ਝੰਡਾ ਦਿਵਸ
From Wikipedia, the free encyclopedia
Remove ads
ਹਥਿਆਰਬੰਦ ਸੈਨਾ ਝੰਡਾ ਦਿਵਸ ਜਾਂ ਝੰਡਾ ਦਿਵਸ ਨੂੰ ਭਾਰਤ ਵਿੱਚ 7 ਦਸੰਬਰ ਨੂੰ ਮਨਾਇਆ ਜਾਂਦਾ ਹੈ। ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਅਤੇ ਵੱਖ-ਵੱਖ ਅਪਰੇਸ਼ਨਾਂ ਦੌਰਾਨ ਸਰੀਰਕ ਤੌਰ 'ਤੇ ਨਕਾਰਾ ਹੋਏ ਸੈਨਿਕਾਂ ਦੀ ਸਹਾਇਤਾ ਹਿੱਤ ਮਾਲੀ ਫ਼ੰਡ ਜੁਟਾਉਣ ਹਿੱਤ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਦੀ ਸ਼ੁਰੂਆਤ ਕੀਤੀ ਗਈ।
ਆਜ਼ਾਦੀ ਤੋਂ ਪਹਿਲਾ
ਆਜ਼ਾਦੀ ਤੋਂ ਪਹਿਲਾਂ ਇਹ ਦਿਨ 'ਯਾਦਗਾਰ ਦਿਨ ਪੋਪੀ ਡੇ' ਵਜੋਂ ਹਰ ਸਾਲ 11 ਨਵੰਬਰ ਨੂੰ ਮਨਾਇਆ ਜਾਂਦਾ ਸੀ। ਇਸ ਮੌਕੇ ਉਸ ਸਮੇਂ 'ਪੋਪੀਜ਼' ਨਾਂ ਦਾ ਚਿੰਨ੍ਹ ਜਨਤਾ ਵਿੱਚ ਵੰਡਿਆ ਜਾਂਦਾ ਸੀ ਅਤੇ ਜਨਤਾ ਵਲੋਂ ਇਸ ਦੇ ਬਦਲੇ ਦਾਨ ਦਿੱਤਾ ਜਾਂਦਾ ਸੀ। ਇਹ ਦਾਨ ਦੀ ਰਕਮ ਬ੍ਰਿਟਿਸ਼ ਸਾਬਕਾ ਸੈਨਿਕਾਂ ਦੀ ਐਸੋਸੀਏਸ਼ਨ ਦੇ ਖਾਤੇ ਵਿੱਚ ਜਾਂਦੀ ਸੀ। ਇਹ ਐਸੋਸੀਏਸ਼ਨ ਦਾ ਆਪਣਾ ਅਧਿਕਾਰ ਸੀ ਕਿ ਇਸ ਫੰਡ ਦਾ ਕੁਝ ਹਿੱਸਾ ਭਾਰਤੀ ਸਾਬਕਾ ਸੈਨਿਕਾਂ ਵਾਸਤੇ ਵਰਤਿਆ ਜਾਵੇ ਜਾਂ ਨਾ। 'ਹਥਿਆਰਬੰਦ ਸੈਨਾਵਾਂ ਝੰਡਾ ਦਿਵਸ' ਸਬੰਧੀ ਦਿਲ ਖੋਲ੍ਹ ਕੇ ਦਾਨ ਦੇਣ। ਦੇਸ਼ ਦੀ ਅਜ਼ਾਦੀ, ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਕੁਰਬਾਨੀਆਂ ਦੇਣ ਵਾਲੇ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਲਈ ਵਰਤੇ ਜਾਂਦੇ ਇਸ ਫ਼ੰਡ ਦੇ ਯਥਾ ਯੋਗਦਾਨ ਨਾਲ ਦੇਸ਼ ਪ੍ਰਤੀ ਜ਼ਿੰਮੇਂਦਾਰੀ ਬਾਖੂਬੀ ਢੰਗ ਨਾਲ ਨਿਭਾਅ ਸਕਦੇ ਹਾਂ। ਝੰਡਾ ਦਿਵਸ ਵਾਸਤੇ ਦਿੱਤੇ ਜਾਣ ਵਾਲੇ ਦਾਨ ਨੂੰ ਭਾਰਤ ਵਿੱਚ ਆਮਦਨ ਕਰ ਤੋਂ ਵੀ ਛੋਟ ਹੈ।
Remove ads
ਆਜ਼ਾਦੀ ਤੋਂ ਬਾਅਦ
ਦੇਸ਼ ਦੀ ਵੰਡ ਤੋਂ ਬਾਅਦ ਜੁਲਾਈ 1948 ਦੌਰਾਨ ਭਾਰਤ ਸਰਕਾਰ ਦੀ ਰੱਖਿਆ ਕਮੇਟੀ ਵਲੋਂ ਇਹ ਫੈਸਲਾ ਲਿਆ ਗਿਆ ਕਿ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਨਿਭਾਅ ਰਹੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਵਾਸਤੇ ਦਾਨ ਇਕੱਠਾ ਕਰਨ ਖਾਤਿਰ ਇੱਕ ਵਿਸ਼ੇਸ਼ ਦਿਨ ਮਿੱਥਿਆ ਜਾਵੇ। ਇਸ ਤਰ੍ਹਾਂ ਮਿਤੀ 28 ਅਗਸਤ, 1949 ਨੂੰ ਉਸ ਸਮੇਂ ਦੇ ਰੱਖਿਆ ਮੰਤਰੀ ਦੀ ਕਮੇਟੀ ਵਲੋਂ ਹਥਿਆਰਬੰਦ ਸੈਨਾ ਝੰਡਾ ਦਿਵਸ 7 ਦਸੰਬਰ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ।
ਸਨਮਾਨ
ਅਸਲ 'ਚ ਇਹ ਦਿਨ ਫੌਜੀਆਂ ਪ੍ਰਤੀ ਸਦਭਾਵਨਾ ਨੂੰ ਤਾਜ਼ਾ ਕਰਨ ਅਤੇ ਉਨ੍ਹਾਂ ਬਹਾਦਰ ਸੈਨਿਕਾਂ ਦੀ ਯਾਦ ਸਾਨੂੰ ਤਾਜ਼ਾ ਕਰਵਾਉਂਦਾ ਹੈ ਜਿਹੜੇ ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਆਜ਼ਾਦੀ ਹਾਸਲ ਕਰਨ ਉਪਰੰਤ ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਖਾਤਿਰ ਸ਼ਹਾਦਤ ਦਾ ਜਾਮ ਪੀ ਗਏ। ਦੇਸ਼ ਦੇ ਮਹਾਨ ਸਪੂਤਾਂ ਵਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਸਾਰੀ ਮਨੁੱਖਤਾ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਅਤੇ ਖਾਸ ਤੌਰ 'ਤੇ ਪੰਜਾਬ ਤਾਂ ਅਤੀਤ ਤੋਂ ਹੀ ਦੇਸ਼ ਦੀ ਸੱਜੀ ਬਾਂਹ ਰਿਹਾ ਹੈ। ਜਦੋਂ ਜੰਗ ਦਾ ਬਿਗੁਲ ਵੱਜਦਾ ਹੈ ਤਾਂ ਫੌਜੀ ਆਪਣੀਆਂ ਬੈਰਕਾਂ ਅਤੇ ਪਰਿਵਾਰਾਂ ਨੂੰ ਛੱਡ ਕੇ ਲੜਾਈ ਤੋਂ ਪ੍ਰਭਾਵਿਤ ਟਿਕਾਣਿਆਂ ਵੱਲ ਨੂੰ ਕੂਚ ਕਰ ਦਿੰਦੇ ਹਨ। ਇੱਕ ਜਵਾਨ ਜੰਗਲਾਂ, ਪਹਾੜਾਂ, ਬਰਫੀਲੇ, ਪਥਰੀਲੇ, ਮਾਰਥੂਲਾਂ ਆਦਿ ਸਰਹੱਦੀ ਇਲਾਕਿਆਂ ਅੰਦਰ ਜਾ ਕੇ ਆਪਣੀ ਪ੍ਰਤਿੱਗਿਆ ਦਾ ਪ੍ਰਗਟਾਵਾ ਕਰਦਿਆਂ ਪਲਟਨ, ਕੌਮ ਅਤੇ ਦੇਸ਼ ਦੀ ਖਾਤਿਰ ਮਰ ਮਿਟਣ ਲਈ ਸਦਾ ਤਿਆਰ-ਬਰ-ਤਿਆਰ ਰਹਿੰਦਾ ਹੈ।
ਕੁਰਬਾਨੀਆਂ
ਇਤਿਹਾਸ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸੰਨ 1947[1] ਤੋਂ ਲੈ ਕੇ ਜੋ ਵੀ ਜੰਗ (ਕਾਰਗਿਲ ਸਮੇਤ) ਭਾਰਤੀ ਫੌਜ ਨੇ ਲੜੀ, ਉਸ ਅੰਦਰ ਤਕਰੀਬਨ 19 ਹਜ਼ਾਰ ਫੌਜੀਆਂ ਨੇ ਕੁਰਬਾਨੀਆਂ ਦਿੱਤੀਆਂ। 33 ਹਜ਼ਾਰ ਦੇ ਕਰੀਬ ਸੈਨਿਕ ਜ਼ਖ਼ਮੀ/ਨਕਾਰਾ ਵੀ ਹੋਏ। ਇਸ ਸਮੇਂ ਇਕੱਲੇ ਪੰਜਾਬ ਵਿੱਚ ਕੁਲ ਮਿਲਾ ਕੇ 60 ਹਜ਼ਾਰ ਦੇ ਆਸ-ਪਾਸ ਸੈਨਿਕਾਂ ਦੀਆਂ ਵਿਧਵਾਵਾਂ ਹਨ, ਜਿਨ੍ਹਾਂ ਵਿੱਚ ਜੰਗੀ ਵਿਧਵਾਵਾਂ ਵੀ ਸ਼ਾਮਲ ਹਨ। ਇਹ ਇੱਕ ਕੌੜੀ ਸੱਚਾਈ ਹੈ ਕਿ ਪ੍ਰਮਾਤਮਾ ਅਤੇ ਸੈਨਿਕ ਨੂੰ ਸਿਰਫ ਔਖੀ ਘੜੀ ਵੇਲੇ ਹੀ ਯਾਦ ਕੀਤਾ ਜਾਂਦਾ ਹੈ। ਸਮੁੱਚੀ ਮਨੁੱਖਤਾ ਦਾ ਫਰਜ਼ ਬਣਦਾ ਹੈ ਕਿ ਅਜਿਹੇ ਪਰਿਵਾਰਾਂ/ਵਿਧਵਾਵਾਂ, ਜਿਨ੍ਹਾਂ ਦੀ ਰੋਜ਼ੀ-ਰੋਟੀ ਕਮਾਉਣ ਵਾਲੇ ਬਹਾਦਰ ਫੌਜੀ ਦੇਸ਼ ਦੀ ਰੱਖਿਆ ਖਾਤਿਰ ਸਦਾ ਦੀ ਨੀਂਦ ਸੌਂ ਗਏ, ਉਨ੍ਹਾਂ ਨਕਾਰਾ, ਲਾਚਾਰ ਅਤੇ ਬਿਰਧ ਸੈਨਿਕਾਂ ਦੇ ਪਾਲਣ-ਪੋਸ਼ਣ, ਦੇਖ-ਰੇਖ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਏ।
Remove ads
ਮਨੋਰਥ
ਲੋੜ ਇਸ ਗੱਲ ਦੀ ਵੀ ਹੈ ਕਿ ਸੈਨਿਕ ਵਰਗ ਦੀਆਂ ਪ੍ਰਾਪਤੀਆਂ, ਉਨ੍ਹਾਂ ਵਲੋਂ ਪਾਇਆ ਗਿਆ ਭਰਪੂਰ ਯੋਗਦਾਨ ਅਤੇ ਸਰਹੱਦਾਂ ਦੀ ਰਖਵਾਲੀ ਨਾਲ ਸੰਬੰਧਤ ਕਠਿਨਾਈਆਂ ਬਾਰੇ ਸਿਆਸਤਦਾਨ, ਸੰਸਦ ਮੈਂਬਰਾਂ, ਅਫਸਰਸ਼ਾਹੀ, ਸਮੁੱਚੇ ਦੇਸ਼ ਵਾਸੀਆਂ ਨੂੰ ਅਤੇ ਖਾਸ ਤੌਰ 'ਤੇ ਕਾਲਜਾਂ ਅਤੇ ਸਕੂਲੀ ਬੱਚਿਆਂ ਨੂੰ ਜਾਣੂ ਕਰਵਾਇਆ ਜਾਵੇ। ਦੇਸ਼ ਦੀਆਂ ਰੱਖਿਆ ਸੇਵਾਵਾਂ ਨਾਲ ਸੰਬੰਧਤ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵਾਸਤੇ ਸਮੇਂ-ਸਮੇਂ ਸਿਰ ਟ੍ਰੇਨਿੰਗ ਕੈਪਸੂਲ ਕੈਂਪ ਸਰਹੱਦੀ ਇਲਾਕਿਆਂ ਵਿੱਚ ਲਗਾਏ ਜਾਣ ਤਾਂ ਕਿ ਉਨ੍ਹਾਂ ਨੂੰ ਸੈਨਿਕਾਂ ਦੀਆਂ ਸਮੱਸਿਆਵਾਂ ਦਾ ਅਹਿਸਾਸ ਹੋ ਸਕੇ।[2][3]
Remove ads
ਫੰਡਾ
- ਅਮੈਲਗਾਮੇਟਿਡ ਸ਼ਪੈਸ਼ਲ ਫੰਡ
- ਫਲੈਗ ਡੇ ਫੰਡ
- ਸੰਤ ਸੁੰਸਟਨ ਅਤੇ ਕੇਂਦਰੀਆ ਸੈਨਿਕ ਬੋਰਡ ਫੰਡ
- ਭਾਰਤੀ-ਗੋਰਖਾ ਐਕਸ-ਸਰਵਿਸ ਭਲਾਈ ਫੰਡ
ਲੋੜ
ਫੌਜ ਨੂੰ ਸਿਰਫ ਦੁਸ਼ਮਣ ਨਾਲ ਨਹੀਂ ਬਲਕਿ ਅੱਤਵਾਦ ਨਾਲ ਵੀ ਨਜਿੱਠਣਾ ਪੈ ਰਿਹਾ ਹੈ। ਜ਼ਿੰਮੇਵਾਰੀਆਂ ਵਧਦੀਆਂ ਜਾ ਰਹੀਆਂ ਹਨ ਅਤੇ ਤਾਕਤਾਂ ਘੱਟ ਹੋ ਰਹੀਆਂ ਹਨ। ਅਫਸਰਾਂ ਦੀ ਘਾਟ ਵਾਲੀ ਸੂਈ 12 ਹਜ਼ਾਰ ਦੇ ਆਸ-ਪਾਸ ਘੁੰਮਦੀ ਰਹਿੰਦੀ ਹੈ ਜਿਸ ਨੂੰ ਪੂਰਾ ਕਰਨ ਵਾਸਤੇ ਯੋਗ ਜਵਾਨਾਂ ਅਤੇ ਫੌਜ ਦੇ ਬਾਕੀ ਅਧਿਕਾਰੀਆਂ ਨੂੰ ਵਧੇਰੇ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਕਿ ਅਫਸਰਾਂ ਦੀ ਘਾਟ ਪੂਰੀ ਕੀਤੀ ਜਾ ਸਕੇ। ਜੇ ਅਸੀਂ ਸ਼ਾਂਤੀ ਚਾਹੁੰਦੇ ਹਾਂ ਤਾਂ ਸਾਨੂੰ ਅੰਦਰੂਨੀ ਅਤੇ ਬਾਹਰਲੀਆਂ ਜੰਗਾਂ ਲੜਨ ਵਾਸਤੇ ਤਿਆਰ ਰਹਿਣਾ ਪਵੇਗਾ। ਚੀਨ ਦੀ ਵਧਦੀ ਸ਼ਕਤੀ ਦੇ ਸੰਦਰਭ ਵਿੱਚ ਆਪਣੀਆਂ ਫੌਜਾਂ ਨੂੰ ਵਧੇਰੇ ਸ਼ਕਤੀਸ਼ਾਲੀ ਅਤੇ ਆਧੁਨਿਕ ਬਣਾਇਆ ਜਾਵੇ। ਪਾਕਿਸਤਾਨ ਪਾਸਿਓਂ ਘੁਸਪੈਠ ਨਾਲ ਸਖਤੀ ਨਾਲ ਨਜਿੱਠਿਆ ਜਾਵੇ, ਪ੍ਰਮਾਣੂ ਸ਼ਕਤੀ ਪੈਦਾ ਕਰਨ ਵਾਲੇ ਸਾਧਨਾਂ ਦੀ ਸੁਰੱਖਿਆ ਮਜ਼ਬੂਤ ਕਰਨੀ ਪਵੇਗੀ ਅਤੇ ਪਾਕਿਸਤਾਨ ਦੀ ਅੰਦਰੂਨੀ ਸਥਿਤੀ 'ਤੇ ਵੀ ਨਿਗ੍ਹਾ ਰੱਖਣੀ ਪਵੇਗੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads