ਗੁਰੂ ਕੇ ਬਾਗ਼ ਦਾ ਮੋਰਚਾ

From Wikipedia, the free encyclopedia

Remove ads

ਗੁਰੂ ਕੇ ਬਾਗ਼ ਦਾ ਮੋਰਚਾ ਅਕਾਲੀ ਲਹਿਰ ਦਾ ਮਹੱਤਵਪੂਰਨ ਮੋਰਚਾ ਹੈ। ਅੰਮ੍ਰਿਤਸਰ ਤੋਂ 13 ਕੁ ਮੀਲ ਦੂਰ ਇਕ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਹੈ, ਜੋ ਪਿੰਡ ਘੁਕੇਵਾਲੀ ਵਿੱਚ ਸਥਿਤ ਹੈ। ਜਿਥੇ ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬ ਨੇ ਆਪਣੇ ਪਾਵਨ ਚਰਨ ਪਾਏ। ਇਥੋਂ ਦਾ ਮਹੰਤ ਸੁੰਦਰ ਦਾਸ ਬਹੁਤ ਹੀ ਘਟੀਆ ਆਚਰਣ ਦਾ ਮਾਲਕ ਸੀ, ਪਰ ਸਰਕਾਰ ਦੀ ਸ਼ਹਿ ਹੋਣ ਕਰਕੇ ਸਿੱਖ ਕੌਮ ਨੂੰ ਮਜਬੂਰਨ ਕੌੜਾ ਘੁੱਟ ਪੀਣਾ ਪੈ ਰਿਹਾ ਸੀ। ਸ੍ਰੀ ਨਨਕਾਣਾ ਸਾਹਿਬ ਦਾ ਮਹੰਤ ਲਛਮਣ ਦਾਸ ਇਸ ਮਹੰਤ ਸੁੰਦਰ ਦਾਸ ਦਾ ਲੰਗੋਟੀਆ ਯਾਰ ਸੀ। ਇਸੇ ਕਰਕੇ 20 ਫਰਵਰੀ 1921 ਈ: ਨੂੰ ਵਾਪਰੇ ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਬਾਅਦ ਇਕ ਸਾਕਾ ਹੋਰ ਵੀ ਸਿੰਘਾਂ ਦੇ ਸਾਹਮਣੇ ਆ ਗਿਆ।

ਵਿਸ਼ੇਸ਼ ਤੱਥ ਗੁਰੂ ਕੇ ਬਾਗ਼ ਦਾ ਮੋਰਚਾ, ਮਿਤੀ ...
Remove ads

ਪਿਛੋਕੜ

ਇਸ ਗੁਰਦੁਆਰੇ ਤੇ ਇੱਕ ਉਦਾਸੀ ਮਹੰਤ ਸੁੰਦਰ ਦਾਸ ਦਾ ਕਬਜ਼ਾ ਸੀ। ਇਸ ਵਿਭਚਾਰੀ ਮਹੰਤ ਨੇ ਬਿਨਾਂ ਸ਼ਾਦੀ ਕੀਤੇ ਦੋ ਜ਼ਨਾਨੀਆਂ, ਈਸਰੋ ਤੇ ਜਗਦੇਈ, ਰਖੀਆਂ ਹੋਈਆਂ ਸਨ ਅਤੇ ਇਸ ਦੀ ਕਰਤੂਤਾਂ ਆਚਰਣਹੀਣ ਸਨ। ਕਈ ਵੇਸਵਾਵਾਂ ਨਾਲ ਵੀ ਇਸ ਦੇ ਸਰੀਰਕ ਸਬੰਧ ਸਨ। ਜਦੋਂ ਹਰਿਮੰਦਰ ਸਾਹਿਬ ਤੇ ਕਈ ਹੋਰ ਗੁਰਦੁਆਰਿਆ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਆ ਗਿਆ ਤਾਂ ਸੁਧਾਰਵਾਦੀ ਅਕਾਲੀਆਂ ਨੇ ਆਪਣਾ ਧਿਆਨ ਗੁਰੂ ਕੇ ਬਾਗ਼ ਵੱਲ ਮੋੜਿਆ। 31 ਜਨਵਰੀ, 1921 ਨੂੰ ਸ. ਦਾਨ ਸਿੰਘ ਦੀ ਅਗਵਾਈ ਵਿੱਚ ਕੁੱਝ ਸਿਖਾਂ ਨੇ ਮਹੰਤ ਨੂੰ ਸਮਝਾਇਆ ਕਿ ਉਹ ਆਪਣੇ ਆਪ ਨੂੰ ਸੁਧਾਰ ਲਵੇ। ਸਿੱਟੇ ਵਜੋਂ ਮਹੰਤ ਸ਼੍ਰ. ਗ. ਪ੍ਰ. ਕ ਵਲੋਂ ਸਥਾਪਤ ਕੀਤੀ ਗਈ ਕਮੇਟੀ ਅਧੀਨ ਕੰਮ ਕਰਨ ਤੇ ਅੰਮ੍ਰਿਤ ਪਾਨ ਕਰਨ ਲਈ ਸਹਿਮਤ ਹੋ ਗਿਆ, ਪਰ ਪਿਛੋਂ ਮੁਕਰ ਗਿਆ ਅਤੇ ਉਸ ਨੇ ਪਹਿਲੇ ਵਾਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸ਼੍ਰੋਮਣੀ ਕਮੇਟੀ ਨੇ 23ਅਗਸਤ, 1921 ਨੂੰ ਗੁਰਦੁਆਰੇ ਦਾ ਪ੍ਰਬੰਧ ਆਪ ਸੰਭਾਲ ਲਿਆ।[1]

8 ਅਗਸਤ ਨੂੰ ਕੁੱਝ ਸਿੱਖ ਗੁਰਦੁਆਰੇ ਦੇ ਲੰਗਰ ਲਈ ਲਕੜਾਂ ਵਾਸਤੇ ਗੁਰਦੁਆਰੇ ਦੇ ਬਾਗ਼ ਵਿਚੋਂ ਇੱਕ ਸੁੱਕੇ ਕਿਕਰ ਨੂੰ ਕਟ ਰਹੇ ਸਨ ਤਾਂ ਮਹੰਤ ਨੇ ਪੁਲਿਸ ਪਾਸ ਸ਼ਿਕਾਇਤ ਕੀਤੀ। ਸਰਕਾਰ ਨੇ ਅਕਾਲੀਆਂ ਨੂੰ ਦਬਾਉਣ ਲਈ ਚੰਗਾ ਮੌਕਾ ਸਮਝਿਆ ਤੇ ਗੁਰਦੁਆਰੇ ਦੇ ੫ ਸੇਵਾਦਾਰਾਂ ਨੂੰ ਲਕੜਾਂ ਚੋਰੀ ਕਰਨ ਦੇ ਦੋਸ਼ ਵਿੱਚ ੯ ਅਗਸਤ ਨੂੰ ਫੜ ਲਿਆ। ਅਦਾਲਤ ਨੇ ਉਹਨਾਂ ਨੂੰ ਚੋਰੀ ਦੇ ਜੁਰਮ ਵਿੱਚ ਹਰ ਇੱਕ ਨੂੰ ੫੦ ਰੁਪਏ ਜੁਰਮਾਨਾ ਤੇ ਛੇ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ। ਸ਼੍ਰੋਮਣੀ ਕਮੇਟੀ ਨੇ ਇਸ ਨੂੰ ਸਿੱਖਾਂ ਦੇ ਅਧਿਕਾਰਾਂ ਤੇ ਨਾਜਾਇਜ਼ ਹਮਲਾ ਸਮਝਿਆ ਕਿੳਂਕਿ ਜ਼ਮੀਨ ਗੁਰਦੁਆਰੇ ਦੀ ਮਲਕੀਅਤ ਸੀ। ਸ਼੍ਰੋਮਣੀ ਕਮੇਟੀ ਨੇ ਲੰਗਰ ਲਈ ਲਕੜਾਂ ਕਟਣ ਦੇ ਹਕ ਦੀ ਰਾਖੀ ਤੇ ਸਰਕਾਰੀ ਧੱਕੇਬਾਜ਼ੀ ਦੇ ਵਿਰੁਧ ਸੰਘਰਸ਼ ਅਰੰਭ ਕਰ ਦਿੱਤਾ। ਹਰ ਰੋਜ਼ ੫ ਨਿਹੱਥੇ ਸਿੱਖਾਂ ਦਾ ਜੱਥਾ ਅਕਾਲ ਤਖਤ ਤੋਂ ਅਰਦਾਸ ਕਰ ਕੇ ਤੇ ਹਰ ਹਾਲਤ ਵਿੱਚ ਸ਼ਾਂਤਮਈ ਰਹਿਣ ਦੀ ਸੁਗੰਦ ਚੁਕ ਕੇ ਗੁਰੂ ਦੇ ਬਾਗ਼ ਲਈ ਚਲਦਾ ਤੇ ਸ਼ਾਂਤਮਈ ਰਹਿ ਕੇ ਪੁਲਿਸ ਦੀ ਮਾਰ ਝਲ ਕੇ ਗ੍ਰਿਫਤਾਰ ਹੋ ਜਾਂਦਾ। ਇਨਹਾਂ ਨੂੰ ਗੁਮਟਾਲੇ ਦੇ ਪੁਲ ਤੇ ਰੋਕ ਕੇ ਬੜਾ ਮਾਰਿਆ ਕੁਟਿਆ ਜਾਂਦਾ ਅਤੇ ਗੁਰੂ ਦੇ ਬਾਗ਼ ਪਹੁੰਚਣ ਨਾ ਦਿਤਾ ਜਾਂਦਾ। ਕਈਆਂ ਦੇ ਸਿਰ ਪਾਟ ਜਾਂਦੇ ਅਤੇ ਕਈ ਡਿਗਦੇ ਤੇ ਬੇਹੋਸ਼ ਹੋ ਜਾਂਦੇ।[2]

Remove ads

ਕਾਰਨ

ਜਿਸ ਜ਼ਮੀਨ ਵਿਚੋਂ ਲੰਗਰ ਦੇ ਬਾਲਣ ਲਈ ਲੱਕੜਾਂ ਕੱਟੀਆਂ ਗਈਆਂ ਸਨ, ਉਹ ਵੀ ਗੁਰਦੁਆਰੇ ਦੀ ਮਾਲਕੀਅਤ ਸੀ, ਸੋ ਸਜ਼ਾ ਕਿਸ ਗੱਲ ਦੀ? ਇਸ ਮਸਲੇ 'ਤੇ ਮੋਰਚਾ ਲੱਗ ਗਿਆ।

ਜਥੇ ਭੇਜਣਾ

ਸ਼੍ਰੋਮਣੀ ਕਮੇਟੀ[3] ਵੱਲੋਂ ਰੋਜ਼ਾਨਾ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗਾ, ਜਿਸ ਨੂੰ ਪੁਲਿਸ ਫੜਦੀ ਅਤੇ ਦੂਰ-ਦੂਰਾਡੇ ਲਿਜਾ ਕੇ ਛੱਡ ਦਿੰਦੀ। ਇਧਰ ਜਥੇ ਦੇ ਸਿੰਘਾਂ ਦੀ ਗਿਣਤੀ ਵਧੀ ਤਾਂ ਉਧਰ ਪੁਲਿਸ ਮੁਖੀ ਬੀ. ਟੀ. ਨੇ ਉੱਚ ਅਫ਼ਸਰਾਂ ਨਾਲ ਰਾਇ ਕਰਕੇ ਸਿੰਘਾਂ ਉੱਤੇ ਸਖ਼ਤੀ ਦਾ ਦੌਰ ਤੇਜ਼ ਕਰ ਦਿੱਤਾ। 26 ਅਗਸਤ ਨੂੰ ਲੱਕੜਾਂ ਲੈਣ ਲਈ ਗਏ 36 ਸਿੰਘਾਂ ਦੇ ਜਥੇ ਦੀ ਸਖ਼ਤ ਮਾਰਕੁਟਾਈ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਸਿੰਘਾਂ ਨੂੰ ਕੇਸਾਂ ਤੋਂ ਫੜ ਕੇ ਧੂਹਿਆ ਗਿਆ ਅਤੇ ਬੰਦੂਕਾਂ ਦੇ ਬੱਟਾਂ ਤੇ ਡਾਂਗਾਂ ਨਾਲ ਭਾਰੀ ਕੁੱਟਮਾਰ ਕੀਤੀ ਗਈ।[4]

ਭਾਰੀ ਸੰਖਿਆ ਵਿੱਚ ਲੋਕ ਗੁਰੂ ਕੇ ਬਾਗ ਪੁੱਜਣ ਲੱਗੇ

Thumb
ਚੱਲਣ ਤੋਂ ਪਹਿਲਾਂ 100 ਸਿੰਘਾਂ ਦਾ ਜੱਥਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪ੍ਰਤਿੱਗਿਆ ਤੇ ਅਰਦਾਸ ਕਰਦੇ ਹੋਏ

ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਭਾਰੀ ਸੰਖਿਆ ਵਿੱਚ ਗੁਰੂ ਕੇ ਬਾਗ ਪੁੱਜਣ ਲੱਗੇ। ਇਨ੍ਹਾਂ ਵਿੱਚ ਅੰਗਰੇਜ਼ ਪਾਦਰੀ ਸੀ. ਐਫ. ਐਂਡਰੀਊਜ਼, ਪੰਡਤ ਮਦਨ ਮੋਹਨ ਮਾਲਵੀਆ, ਪ੍ਰੋ: ਰੁਚੀ ਰਾਮ ਸਹਾਨੀ, ਹਕੀਮ ਅਜਮਲ ਖਾਂ, ਸ੍ਰੀਮਤੀ ਸਰੋਜਨੀ ਨਾਇਡੂ ਖਾਸ ਵਰਣਨਯੋਗ ਹਨ। ਇੱਕ ਵਿਦੇਸ਼ੀ A.L. Verges ਨੇ ਇਸ ਸਾਕੇ ਦੀ ਇੱਕ ਫਿਲਮ ਬਣਾਈ [5] [6]ਅਤੇ ਸਰਕਾਰ ਦੀ ਇਸ ਨਾਜਾਇਜ਼ ਸਖਤੀ ਨੂੰ ਘਿਰਣਾਯੋਗ ਦਰਸਾਇਆ, ਅਕਾਲੀਆਂ ਦੇ ਸਬਰ ਤੇ ਸ਼ਾਂਤਮਈ ਰਹਿਣ ਦੀ ਬਹੁਤ ਸ਼ਲਾਘਾ ਕੀਤੀ ਅਤੇ ਇਸ ਅਹਿੰਸਕ ਮੋਰਚੇ ਨੂੰ ਸੰਸਾਰ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਦਰਸਾਇਆ। ਪਾਦਰੀ ਸੀ ਐਫਐਂਡਰੀਊਜ਼ ( ਜੋ ਮਹਾਤਮਾ ਗਾਂਧੀ ਦਾ ਵੀ ਪ੍ਰਸ਼ੰਸਕ ਸੀ) , ਜਿਸ ਨੇ ਤਵਾਰੀਖ ਵਿੱਚ ਇੱਕ ਹੀ ਮਸੀਹਾ ਸੂਲੀ ਚੜ੍ਹਦਾ ਸੁਣਿਆ, ਅੱਖਾਂ ਸਾਹਮਣੇ ਸੈਂਕੜੇ ਮਸੀਹੇ ਤਸੀਹੇ ਝੱਲਦੇ ਵੇਖ ਕੇ [7]ਰੋ ਉੱਠਿਆ ਸੀ। [8]ਉਸ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ, ਜਿਸ 'ਤੇ 13 ਸਤੰਬਰ ਨੂੰ ਮੈਕਲੈਗਨ ਖੁਦ ਗੁਰੂ ਕੇ ਬਾਗ ਪੁੱਜਾ, ਜਿਸ ਦੇ ਫਲਸਰੂਪ ਸਿੰਘਾਂ 'ਤੇ ਡਾਂਗਾਂ ਵਰ੍ਹਨੀਆਂ ਬੰਦ ਹੋ ਗਈਆਂ, ਪਰ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ, ਜੋ 17 ਨਵੰਬਰ 1922 ਤੱਕ ਚੱਲਿਆ।[9]

Thumb
ਅਕਾਲੀ ਮੋਰਚਾ ਜਥੇਦਾਰ ਪ੍ਰਿਥੀਪਾਲ ਸਿੰਘ 5 ਸਤੰਬਰ 1992 ਨੂੰ 19 ਵੱਡੇ ਤੇ ਲਗਭਗ 100 ਛੋਟੇ ਜ਼ਖ਼ਮਾਂ ਨਾਲ ਪੀੜਿਤ ।

ਅਕਾਲੀ ਜੱਥਿਆਂ ਵਿੱਚ ਭਾਰੀ ਗਿਣਤੀ ਵਿੱਚ ਸੇਵਾ ਮੁਕਤ ਫੌਜੀ ਗ੍ਰਿਫਤਾਰੀ ਦੇਣ ਲਈ ਸ਼ਾਮਲ ਹੋ ਗਏ। ਨਵੰਬਰ ੧੯੨੨ ਦੇ ਅਰੰਭ ਵਿੱਚ ਫੌਜੀ ਪੈਨਸ਼ਨਰਾਂ ਦੇ ਇੱਕ ਜੱਥੇ ਨੇ ਗ੍ਰਿਫਤਾਰੀ ਦਿੱਤੀ। [10]ਸਰਕਾਰ ਨੂੰ ਭਾਰਤੀ ਸਿੱਖ ਫੌਜੀ ਦਸਤਿਆਂ ਵਿੱਚ ਅਸ਼ਾਂਤੀ ਫੈਲਣ ਦਾ ਖਤਰਾ ਪੈਦਾ ਹੋ ਗਿਆ। ਅਖਬਾਰਾਂ ਵਿੱਚ ਸਰਕਾਰ ਵਿਰੋਧੀ ਛਪੇ ਲੇਖ, ਕੌਮੀ ਪਧਰ ਦੇ ਲੀਡਰਾਂ ਦੇ ਬਿਆਨਾਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰ ਨੇ ਸਰਕਾਰ ਨੂੰ ਪਰੇਸ਼ਾਨ ਕਰ ਦਿੱਤਾ।

ਇਸ ਕੁੜਿੱਕੀ ਵਿੱਚੋਂ ਨਿਕਲਣ ਲਈ ਸਰਕਾਰ ਨੇ ਇੱਕ ਸੇਵਾ ਮੁਕਤ ਇੰਜੀਨੀਅਰ ਸਰ ਗੰਗਾ ਰਾਮ ਨੂੰ ਇਸ ਗੱਲ ਲਈ ਮੰਨਾ ਲਿਆ ਕਿ ਉਹ ਬਾਗ਼ ਦੀ ਜ਼ਮੀਨ ਮਹੰਤ ਤੋਂ ਪਟੇ ਤੇ ਲੈ ਲਵੇ। ਨਵੰਬਰ ੧੯੨੨ ਵਿੱਚ ਉਸ ਨੇ ਜ਼ਮੀਨ ਪਟੇ ਤੇ ਲਈ ਅਤੇ ਅਕਾਲੀਆਂ ਨੂੰ ਬਾਗ਼ ਵਿਚੋਂ ਲਕੜਾਂ ਕਟਣ ਦੀ ਮਨਜ਼ੂਰੀ ਦੇ ਦਿੱਤੀ। ਸਰਕਾਰ ਨੇ ਗੁਰੂ ਕੇ ਬਾਗ਼ ਤੋਂ ਪੁਲਿਸ ਵਾਪਸ ਬੁਲਾ ਲਈ ਤੇ ਬਾਗ਼ ਦੁਆਲੇ ਲਗਾਈ ਕੰਡਿਆਲੀ ਤਾਰ ਵੀ ਹਟਾ ਦਿੱਤੀ। ਅਕਾਲੀਆਂ ਨੇ ਬਾਗ਼ ਵਾਲੀ ਜ਼ਮੀਨ ਤੇ ਕਬਜ਼ਾ ਕਰ ਲਿਆ ਅਤੇ ਸਰਕਾਰ ਨੇ ਕੈਦ ਕੀਤੇ ਅਕਾਲੀ ਰਿਹਾ ਕਰ ਦਿੱਤੇ। 7 ਨਵੰਬਰ, 1922 ਵਾਲੇ ਦਿਨ ਇਹ ਸ਼ੰਘਰਸ਼ ਜਿਸ ਵਿੱਚ 1500 ਅਕਾਲੀ ਫਟੜ ਹੋਏ ਤੇ 5605 ਅਕਾਲੀਆਂ ਨੇ ਗ੍ਰਿਫਤਾਰੀ ਦਿੱਤੀ ਸਮਾਪਤ ਹੋ ਗਿਆ। ਅਕਾਲੀਆਂ ਨੇ ਗੁਰੂ ਕੇ ਬਾਗ਼ ਦੀ ਜ਼ਮੀਨ ਤੇ ਗੁਰਦੁਆਰੇ ਤੇ ਕਬਜ਼ਾ ਕਰ ਲਿਆ।[9]

ਗੁਰੂ ਕਾ ਬਾਗ਼ 'ਚ ਪੰਥ ਦੀ ਕਾਮਯਾਬੀ ਮਗਰੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕਈ ਹੋਰ ਗੁਰਦਵਾਰਿਆਂ 'ਤੇ ਵੀ ਕਬਜ਼ਾ ਕਰ ਲਿਆ। ਇਨ੍ਹਾਂ ਵਿਚੋਂ ਸਭ ਤੋਂ ਅਹਿਮ ਸਨ ਮੁਕਤਸਰ ਅਤੇ ਅਨੰਦਪੁਰ ਸਾਹਿਬ ਦੇ ਗੁਰਦਵਾਰੇ। 17 ਫ਼ਰਵਰੀ, 1923 ਦੇ ਦਿਨ ਤੇਜਾ ਸਿੰਘ ਸਮੁੰਦਰੀ ਅਤੇ ਕੈਪਟਨ ਰਾਮ ਸਿੰਘ ਦੀ ਅਗਵਾਈ ਵਿੱਚ 100 ਸਿੱਖਾਂ ਦੇ ਇੱਕ ਜਥੇ ਨੇ ਮੁਕਤਸਰ ਪਹੁੰਚ ਕੇ ਇਥੋਂ ਦੇ ਗੁਰਦਵਾਰਿਆਂ ਦੀ ਸੇਵਾ ਸੰਭਾਲ ਲਈ। ਇਸ ਮੌਕੇ ਮਹੰਤਾਂ ਨੇ ਟੱਕਰ ਲੈਣ ਤੋਂ ਗੁਰੇਜ਼ ਕੀਤਾ। 19 ਫ਼ਰਵਰੀ ਦੇ ਦਿਨ ਸਿੱਖਾਂ ਨੇ ਲੰਗਰ ਦੀ ਇਮਾਰਤ ਅਤੇ ਬੁੰਗਿਆਂ 'ਤੇ ਵੀ ਕਬਜ਼ਾ ਕਰ ਲਿਆ। ਮੁਕਤਸਰ ਦੇ ਇਸ ਮੁੱਖ ਗੁਰਦਵਾਰੇ ਤੋਂ ਇਲਾਵਾ ਗੁਰਦਵਾਰਾ ਤੰਬੂ ਸਾਹਿਬ ਦੇ ਪੁਜਾਰੀਆਂ ਸਰਮੁਖ ਸਿੰਘ ਤੇ ਅਨੋਖ ਸਿੰਘ ਨੇ ਆਪਣੇ ਆਪ ਹੀ ਗੁਰਦਵਾਰੇ ਦਾ ਇੰਤਜ਼ਾਮ ਸ਼੍ਰੋਮਣੀ ਕਮੇਟੀ ਨੂੰ ਸੌਪ ਦਿਤਾ। ਸ਼੍ਰੋਮਣੀ ਕਮੇਟੀ ਨੇ ਦਲਜੀਤ ਸਿੰਘ (ਉਰਫ਼ ਰਾਏ ਸਿੰਘ ਕਾਉਣੀ) ਨੂੰ ਇਥੋਂ ਦਾ ਮੈਨੇਜਰ ਬਣਾ ਦਿਤਾ। ਇਥੇ ਵੀ ਸਰਕਾਰ ਨੇ ਮਹੰਤਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਮਹੰਤਾਂ ਨੇ ਬਾਕੀ ਗੁਰਦਵਾਰਿਆਂ ਦੇ ਮੋਰਚਿਆਂ ਵਿੱਚ ਹੋਰਨਾਂ ਮਹੰਤਾਂ ਦਾ ਹਸ਼ਰ ਅੱਖੀਂ ਵੇਖ ਲਿਆ ਸੀ, ਇਸ ਕਰ ਕੇ ਉਹਨਾਂ ਨੇ ਸ਼ਿਕਾਇਤ ਲਿਖ ਕੇ ਦੇਣ ਤੋਂ ਨਾਂਹ ਕਰ ਦਿਤੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads