਹੋਂਦ ਵਜੋਂ ਦਸਤਕ ਦੇ ਦਿੱਤੀ ਸੀ ਅਤੇ ਬਾਅਦ ਵਿਚ ਇਨ੍ਹਾਂ ਲੀਹਾਂ ਤੇ ਤੁਰਦਾ ਨਿਰੰਤਰਤਾ ਦਾ ਧਾਰਨੀ ਬਣਦੇ ਹੋਏ 1913 ਵਿਚ ਨੋਰਾ ਰਿਚਰਡਜ਼ ਦੀ ਅਗਵਾਈ ਨਾਲ ਨਵੀਂਆਂ ਮੰਜ਼ਿਲਾਂ ਵੱਲ ਅਗਰਸਰ ਹੋਇਆ। ਸ਼ੁਰੂ ਕਈ ਅਨੁਵਾਦਿਤ ਅਤੇ ਮੌਲਿਕ ਨਾਟਕ ਲਿਖੇ ਗਏ ਜਿਵੇਂਡਾ. ਚਰਨ ਸਿੰਘ ਸ਼ਹੀਦ, ਐਸ.ਐਸ.ਬਚਿੰਤ, ਗਿਆਨੀ ਦਿੱਤ ਸਿੰਘ, ਭਾਈ ਵੀਰ ਸਿੰਘ ਦੀਆਂ ਨਾਟ ਲਿਖਤਾਂ। ਪਰੰਤੂ ਇਹ ਅਨੁਵਾਦਿਤ ਅਤੇ ਮੌਲਿਕ ਨਾਟਕ ਆਧੁਨਿਕ ਨਾਟਕ ਦੀ ਤਕਨੀਕ ਤੇ ਪੂਰੇ ਨਹੀਂ ਉਤਰਦੇ ਸਨ। ਜਿਸ ਕਰਕੇ 1913 ਵਿਚ ਈੰਸ਼ਵਰ ਚੰਦਰ ਨੰਦਾ ਦੇ ਇਕਾਂਗੀ ਸੁਹਾਗ ਨਾਲ ਆਧੁਨਿਕ ਪੰਜਾਬੀ ਨਾਟਕ ਦਾ ਜਨਮ ਮੰਨਿਆ ਜਾਂਦਾ ਹੈ। ਈੰਸ਼ਵਰ ਚੰਦਰ ਨੰਦਾ ਨੇ ਪੰਜਾਬੀ ਨਾਟਕ ਨੂੰ ਅਨੁਵਾਦਿਤ ਅਤੇ ਮੌਲਿਕ ਨਾਟਕਾਂ ਦੇ ਦਾਇਰੇ ਵਿਚੋਂ ਬਾਹਰ ਕੱਢਦੇ ਹੋਏ ਆਦਰਸ਼ਵਾਦੀ ਸੁਧਾਰਵਾਦੀ ਪ੍ਰਵਿਰਤੀ ਅਧੀਨ ਨਵੇਂ ਪਰਿਪੇਖ ਦੇ ਅੰਤਰਗਤ ਪੇਸ਼ ਕੀਤਾ। ਨੰਦਾ ਤੋਂ ਪਹਿਲਾ ਭਾਈ ਵੀਰ ਸਿੰਘ ਦਾ ਨਾਟਕ 'ਰਾਜਾ ਲੱਖਦਾਤਾ ਸਿੰਘ' ਅਤੇ ਅਰੂੜ ਸਿੰਘ ਤਾਇਬ ਨੇ 'ਸੁੱਕਾ ਸਮੁੰਦਰ' ਆਦਿ ਨਾਟਕ ਦਾ ਵਿਸ਼ਾ ਸਮਾਜ ਸੁਧਾਰਕ ਹੀ ਸੀ। ਨੰਦਾ ਦੁਆਰਾ ਵੱਖਵੱਖ ਸਮਕਾਲੀ ਸਮਾਜਕ ਸਮੱਸਿਆਵਾਂ ਨੂੰ ਨਾਟਕਾਂ ਦੇ ਵਿਸ਼ੇ ਵਜੋਂ ਚੁਣ ਕਿ ਪੰਜਾਬੀ ਨਾਟਕ ਵਿਚ ਨਵੇਂ ਦੌਰ ਦੀ ਨੀਂਹ ਰੱਖੀ ਗਈ। ਈੰਸ਼ਵਰ ਚੰਦਰ ਨੰਦਾ ਤੋਂ ਬਾਅਦ ਵੀ ਭਾਵੇਂ ਕੁੱਝ ਨਾਟਕਕਾਰ ਜਿਵੇਂ ਬਾਵਾ ਬੁੱਧ ਸਿੰਘ, ਬ੍ਰਿਜ ਲਾਲ ਸ਼ਾਸਤਰੀ, ਲਾਲਾ ਕਿਰਪਾ ਸਾਗਰ, ਜੋਸ਼ੂਆ ਫਜ਼ਲਦੀਨ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਆਦਿ ਦੇ ਨਾਟਕ ਆਧੁਨਿਕ ਰੰਗਮੰਚੀ ਤਕਨੀਕਾਂ ਉੱਤੇ ਪੂਰੇ ਨਹੀਂ ਉਤਰਦੇ ਪਰੰਤੂ 1937 ਵਿਚ ਹਰਚਰਨ ਸਿੰਘ ਆਪਣੇ ਨਾਟਕ ਕਮਲਾ ਕੁਮਾਰੀ ਨਾਲ ਪੰਜਾਬੀ ਨਾਟਜਗਤ ਵਿਚ ਪ੍ਰਵੇਸ਼ ਕਰਦੇ ਹਨ ਅਤੇ ਇਸਦੇ ਨਾਲ ਹੀ ਪੰਜਾਬੀ ਨਾਟਕ ਵਿਚ ਨਵੇਂ ਨਾਟ ਸਰੋਕਾਰਾਂ ਦਾ ਪ੍ਰਵੇਸ਼ ਹੁੰਦਾ ਹੈ। ਹਰਚਰਨ ਸਿੰਘ ਅਤੇ ਸੰਤ ਸਿੰਘ ਸੇਖੋਂ ਦੁਆਰਾ ਸਮਾਜਕ ਸਰੋਕਾਰਾਂ ਦੇ ਨਾਲਨਾਲ ਇਤਿਹਾਸਕ ਪ੍ਰਵਿਰਤੀ ਅਧੀਨ ਇਤਿਹਾਸ ਦੇ ਪੰਨੇ ਫੋਲਦੇ ਹੋਏ ਇਤਿਹਾਸਕ ਪਾਤਰਾਂ ਨੂੰ ਮੰਚ ਤੇ ਪੇਸ਼ ਕੀਤਾ ਗਿਆ। 1947 ਤਕ ਹਰਚਰਨ ਸਿੰਘ ਤੋਂ ਇਲਾਵਾ ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਕਰਤਾਰ ਸਿੰਘ ਦੁੱਗਲ, ਗੁਰਦਿਆਲ ਸਿੰਘ ਖੋਸਲਾ, ਗੁਰਦਿਆਲ ਸਿੰਘ ਫੁੱਲ, ਇੰਦਰ ਸਿੰਘ ਚਕ੍ਰਵਰਤੀ ਆਦਿ ਪਹਿਲੀ ਪੀੜ੍ਹੀ ਦੇ ਨਾਟਕਕਾਰਾਂ ਨੇ ਆਪਣੀਆਂ ਨਾਟਕੀ ਕ੍ਰਿਤਾਂ ਰਾਹੀਂ ਪੰਜਾਬੀ ਨਾਟਕ ਦੇ ਵਿਕਾਸ ਵਿਚ ਯਥਾਯੋਗ ਹਿੱਸਾ ਪਾਇਆ। 191347 ਤੱਕ ਦਾ ਸਮਾਂ ਯਥਾਰਥਵਾਦੀ ਨਾਟਸ਼ੈਲੀ ਦਾ ਸਮਾਂ ਸੀ। ਪੰਜਾਬੀ ਨਾਟਕਕਾਰਾਂ ਵੱਲੋਂ ਸਮਾਜ ਦੀਆਂ ਵੱਖਵੱਖ ਸਮੱਸਿਆਵਾਂ ਨੂੰ ਯਥਾਰਥ ਦਾ ਮਲੰਮਾ ਚਾੜ੍ਹ ਵੱਖ ਵੱਖ ਨਾਟ ਰੂਪਾਂ ਵਿਚ ਪੇਸ਼ ਕੀਤਾ ਗਿਆ। ਪਹਿਲੀ ਪੀੜ੍ਹੀ ਦੇ ਕਾਲ ਦੌਰਾਨ ਹੀ ਪੰਜਾਬੀ ਨਾਟਜਗਤ ਵਿਚ ਪੂਰੇ ਨਾਟਕ, ਇਕਾਂਗੀ ਨਾਟਕ, ਲਘੂ ਨਾਟਕ, ਗੀਤ ਨਾਟਕ, ਰੇਡੀਓ ਨਾਟਕ ਅਤੇ ਕਾਵਿ ਨਾਟਕ ਆਦਿ ਨਾਟਰੂਪਾਂ ਦਾ ਪ੍ਰਵੇਸ਼ ਹੋ ਗਿਆ ਸੀ।
1947 ਦੀ ਵੰਡ ਤੋਂ ਬਾਅਦ ਪੰਜਾਬੀ ਨਾਟਕ ਦਾ ਤੀਜਾ ਦੌਰ ਆਰੰਭ ਹੁੰਦਾ ਹੈ, ਜਿਸ ਵਿਚ ਦੂਜੀ ਪੀੜ੍ਹੀ ਦੇ ਨਾਟਕਕਾਰਾਂ ਦੇ ਪ੍ਰਵੇਸ਼ ਨਾਲ ਪੰਜਾਬੀ ਨਾਟਕ ਨਵਾਂ ਰੁਖ਼ ਅਖ਼ਤਿਆਰ ਕਰਦਾ ਹੈ। 1947 ਦੀ ਵੰਡ ਤੋਂ ਬਾਅਦ ਦੇਸ਼ ਦੀਆਂ ਨਵੀਆਂ ਪਰਿਸਥਿਤੀਆਂ ਅਧੀਨ ਨਵੇਂ ਵਿਸ਼ਿਆਂ ਦੇ ਅੰਤਰਗਤ ਪੰਜਾਬੀ ਨਾਟਕ ਵਿਕਾਸ ਕਰਦਾ ਹੈ। 1975 ਤੱਕ ਪਹਿਲੀ ਪੀੜ੍ਹੀ ਦੇ ਨਾਲਨਾਲ ਦੂਜੀ ਪੀੜ੍ਹੀ ਦੇ ਨਾਟਕਕਾਰਾਂ ਸੁਰਜੀਤ ਸਿੰਘ ਸੇਠੀ, ਕਪੂਰ ਸਿੰਘ ਘੁੰਮਣ, ਹਰਸਰਨ ਸਿੰਘ, ਗੁਰਚਰਨ ਸਿੰਘ ਜਸੂਜਾ, ਰੌਸ਼ਨ ਲਾਲ ਆਹੂਜਾ, ਅਮਰੀਕ ਸਿੰਘ ਆਦਿ ਨੇ ਵਸਤੂ ਦੀ ਦ੍ਰਿਸ਼ਟੀ ਤੋਂ ਹੀ ਨਹੀਂ ਬਲਕਿ ਰੰਗਮੰਚੀ ਦ੍ਰਿਸ਼ਟੀ ਤੋਂ ਵੀ ਨਵੇਂ ਪ੍ਰਯੋਗ ਕੀਤੇ। 1966 ਤੋਂ 1975 ਤੱਕ ਪੰਜਾਬੀ ਨਾਟਕ ਦਾ ਸ਼ਤਾਬਦੀ ਨਾਟਕ ਦਾ ਦੌਰ ਰਿਹਾ। ਜਿਸ ਕਰਕੇ ਇਸ ਸਮੇਂ ਦੌਰਾਨ ਬਹੁਤ ਸਾਰੇ ਧਾਰਮਿਕ ਨਾਟਕ ਲਿਖੇ ਗਏ। ਜ਼ਿਆਦਾਤਰ ਸਿੱਖ ਗੁਰੂਆਂ ਨਾਲ ਸੰਬੰਧਿਤ ਨਾਟਕ ਇਸ ਦੌਰ ਵਿਚ ਹੀ ਲਿਖੇ ਗਏ। ਇਸੇ ਦੌਰ ਦੇ ਅੰਤਲੇ ਵਰ੍ਹਿਆਂ ਵਿਚ ਵਿਸ਼ਵੀਕਰਨ ਦੇ ਪ੍ਰਸੰਗ ਅਧੀਨ ਪੰਜਾਬੀ ਨਾਟਕ ਹੱਦਾਂਸਰਹੱਦਾਂ ਤੋਂ ਪਾਰ ਵਿਚਰਦਾ ਹੋਇਆ ਪਾਕਿਸਤਾਨ ਅਤੇ ਯੂਰਪ ਦੇ ਦੇਸ਼ਾਂ ਵਿਚ ਆਪਣੀ ਹੋਂਦ ਦੀ ਗੁਆਹੀ ਭਰਦਾ ਹੈ। ਇੰਜ ਪਰਵਾਸੀ ਪੰਜਾਬੀ ਨਾਟਕ ਦਾ ਮੁੱਢ ਬੱਝਦਾ ਹੈ।
ਪੰਜਾਬੀ ਨਾਟਕ ਦਾ ਚੌਥਾ ਦੌਰ 1975 ਤੋਂ ਸ਼ੁਰੂ ਹੁੰਦਾ ਹੈ ਜਦੋਂ ਪੰਜਾਬੀ ਨਾਟਜਗਤ ਵਿਚ ਤੀਜੀ ਪੀੜ੍ਹੀ ਦੇ ਨਾਟਕਕਾਰ ਪ੍ਰਵੇਸ਼ ਕਰਦੇ ਹਨ। 1975 ਤੋਂ ਬਾਅਦ ਦੇਸ਼ ਦੀ ਐਮਰਜੈਂਸੀ ਅਤੇ ਪੰਜਾਬ ਦੀ ਸੰਕਟਕਾਲੀਨ ਸਥਿਤੀ ਨੇ ਪੰਜਾਬੀ ਨਾਟਕ ਨੂੰ ਨਵੇਂ ਵਿਸ਼ਿਆਂ ਨਾਲ ਜੋੜਿਆ। ਇਸ ਦੌਰ ਵਿਚ ਤੀਜੀ ਪੀੜ੍ਹੀ ਦੇ ਸਮਵਿੱਥ ਪਹਿਲੀ ਅਤੇ ਦੂਜੀ ਪੀੜ੍ਹੀ ਦੇ ਨਾਟਕਕਾਰ ਵੀ ਗਤੀਸ਼ੀਲ ਭੂਮਿਕਾ ਨਿਭਾਉਂਦੇ ਹਨ। ਇਸ ਦੌਰ ਦੇ ਪ੍ਰਮੁੱਖ ਹਸਤਾਖ਼ਰ ਹਨ ਆਤਮਜੀਤ, ਅਜਮੇਰ ਸਿੰਘ ਔਲਖ, ਚਰਨਦਾਸ ਸਿੱਧੂ, ਗੁਰਸ਼ਰਨ ਸਿੰਘ, ਰਵਿੰਦਰ ਰਵੀ, ਅਮਰਜੀਤ ਗਰੇਵਾਲ, ਦਰਸ਼ਨ ਮਿਤਵਾ ਆਦਿ। ਇਨ੍ਹਾਂ ਨਾਟਕਕਾਰਾਂ ਦੇ ਮੁੱਢਲੇ ਯਤਨਾਂ ਨੇ ਇਸ ਦੌਰ ਵਿਚ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਕਈ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆ। ਇਸ ਸਮੇਂ ਵਿਚ ਅਜਮੇਰ ਸਿੰਘ ਔਲਖ ਅਤੇ ਗੁਰਸ਼ਰਨ ਸਿੰਘ ਦੇ ਯਤਨਾਂ ਕਰਕੇ ਪੇਂਡੂ ਰੰਗਮੰਚ ਦੀ ਸ਼ੁਰੂਆਤ ਹੋਈ ਉਥੇ ਨਾਲ ਹੀ ਨੁੱਕੜ ਨਾਟਪਰੰਪਰਾ ਦਾ ਵਿਕਾਸ ਹੋਇਆ। ਇਸ ਦੌਰ ਵਿਚ ਨਾਟਕ ਗਿਣਤੀ ਮਿਣਤੀ ਦੀਆਂ ਸਟੇਜਾਂ ਨੂੰ ਛੱਡ ਪਿੰਡਾਂਸ਼ਹਿਰਾਂ ਦੀਆਂ ਗਲੀਆਂ ਮੁਹੱਲਿਆਂ ਤੱਕ ਪੁਹੰਚਿਆ। ਇਸਦੇ ਸਮਵਿੱਥ ਹੀ ਪਰਵਾਸੀ ਪੰਜਾਬੀ ਨਾਟਕਕਾਰਾਂ ਦੁਆਰਾ ਕੈਨੇਡਾ ਵਿਚ ਭਾਰਤੀ ਪੰਜਾਬੀ ਰੰਗਕਰਮੀਆਂ ਵੱਲੋਂ ਪਾਈਆਂ ਗਈਆਂ ਲੀਹਾਂ ਤੇ ਹੌਲੀਹੌਲੀ ਅੱਗੇ ਵੱਧਣਾ ਸ਼ੁਰੂ ਕਰ ਦਿੱਤਾ।
1990 ਤੋਂ ਬਾਅਦ ਚੌਥੀ ਪੀੜ੍ਹੀ ਦੇ ਨਾਟਕਕਾਰ ਨਵੀਂ ਸੋਚ ਅਤੇ ਸਮਰੱਥਾ ਦੇ ਨਾਲ ਨਾਟ ਜਗਤ ਵਿਚ ਪ੍ਰਵੇਸ਼ ਕਰਦੇ ਹਨ। ਇਸ ਦੌਰ ਦੇ ਪ੍ਰਮੁੱਖ ਨਾਟਕਕਾਰਾਂ ਵਿਚ ਸਤੀਸ਼ ਕੁਮਾਰ ਵਰਮਾ, ਸਵਰਾਜਬੀਰ, ਜਤਿੰਦਰ ਬਰਾੜ, ਮਨਜੀਤਪਾਲ ਕੌਰ, ਪਾਲੀ ਭੁਪਿੰਦਰ, ਵਰਿਆਮ ਮਸਤ, ਕੇਵਲ ਧਾਲੀਵਾਲ, ਸਾਹਿਬ ਸਿੰਘ, ਰਾਣਾ ਜੰਗ ਬਹਾਦਰ, ਕੁਲਦੀਪ ਸਿੰਘ ਦੀਪ ਅਤੇ ਸੋਮਪਾਲ ਹੀਰਾ ਆਦਿ ਦਾ ਨਾਂ ਦਰਜ ਹੈ। ਜੋ ਨਵੇਂ ਸੰਕਲਪਾਂ, ਨਾਟ ਸਰੋਕਾਰਾਂ ਅਤੇ ਨਾਟਜੁਗਤਾਂ ਨਾਲ ਪੰਜਾਬੀ ਨਾਟਕ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਰਹੇ ਹਨ।
ਇਸ ਦੌਰ ਵਿਚ ਪੰਜਾਬੀ ਨਾਟਕ ਦੇ ਨਵੇਂ ਪਾਸਾਰ ਦ੍ਰਿਸ਼ਟੀਗੋਚਰ ਹੁੰਦੇ ਹਨ। ਪੰਜਾਬੀ ਨਾਟਕ ਦੇ ਇਨ੍ਹਾਂ ਪਸਾਰਾਂ ਦਾ ਖੁੱਲ੍ਹਣਾ ਅਤੇ ਪੰਜਾਬੀ ਨਾਟਕ ਦਾ ਮੁੱਖ ਧਾਰਾ ਦਾ ਹਿੱਸਾ ਬਣਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਇਹ ਦੌਰ ਪੰਜਾਬੀ ਨਾਟਕ ਦੇ ਸਿਖ਼ਰ ਦਾ ਦੌਰ ਹੈ ਜਿਸ ਵਿਚ ਪੰਜਾਬੀ ਨਾਟਕ ਇਕ ਪਾਸੇ ਸਿਧਾਂਤਕ ਚੇਤਨਾ ਵਿਸ਼ਵੀਕਰਨ, ਉਤਰਆਧੁਨਿਕਤਾ, ਉਤਰਬਸਤੀਵਾਦ, ਨਾਰੀ ਚੇਤਨਾ, ਦਲਿਤ ਚੇਤਨਾ ਆਦਿ ਨਾਲ ਜੁੜਦਾ ਹੈ, ਦੂਜੇ ਪਾਸੇ ਨਾਟਰੂਪ ਦੀ ਵਿਭਿੰਨਤਾ ਪ੍ਰਾਪਤ ਕਰਦਾ ਹੈ, ਤੀਜੇ ਪਾਸੇ ਸੰਚਾਰ ਦੀਆਂ ਨਵੀਆਂ ਜੁਗਤਾਂ ਦੀ ਤਲਾਸ਼ ਕਰਦਾ ਹੋਇਆ ਇਲੈਕਟ੍ਰਾਨਿਕ ਮੀਡੀਆ ਨੂੰ ਨਾਟਸੰਚਾਰ ਵਿਚ ਢਾਲਣ ਦਾ ਯਤਨ ਕਰਦਾ ਹੈ ਅਤੇ ਚੌਥਾ ਭਾਰਤ ਦੇ ਵੱਖਵੱਖ ਸ਼ਹਿਰਾਂ, ਪਾਕਿਸਤਾਨ ਤੇ ਪਰਵਾਸ ਵਿਚ ਫ਼ੈਲਦਾ ਹੋਇਆ ਪੰਜਾਬੀ ਨਾਟਕ ਲਈ ਨਵੀਂ ਜ਼ਮੀਨ ਦੀ ਤਲਾਸ਼ ਕਰਦਾ ਹੈ।
ਪੰਜਾਬੀ ਨਾਟਕ ਦਾ ਛੇਵਾਂ ਦੌਰ 2010 ਤੋਂ ਬਾਅਦ ਪੰਜਵੀਂ ਪੀੜ੍ਹੀ ਦੇ ਨਾਟਕਕਾਰਾਂ ਨਾਲ ਬੱਝਦਾ ਹੈ। 21ਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਗਤੀਸ਼ੀਲ ਹੋਈ ਪੰਜਾਬੀ ਨਾਟਕ ਦੀ ਪੰਜਵੀਂ ਪੀੜ੍ਹੀ ਵਿਚ ਤਰਸਪਾਲ ਕੌਰ, ਸਿਮਰਜੀਤ ਗਿੱਲ ਅਤੇ ਰਤਨ ਰੀਹਲ ਤੋਂ ਇਲਾਵਾ ਬਹੁਤ ਸਾਰੇ ਨਵੇਂ ਨਾਟਕਕਾਰ ਆਪਣੀਆਂ ਨਾਟਲਿਖਤਾਂ ਨਾਲ ਪੰਜਾਬੀ ਨਾਟਕ ਦੇ ਵਿਕਾਸ ਰੁਖ਼ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਰਹੇ ਹਨ। 21ਵੀਂ ਸਦੀ ਦਾ ਦੂਜੇ ਦਹਾਕਾ ਨਵੀਨ ਤਕਨੀਕੀ ਯੁੱਗ ਦਾ ਹਿੱਸਾ ਹੈ ਜਦ ਇਲੈਕਟ੍ਰੌਨਿਕ ਮੀਡੀਆ ਦਾ ਵਿਕਾਸ ਬਹੁਤ ਵੱਡੇ ਪੱਧਰ ਤੇ ਹੋ ਚੁੱਕਾ ਹੈ। ਉਸ ਦੌਰ ਵਿਚ ਨਾਟਕ ਦੀ ਹੋਂਦ ਨੂੰ ਵਰਤਮਾਨ ਪਰਿਪੇਖ ਦੇ ਅੰਤਰਗਤ ਸਥਾਪਿਤ ਕਰਨਾ ਆਪਣੇ ਆਪ ਵਿਚ ਚੁਣੌਤੀ ਭਰਪੂਰ ਕਾਰਜ ਹੈ। ਪਰੰਤੂ ਨਵੀਂ ਪੀੜ੍ਹੀ ਦੇ ਨਾਟਕਕਾਰ ਪੰਜਾਬੀ ਨਾਟਕ ਦੇ ਵਿਕਾਸ ਰੁਖ਼ ਵਿਚ ਨਿਰੰਤਰਤਾ ਨੂੰ ਜਾਰੀ ਰੱਖਦੇ ਹੋਏ ਨਵੀਆਂ ਤਕਨੀਕਾਂ ਨਾਲ ਗਤੀਸ਼ੀਲ ਭੂਮਿਕਾ ਅਦਾ ਕਰ ਰਹੇ ਹਨ।[2]
- Sharma, Seema. Ādhunika Pañjābī nāṭaka de badalade paripekha. Mohali-Chandigarh, India. ISBN 978-93-5204-465-8. OCLC 961856147.
- ਸ਼ਰਮਾ, ਸੀਮਾ (2016). ਆਧੁਨਿਕ ਪੰਜਾਬੀ ਨਾਟਕ ਦੇ ਬਦਲਦੇ ਪਰਿਪੇਖ. ਮੋਹਾਲੀ: ਯੂਨੀਸਟਾਰ ਪਬਲੀਕੇਸ਼ਨ. ISBN 978-93-5204-465-8..
{{cite book}}
: Check|isbn=
value: invalid character (help)
Remove ads
Wikiwand - on
Seamless Wikipedia browsing. On steroids.
Remove ads