ਅਮਰੀਕਾ ਦਾ ਇਤਿਹਾਸ

From Wikipedia, the free encyclopedia

ਅਮਰੀਕਾ ਦਾ ਇਤਿਹਾਸ
Remove ads

ਅਮਰੀਕਾ ਦਾ ਇਤਿਹਾਸ ਉੱਤਰੀ ਅਮਰੀਕਾ ਦੇ ਇੱਕ ਦੇਸ਼ ਅਮਰੀਕਾ ਵਿੱਚ ਵਾਪਰੇ ਵਾਕਿਆਂ ਦਾ ਬਿਆਨ ਹੈ।

Thumb
ਜੱਦੀ ਅਮਰੀਕੀਆਂ ਦੀ ਯੂਰਪੀਆਂ ਨਾਲ਼ ਮੁਲਾਕਾਤ, 1764

ਜੱਦੀ ਅਮਰੀਕੀ ਅਤੇ ਯੂਰਪੀਆਂ ਦੀ ਮਿਲ਼ਨੀ

ਤਕਰੀਬਨ 15,000 ਵਰ੍ਹਿਆਂ ਤੋਂ ਵੀ ਪਹਿਲਾਂ ਉੱਤਰੀ ਅਮਰੀਕਾ 'ਚ ਵਸਣ ਵਾਲ਼ੇ ਲੋਕ ਬੇਰਿੰਗ ਧਰਤ-ਜੋੜ ਰਾਹੀਂ ਸਾਈਬੇਰੀਆ ਤੋਂ ਆਏ ਸਨ।[1][2][3] ਪੂਰਵ-ਕੋਲੰਬੀਆਈ ਮਿੱਸੀਸਿੱਪੀ ਸੱਭਿਆਚਾਰ ਵਰਗੀਆਂ ਰਹਿਤਲਾਂ ਨੇ ਉੱਨਤ ਖੇਤੀਬਾੜੀ, ਸ਼ਾਨਦਾਰ ਉਸਾਰੀ-ਕਲਾ ਅਤੇ ਮੁਲਕ-ਪੱਧਰੀ ਸਮਾਜਾਂ ਦਾ ਵਿਕਾਸ ਕਰ ਲਿਆ ਸੀ। ਯੂਰਪੀ ਖੋਜੀਆਂ ਅਤੇ ਵਪਾਰੀਆਂ ਨਾਲ਼ ਪਹਿਲੀ ਛੋਹ ਮਗਰੋਂ ਅਮਰੀਕਾ ਦੀ ਜੱਦੀ ਅਬਾਦੀ ਘਟਣੀ ਸ਼ੁਰੂ ਹੋ ਗਈ ਜਿਹਨਾਂ ਦੇ ਕਾਰਨਾਂ ਵਿੱਚ ਚੀਚਕ ਅਤੇ ਧਰੱਸ ਵਰਗੇ ਰੋਗ[4][5] ਅਤੇ ਧੱਕਾ-ਵਧੀਕੀ[6][7][8] ਵੀ ਸ਼ਾਮਲ ਸਨ।

ਬਸਤੀਕਰਨ ਜਾਂ ਨੌਅਬਾਦਕਾਰੀ ਦੇ ਅਗੇਤੇ ਦਿਨਾਂ ਵਿੱਚ ਅਬਾਦਕਾਰਾਂ ਨੂੰ ਅਨਾਜ ਦੀ ਥੁੜ੍ਹ, ਰੋਗਾਂ ਅਤੇ ਜੱਦੀ ਅਮਰੀਕੀਆਂ ਦੇ ਹੱਲਿਆਂ ਦਾ ਸਾਮ੍ਹਣਾ ਕਰਨਾ ਪਿਆ। ਕਈ ਵਾਰ ਤਾਂ ਜੱਦੀ ਅਮਰੀਕੀ ਗੁਆਂਢੀ ਕਬੀਲਿਆਂ ਨਾਲ਼ ਜੰਗ ਵਿੱਚ ਰੁੱਝੇ ਹੁੰਦੇ ਸਨ ਅਤੇ ਯੂਰਪੀਆਂ ਦੀ ਬਸਤੀਵਾਦੀ ਜੰਗਾਂ ਵਿੱਚ ਮਦਦ ਕਰਦੇ ਸਨ।[9] ਇਸੇ ਨਾਲ਼ ਹੀ ਕਈ ਜੱਦੀ ਲੋਕ ਅਤੇ ਅਬਾਦਕਾਰ ਇੱਕ-ਦੂਜੇ ਦੇ ਆਸਰੇ ਹੋਣ ਲੱਗ ਪਏ। ਅਬਾਦਕਾਰਾਂ ਨੂੰ ਖ਼ੁਰਾਕ ਅਤੇ ਡੰਗਰਾਂ ਦੀਆਂ ਖੱਲਾਂ ਦੀ ਲੋੜ ਸੀ ਅਤੇ ਜੱਦੀ ਲੋਕ ਉਹਨਾਂ ਤੋਂ ਬੰਦੂਕਾਂ, ਅਸਲਾ ਅਤੇ ਹੋਰ ਯੂਰਪੀ ਸਾਜ਼ੋ-ਸਮਾਨ ਲੈ ਲੈਂਦੇ ਸਨ।[10] ਜੱਦੀ ਲੋਕਾਂ ਨੇ ਅਬਾਦਕਾਰਾਂ ਨੂੰ ਇਹ ਸਿਖਾਇਆ ਕਿ ਮੱਕੀ, ਫਲੀਆਂ ਅਤੇ ਕੱਦੂਆਂ ਦੀ ਕਾਸ਼ਤ ਕਿੱਥੇ, ਕਦੋਂ ਅਤੇ ਕਿਵੇਂ ਕਰਨੀ ਹੈ। ਯੂਰਪੀ ਮਿਸ਼ਨਰੀ ਅਤੇ ਹੋਰ ਕਈ ਲੋਕ ਇਹਨਾਂ ਇੰਡੀਅਨਾਂ (ਜੱਦੀ ਵਸਨੀਕਾਂ) ਨੂੰ ਤਹਿਜ਼ੀਬ ਸਿਖਾਉਣਾ ਚਾਹੁੰਦੇ ਸਨ ਅਤੇ ਉਹਨਾਂ ਉੱਤੇ ਸ਼ਿਕਾਰ ਵਗ਼ੈਰਾ ਛੱਡ ਕੇ ਖੇਤੀ ਅਤੇ ਪਸ਼ੂ-ਪਾਲਣ ਵੱਲ ਧਿਆਨ ਦੇਣ ਦਾ ਜ਼ੋਰ ਪਾਉਂਦੇ ਸਨ।[11][12]

Remove ads

ਬਸਤੀਆਂ

1492 ਵਿੱਚ ਕੋਲੰਬਸ ਦੀ ਨਵੇਂ ਸੰਸਾਰ ਵੱਲ ਦੀ ਪਹਿਲੇ ਸਮੁੰਦਰੀ ਸਫ਼ਰ ਤੋਂ ਬਾਅਦ ਹੋਰ ਕਈ ਖੋਜੀ ਉਹਦੇ ਰਾਹ ਉੱਤੇ ਚੱਲੇ ਅਤੇ ਫ਼ਲੌਰਿਡਾ ਉੱਤੇ ਅਮਰੀਕੀ ਦੱਖਣ-ਪੱਛਮ ਵਿੱਚ ਅਬਾਦ ਹੋ ਗਏ।[13][14] ਪੂਰਬੀ ਤੱਟ ਨੂੰ ਅਬਾਦ ਕਰਨ ਦੀਆਂ ਕੁਝ ਕੋਸ਼ਿਸ਼ਾਂ ਫ਼ਰਾਂਸੀਸੀਆਂ ਨੇ ਵੀ ਕੀਤੀਆਂ ਜੋ ਮਗਰੋਂ ਮਿੱਸੀਸਿੱਪੀ ਦਰਿਆ ਕੰਢੇ ਵਸਣ ਵਿੱਚ ਕਾਮਯਾਬ ਹੋ ਗਏ। ਉੱਤਰੀ ਅਮਰੀਕਾ ਦੇ ਪੂਰਬੀ ਤੱਟ ਉੱਤੇ ਅੰਗਰੇਜ਼ਾਂ ਦੀਆਂ ਪਹਿਲੀਆਂ ਕਾਮਯਾਬ ਬਸਤੀਆਂ 1607 ਵਿੱਚ ਜੇਮਜ਼ਟਾਊਨ ਵਿਖੇ ਵਸੀ ਵਰਜਿਨੀਆ ਕਲੋਨੀ ਅਤੇ 1620 ਵਿੱਚ ਵਸੀ ਹਾਜੀਆਂ ਦੀ ਪਲਾਈਮਥ ਕਲੋਨੀ ਸਨ। ਨਿੱਜੀ ਪੈਲ਼ੀਆਂ ਦੀ ਮਾਲਕੀ ਸ਼ੁਰੂ ਹੋਣ ਤੋਂ ਪਹਿਲਾਂ ਦੇ ਭਾਈਚਾਰਕ ਰੋਜ਼ੀ-ਰੋਟੀ ਦੇ ਅਗੇਤਰੇ ਤਜਰਬੇ ਫੇਲ੍ਹ ਹੋ ਗਏ ਸਨ।[15] ਬਹੁਤੇ ਅਬਾਦਕਾਰ ਅਸਹਿਮਤੀ ਰੱਖਣ ਵਾਲ਼ੇ ਇਸਾਈਆਂ ਦੀ ਟੋਲੀਆਂ ਸਨ ਜੋ ਧਾਰਮਕ ਅਜ਼ਾਦੀ ਦੀ ਭਾਲ਼ ਵਿੱਚ ਆਏ ਸਨ। 1619 ਵਿੱਚ ਵਰਜਿਨੀਆ ਦੀ ਬਰਜਿਸ ਸਭਾ ਮਹਾਂਦੀਪ ਦੀ ਪਹਿਲੀ ਚੁਣੀ ਹੋਈ ਵਿਧਾਨ ਸਭਾ ਬਣੀ ਜੋ, ਹਾਜੀ ਪੁਰਖਿਆਂ ਵੱਲੋਂ ਜਹਾਜ਼ਾਂ ਤੋਂ ਉੱਤਰਦਿਆਂ ਹੋਇਆਂ ਸਹੀ ਕੀਤੇ ਗਏ ਮੇਅਫ਼ਲਾਵਰ ਸਮਝ਼ੌਤੇ ਸਣੇ, ਆਉਣ ਵਾਲ਼ੇ ਸਮੇਂ ਦੀਆਂ ਸਾਰੀਆਂ ਅਮਰੀਕੀ ਬਸਤੀਆਂ ਵਾਸਤੇ ਨੁਮਾਇੰਦਗੀ-ਪ੍ਰਸਤ ਸਵੈ-ਸਰਕਾਰ ਅਤੇ ਸੰਵਿਧਾਨਵਾਦ ਦੀ ਮਿਸਾਲ ਬਣੀ।[16][17]

Thumb
ਮੇਅਫ਼ਲਾਵਰ ਸਮਝੌਤੇ ਉੱਤੇ ਦਸਤਖ਼ਤੀ, 1620

ਹਰੇਕ ਬਸਤੀ ਵਿਚਲੇ ਬਹੁਤੇ ਅਬਾਦਕਾਰ ਨਿੱਕੇ-ਮੋਟੇ ਕਿਸਾਨ ਸਨ ਪਰ ਕੁਝ ਹੀ ਦਹਾਕਿਆਂ ਵਿੱਚ ਕਈ ਹੋਰ ਸਨਅਤਾਂ ਦਾ ਵੀ ਵਿਕਾਸ ਹੋ ਗਿਆ। ਵਪਾਰਕ ਫ਼ਸਲਾਂ ਵਿੱਚ ਤਮਾਕੂ, ਜੀਰੀ ਅਤੇ ਕਣਕ ਆਉਂਦੇ ਸਨ। ਪੋਸਤੀਨ, ਮੱਛੀ ਫੜ੍ਹਨਾ ਅਤੇ ਲੱਕੜ ਵੱਢਣ ਵਰਗੀਆਂ ਸਨਅਤਾਂ ਵੀ ਅੱਗੇ ਵਧੀਆਂ। ਕਾਰਖ਼ਾਨੇ ਰੰਮ ਅਤੇ ਬੇੜੇ ਤਿਆਰ ਕਰਦੇ ਸਨ ਅਤੇ ਪਿਛੇਤਾ ਬਸਤੀਵਾਦੀ ਦੌਰ ਆਉਣ ਤੱਕ ਦੁਨੀਆ ਦੀ ਲੋਹੇ ਦੀ ਸਪਲਾਈ ਦਾ ਸੱਤਵਾਂ ਹਿੱਸਾ ਤਿਆਰ ਕਰਨ ਲੱਗ ਪਏ ਸਨ।[18] ਵਕਤ ਪੈਂਦੇ ਲੋਕਲ ਅਰਥਚਾਰਿਆਂ ਨੂੰ ਸਹਾਰਾ ਦੇਣ ਅਤੇ ਵਪਾਰਕ ਧੁਰੇ ਬਣਨ ਲਈ ਤੱਟ ਉੱਤੇ ਕਈ ਸ਼ਹਿਰ ਉੱਭਰ ਆਏ। ਅੰਗਰੇਜ਼ੀ ਬਸਤੀਵਾਦੀਆਂ ਦੇ ਨਾਲ਼-ਨਾਲ਼ ਸਕਾਟ-ਆਈਰਿਸ਼ ਅਤੇ ਹੋਰ ਢਾਣੀਆਂ ਦੇ ਲੋਕ ਵੀ ਆਉਂਦੇ ਗਏ। ਜਿਉਂ-ਜਿਉਂ ਤੱਟੀ ਜ਼ਮੀਨ ਮਹਿੰਗੀ ਹੁੰਦੀ ਗਈ ਤਿਉਂ-ਤਿਉਂ ਇਕਰਾਰਨਾਮੇ ਤੋਂ ਅਜ਼ਾਦ ਹੋਏ ਮਜ਼ਦੂਰ ਹੋਰ ਪੱਛਮ ਵੱਲ ਵਧਦੇ ਗਏ।[19] 1500 ਵਿੱਚ ਸਪੇਨੀਆਂ ਨੇ ਵਪਾਰਕ ਫ਼ਸਲਾਂ ਦੀ ਖੇਤੀ ਗ਼ੁਲਾਮਾਂ ਤੋਂ ਕਰਾਉਣੀ ਸ਼ੁਰੂ ਕਰ ਦਿੱਤੀ ਜਿਹਨੂੰ ਬਾਅਦ ਵਿੱਚ ਅੰਗਰੇਜ਼ਾਂ ਨੇ ਵੀ ਅਪਣਾ ਲਿਆ ਪਰ ਉੱਤਰੀ ਅਮਰੀਕਾ ਵਿੱਚ ਰੋਗ ਘੱਟ ਅਤੇ ਖ਼ੁਰਾਕ ਅਤੇ ਇਲਾਜ ਚੰਗੇਰਾ ਹੋਣ ਕਰ ਕੇ ਜ਼ਿੰਦਗੀ ਦੀ ਹੰਢਣਸਾਰਤਾ ਵਧੇਰੇ ਸੀ ਜਿਸ ਸਦਕਾ ਗ਼ੁਲਾਮਾਂ ਦੀ ਗਿਣਤੀ ਵਧਦੀ ਗਈ।[20][21][22] ਬਸਤੀਵਾਦੀ ਸਮਾਜ, ਗ਼ੁਲਾਮੀ ਦੀ ਰੀਤ ਤੋਂ ਉਪਜਦੇ ਦੀਨੀ ਅਤੇ ਸਦਾਚਰੀ ਸੰਕੇਤਾਂ ਨੂੰ ਲੈ ਕੇ, ਵੰਡਿਆ ਹੋਇਆ ਸੀ ਅਤੇ ਇਸ ਰੀਤ ਦੇ ਹੱਕ ਅਤੇ ਵਿਰੋਧ ਦੋਹਾਂ ਵਿੱਚ ਹੀ ਕਈ ਮਤੇ ਪਾਸ ਕੀਤੇ ਗਏ।[23][24] ਪਰ 18ਵੀਂ ਸਦੀ ਦੇ ਆਉਂਦਿਆਂ, ਖ਼ਾਸ ਕਰ ਕੇ ਦੱਖਣੀ ਇਲਾਕਿਆਂ ਵਿੱਚ, ਵਪਾਰਕ ਫ਼ਸਲਾਂ ਦੀ ਮਜ਼ਦੂਰੀ ਕਰਨ ਲਈ ਇਕਾਰਾਨਾਮਿਆਂ ਦੇ ਪਾਬੰਦ ਨੌਕਰਾਂ ਦੀ ਥਾਂ ਅਫ਼ਰੀਕੀ ਗੋਲੇ ਲੈਣ ਲੱਗੇ।[25]

1732 ਵਿੱਚ ਜਾਰਜੀਆ ਦਾ ਬਸਤੀਕਰਨ ਹੋਣ ਨਾਲ਼ 13 ਕਲੋਨੀਆਂ ਥਾਪੀਆਂ ਜਾ ਚੁੱਕਿਆਂ ਸਨ ਜਿਹਨਾਂ ਨੇ ਅੱਗੇ ਜਾ ਕੇ ਅਮਰੀਕਾ ਦੇ ਇੱਕਜੁਟ ਰਾਜ ਬਣਨਾ ਸੀ।[26] ਸਾਰੀਆਂ ਬਸਤੀਆਂ ਵਿੱਚ ਸਥਾਨੀ ਸਰਕਾਰਾਂ ਕਾਇਮ ਸਨ ਜੋ ਚੋਣਾਂ ਰਾਹੀਂ ਚੁਣੀਆਂ ਜਾਂਦੀਆਂ ਸਨ ਅਤੇ ਜਿਹਨਾਂ ਵਿੱਚ ਤਕਰੀਬਨ ਸਾਰੇ ਅਜ਼ਾਦ ਮਰਦਾਂ ਨੂੰ ਵੋਟ ਪਾਉਣ ਦਾ ਹੱਕ ਸੀ ਜਿਸ ਕਰ ਕੇ ਸਵੈ-ਸਰਕਾਰ ਅਤੇ ਗਣਰਾਜਵਾਦ ਨੂੰ ਹੁੰਗਾਰਾ ਮਿਲਿਆ।[27] ਤੇਜ਼ ਜਨਮ ਦਰਾਂ, ਹੌਲ਼ੀ ਮੌਤ ਦਰਾਂ ਅਤੇ ਸਥਾਈ ਵਸੋਂ ਦੇ ਸਦਕਾ ਬਸਤੀਆਂ ਦੀ ਅਬਾਦੀ ਬਹੁਤ ਛੇਤੀ ਵਧਣ ਲੱਗੀ। ਜੱਦੀ ਅਮਰੀਕੀਆਂ ਦੀ ਘੱਟ ਅਬਾਦੀ ਕਰ ਕੇ ਉਹਨਾਂ ਦੀ ਧਾਕ ਘਟਦੀ ਗਈ।[28] 1730 ਅਤੇ 1740 ਦੇ ਦਹਾਕਿਆਂ ਦੀਆਂ ਇਸਾਈ ਮੱਤ ਦੀ ਮੁੜ-ਸੁਰਜੀਤੀ ਦੀਆਂ ਲਹਿਰਾਂ, ਜਿਹਨਾਂ ਨੂੰ ਮਹਾਨ ਜਾਗ ਆਖਿਆ ਜਾਂਦਾ ਸੀ, ਨੇ ਧਰਮ ਅਤੇ ਧਾਰਮਿਕ ਖੁੱਲ੍ਹ ਵਿੱਚ ਦਿਲਚਸਪੀ ਪੈਦਾ ਕੀਤੀ।[29]

ਫ਼ਰਾਂਸੀਸੀ ਅਤੇ ਇੰਡਿਅਨ ਜੰਗ ਵਿੱਚ ਬਰਤਾਨਵੀ ਫ਼ੌਜਾਂ ਨੇ ਫ਼ਰਾਂਸੀਸੀਆਂ ਤੋਂ ਕੈਨੇਡਾ ਜ਼ਬਤ ਕਰ ਲਿਆ ਪਰ ਫ਼ਰਾਂਸੀਸੀ ਬੋਲਣ ਵਾਲ਼ੀ ਇਹ ਅਬਾਦੀ ਸਿਆਸੀ ਪੱਧਰ ਉੱਤੇ ਦੱਖਣੀ ਬਸਤੀਆਂ ਤੋਂ ਨਵੇਕਲੀ ਰਹੀ। ਸਰ ਕੀਤੇ ਅਤੇ ਧਕੱਲੇ ਜਾ ਰਹੇ ਜੱਦੀ ਅਮਰੀਕੀਆਂ ਤੋਂ ਛੁੱਟ 1770 ਵਿੱਚ ਇਹਨਾਂ 13 ਬਸਤੀਆਂ ਦੀ ਅਬਾਦੀ 21 ਲੱਖ ਤੋਂ ਵੱਧ ਸੀ ਮਤਲਬ ਬ੍ਰਿਟੇਨ ਦੀ ਅਬਾਦੀ ਦਾ ਤੀਜਾ ਹਿੱਸ। ਲਗਾਤਾਰ ਨਵੇਂ ਪਹੁੰਚ ਰਹੇ ਲੋਕਾਂ ਦੇ ਬਾਵਜੂਦ ਕੁਦਰਤੀ ਵਾਧਾ ਸਿਰਫ਼ ਇੰਨਾ ਕੁ ਸੀ ਕਿ 1770 ਦੇ ਦਹਾਕੇ ਤੱਕ ਬਹੁਤ ਘੱਟ ਗਿਣਤੀ ਦੇ ਲੋਕ ਹੀ ਸਮੁੰਦਰੋਂ ਪਾਰ ਪੈਦਾ ਹੋਏ ਸਨ।[30] ਭਾਵੇਂ ਇੰਗਲੈਂਡ ਤੋਂ ਦੂਰ ਹੋਣ ਕਰ ਕੇ ਬਸਤੀਆਂ ਵਿੱਚ ਸਵੈ-ਸਰਕਾਰ ਦਾ ਵਿਕਾਸ ਮੁਮਕਨ ਹੋ ਸਕਿਆ ਪਰ ਇਹਨਾਂ ਦੀ ਕਾਮਯਾਬੀ ਨੇ ਸਮੇਂ-ਸਮੇਂ ਉੱਤੇ ਬਾਦਸਾਹਾਂ ਨੂੰ ਆਪਣਾ ਸ਼ਾਹੀ ਇਖ਼ਤਿਆਰ ਜਤਾਉਣ ਲਈ ਉਕਸਾਇਆ।[31]

Remove ads

ਹਵਾਲੇ

ਅਗਾਂਹ ਪੜ੍ਹੋ

ਬਾਹਰਲੇ ਜੋੜ

Loading related searches...

Wikiwand - on

Seamless Wikipedia browsing. On steroids.

Remove ads