ਛੋਟਾ ਘੱਲੂਘਾਰਾ

From Wikipedia, the free encyclopedia

Remove ads

Coord:31.964444, 75.469722[permanent dead link]

ਛੋਟਾ ਘੱਲੂਘਾਰਾ ([tʃʰoʈɑ kə̀lːuɡɑ̀ɾɑ]) ਸਿੱਖਾਂ ਅਤੇ ਮੁਗਲਾਂ ਦਰਮਿਆਨ 17 ਮਈ 1746 ਈ: ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ 'ਚ ਵਾਪਰਿਆ ਖੂਨੀ ਦੁਖਾਂਤ, ਜੋ ਇਤਿਹਾਸ ਵਿੱਚ ਛੋਟੇ ਘੱਲੂਘਾਰੇ[1] ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਦੂਜੇ ਘਲੂਘਾਰੇ ਸਮੇਂ ਕੀਤੇ ਵੱਡਾ ਕਤਲਾਮ ਹੋਇਆ ਸੀ ਇਸ ਲਈ ਇਸਨੂੰ ਵਖਰਾਉਣ ਦੇ ਮੰਤਵ ਨਾਲ ਇਸਨੂੰ ਛੋਟਾ ਘਲੂਘਾਰਾ ਕਿਹਾ ਜਾਣ ਲੱਗਿਆ।[2] ਕਾਹਨੂੰਵਾਨ ਦਾ ਛੰਭ ਜੋ ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਜਾਂਦੀ ਸੜਕ ਉੱਤੇ 8 ਕਿਲੋਮੀਟਰ ਦੂਰ ਫੌਜੀ ਛਾਉਣੀ ਤਿੱਬੜ ਤੋਂ ਸੱਜੇ ਪਾਸੇ ਨੂੰ 4 ਕਿਲੋਮੀਟਰ ਦੂਰ ਅਤੇ ਪਿੰਡ ਗੁੰਨੋਪੁਰ ਤੋਂ ੦੩ ਕਿਲੋਮੀਟਰ ਦੂਰੀ ਤੇ ਸਥਿਤ ਹੈ।

Remove ads

ਇਤਿਹਾਸ

ਇਸ ਵਿੱਚ ਲੱਗਭਗ 10-12ਹਜ਼ਾਰ ਸਿੰਘਾਂ ਦੀ ਸ਼ਹੀਦੀ ਹੋਈ। ਜਦੋਂ 18ਵੀਂ ਸਦੀ ਦੇ ਅੱਧ ਵਿੱਚ ਦੀਵਾਨ ਲਖਪਤ ਰਾਏ ਦੇ ਭਰਾ ਤੇ ਐਮਨਾਬਾਦ ਦੇ ਫੌਜਦਾਰ ਜਸਪਤ ਰਾਏ ਦੀ ਪਿੰਡ ਖੋਖਰਾਂ ਵਿਖੇ ਸਿੰਘਾਂ ਨਾਲ ਲੜਾਈ ਦੌਰਾਨ ਮੌਤ ਹੋ ਗਈ ਤਾਂ ਦੀਵਾਨ ਲਖਪਤ ਰਾਏ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ। ਉਸ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਕਸਮ ਖਾਧੀ ਤੇ ਲਾਹੌਰ ਦੇ ਸ਼ਾਹੀ ਗਵਰਨਰ ਯਾਹੀਆ ਖਾਂ ਤੋਂ ਵੱਡੀ ਸ਼ਾਹੀ ਫੌਜ ਇਕੱਤਰ ਕੀਤੀ। ਅਗਲੇ ਹੀ ਦਿਨ ਲਾਹੌਰ ਵਿੱਚ ਮੱਸਿਆ ਦੇ ਦਿਨ ਉਸ ਨੇ ਬਾਜ਼ਾਰ ਵਿੱਚ ਜਾਂਦੇ ਹਰ ਸਿੱਖ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ।

Remove ads

ਲੜਾਈ ਦਾ ਅਰੰਭ

ਜਦੋਂ ਇਸ ਦਰਦਨਾਕ ਘਟਨਾ ਦੀ ਦੁਖਦਾਈ ਖ਼ਬਰ ਸਿੱਖ ਜਰਨੈਲ ਨਵਾਬ ਕਪੂਰ ਸਿੰਘ ਨੂੰ ਮਿਲੀ ਤਾਂ ਉਨ੍ਹਾਂ ਉਸ ਸਮੇਂ ਦੇ ਸਾਰੇ ਸਿੱਖ ਜਰਨੈਲਾਂ ਨੂੰ ਸੁਨੇਹੇ ਭੇਜ ਕੇ ਫੌਜਾਂ ਸਮੇਤ ਕਾਹਨੂੰਵਾਨ ਦੇ ਛੰਭ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਅਪੀਲ ਨਾਲ ਵੱਖ-ਵੱਖ ਜਰਨੈਲ ਆਪਣੇ ਜਥਿਆਂ ਸਮੇਤ ਕਾਹਨੂੰਵਾਨ ਦੇ ਛੰਭ ਵਿੱਚ ਪੁੱਜ ਗਏ, ਜਿਥੇ ਸਿੱਖ ਫੌਜਾਂ ਦੀ ਗਿਣਤੀ 25 ਹਜ਼ਾਰ ਦੇ ਲਗਭਗ ਹੋ ਗਈ। ਦੂਜੇ ਪਾਸੇ ਦੀਵਾਨ ਲਖਪਤ ਰਾਏ ਨੇ ਲੱਖਾਂ ਦੀ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕਰਦਿਆਂ ਇਸ ਅਸਥਾਨ ਉੱਤੇ ਪਹੁੰਚ ਕੇ ਘੇਰਾ ਪਾ ਲਿਆ। ਕਾਹਨੂੰਵਾਨ, ਸ੍ਰੀ ਹਰਗੋਬਿੰਦਪੁਰ, ਗੁਰਦਾਸਪੁਰ ਤੇ ਬਿਆਸ ਦਰਿਆ ਨਾਲ ਜੁੜੇ ਇਸ ਵਿਸ਼ਾਲ ਛੰਭ 'ਚ ਪੁੱਜੀ ਸ਼ਾਹੀ ਫੌਜ ਨੇ ਪੁਲਿਸ ਚੌਕੀਆਂ ਕਾਇਮ ਕੀਤੀਆਂ ਤੇ ਖਾਸ-ਖਾਸ ਟਿਕਾਣਿਆਂ ਉੱਤੇ ਤੋਪਾਂ ਵੀ ਬੀੜ ਦਿੱਤੀਆਂ। ਛੰਭ ਨੇੜਲੇ ਵਸਨੀਕ ਲੋਕਾਂ ਨੂੰ ਸਿੱਖਾਂ ਦੀ ਹਰ ਸਰਗਰਮੀ ਸੰਬੰਧੀ ਜਾਣਕਾਰੀ ਦੇਣ ਲਈ ਹਦਾਇਤਾਂ ਜਾਰੀ ਕਰ ਕੇ, ਪਹਾੜੀ ਰਾਜਿਆਂ ਨਾਲ ਸੰਪਰਕ ਬਣਾ ਕੇ ਸ਼ਾਹੀ ਫੌਜਾਂ ਨੇ ਸਿੱਖਾਂ ਨੂੰ ਮੁਕਾਉਣਾ ਸ਼ੁਰੂ ਕਰ ਦਿੱਤਾ। ਇਧਰ ਸਿੰਘ ਵੀ ਰਾਤ ਵੇਲੇ ਜੰਗਲ ਤੋਂ ਬਾਹਰ ਨਿਕਲਦੇ ਤੇ ਲਖਪਤ ਰਾਏ ਦੀਆਂ ਫੌਜਾਂ ਦਾ ਕਤਲੇਆਮ ਕਰ ਕੇ ਰਾਸ਼ਨ ਤੇ ਹਥਿਆਰ ਲੁੱਟ ਕੇ ਆਪਣੇ ਟਿਕਾਣਿਆਂ ਉੱਤੇ ਜਾ ਬਹਿੰਦੇ। ਇਸ ਛੰਭ ਦਾ ਘੇਰਾ ਲਗਭਗ 3 ਮਹੀਨੇ ਚੱਲਿਆ ਤੇ ਇਸ ਲੰਬੀ ਚਲਦੀ ਗੁਰੀਲਾ ਲੜਾਈ 'ਚ ਸਿੰਘਾਂ ਦਾ ਰਾਸ਼ਨ ਪਾਣੀ ਖ਼ਤਮ ਹੋ ਗਿਆ ਤੇ ਇਸ ਨਾਲ ਸਿੰਘਾਂ ਦਾ ਜਾਨੀ ਨੁਕਸਾਨ ਵੀ ਹੋਣਾ ਅਰੰਭ ਹੋ ਗਿਆ ਪਰ ਸਿੰਘਾਂ ਨੇ ਫਿਰ ਵੀ ਹਠ ਨਹੀਂ ਛੱਡਿਆ। ਸਿੰਘਾਂ ਦੇ ਰਾਸ਼ਨ ਦੇ ਚਾਲੇ ਪੈਣ ਦੀ ਖ਼ਬਰ ਜਦੋਂ ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਲੱਗੀ ਤਾਂ ਉਸ ਨੇ ਹਜ਼ਾਰਾਂ ਖੱਚਰਾਂ, ਘੋੜਿਆਂ ਉੱਤੇ ਰਾਸ਼ਨ ਲੱਦ ਕੇ ਜੰਮੂ ਨੂੰ ਭੇਜਣ ਲਈ ਇੱਕ ਵਪਾਰੀ ਨੂੰ ਤੋਰ ਦਿੱਤਾ ਤੇ ਦੂਸਰੇ ਪਾਸੇ ਖੁਫ਼ੀਆ ਤੌਰ ਉੱਤੇ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਵਾਲੇ ਘੋੜੇ, ਖੱਚਰਾਂ ਤੁਹਾਡੇ ਨੇੜਿਉਂ ਗੁਜ਼ਰਨ ਤਾਂ ਲੁੱਟ ਲਏ ਜਾਣ। ਇਹ ਸਿੰਘਾਂ ਲਈ ਇੱਕ ਖੁਸ਼ੀ ਵਾਲੀ ਖ਼ਬਰ ਸੀ ਤੇ ਉਨ੍ਹਾਂ ਨੇ ਇੰਜ ਹੀ ਕੀਤਾ। ਜਦੋਂ ਵਪਾਰੀ ਕਾਹਨੂੰਵਾਨ ਦੇ ਛੰਭ ਨੇੜਿਓਂ ਗੁਜ਼ਰ ਰਿਹਾ ਸੀ ਤਾਂ ਸਿੰਘਾਂ ਨੇ ਇਹ ਸਾਰਾ ਰਾਸ਼ਨ ਆਪਣੇ ਹੱਥਾਂ 'ਚ ਕਰ ਲਿਆ, ਜਿਸ ਨਾਲ ਸਿੱਖ ਜਰਨੈਲਾਂ ਨੂੰ ਭਾਰੀ ਰਾਹਤ ਮਿਲੀ ਤੇ ਸਿੰਘਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ। ਕੌੜਾ ਮੱਲ ਦੀ ਇਸੇ ਨੇਕੀ ਕਰ ਕੇ ਉਸ ਨੂੰ ਸਿੱਖ ਇਤਿਹਾਸ 'ਚ ਮਿੱਠਾ ਮੱਲ ਵੀ ਕਿਹਾ ਜਾਂਦਾ ਹੈ। ਉਧਰ ਲਖਪਤ ਰਾਏ ਦੇ ਮਾਮਾ ਤੇ ਪੁੱਤਰ ਸਿੰਘਾਂ ਹੱਥੋਂ ਮਾਰੇ ਗਏ ਅਤੇ ਉਹ ਆਪਣੀ ਹਾਰ ਨੂੰ ਵੇਖ ਕੇ ਘਟੀਆ ਤੌਰ-ਤਰੀਕਿਆਂ ਉੱਤੇ ਉਤਰ ਆਇਆ। ਉਸ ਨੇ ਸੋਚਿਆ ਕਿ ਉਹ ਦਿੱਲੀ ਦਰਬਾਰ ਜਾ ਕੇ ਕੀ ਮੂੰਹ ਵਿਖਾਏਗਾ? ਉਸ ਨੇ ਨੇੜਲੇ ਪਿੰਡਾਂ ਦੇ ਲੁਹਾਰ, ਤਰਖਾਣ ਇਕੱਠੇ ਕਰ ਕੇ ਇਸ ਛੰਭਨੁਮਾ ਜੰਗਲ ਦੇ ਰੁੱਖਾਂ ਨੂੰ ਕਟਵਾ ਕੇ ਚੁਫੇਰਿਉਂ ਅੱਗ ਲਗਵਾ ਦਿੱਤੀ, ਜਿਸ ਨਾਲ ਸਿੰਘਾਂ ਨੂੰ ਚਾਰ-ਚੁਫੇਰਿਉਂ ਮੁਸੀਬਤਾਂ ਪੈ ਗਈਆਂ।

Remove ads

ਲੜਾਈ ਸ਼ੁਰੂ

ਇਕ ਜੇਠ-ਹਾੜ੍ਹ ਦੀ ਅੱਤ ਦੀ ਗਰਮੀ, ਦੂਜਾ ਜੰਗਲ ਦੀ ਅੱਗ, ਤੀਜਾ ਉੱਚੇ ਪਹਾੜ ਤੇ ਵਿਰੋਧੀ ਪਹਾੜੀ ਰਾਜੇ ਤੇ ਚੌਥਾ ਚੜ੍ਹਦੇ ਪਾਸੇ ਸ਼ੂਕਦਾ ਬਿਆਸ ਦਰਿਆ। ਸਿੱਖ ਜਰਨੈਲਾਂ ਨੇ ਸਿੱਖੀ ਦੀ ਸ਼ਾਨ ਬਚਾਉਣ ਲਈ ਮਤਾ ਪਾਸ ਕਰ ਕੇ ਮੈਦਾਨੇ-ਜੰਗ 'ਚ ਦੁਸ਼ਮਣ ਨਾਲ ਜੂਝ ਕੇ ਲੜਨ ਤੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਅਟੱਲ ਫ਼ੈਸਲਾ ਕੀਤਾ ਤੇ ਸਿੰਘ ਚੜ੍ਹਦੀ ਕਲਾ ਦੇ ਜੈਕਾਰੇ ਲਗਾਉਂਦਿਆਂ ਦੁਸ਼ਮਣ ਖਿਲਾਫ਼ ਜੂਝ ਪਏ। ਇਸ ਗਹਿਗੱਚ ਲੜਾਈ ਦੌਰਾਨ 11,000 ਤੋਂ ਵੱਧ ਸਿੰਘ-ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ 2000 ਦੇ ਕਰੀਬ ਸਿੰਘ ਜੰਗਲ ਵਿੱਚ ਲੱਗੀ ਅੱਗ ਤੇ ਬਿਆਸ ਦਰਿਆ ਨੂੰ ਪਾਰ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ। ਸੈਂਕੜੇ ਸਿੰਘਾਂ ਨੂੰ ਲਖਪਤ ਰਾਏ ਬੰਦੀ ਬਣਾ ਕੇ ਲਾਹੌਰ ਲੈ ਗਿਆ, ਜਿਥੇ ਉਨ੍ਹਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਸਿੱਖ ਇਤਿਹਾਸ ਵਿੱਚ ਛੋਟੇ ਘੱਲੂਘਾਰੇ ਦੇ ਨਾਂਅ ਨਾਲ ਜਾਣੇ ਜਾਂਦੇ ਇਸ ਅਸਥਾਨ ਉੱਤੇ ਏਕੜ ਰਕਬੇ ਵਿੱਚ ਸਿੱਖ ਹੈਰੀਟੇਜ ਕੰਪਲੈਕਸ ਵੀ ਬਣਾਇਆ ਗਿਆ ਹੈ, ਜੋ ਵਿਲੱਖਣ ਤੇ ਸ਼ਾਨਦਾਰ ਹੈ, ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਕੌਮ ਦੇ ਸ਼ਾਨਾਮੱਤੀ ਇਤਿਹਾਸ ਤੋਂ ਜਾਣੂ ਹੋਣਗੀਆਂ।

ਹੋਰ ਦੇਖੋ

  1. ਵੱਡਾ ਘੱਲੂਘਾਰਾ
  2. ਤੀਜਾ ਘੱਲੂਘਾਰਾ 1984
  3. ਨਵਾਬ ਕਪੂਰ ਸਿੰਘ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads