ਮੋਹਨ ਸਿੰਘ ਵੈਦ
ਪੰਜਾਬੀ ਲੇਖਕ From Wikipedia, the free encyclopedia
Remove ads
ਮੋਹਨ ਸਿੰਘ ਵੈਦ (7 ਮਾਰਚ 1881 - 3 ਅਕਤੂਬਰ 1936)[1][2] ਪੰਜਾਬੀ ਲੇਖਕ, ਪੰਜਾਬੀ ਦਾ ਕਹਾਣੀਕਾਰ ਸੀ। ਉਨ੍ਹਾਂ ਨੂੰ ਭਾਈ ਮੋਹਨ ਸਿੰਘ ਵੈਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਨੇ ਪੰਜਾਬੀ ਗਲਪ, ਵਾਰਤਕ ਤੇ ਪੱਤਰਕਾਰੀ ਦੇ ਖੇਤਰ ਵਿਚ ਸਾਹਿਤਕ ਰਚਨਾਵਾਂ ਦੀ ਸਿਰਜਣਾ ਕੀਤੀ। ਇਨ੍ਹਾਂ ਰਚਨਾਵਾਂ ਦੀ ਕੁੱਲ ਗਿਣਤੀ 200 ਦੇ ਆਸ-ਪਾਸ ਬਣਦੀ ਹੈ।[3] ਪੁਸਤਕਾਂ ਨਾਲ ਉਨ੍ਹਾਂ ਦਾ ਸ਼ੁਰੂ ਤੋਂ ਬੜਾ ਮੋਹ ਸੀ। ਉਨ੍ਹਾਂ ਦੀ ਨਿਜੀ ਲਾਈਬ੍ਰੇਰੀ ਵਿਚ 20 ਹਜ਼ਾਰ ਦੇ ਆਸ-ਪਾਸ ਕਿਤਾਬਾਂ, ਰਸਾਲੇ ਤੇ ਟ੍ਰੈਕਟ ਮੌਜੂਦ ਸਨ ਜੋ ਉਸ ਦੀ ਮੌਤ ਮਗਰੋਂ ਉਸ ਦੇ ਪੁੱਤਰਾਂ ਨੇ ਪੰਜਾਬੀ ਯੂਨੀਵਰਸਿਟੀ ਦੀ ਲਾਈਬ੍ਰੇਰੀ ਨੂੰ ਦਾਨ ਦੇ ਦਿੱਤੀਆਂ।
ਭਾਈ ਮੋਹਨ ਸਿੰਘ ਵੈਦ ਦਾ ਜਨਮ 7 ਮਾਰਚ 1881 ਈਸਵੀ (ਦਿਨ ਸੋਮਵਾਰ ) (ਦੇਸੀ ਮਹੀਨੇ ਫਗਣ ਦੀ ਸੱਤ, ਸੰਮਤ 1937 ਬਿਕਰਮੀ) ਨੂੰ ਤਰਨਤਾਰਨ , ਜ਼ਿਲਾ ਅੰਮ੍ਰਿਤਸਰ ਵਿਚ ਹੋਇਆ। ਉਸ ਦੇ ਪਿਤਾ ਦਾ ਨਾਮ ਭਾਈ ਜੈਮਲ ਸਿੰਘ ਵੈਦ ਸੀ ਜਿਨ੍ਹਾਂ ਦੀ ਮ੍ਰਿਤੂ 8 ਅਕਤੂਬਰ 1919 ਨੂੰ ਹੋਈ। ਭਾਈ ਜੈਮਲ ਸਿੰਘ ਦਾ ਕਿੱਤਾ ਵੈਦਗੀ ਸੀ । ਮੋਹਨ ਸਿੰਘ ਵੈਦ ਨੇ ਵੀ ਆਪਣੇ ਪਿਤਾ ਦੇ ਚਲਾਏ ਹੋਏ ਕੰਮ ਨੂੰ ਹੀ ਅਪਣਾਇਆ। ਭਾਈ ਮੋਹਨ ਸਿੰਘ ਵੈਦ ਦੀ ਮਿਤੂ ਸਮੇਂ ਉਹਨਾਂ ਦੇ ਪਰਿਵਾਰ ਵਿਚ ਉਹਨਾਂ ਦੀ ਪਤਨੀ, ਪੰਜ ਪੁੱਤਰ ਤੋਂ ਦੋ ਪੁੱਤਰੀਆਂ ਸਨ। ਉਸ ਦੀ ਮੌਤ 3 ਅਕਤੂਬਰ 1936 ਨੂੰ ਤਰਨਤਾਰਨ ਵਿੱਚ ਹੋਈ। ਭਾਈ ਮੋਹਨ ਸਿੰਘ ਵੈਦ ਦੀ ਮੌਤ ਸਮੇਂ ਉਸ ਦੀ ਉਮਰ ਕਰੀਬ 55 ਸਾਲ 7 ਮਹੀਨੇ ਸੀ।
Remove ads
ਮੁੱਢਲਾ ਜੀਵਨ ਅਤੇ ਸਿੱਖਿਆ
ਭਾਈ ਮੋਹਨ ਸਿੰਘ ਵੈਦ ਦੀ ਸਕੂਲੀ ਵਿਦਿਆ ਗੁਰਮੁਖੀ ਪਾਠਸ਼ਾਲਾ ਤਰਨਤਾਰਨ ਵਿਚ ਭਾਈ ਨਰਾਇਣ ਸਿੰਘ, ਭਾਈ ਮੰਗਲ ਸਿੰਘ ਅਤੇ ਭਾਈ ਜੀਵਨ ਸਿੰਘ ਦੀ ਨਿਗਰਾਨੀ ਅਧੀਨ ਹੋਈ। ਵੈਦ ਦੇ ਪਿਤਾ ਨੇ ਅੰਮ੍ਰਿਤਸਰ ਖ਼ਾਲਸਾ ਕਾਲਜ ਵਿਚ ਸਕੂਲ ਖੁਲਣ ' ਤੇ ਵੀ ਉਹਨਾਂ ਨੂੰ ਸਕੂਲ ਵਿਚ ਦਾਖ਼ਲ ਨਾ ਕਰਵਾਇਆ। ਪੰਜ ਸਾਲਾਂ ਦੀ ਉਮਰ ਤੋਂ ਹੀ ਬਾਲਕ ਮੋਹਨ ਸਿੰਘ ਨੂੰ ਪੰਜ ਗ੍ਰੰਥੀ ਦਾ ਪਾਠ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਦਸਮ ਗ੍ਰੰਥੀ , ਹਨੂਮਾਨ ਨਾਟਕ , ਭਗਤ ਬਾਣੀ , ਪੰਥ ਪ੍ਰਕਾਸ਼ , ਵੈਰਾਗ ਸ਼ੱਤਕ , ਵਿਚਾਰ ਸਾਗਰ ਆਦਿ ਧਾਰਮਿਕ ਪੋਥੀਆਂ ਦੀ ਪੜ੍ਹਾਈ ਵੱਲ ਲਗਾ ਦਿੱਤਾ। ਤੇਰਾਂ ਸਾਲਾਂ ਤੋਂ 18 ਸਾਲ ਦੀ ਉਮਰ ਤਕ ਦੋ ਛੇ ਸਾਲਾਂ ਵਿਚ ਮੋਹਨ ਸਿੰਘ ਨੇ ਵੈਦਗੀ ਸਿੱਖਿਆ ਦਿੱਤੀ ਗਈ ਜਿਸ ਵਿਚ ਉਸ ਨੇ ਡੂੰਘੀ ਦਿਲਚਸਪੀ ਵੀ ਲਈ। ਵੈਦਗੀ ਦੇ ਨਾਲ-ਨਾਲ ਉਹ ਵੱਖ-ਵੱਖ ਧਰਮ ਗ੍ਰੰਥਾਂ ਦੇ ਅਧਿਐਨ ਅਤੇ ਉਸ ਸੰਬੰਧੀ ਵਿਚਾਰ-ਵਟਾਂਦਰੇ ਵਿਚ ਰੁੱਝਿਆ ਰਹਿੰਦਾ। ਸ੍ਰੀ ਗੁਰੂ ਸਿੰਘ ਸਭਾ ਦੇ ਅਧਿਕਾਰੀਆਂ ਵਿਚ ਭਾਈ ਜੈਮਲ ਸਿੰਘ ਖਾਲਸਾ ਧਰਮ ਪ੍ਰਚਾਰਕ ਸੀ। ਮੋਹਨ ਸਿੰਘ ਉਸ ਸਮੇਂ ਵਿਦਿਆਰਥੀ ਉਮਰ ਦਾ ਸੀ ਪਰ ਸਿੰਘ ਸਭਾ ਦਾ ਮੈਂਬਰ ਸੀ। ਉਸ ਨੂੰ ਧਾਰਮਿਕ ਰਹਿਤ ਮਰਿਆਦਾ ਦੀ ਗੁੜ੍ਹਤੀ ਆਪਣੇ ਪਿਤਾ ਕੋਲੋਂ ਹੀ ਮਿਲੇ ਸਨ। 16 ਸਾਲਾਂ ਦੀ ਉਮਰ ਵਿਚ ਹੀ ਮੋਹਨ ਸਿੰਘ ਦਾ ਰੁਝਾਨ ਸਿੱਖ ਖੰਡਨ ਮੰਡਨ ਵੱਲ ਬਣਨਾ ਸ਼ੁਰੂ ਹੋ ਗਿਆ। ਇਸ ਦੀ ਮਿਸਾਲ ਉਸ ਦੀ ਪਹਿਲੀ ਰਚਨਾ (ਟ੍ਰੈਕਟ) 'ਨਿੰਦਰ ਕੁਸ਼ਟਾਚਾਰ' ਵਜੋਂ ਮਿਲਦੀ ਹੈ। ਸੰਨ 1894 ਵਿਚ ਮੋਹਨ ਸਿੰਘ ਨੇ ਖ਼ਾਲਸਾ ਵਿਦਿਆਰਥੀ ਸਭਾ' ਕਾਇਮ ਕੀਤੀ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਜੋਂ ਉਸ ਨੇ ਸਭਾਵਾਂ ਤੇ ਇਕੱਠਾਂ ਵਿਚ ਭਾਸ਼ਣ ਦੇਣ ਅਤੇ ਅਖਬਾਰਾਂ ਰਸਾਲਿਆਂ ਵਿਚ ਲੇਖ ਲਿਖਣੇ ਸ਼ੁਰੂ ਕਰ ਦਿੱਤੇ।
ਸਮਾਨਾਂਤਰ ਉਸ ਨੂੰ ਵੈਦਗੀ ਦਾ ਵੀ ਇੰਨਾ ਸ਼ੌਕ ਸੀ ਕਿ ਤਰਨਤਾਰਨ ਤੋਂ ਰੋਜ਼ਾਨਾ ਚਾਰ ਮੀਲ ਪੈਦਲ ਚੱਲ ਕੇ ਪੰਡਤ ਸ਼ਿਵ ਦਿਆਲ ਕੋਲ ਆਯੁਰਵੈਦ ਦੀ ਸਿਖਲਾਈ ਲੈਣ ਜਾਂਦਾ ਹੁੰਦਾ ਸੀ। ਇਹ ਸਿਖਲਾਈ ਚਾਰ ਸਾਲ ਤੱਕ ਚੱਲੀ। ਮੋਹਨ ਸਿੰਘ ਵੈਦ ਨੂੰ ਬਚਪਨ ਤੋਂ ਹੀ ਰੋਜ਼ਾਨਾ ਡਾਇਰੀ ਲਿਖਣ ਦਾ ਵੀ ਸ਼ੌਕ ਸੀ। ਉਸ ਦੇ ਨਿਜੀ ਜੀਵਨ ਸੰਬੰਧੀ ਹਵਾਲੇ ਉਸ ਦੀਆਂ ਡਾਇਰੀਆਂ ਵਿਚੋਂ ਮਿਲ ਜਾਂਦੇ ਹਨ। ਉਹ ਸਵੇਰੇ ਚਾਰ ਵਜੇ ਉਠ ਕੇ ਲੇਖ ਲਿਖਣ ਤੇ ਨਿਤਨੇਮ ਨਿਭਾਉਣ ਵਿਚ ਰੁਝ ਜਾਂਦੇ ਸਨ। ਸ਼ਾਮ ਨੂੰ 'ਸੂਰਜ ਪ੍ਰਕਾਸ਼‘ ਅਤੇ ਜਨਮ ਸਾਖੀਆਂ ਦੀ ਕਥਾ ਜ਼ਰੂਰ ਕਰਦੇ ਸਨ। ਰਾਤੀਂ ਦੇਰ ਤੱਕ ਖਰੜਿਆਂ ਦੀ ਸੁਧਾਈ ਕਰਨੀ, ਅਨੁਵਾਦ ਦਾ ਕੰਮ ਕਰਨਾ, ਅੰਗਰੇਜ਼ੀ ਦੀ ਪੜ੍ਹਾਈ ਦਾ ਅਭਿਆਸ ਕਰਨਾ ਤੇ ਡਾਇਰੀ ਲਿਖਣੀ ਵੀ ਨਿਤ ਦੇ ਕਾਰਜਾਂ ਵਿਚ ਸ਼ਾਮਿਲ ਸੀ। ਉਸ ਦੀਆਂ ਡਾਇਰੀਆਂ ਵਿਚ ਲੰਮੀਆਂ ਸੈਰਾ ਦਾ ਜ਼ਿਕਰ ਵੀ ਅਕਸਰ ਮਿਲਦਾ ਹੈ ਜੋ ਉਸ ਨੇ ਸਾਲ 1911 ਤੋਂ ਲੈ ਕੇ ਜੀਵਨ ਦੇ ਅੰਤਲੇ ਦਿਨਾਂ ਤੱਕ ਲਿਖੀਆਂ। ਉਹ ਅਕਸਰ ਬੰਬਈ, ਦਿੱਲੀ, ਅਜਮੇਰ, ਅਹਿਮਦਾਬਾਦ, ਹਜ਼ੂਰ ਸਾਹਿਬ, ਪੰਜਾ ਸਾਹਿਬ, ਰਿਖੀਕੇਸ਼, ਹਰਿਦੁਆਰ ਆਦਿ ਦੇ ਦੌਰਿਆਂ ' ਤੇ ਜਾਂਦਾ ਰਹਿੰਦਾ। ਫ਼ਰਵਰੀ 1930 ਵਿਚ ਮੋਹਨ ਸਿੰਘ ਵੈਦ ਦੀ ਅਗਵਾਈ ਅਧੀਨ ਸਰਬ ਹਿੰਦ ਯਾਤਰਾ ਟਰੇਨ ਚਲੀ ਜਿਸ ਰਾਹੀਂ ਉਸ ਨੇ ਯਾਤਰੀਆਂ ਨਾਲ ਇਕ ਪਾਸੇ ਜਗਨਨਾਥ ਪੁਰੀ ਤੋਂ ਕਲਕੱਤੇ ਤਕ ਅਤੇ ਦੂਸਰੇ ਪਾਸੇ ਹੈਦਰਾਬਾਦ ਤੋਂ ਬੰਬਈ ਤਕ ਮਹੀਨੇ ਭਰ ਦਾ ਸਫ਼ਰ ਕੀਤਾ। ਉਹਨਾਂ ਨੇ ਹਿੰਦੀ ਭਾਸ਼ਕ ਲੋਕਾਂ ਲਈ ਗੁਰੂ ਗ੍ਰੰਥ ਸਾਹਿਬ ਦਾ ਦੇਵਨਾਗਰੀ ਭਾਸ਼ਾ ਵਿਚ ਲਿਪੀਅੰਤਰਣ ਕੀਤਾ ਤੇ ਇਸ ਬੀੜ ਦੀ ਛਪਾਈ ਕਰਾ ਕੇ ਕਈ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਮੁਫ਼ਤ ਭੇਜਣ ਦੀ ਸੇਵਾ ਦਾ ਕੰਮ ਕੀਤਾ। ਇਸ ਬਾਰੇ ਉਹਨਾਂ ਦੇ ਡਾਇਰੀ ਨੋਟਾਂ ਵਿਚੋਂ ਮਸੂਰੀ ਦੀ ਸਿੰਘ ਸਭਾ ਲਾਇਬੇਰੀ, ਪੰਜਾਬ ਯੂਨੀਵਰਸਿਟੀ ਲਾਹੌਰ ਦੀ ਲਾਇਬ੍ਰੇਰੀ, ਗੁਰੂ ਰਾਮ ਦਾਮ ਲਾਇ, ਅੰਮ੍ਰਿਤਸਰ ਅਤੇ ਹੋਰ ਨਾਮਵਰ ਸੰਸਥਾਵਾਂ ਨੂੰ ਕਿਤਾਬਾਂ ਦੇ ਬੰਡਲ ਭੇਜਣ ਬਾਰੇ ਸੂਚਨਾ ਮਿਲ ਜਾਂਦੀ ਹੈ।
Remove ads
ਇੱਕ ਸਮਾਜਿਕ ਕਾਰਕੁੰਨ ਵਜੋਂ
ਮੋਹਨ ਸਿੰਘ ਵੈਦ ਦੀ ਉਮਰ ਅਜੇ ਤੇਰਾਂ ਸਾਲਾਂ ਦੀ ਹੀ ਸੀ ਜਦੋਂ ਤਰਨਤਾਰਨ ਵਿਚ ' ਖਾਲਸਾ ਵਿਦਿਆਰਥੀ ਸਭਾ ਕਾਇਮ ਹੋਈ ਅਤੇ ਮੋਹਨ ਸਿੰਘ ਉਸ ਸਭਾ ਦਾ ਸਕੱਤਰ ਨਿਯੁਕਤ ਹੋਇਆ। ਸੰਨ 1901 ਵਿਚ ਉਸਨੇ ਲਾਹੌਰ ਪਹੁੰਚ ਕੇ ਆਰਿਆ ਸਮਾਜ ਦੇ ਜਲਸੇ ਵਿਚ ਭਾਸ਼ਨ ਦਿੱਤਾ। ਖੰਡਨ ਮੰਡਨ ਦਾ ਰਾਹ ਅਪਨਾਉਣ ਦਾ ਇਹ ਉਸ ਦਾ ਪਹਿਲਾ ਯਤਨ ਸੀ। ਖੰਡਨ-ਮੰਡਨ ਸੰਦਰਭ ਵਿਚ ਹੀ ਉਸ ਦੀ ਪਹਿਲੀ ਪ੍ਰਸਤਕ 'ਨਿੰਦਤ ਭਿਸ਼ਟਾਚਾਰ' ਮਿਲਦੀ ਹੈ। 1906 ਵਿਚ ਉਸ ਨੇ 'ਦੁਖ ਨਿਵਾਰਨ' ਨਾਂ ਦਾ ਪਰਚਾ ਸ਼ੁਰੂ ਕੀਤਾ ਤੇ ਉਹ 1920 ਤੱਕ ਉਸ ਦਾ ਸੰਪਾਦਕ ਰਿਹਾ। ਪੱਤਰਕਾਰੀ ਵਾਲੇ ਪਾਸੇ ਵੀ ਇਹ ਉਸ ਦੀ ਪਹਿਲੀ ਅਜ਼ਮਾਇਸ਼ ਸੀ। ਸੰਨ 1906 ਵਿਚ ਹੀ ਤਰਨਤਾਰਨ ਵਿਖੇ 'ਖਾਲਸਾ ਪ੍ਰਚਾਰਕ ਵਿਦਿਆਲਾ' ਕਾਇਮ ਹੋਇਆ ਤੇ ਇਸ ਵਿਦਿਆਲੇ ਦੀ ਸਕੱਤਰੀ ਦੀ ਸੇਵਾ ਵੀ ਮੋਹਨ ਸਿੰਘ ਨੇ ਹੀ ਸੰਭਾਲੀ। ਸੰਨ 1910 ਦੇ ਅਕਤੂਬਰ ਮਹੀਨੇ ਤੋਂ ਵੈਦ ਨੇ ਤਰਨਤਾਰਨ ਦੀ ਮਿਉਸੀਪਲ ਕਮੇਟੀ ਦੇ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਅਤੇ ਇਤਫਾਕਨ ਆਪਣੀ ਮੌਤ ਤੋਂ ਇਕ ਦਿਨ ਪਹਿਲਾਂ 2 ਅਕਤੂਬਰ 1936 ਨੂੰ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਅਹੁਦੇ ਦੌਰਾਨ ਮੋਹਨ ਸਿੰਘ ਵੈਦ ਨੇ ਸਮਾਜ ਸੁਧਾਰ ਦੇ ਬਹੁਤ ਸਾਰੇ ਕੰਮ ਕੀਤੇ। ਮਿਸਾਲ ਵਜੋਂ ਉਸ ਨੇ ਤਰਨਤਾਰਨ ਵਿਚ ਸ਼ਰਾਬ ਦੇ ਠੇਕੇ ਅਤੇ ਵੇਸਵਾਗਮਨੀ ਦੇ ਅੱਡੇ ਸਰਕਾਰੀ ਹੁਕਮਾਂ ਅਨੁਸਾਰ ਬੰਦ ਕਰਵਾਏ ਗਏ। ਮੋਹਨ ਸਿੰਘ ਵੈਦ ਨੇ ਪੰਜਾਬੀ ਭਾਸ਼ਾ ਤੇ ਸਾਹਿੱਤ ਦੇ ਵਿਕਾਸ ਲਈ ਕਈ ਪ੍ਰਚਾਰ-ਲੜੀਆਂ ਆਰੰਭ ਕੀਤੀਆਂ ਜਿਨ੍ਹਾਂ ਵਿਚੋਂ ਇਕ ਦਾ ਨਾਮ 'ਪੰਜਾਬੀ ਪ੍ਰਚਾਰ ਰਤਨਾਵਲੀ' ਸੀ। ਇਸ ਸਕੀਮ ਅਧੀਨ ਸੰਨ 1910 ਵਿਚ ਵੈਦ ਨੇ ਇਕ ਦਰਜਨ ਪੁਸਤਕਾਂ ਛਪਵਾਈਆਂ। ਦੂਜੀ ਲੜੀ 'ਸਵਦੇਸ਼ ਭਾਸ਼ਾ' ਪ੍ਰਚਾਰਕ ਲੜੀ ਸੀ। ਇਸ ਦਾ ਆਰੰਭ ਕਾਲ ਸੰਨ 1912 ਸੀ। ਇਸ ਲੜੀ ਅਧੀਨ ਭਾਈ ਮੋਹਨ ਸਿੰਘ ਵੈਦ ਦੀਆਂ ਤਕਰਬੀਨ 170 ਪੁਸਤਕਾਂ ਤੇ ਟ੍ਰੈਕਟਾਂ ਦੇ ਪ੍ਰਕਾਸ਼ਨ ਦਾ ਕੰਮ ਹੋਇਆ। 1916 ਦੀ ਤਰਨਤਾਰਨ ਦੀ ਸਿੱਖ ਐਜੂਕੇਸ਼ਨਲ ਕਨਵੈਂਸ਼ਨ ਵੀ ਉਸ ਦੀ ਅਗਵਾਈ ਹੇਠ ਹੋਈ। ਵੈਦ ਆਲ ਇੰਡੀਆ ਵੈਦਿਕ ਐਡ ਯੂਨਾਨੀ ਤਿੱਬਤੀ ਕਾਨਫਰੰਸ ਦੀ ਕਾਰਜਕਾਰੀ ਕਮੇਟੀ ਦਾ ਵੀ ਮੈਂਬਰ ਸੀ। ਸੰਨ 1913 ਵਿਚ ਉਹ ਪੰਜਾਬ ਟੌਪ੍ਰੈਸ ਫੈਡਰੇਸ਼ਨ ਦਾ ਮੀਤ ਪ੍ਰਧਾਨ ਬਣ ਗਿਆ। ਸਾਲ 1921 ਵਿਚ ਭਾਈ ਮੋਹਨ ਸਿੰਘ ਵੈਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣਿਆ ਗਿਆ। ਚਲੰਤ ਗੁਰਦੁਆਰਾ ਸੁਧਾਰ ਲਹਿਰਾਂ ਵਿਚ ਉਸ ਨੇ ਲਗਾਤਾਰ ਹਿੱਸਾ ਲਿਆ ਜਿਸ ਦੇ ਸਿੱਟੇ ਵਜੋਂ ਉਸ ਦੀ ਦੋ ਵਾਰੀ ਸੰਨ 1924 ਅਤੇ 1926 ਵਿਚ ਗ੍ਰਿਫ਼ਤਾਰੀ ਵੀ ਹੋਈ। ਸੰਨ 1930 ਵਿਚ 800 ਯਾਤ੍ਰੀਆ ਦੀ ਸਰਬ-ਹਿੰਦ ਤੀਰਥ-ਯਾਤ੍ਰਾ ਰੇਲਗੱਡੀ ਦੀ ਇਕ ਮਹੀਨੇ ਲਈ ਅਗਵਾਈ ਕੀਤੀ ਅਤੇ ਸੰਨ 1931-32 ਦੌਰਾਨ ਤਰਨਤਾਰਨ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਦੇ ਪ੍ਰਬੰਧ ਵਿਚ ਆਪਣਾ ਪੂਰਾ ਸਹਿਯੋਗ ਦਿੱਤਾ।
Remove ads
ਪੰਜਾਬੀ ਸਾਹਿਤ ਨੂੰ ਯੋਗਦਾਨ
ਭਾਈ ਮੋਹਨ ਸਿੰਘ ਵੈਦ ਨੇ ਆਪਣੇ ਕੁੱਲ ਜੀਵਨ ਵਿਚ ਦੋ ਸੌ ਦੇ ਕਰੀਬ ਕਿਤਾਬਾਂ ਤੇ ਟ੍ਰੈਕਟਾਂ ਦੀ ਰਚਨਾ ਕੀਤੀ। ਮੋਹਨ ਸਿੰਘ ਦੀਆਂ ਆਪਣੀਆਂ ਰਚਨਾਵਾਂ ਦੇ ਸਰਵੇਖਣ ਤੋਂ ਉਸ ਦੀ ਕਲਮ ਤੋਂ ਹਰ ਵਿਧਾ ਵਿਚ ਲਿਖਿਆ ਸਾਹਿਤ ਮਿਲ ਜਾਂਦਾ ਹੈ। ਉਸ ਦੇ ਸਾਹਿਤਕ ਖੇਤਰਾਂ ਵਿਚ ਗਲਪ , ਧਰਮ , ਇਤਿਹਾਸ , ਵੈਦਗੀ , ਵਿਗਿਆਨ , ਸਦਾਚਾਰ , ਪੱਤਰਕਾਰੀ ਅਤੇ ਖੰਡਨ ਮੰਡਨ ਵਿਸ਼ੇ ਆ ਜਾਂਦੇ ਹਨ ਜਿਨ੍ਹਾਂ ਉੱਪਰ ਉਸ ਨੇ ਸਾਹਿਤ ਰਚਿਆ। ਇਹਨਾਂ ਪੁਸਤਕਾਂ ਦੇ ਲਿਖਣ ਦੀਆਂ, ਪੁਸਤਕਾਂ ਸੋਧਣ ਦੀਆਂ, ਪੱਤਰਾਂ, ਮੈਗਜ਼ੀਨਾਂ, ਰਸਾਲਿਆਂ ਵਿਚ ਲੇਖ ਭੇਜਣ ਦੀਆਂ, ਪੁਸਤਕਾਂ ਦੀਆਂ ਭੂਮਿਕਾਵਾਂ ਲਿਖਣ ਦੀਆਂ, ਪੁਸਤਕਾਂ ਛਪਵਾਉਣ ਦੀਆਂ, ਰਿਵੀਊ ਲਿਖਣ ਦੀਆਂ ਅਤੇ ਹੋਰ ਸਾਹਿਤਿਕ ਕਾਰਜਾਂ ਬਾਰੇ ਅਤੇ ਉਨ੍ਹਾਂ ਦੀਆਂ ਮਿਤੀਆਂ ਬਾਰੇ ਵੇਰਵੇ ਭਾਈ ਮਿਹਨ ਸਿੰਘ ਨੇ ਆਪਣੀ ਡਾਇਰੀ ਵਿਚ ਨੋਟ ਕਰ ਰੱਖੇ ਹਨ।
ਕਹਾਣੀ ਸੰਗ੍ਰਹਿ
- ਹੀਰੇ ਦੀਆਂ ਕਣੀਆਂ
- ਰੰਗ ਬਰੰਗੇ ਫੁੱਲ
- ਕਿਸਮਤ ਦਾ ਚੱਕਰ
ਨਾਵਲ
- ਸੁਸ਼ੀਲ ਨੂੰਹ
- ਇਕ ਸਿੱਖ ਘਰਾਣਾ
- ਸ੍ਰੇਸ਼ਠ ਕੁਲਾਂ ਦੀ ਚਾਲ
- ਸੁਖੀ ਪ੍ਰੀਵਾਰ
- ਕੁਲਵੰਤ ਕੌਰ
- ਸੁਘੜ ਨੂੰਹ ਤੇ ਲੜਾਕੀ ਸੱਸ
- ਸੁਖਦੇਵ ਕੌਰ
- ਦੰਪਤੀ ਪਿਆਰ
- ਕਲਹਿਣੀ ਦਿਉਰਾਨੀ
- ਸੁਸ਼ੀਲ ਵਿਧਵਾ
ਵਾਰਤਕ
- ਸਿਆਣੀ ਮਾਤਾ
- ਜੀਵਨ ਸੁਧਾਰ
- ਗੁਰਮਤਿ ਗੌਰਵਤਾ
- ਸਦਾਚਾਰ
- ਚਤੁਰ ਬਾਲਕ
- ਕਰਮਾਂ ਦਾ ਬੀਰ
ਸਿਹਤ ਸੰਬੰਧੀ
- ਗ੍ਰਹਿ ਸਿੱਖਿਆ
- ਮਹਾਂਮਾਰੀ ਦਮਨ
- ਹੈਜ਼ਾ
- ਪਲੇਗ ਦੇ ਦਿਨਾਂ ਦੀ ਰੱਖਿਆ
- ਇਸਤ੍ਰੀ ਰੋਗ ਚਕਿਤਸਾ
- ਬਾਲ ਰੋਗ ਚਕਿਤਸਾ
- ਮਾਤਾ ਦੇ ਗਰਭ ਦਾ ਅਸਰ
- ਅਰੋਗਤਾ ਪ੍ਰਕਾਸ਼
- ਅੱਖਾਂ ਦੀ ਜੋਤ
- ਨਾੜੀ ਦਰਪਣ
- ਸੌ ਵਰ੍ਹਾ ਜੀਵਨ ਦੇ ਢੰਗ
- ਸਵਦੇਸ਼ੀ ਬਜ਼ਾਰੀ ਦਵਾਵਾਂ
- ਗੁਣਾਂ ਦਾ ਗੁਥਲਾ
- ਵੈਦਿਕ ਯੂਨਾਨੀ ਚਕਿਤਸਾ
ਹੋਰ
- ਬਿਰਧ ਵਿਆਹ ਦੁਰਦਸ਼ਾ ਨਾਟਕ
- ਰੱਬੀ ਜੋੜ ਮੇਲਾ
- ਕਰਮ ਯੋਗ
- ਬੇਕਨ ਵਿਚਾਰ ਰਤਨਾਵਲੀ ਅਤੇ ਆਤਮਿਕ ਉਨਤੀ
- ਇਲਮ ਖ਼ਿਆਲ
- ਕੀੜੇ ਮਕੌੜੇ
- ਗ੍ਰਹਿ ਪਰਬੰਧ ਸ਼ਾਸਤਰ
- ਗੁਰਮਤ ਅਖੋਤਾਂ
ਹਵਾਲੇ
Wikiwand - on
Seamless Wikipedia browsing. On steroids.
Remove ads