ਜਗਤਾਰ
ਪੰਜਾਬੀ ਕਵੀ From Wikipedia, the free encyclopedia
Remove ads
ਡਾ. ਜਗਤਾਰ (23 ਮਾਰਚ 1935 - 30 ਮਾਰਚ 2010)[1][2] ਪੰਜਾਬੀ ਦੇ ਉਘੇ ਕਵੀ ਹੋਏ ਹਨ। ਇਸਨੂੰ 1996 ਵਿੱਚ ਆਪਣੀ ਕਿਤਾਬ "ਜੁਗਨੂੰ ਦੀਵਾ ਤੇ ਦਰਿਆ" ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਮਸ਼ਹੂਰ ਲੇਖਕ ਅਤੇ ਗਾਇਕ ਦੇਬੀ ਮਖਸੂਸਪੁਰੀ ਡਾ.ਜਗਤਾਰ ਦੇ ਬਹੁਤ ਪਿਆਰੇ ਵਿਦਿਆਰਥੀ ਰਹੇ ਹਨ।
Remove ads
ਜੀਵਨ
ਜਗਤਾਰ ਦਾ ਜਨਮ 23 ਮਾਰਚ 1935 ਨੂੰ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਰਾਜਗੋਮਾਲ ਵਿੱਚ ਮੱਧ-ਸ਼੍ਰੇਣੀ ਦੇ ਗ਼ਰੀਬ ਕਿਸਾਨੀ ਘਰਾਣੇ ਵਿੱਚ ਹੋਇਆ। ਮੁਲਕ ਦੀ ਵੰਡ ਵੇਲੇ ਜਗਤਾਰ ਆਪਣੀ ਭੈਣ ਕੋਲ ਰਹਿ ਕੇ ਸ਼ੇਖ਼ੂਪੁਰ (ਹੁਣ ਪਾਕਿਸਤਾਨ) ਵਿਖੇ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਵੰਡ ਤੋਂ ਬਾਅਦ ਉਹ ਭਾਰਤ ਵਿੱਚ ਆ ਗਏ। ਜਗਤਾਰ ਫ਼ਾਰਸੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦਾ ਐੱਮਏ ਸੀ। ਉਸ ਨੇ ‘ਹੀਰ ਦਮੋਦਰ’ ਤੇ ਖੋਜ ਦਾ ਕੰਮ ਕੀਤਾ ਅਤੇ ਇਹ ਕਿਤਾਬ ਹੁਣ ਪੰਜਾਬ ਯੂਨੀਵਰਸਿਟੀ ਵਿੱਚ ਟੈਕਸਟ-ਬੁੱਕ ਦੇ ਤੌਰ ‘ਤੇ ਲੱਗੀ ਹੋਈ ਹੈ। ਜਗਤਾਰ ਨੇ ਪਾਕਿਸਤਾਨੀ ਲੇਖਕ ਅਬਦੁੱਲਾ ਹਸਨ ਦੀ ਉਰਦੂ ਕਿਤਾਬ ‘ਰਾਤ’ ਅਤੇ ਫ਼ੈਜ਼ ਅਹਿਮਦ ਫ਼ੈਜ਼ ਦੀ ‘ਰਾਤ ਕਾ ਰਾਜ਼’, ‘ਹਿਸਟਰੀ ਆਫ਼ ਪੇਂਟਿੰਗ ਇਨ ਇੰਡੀਆ’ ਅਤੇ ਕਰਤੁਲ ਹੈਦਰ ਦੀ ਕਿਤਾਬ ‘ਏ ਰੈੱਡ ਕਾਈਟ' ਅਤੇ ‘ਸਨੇਕਸ ਅਰਾਊਂਡ ਅੱਸ’ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਇਸ ਨੇ 1947 ਤੋਂ 1972 ਤੱਕ ਦੇ ਪਾਕਿਸਤਾਨੀ ਆਧੁਨਿਕ ਪੰਜਾਬੀ ਕਾਵਿ ਤੇ ਖੋਜ ਦਾ ਕੰਮ ਕੀਤਾ। ਇਸ ਸ਼ਾਇਰ ਨੇ ਕਿੱਸਿਆਂ ਵਿਚੋਂ ਅਰਬੀ, ਫ਼ਾਰਸੀ ਅਤੇ ਸੰਸਕ੍ਰਿਤ ਦੇ 200 ਸ਼ਬਦਾਂ ਅਤੇ ਮੁਹਾਵਰਿਆਂ ਦਾ ਪੰਜਾਬੀ ਵਿੱਚ ਤਰਜਮਾ ਕੀਤਾ ਹੈ।
Remove ads
ਕਾਵਿ-ਨਮੂਨਾ
ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ!
ਪੱਥਰ ਤੇ ਨਕਸ਼ ਹਾਂ, ਮੈ ਮਿੱਟੀ ਤੇ ਤਾਂ ਨਹੀਂ ਹਾਂ, ਜਿੰਨਾ ਕਿਸੇ ਮਿਟਾਇਆ ਹੁੰਦਾ ਗਿਆ ਡੂੰਘੇਰਾ!
ਕਿੰਨੀ ਕੁ ਦੇਰ ਆਖ਼ਰ ਧਰਤੀ ਹਨੇਰ ਜਰਦੀ, ਕਿੰਨੀ ਕੁ ਦੇਰ ਰਹਿੰਦਾ ਖ਼ਾਮੋਸ਼ ਖ਼ੂਨ ਮੇਰਾ!
ਇਤਿਹਾਸ ਦੇ ਸਫ਼ੇ ‘ਤੇ, ਤੇ ਵਕਤ ਦੇ ਪਰਾਂ ‘ਤੇ, ਉਂਗਲਾਂ ਡੁਬੋ ਕੇ ਲਹੂ ਵਿਚ, ਲਿਖਿਆ ਹੈ ਨਾਮ ਤੇਰਾ।
ਹਰ ਕਾਲ ਕੋਠੜੀ ਵਿਚ, ਤੇਰਾ ਹੈ ਜ਼ਿਕਰ ਏਦਾਂ, ਗ਼ਾਰਾਂ ‘ਚ ਚਾਂਦਨੀ ਦਾ, ਹੋਵੇ ਜਿਵੇਂ ਬਸੇਰਾ।
ਆ ਆ ਕੇ ਯਾਦ ਤੇਰੀ, ਗ਼ਮਾਂ ਦਾ ਜੰਗਲ ਚੀਰੇ, ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ।
ਪੈਰਾਂ ‘ਚ ਬੇੜੀਆਂ ਨੇ, ਨੱਚਦੇ ਨੇ ਲੋਕ ਫਿਰ ਵੀ, ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।
ਮੇਰੇ ਵੀ ਪੈਰ ਚੁੰਮ ਕੇ, ਇੱਕ ਦਿਨ ਕਹੇਗੀ ਬੇੜੀ, ਸਦ ਸ਼ੁਕਰ ਹੈ ਕਿ ਆਇਆ, ਮਹਿਬੂਬ ਅੰਤ ਮੇਰਾ।
Remove ads
ਕਾਵਿ ਸੰਗ੍ਰਹਿ
- ਰੁੱਤਾਂ ਰਾਂਗਲੀਆਂ (1957)
- ਤਲਖ਼ੀਆਂ-ਰੰਗੀਨੀਆਂ (1960)
- ਦੁੱਧ ਪਥਰੀ (1961)
- ਅਧੂਰਾ ਆਦਮੀ (1967)
- ਲਹੂ ਦੇ ਨਕਸ਼ (1973)
- ਛਾਂਗਿਆ ਰੁੱਖ (1976)
- ਸ਼ੀਸ਼ੇ ਦੇ ਜੰਗਲ (1980)
- ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ (1985)
- ਚਨੁਕਰੀ ਸ਼ਾਮ (1990)
- ਜੁਗਨੂੰ ਦੀਵਾ ਤੇ ਦਰਿਆ (1992)
- ਅੱਖਾਂ ਵਾਲੀਆਂ ਪੈੜਾਂ (1999)
- ਪ੍ਰਵੇਸ਼ ਦੁਆਰ (2003)
- ਮੋਮ ਦੇ ਲੋਕ (2006)
ਕਾਵਿ ਕਲਾ ਤੇ ਸਰੋਕਾਰ
ਜਗਤਾਰ ਪੰਜਾਬੀ ਗ਼ਜ਼ਲ ਸਿਰਜਣਾ ਵਿੱਚ ਇੱਕ ਪੂਰੇ ਦੌਰ ਦਾ ਨਾਂ ਹੈ ਜੋ ਪੰਜਾਬੀ ਭਾਸ਼ਾ ਦੀ ਗ਼ਜ਼ਲ ਉੱਪਰ ਬੜੇ ਗੂੜ੍ਹੇ ਤੇ ਸਥਾਈ ਪ੍ਰਭਾਵ ਅੰਕਿਤ ਕਰਦਾ ਹੈ। ਉਸ ਦੀ ਪਹਿਲੀ ਰਚਨਾ ੧੯੫੩ ਈ ਵਿੱਚ ਲੋਕ ਸਾਹਿਤ ਰਸਾਲੇ ਵਿੱਚ ਛਪੀ। ਪਾਕਿਸਤਾਨ ਵਿਚ ਉਸ ਦੀਆਂ ਗਜਲ਼ਾਂ ਦਾ ਸੰਗ੍ਰਹਿ ਕਹਿਕਸ਼ਾਂ ਸਿਰਲੇਖ ਹੇਠ ਛਪਿਆ। ਉਸ ਦੀ ਗ਼ਜ਼ਲਕਾਰੀ ਦਾ ਸਫ਼ਰ ਤਕਰੀਬਨ ਸਾਢੇ ਚਾਰ ਦਹਾਕੇ ਜਾਰੀ ਰਿਹਾ। ਇਸ ਕਾਲ ਖੰਡ ਵਿੱਚ ਆਈਆਂ ਤਬਦੀਲੀਆਂ ਦੇ ਨਕਸ਼ ਵੀ ਉਸ ਦੀ ਗ਼ਜ਼ਲ ਰਚਨਾ ਵਿੱਚੋਂ ਸਪਸ਼ਟ ਪਛਾਣੇ ਜਾ ਸਕਦੇ ਹਨ। ਉਸ ਦੀ ਗ਼ਜ਼ਲਕਾਰੀ ਪੁਸਤਕ ਰੂਪ ਵਿੱਚ ਸ਼ੀਸ਼ੇ ਦਾ ਜੰਗਲ (1980) ਨਾਲ ਪਾਠਕਾਂ ਸਾਹਮਣੇ ਆਈ ਤੇ ਮੋਮ ਦੇ ਲੋਕ (2006) ਤਕ ਬਾਦਸਤੂਰ ਜਾਰੀ ਰਹੀ, ਪਰ ਇਹ ਦੋਵੇਂ ਪੁਸਤਕਾਂ ਉਸ ਦੀ ਗ਼ਜ਼ਲ ਰਚਨਾ ਦੇ ਆਦਿ ਤੇ ਅੰਤ ਬਿੰਦੂ ਨਹੀਂ। ‘ਸ਼ੀਸ਼ੇ ਦਾ ਜੰਗਲ’ ਵਿੱਚ ਉਸ ਨੇ ਤਕਰੀਬਨ ਡੇਢ ਦਹਾਕੇ ਦੌਰਾਨ ਲਿਖੀਆਂ ਗ਼ਜ਼ਲਾਂ ਨੂੰ ਸ਼ਾਮਲ ਕੀਤਾ ਸੀ। ‘ਮੋਮ ਦੇ ਲੋਕ’ ਤੋਂ ਬਾਅਦ ਵੀ ਜਗਤਾਰ ਨੇ ਬਹੁਤ ਸਾਰੀਆਂ ਗ਼ਜ਼ਲਾਂ ਲਿਖੀਆਂ ਜੋ ਅਜੇ ਕਿਤੇ ਪ੍ਰਕਾਸ਼ਿਤ ਹੋਣ ਦੀ ਉਡੀਕ ਵਿੱਚ ਹਨ। ਜਗਤਾਰ ਦੀ ਗ਼ਜ਼ਲ ਚੇਤਨਾ ਉਸ ਦੀ ਹੋਂਦ ਦੇ ਇਰਦ-ਗਿਰਦ ਛਾਈ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚੋਂ ਸਮਕਾਲ ਪ੍ਰਤੀ ਉਸ ਦਾ ਹੁੰਗਾਰਾ ਇਸ ਵਿਧਾ ਦੇ ਮਾਧਿਅਮ ਰਾਹੀਂ ਪਛਾਣਿਆ ਜਾ ਸਕਦਾ ਹੈ। ਜਗਤਾਰ ਨੇ ਆਪਣੀ ਗ਼ਜ਼ਲ ਰਚਨਾ ਵਿੱਚ ਜੋ ਪੈਂਤੜਾ ਸੱਠਵਿਆਂ ਦੇ ਅੱਧ ਵਿੱਚ ਅਪਣਾਇਆ, ਆਖ਼ਰ ਤਕ ਉਸ ’ਤੇ ਡਟਿਆ ਰਿਹਾ। ਜਗਤਾਰ ਦੀ ਗ਼ਜ਼ਲ ਵਿੱਚ ਪੇਸ਼ ਮਨੁੱਖ ਪ੍ਰਬੰਧ ਤੋਂ ਮਿਲੀ ਅਪੂਰਨਤਾ ਭੋਗ ਰਿਹਾ ਹੈ। ਇਸ ਅਪੂਰਨਤਾ ਵਿੱਚੋਂ ਹੀ ਉਹ ਸਥਿਤੀਆਂ ਨਾਲ ਸੰਵਾਦ ਰਚਾਉਂਦਾ, ਉਹਨਾਂ ’ਤੇ ਵਿਅੰਗ ਕਰਦਾ ਤੇ ਉਹਨਾਂ ਨੂੰ ਰਚਦਾ ਹੈ। ਪਿਆਰ ਦਾ ਸਰੋਕਾਰ ਉਸ ਦੀ ਗ਼ਜ਼ਲਕਾਰੀ ਦਾ ਮੁੱਖ ਥੀਮ ਹੈ। ਇਸੇ ਲਈ ਪ੍ਰਕਿਰਤੀ ਉਸ ਦੀ ਗ਼ਜ਼ਲ ਵਿੱਚ ਪਿਆਰ ਨਾਲ ਇਕਸੁਰ ਹੋ ਕੇ ਪੇਸ਼ ਹੋਈ ਹੈ। ਗ਼ਜ਼ਲ ਦੇ ਰਵਾਇਤੀ ਪ੍ਰੇਮ ਭਾਵਾਂ ਵਿੱਚ ਸਵੈ ਦੇ ਪ੍ਰਵਚਨ ਦੀ ਰੁਦਨਮਈ ਸਥਿਤੀ ਦੇ ਮੁਕਾਬਲੇ ਜਗਤਾਰ ਕੋਲ ਇਸ ਅਪੂਰਨਤਾ ਦੇ ਅਹਿਸਾਸ ਪ੍ਰਤੀ ਇੱਕ ਖਿਝ ਹੈ। ਸਮਾਜਿਕ ਰਿਸ਼ਤਿਆਂ ਦੀ ਪਾਲਣਾ ਸਿਥਲ ਸਥਿਤੀਆਂ ਨੂੰ ਸਵੀਕਾਰ ਕਰਨਾ ਹੈ ਜਿਹਨਾਂ ਨੂੰ ਉਸ ਦੀ ਗ਼ਜ਼ਲ ਚੇਤਨਾ ਸਫ਼ਰ ਦੇ ਬਦਲ ਵਿੱਚ ਵਟਾਉਣਾ ਚਾਹੁੰਦੀ ਹੈ। ਉਸ ਦੇ ਆਖ਼ਰੀ ਸੰਗ੍ਰਹਿ ‘ਮੋਮ ਦੇ ਲੋਕ’ ਤਕ ਜਾਂਦਿਆਂ ਇਹ ਪ੍ਰੇਮ ਭਾਵ ਦੇਹ ਦੀ ਪਰਿਕਰਮਾ ਕਰਨ ਲੱਗਦੇ ਹਨ। ਪ੍ਰੇਮ ਦੀ ਭਾਸ਼ਾ ਬਣਨ ਦੀ ਭਾਸ਼ਾ ਵਿੱਚ ਵਟਣ ਲੱਗਦੀ ਹੈ। ਇੱਥੇ ਪੂਰਨਤਾ ਦੀ ਇੱਛਾ ਦੈਹਿਕ ਭੋਗ ਵਿੱਚ ਵਟ ਕੇ ਪ੍ਰੇਮ ਦੀ ਨਵੀਂ ਵਿਆਕਰਣ ਰਚਣ ਵੱਲ ਰੁਚਿਤ ਨਜ਼ਰ ਆਉਂਦੀ ਹੈ। ਸਮੁੱਚੇ ਤੌਰ ’ਤੇ ਜਗਤਾਰ ਦੀ ਗ਼ਜ਼ਲ ਵਿੱਚ ਪ੍ਰੇਮ ਦਾ ਸੰਕਲਪ ਪ੍ਰਬੰਧ ਨਾਲ ਟਕਰਾ ਦੇ ਇੱਕ ਜੁਜ਼ ਵਜੋਂ ਸਾਹਮਣੇ ਆਉਂਦਾ ਹੈ:
ਕਦੇ ਜੁਗਨੂੰ, ਕਦੇ ਤਾਰਾ, ਕਦੇ ਮੈਂ ਅੱਥਰੂ ਬਣ ਕੇ,
ਤਿਰੇ ਵਿਹੜੇ ਕਦੇ ਝਿੰਮਣੀ ਤੇਰੀ ’ਤੇ ਝਿਲਮਿਲਾਵਾਂਗਾ
ਸੋਚਦਾ ਹਾਂ ਮਹਿਕ ਦੀ ਲਿਪੀ ’ਚ ਤੇਰਾ ਨਾਂ ਲਿਖਾਂ।
ਪਰ ਕਿਤੇ ਮਹਿਫੂਜ਼ ਕੋਈ ਥਾਂ ਮਿਲੇ ਤਾਂ ਲਿਖਾਂ।
ਇਹ ਕੌਣ ਆਇਆ, ਬਹਾਰ ਆਈ, ਬਰੂਹਾਂ ਦੇ ਵੀ ਸਾਹ ਪਰਤੇ,
ਹੈ ਦਿਲ ਖੁਸ਼ਬੂ, ਲਹੂ ਖੁਸ਼ਬੂ, ਜਿਗਰ ਖੁਸ਼ਬੂ, ਨਜ਼ਰ ਖੁਸ਼ਬੂ।[3]
Remove ads
ਪੁਰਸਕਾਰ
- ਢੁੱਡੀਕੇ ਪੁਰਸਕਾਰ (1980)
- ਪੰਜਾਬ ਆਰਟਸ ਕੌਂਸਲ ਵੱਲੋ ਇਨਾਮ (1980)
- ਭਾਸ਼ਾ ਵਿਭਾਗ ਸ਼੍ਰੋਮਣੀ ਕਵੀ ਪੁਰਸਕਾਰ (1991)
- ਕਰਤਾਰ ਸਿੰਘ ਧਾਲੀਵਾਲ ਪੁਰਸਕਾਰ (1992)
- ਦੇਵਿੰਦਰ ਜੋਸ਼ ਯਾਦਾਗਾਰੀ ਪੁਰਸਕਾਰ (1992)
- ਸਰਵਣ ਸਿੰਘ ਸਿੱਧੂ ਪੁਰਸਕਾਰ (1995)
- ਜੁਗਨੂੰ, ਦੀਵਾ ਤੇ ਦਰਿਆ ਪੁਸਤਕ ਲਈ ਸਾਹਿਤ ਅਕਾਦਮੀ ਅਵਾਰਡ (1995
ਹਵਾਲੇ
Wikiwand - on
Seamless Wikipedia browsing. On steroids.
Remove ads