ਡਾ. ਰਵਿੰਦਰ ਰਵੀ

ਪੰਜਾਬੀ ਆਲੋਚਕ From Wikipedia, the free encyclopedia

Remove ads

ਡਾ. ਰਵਿੰਦਰ ਸਿੰਘ ਰਵੀ (1943-1989), ਪੰਜਾਬੀ ਲੇਖਕ, ਸਾਹਿਤ ਆਲੋਚਕ, ਅਧਿਆਪਕ ਅਤੇ ਖੱਬੇ-ਪੱਖੀ ਲਹਿਰ ਦਾ ਸਰਗਰਮ ਕਾਰਕੁਨ ਅਤੇ ਉੱਘਾ ਮਾਰਕਸਵਾਦੀ ਚਿੰਤਕ[1] ਸੀ। ਉਹ ਆਪਣੀ ਵਿਚਾਰਧਾਰਕ ਪ੍ਰਤਿਬਧਤਾ ਅਤੇ ਸਾਹਿਤ ਚਿੰਤਨ ਦੇ ਖੇਤਰ ਵਿੱਚ ਆਪਣੀ ਸਿਧਾਂਤਕ ਪਕੜ ਲਈ ਜਾਣਿਆ ਜਾਂਦਾ ਹੈ।

ਵਿਸ਼ੇਸ਼ ਤੱਥ ਡਾ. ਰਵਿੰਦਰ ਰਵੀ ...

ਜੀਵਨ

ਉਸ ਦਾ ਜਨਮ 1943 ਵਿੱਚ ਲੁਧਿਆਣਾ ਜਿਲ੍ਹੇ ਦੇ ਪਿੰਡ ਕਿਲਾ ਹਾਂਸ ਵਿਖੇ ਹੋਇਆ। ਉਸ ਨੇ ਬੀ ਏ ਤਕ ਦੀ ਪੜ੍ਹਾਈ ਸਰਕਾਰੀ ਕਾਲਜ, ਲੁਧਿਆਣਾ ਤੋਂ ਕੀਤੀ। ਇਸ ਉੱਪਰੰਤ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਆ ਗਿਆ। ਪੰਜਾਬੀ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਉਪਾਧੀ ਹਾਸਿਲ ਕਰਨ ਵਾਲਾ ਉਹ ਪਹਿਲਾ ਖੋਜਾਰਥੀ ਸੀ। ਉਸ ਨੇ 'ਪੰਜਾਬੀ ਰਾਮ-ਕਾਵਿ' ਉੱਤੇ ਆਪਣਾ ਖੋਜ ਪ੍ਰਬੰਧ ਲਿਖਿਆ। ਇੱਥੇ ਹੀ ਪੰਜਾਬੀ ਵਿਭਾਗ ਵਿੱਚ ਉਸ ਦੀ ਅਧਿਆਪਕ ਵਜੋਂ ਨਿਯੁਕਤੀ ਹੋ ਗਈ। ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਜਥੇਬੰਦੀ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਵਿੱਚ ਸਰਗਰਮੀ ਨਾਲ ਕੰਮ ਕਰਦਿਆਂ ਉਹ ਇਸ ਦਾ ਜਨਰਲ ਸਕਤਰ ਚੁਣਿਆ ਗਿਆ ਅਤੇ ਆਪਣੇ ਜੀਵਨ ਦੇ ਆਖਰੀ ਪਲਾਂ ਤਕ ਉਹ ਅਧਿਆਪਕ ਯੂਨੀਅਨ ਵਿੱਚ ਸਰਗਰਮ ਰਿਹਾ। ਇਸੇ ਦਿਸ਼ਾ ਵਿੱਚ ਕਾਰਜ ਕਰਦਿਆਂ ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਸੈਨੇਟ ਦਾ ਮੈਂਬਰ ਚੁਣਿਆ ਗਿਆ। ਉਹ ਪੰਜਾਬੀ ਸਾਹਿਤਕਾਰਾਂ ਦੀ ਸਿਰਮੌਰ ਜਥੇਬੰਦੀ 'ਕੇਂਦਰੀ ਪੰਜਾਬੀ ਲੇਖਕ ਸਭਾ' ਦਾ ਜਨਰਲ ਸਕਤਰ ਰਿਹਾ ਅਤੇ ਉਸ ਨੇ ਪੰਜਾਬ ਵਿੱਚ ਲੇਖਕਾਂ ਵਿੱਚ ਪ੍ਰਗਤੀਸ਼ੀਲਤਾ ਦੀ ਨਵੀਂ ਲਹਿਰ ਚਲਾਈ। ਉਸ ਨੇ ਪੰਜਾਬ ਦੇ ਪਿੰਡਾਂ ਕਸਬਿਆਂ ਦੀਆਂ ਸਾਹਿਤਕ ਸੰਸਥਾਵਾਂ ਵਿੱਚ ਜਾ ਕੇ ਸਿਰਜਣ ਪ੍ਰਕਿਰਿਆ ਅਤੇ ਸਾਹਿਤ ਸਿਧਾਂਤਕਾਰੀ ਬਾਰੇ ਕਿੰਨੇ ਹੀ ਭਾਸ਼ਣ ਦਿਤੇ। ਇੰਝ ਉਸ ਨੇ ਸਾਹਿਤ ਚਿੰਤਨ-ਅਧਿਐਨ ਅਤੇ ਸਾਹਿਤ ਸਿਰਜਣਾ ਵਿਚਕਾਰ ਪੈ ਰਹੇ ਪਾੜੇ ਨੂੰ ਘਟਾਉਣ ਦੇ ਗੰਭੀਰ ਯਤਨ ਕੀਤੇ। ਪੰਜਾਬ ਸੰਕਟ ਦੇ ਦਿਨਾ ਵਿੱਚ ਉਸ ਨੇ ਲੇਖਕਾਂ ਵਿੱਚ ਪ੍ਰਗਤੀਸ਼ੀਲ ਧਰਮਨਿਰਪੱਖ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕੀਤਾ। ਪੰਜਾਬ ਸੰਕਟ ਦੇ ਸਿਖਰ ਦੇ ਦਿਨਾਂ ਵਿੱਚ ਉਸ ਨੇ ਆਪਣੀ ਧਰਮ ਨਿਰਪੱਖ ਸੋਚ ਉੱਪਰ ਡਟ ਕੇ ਪਹਿਰਾ ਦਿਤਾ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਖਾਲਿਸਤਾਨੀ ਵਿਚਾਰਧਾਰਾ ਦੇ ਖਾੜਕੂਵਾਦੀ-ਅਤਿਵਾਦੀ ਰੁਝਾਨ ਨੂੰ ਠਲ ਕੇ ਰਖਿਆ। ਆਪਣੀ ਇਸ ਪ੍ਰਤਿਬਧਤਾ ਕਾਰਨ ਹੀ ਉਸ ਨੂੰ ਆਪਣੀ ਜਾਨ ਵੀ ਕੁਰਬਾਨ ਕਰਨੀ ਪਈ।19 ਮਈ 1989 ਨੂੰ ਉਸ ਦੇ ਘਰ ਖਾਲਿਸਤਾਨੀ ਅਤਿਵਾਦੀਆਂ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ। ਉਸ ਦੀ ਯਾਦ ਨੂੰ ਤਾਜਾ ਰੱਖਣ ਲਈ ਉਸ ਦੇ ਪ੍ਰਸ਼ੰਸਕਾਂ ਨੇ 'ਡਾ. ਰਵੀ ਮੈਮੋਰੀਅਲ ਟਰੱਸਟ, ਪਟਿਆਲਾ' ਦੀ ਸਥਾਪਨਾ ਕਰ ਲਈ ਜੋ ਹਰ ਸਾਲ ਪੰਜਾਬੀ ਆਲੋਚਨਾ ਅਤੇ ਚਿੰਤਨ ਦੇ ਖੇਤਰ ਵਿੱਚ ਯੋਗਦਾਨ ਲਈ 'ਡਾ. ਰਵਿੰਦਰ ਰਵੀ ਐਵਾਰਡ' ਪ੍ਰਦਾਨ ਕਰਦਾ ਹੈ।[2] ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਇੱਕ ਅਧਿਆਪਕ ਫੋਰਮ ਨੇ ਉਸ ਦੇ ਨਾਮ ਤੇ 'ਡਾ. ਰਵਿੰਦਰ ਸਿੰਘ ਰਵੀ ਮੈਮੋਰੀਅਲ ਲੈਕਚਰ' ਵੀ ਸ਼ੁਰੂ ਕੀਤਾ ਹੈ।[3] ਹਾਲ ਹੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋ ਵੀ 'ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਲੈਕਚਰ ਲੜੀ' ਚਲਾਈ ਜਾ ਰਹੀ ਹੈ। ਇਸ ਲੜੀ ਦਾ ਪਹਿਲਾ ਭਾਸ਼ਣ ਜਨਾਬ ਅਹਿਮਦ ਸਲੀਮ ਨੇ ਦਿੱਤਾ ਸੀ। ਦੂਜਾ ਲੈਕਚਰ ਪ੍ਰੋਫ਼ੈਸਰ ਅਪੂਰਵਾਨੰਦ ਨੇ ਦਿੱਤਾ ਸੀ। ਤੀਜਾ ਲੈਕਚਰ ਉੱਘੇ ਕਵੀ ਤੇ ਚਿੰਤਕ ਸ੍ਰੀ ਨਰੇਸ਼ ਸਕਸੇਨਾ ਨੇ ਦਿੱਤਾ ਸੀ ਅਤੇ ਚੌਥਾ ਲੈਕਚਰ ਉੱਘੇ ਅਰਥਸ਼ਾਸਤਰੀ ਅਤੇ ਰਾਜਨੀਤਕ ਟਿੱਪਣੀਕਾਰ ਸ੍ਰੀ. ਪੀ. ਸਾਈਨਾਥ ਨੇੇ ਦਿੱਤਾ ਸੀ। ਪੰਜਵਾਂ ਲੈਕਚਰ ਉੱਘੇ ਰਾਜਨੀਤੀ ਵਿਗਿਆਨੀ ਸਟੌਕਹੋਮ ਯੂਨੀਵਰਸਿਟੀ, ਸਵੀਡਨ ਵਿੱਚ ਪ੍ਰੋਫ਼ੈਸਰ ਅਮੈਰੀਟਸ ਪ੍ਰੋ. ਇਸ਼ਤਿਆਕ ਅਹਿਮਦ ਵੱਲੋਂ ਅਪ੍ਰੈਲ 2024 ਵਿੱਚ ਕਰਵਾਇਆ ਗਿਆ।

Remove ads

ਯੋਗਦਾਨ

ਡਾ. ਰਵਿੰਦਰ ਸਿੰਘ ਰਵੀ ਦੂਜੀ ਪੀੜ੍ਹੀ ਦਾ ਮੁਖ ਮਾਰਕਸਵਾਦੀ ਆਲੋਚਕ ਸੀ। ਉਸ ਦੀ ਦਿਲਚਸਪੀ ਸਾਹਿਤ ਸਿਧਾਂਤ ਅਤੇ ਕਵਿਤਾ ਦੇ ਖੇਤਰ ਵਿੱਚ ਵਧੇਰੇ ਸੀ। ਇਸ ਤੋਂ ਇਲਾਵਾ ਉਸ ਨੇ ਪੰਜਾਬੀ ਸਭਿਆਚਾਰ ਦੇ ਸੁਹਜਸ਼ਾਸਤਰ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਦੀਆ ਸਮਸਿਆਵਾਂ ਬਾਰੇ ਬੜੇ ਮੌਲਿਕ ਵਿਚਾਰ ਪੇਸ਼ ਕੀਤੇ। ਉਹ ਪੰਜਾਬੀ ਦਾ ਸ਼ਾਇਦ ਇਕੋ ਇੱਕ ਅਜਿਹਾ ਅਲੋਚਕ ਹੈ ਜਿਸ ਨੇ ਉਸ ਆਲੋਚਨਾ ਪ੍ਰਣਾਲੀ ਬਾਰੇ ਪੂਰੀ ਕਿਤਾਬ ਲਿਖੀ ਹੈ ਜਿਸ ਪ੍ਰਤਿ ਉਸ ਦਾ ਰਵਈਆ ਆਲੋਚਨਾਤਮਕ ਸੀ। ਪੰਜਾਬੀ ਵਿੱਚ ਆਮ ਕਰ ਕੇ ਸਾਹਿਤ ਆਲੋਚਨਾ ਪ੍ਰਣਾਲੀਆਂ ਬਾਰੇ ਲਿਖੀਆਂ ਕਿਤਾਬਾਂ ਵਿਆਖਿਆਤਮਕ ਅਤੇ ਪ੍ਰਸ਼ੰਸਾਤਮਕ ਹਨ ਕਿਉਂਕਿ ਇਹ ਉਨ੍ਹਾਂ ਆਲੋਚਨਾ ਪ੍ਰਣਾਲੀਆਂ ਦੇ ਸਮਰਥਕਾਂ ਜਾਂ ਪੈਰੋਕਾਰਾਂ ਦੁਆਰਾ ਲਿਖੀਆਂ ਗਈਆਂ ਹਨ। ਰਵੀ ਨੇ ਨਵੀਨ ਅਮਰੀਕੀ ਅਲੋਚਨਾ ਪ੍ਰਣਾਲੀ ਦੇ ਮੁਖ ਸਿਧਾਂਤਕਾਰਾਂ ਕਲਿੰਥ ਬਰੁਕਸ, ਵਿਮਸੈਟ, ਐਲੇਨ ਟੇਟ ਅਤੇ ਆਈ ਏ ਰਿਚਰਡਜ਼ ਦੀਆਂ ਲਿਖਤਾਂ ਦਾ ਆਲੋਚਨਾਤਮਕ ਵਿਸ਼ਲੇਸ਼ਣ ਕੀਤਾ ਹੈ ਅਤੇ ਸਾਹਿਤਕ ਪਾਠ ਦੇ ਅਧਿਐਨ ਵਿੱਚ ਇਨਾਂ ਸਿਧਾਂਤਕਾਰਾਂ ਦੇ ਸੰਕਲਪਾਂ ਅਤੇ ਮਾਡਲਾਂ ਦੀ ਸਾਰਥਕਤਾ ਦੇ ਪ੍ਰਸ਼ਨ ਨੂੰ ਨਜਿਠਣ ਦੀ ਕੋਸ਼ਿਸ਼ ਕੀਤੀ ਹੈ। ਇੰਝ ਹੀ ਉਸ ਨੇ ਰੋਲਾਂ ਬਾਰਥ ਦੀ ਕਿਤਾਬ ਰਾਈਟਿੰਗ ਡਿਗਰੀ ਜ਼ੀਰੋ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਬਾਰਥ ਦੀ ਵਿਧੀ ਦੇ ਮਹੱਤਵ ਅਤੇ ਸੀਮਾਵਾਂ ਨੂੰ ਉਘਾੜਿਆ ਹੈ।

Remove ads

ਪੰਜਾਬੀ ਭਾਸ਼ਾ ਬਾਰੇ

ਪੰਜਾਬੀ ਭਾਸ਼ਾ ਦੇ ਵਿਕਾਸ ਬਾਰੇ ਉਸ ਦੀ ਰਾਇਅ ਹੈ ਕਿ ਆਜ਼ਾਦੀ ਤੋਂ ਬਾਅਦ ਇਹ ਆਪਣੇ ਦੋ ਸਰੋਤਾਂ: ਸੰਸਕ੍ਰਿਤ ਅਤੇ ਫਾਰਸੀ ਵਿਚੋਂ ਫਾਰਸੀ ਤੋਂ ਟੁਟ ਗਈ ਹੈ ਅਤੇ ਸੰਸਕ੍ਰਿਤ ਦੇ ਸਰੋਤ ਉੱਤੇ ਹੀ ਨਿਰਭਰ ਰਹਿ ਗਈ ਹੈ। ਇਸੇ ਕਰ ਕੇ ਇਸ ਦਾ ਸਰੂਪ ਹਿੰਦੀ-ਸੰਸਕ੍ਰਿਤ ਨੁਮਾ ਹੋ ਰਿਹਾ ਹੈ ਅਤੇ ਇਹ ਬੋਝਲ ਹੁੰਦੀ ਜਾ ਰਹੀ ਹੈ। ਡਾ ਰਵੀ ਦਾ ਮਤ ਹੈ ਕਿ ਪੰਜਾਬੀ ਦਾ ਵਿਕਾਸ ਇਨ੍ਹਾਂ ਦੋਵਾਂ ਸਰੋਤਾਂ ਨਾਲ ਜੁੜ ਕੇ ਹੀ ਸੰਭਵ ਹੈ। ਉਨ੍ਹਾਂ ਦੀ ਤਜਵੀਜ਼ ਮੁਤਾਬਿਕ ਪੰਜਾਬ ਵਿੱਚ ਸੰਸਕ੍ਰਿਤ ਦੇ ਨਾਲ ਨਾਲ ਫ਼ਾਰਸੀ ਦੇ ਅਧਿਐਨ ਅਤੇ ਅਧਿਆਪਨ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ। ਡਾ. ਰਵੀ ਡਾ.ਕਿਸ਼ਨ ਸਿੰਘ ਦੀ ਵਿਆਖਿਆ ਵਿਧੀ ਦਾ ਅਨੁਗਾਮੀ ਸੀ। ਇਸ ਕਰ ਕੇ ਮਧਕਾਲੀ ਪੰਜਾਬੀ ਸਾਹਿਤ ਨੂੰ ਉਹ ਲੋਕ ਹਿਤੀ ਪੈਂਤੜੇ ਵਾਲਾ ਮੰਨਦਾ ਸੀ। ਆਧੁਨਿਕ ਕਾਵਿ ਵਿਚੋਂ ਜੁਝਾਰਵਾਦੀ ਕਾਵਿ ਦਾ ਉਸ ਦਾ ਅਧਿਐਨ ਮਹਤਵਪੂਰਨ ਹੈ। ਉਸ ਨੇ ਇਸ ਕਾਵਿ ਧਾਰਾ ਨੂੰ ਇਤਿਹਾਸ ਚੇਤਨਾ ਮੁਖੀ ਕਾਵਿ ਧਾਰਾ ਕਿਹਾ ਪਰ ਨਾਲ ਹੀ ਇਸ ਦੀ ਕਾਵਿ-ਭਾਸ਼ਾ ਵਿਚਲੀਆਂ ਜਗੀਰੂ ਸੁਰਾਂ ਦੀ ਪਛਾਣ ਕੀਤੀ ਅਤੇ ਇਸ ਦੇ ਵਿਚਾਰਧਾਰਾਈ ਸਰੂਪ ਅਤੇ ਸੀਮਾਵਾਂ ਬਾਰੇ ਚਰਚਾ ਕੀਤੀ। ਪੰਜਾਬੀ ਸਾਹਿਤ ਦੀ ਇਤਹਾਸਕਾਰੀ ਬਾਰੇ ਉਸ ਦਾ ਆਲੇਖ ਮਹਤਵਪੂਰਣ ਹੈ ਜਿਸ ਵਿੱਚ ਉਨ੍ਹਾਂ ਪੰਜਾਬੀ ਸਾਹਿਤਕ ਪਰੰਪਰਾਵਾਂ ਨੂੰ ਪੂਰਬਲੀਆਂ ਅਤੇ ਸਮਕਾਲੀ ਭਾਰਤੀ ਸਾਹਿਤਕ ਪਰੰਪਰਾਵਾਂ ਨਾਲ ਜੋੜ ਕੇ ਸਮਝਣ ਦਾ ਸੁਝਾਅ ਦਿਤਾ। ਉਸ ਅਨੁਸਾਰ ਪੰਜਾਬੀ ਸਾਹਿਤ ਦੀ ਇਤਹਾਸਕਾਰੀ ਤਥ-ਲਭਤ ਤੋਂ ਲੈ ਕੇ ਸਾਹਿਤਕ ਗਤੀ ਦੀ ਪਛਾਣ ਅਤੇ ਸਾਹਿਤ ਵਿਸ਼ਲੇਸ਼ਣ ਪਖੋਂ ਹਾਲੇ ਕਾਫੀ ਪਛੜੀ ਹੋਈ ਹੈ।

ਮੁੱਖ ਪੁਸਤਕਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads