ਭਗਤ ਧੰਨਾ ਜੀ

From Wikipedia, the free encyclopedia

Remove ads

ਧੰਨਾ ਭਗਤ (ਹਿੰਦੀ: धन्ना भगत) (ਜਨਮ 1415 ?) ਹਿੰਦ ਉਪਮਹਾਦੀਪ ਦੇ ਇੱਕ ਅਹਿਮ ਰੂਹਾਨੀ ਅੰਦੋਲਨ ਮਧਕਾਲ ਦੀ ਭਗਤੀ ਲਹਿਰ ਦੇ ਇੱਕ ਭਗਤ ਸਨ। ਉਨ੍ਹਾਂ ਦਾ ਜਨਮ ਰਾਜਸਥਾਨ ਦੇ ਜ਼ਿਲ੍ਹਾ ਟਾਂਕ ਵਿੱਚ ਦਿਓਲੀ ਨੇੜੇ ਪਿੰਡ ਧੂਆਨ ਕਲਾਂ ਵਿੱਚ ਹੋਇਆ ਸੀ।[1] ਉਨ੍ਹਾਂ ਦੇ ਜੀਵਨ ਬਾਰੇ ਪ੍ਰਮਾਣਿਕ ਸੂਚਨਾਵਾਂ ਬਹੁਤ ਘੱਟ ਮਿਲਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਉਸਦੇ ਤਿੰਨ ਸ਼ਬਦ ਹਨ।

ਦੰਤ ਕਥਾਵਾਂ

ਬਚਪਨ ਦੇ ਥੋੜੇ ਜਿਹੇ ਸਾਲ ਖੇਡਦਿਆਂ ਕੁਦਦਿਆਂ ਬੀਤੇ। ਜਦੋਂ ਹੋਸ਼ ਆਈ ਤਾਂ ਮਾ-ਬਾਪ ਨੇ ਗਊਆਂ ਚਾਰਨ ਵਾਸਤੇ ਲਾ ਦਿੱਤਾ। ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਸਨ ਉਧਰ ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ। ਪਿੰਡ ਦਾ ਪੰਡਤ ਜਿਸ ਦਾ ਨਾਮ ਇਤਿਹਾਸ ਵਿੱਚ ਤਰਲੋਚਨ ਪੰਡਤ ਆਉਂਦਾ ਹੈ ਉਹੋ ਉਸ ਠਾਕੁਰ ਦੁਆਰੇ ਵਿੱਚ ਦੇਵੀ-ਦੇਵਤਿਆਂ ਦੀਆਂ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਸੀ ਤੇ ਭੋਗ ਲਵਾਉਂਦਾ ਸੀ। ਇਹ ਉਸਦੀ ਰੋਟੀ ਦਾ ਵਸੀਲਾ ਸੀ ਤੇ ਉਸ ਦੇ ਮਨ ਵਿੱਚ ਪ੍ਰਭੂ ਸਿਮਰਨ ਦੀ ਭਾਵਨਾ ਨਹੀਂ ਸੀ। ਉਸ ਦਾ ਹਿਰਦਾ ਪੱਥਰਾ ਨਾਲੋਂ ਵੀ ਸਖਤ ਸੀ। ਧੰਨਾ ਬਚਪਨ ਤੋਂ ਓਸ ਬ੍ਰਾਹਮਣ ਨੂੰ ਦੇਖਦਾ ਸੀ, ਕਦੀ ਕਦਾਈਂ ਠਾਕੁਰ ਦੁਆਰੇ ਚਲਿਆ ਜਾਂਦਾ ਸੀ। ਧੰਨਾ ਜਵਾਨ ਹੋ ਗਿਆ ਉਸ ਨੂੰ ਗਿਆਨ ਹੋਇਆ ਕਿ ਬ੍ਰਾਹਮਣ ਰੋਜ਼ ਠਾਕਰਾਂ ਦੀ ਪੂਜਾ ਕਰਦਾ ਹੈ ਤਾਂ ਕਿਉ ਕਰਦਾ ਹੈ, ਠਾਕੁਰ ਕੀ ਦੇਂਦੇ ਹਨ ਜੇ ਠਾਕੁਰ ਕੁੱਝ ਦੇਂਦੇ ਹਨ ਤਾ ਉਹ ਵੀ ਠਾਕੁਰ ਦੀ ਪੂਜਾ ਕਰੇ ਅਤੇ ਉਸ ਦੀ ਗਰੀਬੀ ਵੀ ਦੂਰ ਹੋ ਜਾਵੇ। ਇੱਕ ਦਿਨ ਧੰਨੇ ਨੇ ਬ੍ਰਾਹਮਣ ਤੋਂ ਪੁੱਛਿਆ ਕਿ ਜਿਨ੍ਹਾਂ ਦੀ ਤੁਸੀ ਪੂਜਾ ਕਰਦੇ ਹੋ ਭਲਾ ਉਹ ਕੀ ਦੇਂਦੇ ਹਨ। ਪੰਡਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾ ਜੋ ਮੰਗੀਏ ਸੋ ਦੇ ਦੇਂਦੇ ਹਨ। ਧੰਨੇ ਨੇ ਕਿਹਾ ਕਿ ਪੰਡਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਉ। ਪੰਡਤ ਨੇ ਕਿਹਾ ਕਿ ਇਹ ਤੇਰੇ ਕੋਲੋ ਪ੍ਰਸੰਨ ਨਹੀਂ ਹੋਣਾ। ਇੱਕ ਤਾ ਤੂੰ ਜੱਟ ਹੈਂ, ਜੱਟ ਨੂੰ ਪੂਜਾ ਕਰਨ ਦੀ ਅਕਲ ਨਹੀਂ ਹੁੰਦੀ, ਦੂਸਰਾ ਅਨਪੜ੍ਹ ਹੈ। ਵਿਦਿਆ ਹੀਣ ਪੁਰਸ਼ ਪਸ਼ੂ ਸਮਾਨ ਹੁੰਦਾ ਹੈ। ਤੀਸਰਾ ਮੰਦਰ ਤੋਂ ਬਗੈਰ ਠਾਕੁਰ ਕਿਤੇ ਪ੍ਰਸੰਨ ਨਹੀਂ ਹੁੰਦਾ। ਬ੍ਰਾਹਮਣ ਦਾ ਕੰਮ ਪੂਜਾ ਪਾਠ ਕਰਨਾ ਹੈ। ਜੱਟ ਦਾ ਕੰਮ ਅੰਨ ਪੈਦਾ ਕਰਨਾ ਹੈ। ਤੁਸੀ ਲੋਕ ਹਲ ਵਾਹੁੰਦੇ ਤੇ ਕਹੀ ਰੰਬੇ ਨਾਲ ਗੋਡੀਆਂ ਕਰਦੇ ਹੀ ਚੰਗੇ ਹੋ। ਪੰਡਤ ਨੇ ਬਹੁਤ ਸਮਝਾਇਆ ਪਰ ਧੰਨਾ ਆਪਣੀ ਜਿਦ ਤੇ ਅੜ ਗਿਆ। ਪੰਡਤ ਨੇ ਸੋਚਿਆ ਕਿ ਕਿਤੇ ਗੁੱਸੇ ਵਿੱਚ ਮੌਰਾਂ ਨਾ ਸੇਕ ਦੇਵੇ ਉਸ ਨੇ ਮੰਦਰ ਵਿੱਚ ਪਿਆ ਸਾਲ ਗਰਾਮ ਪੱਥਰ ਧੰਨੇ ਨੂੰ ਦੇ ਦਿੱਤਾ ਤੇ ਪੂਜਾ ਕਰਨੀ ਦੱਸ ਦਿੱਤੀ। ਚਾਦਰ ਵਿੱਚ ਲਪੇਟ ਕੇ ਧੰਨਾ ਠਾਕੁਰ ਨੂੰ ਘਰ ਲੈ ਗਿਆ। ਤਰਖਾਣ ਕੋਲੋ ਲੱਕੜ ਦੀ ਚੌਂਕੀ ਬਣਾਈ ਤੇ ਠਾਕੁਰ ਨੂੰ ਉਸ ਉੱਪਰ ਰੱਖ ਦਿੱਤਾ। ਧੰਨਾ ਸਾਰੀ ਰਾਤ ਸੋਚਦਾ ਰਿਹਾ ਕਿ ਉਹ ਠਾਕੁਰ ਨੂੰ ਪ੍ਰਸੰਨ ਕਰੇਗਾ ਅਤੇ ਕੀ ਮੰਗੇਗਾ। ਘਰ ਵਿੱਚ ਲੋੜਾਂ ਜਿਆਦਾ ਹਨ ਤੇ ਪਹਿਲਾ ਕੀ ਮੰਗੇਗਾ। ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਕਰਾਇਆ। ਕੁੱਝ ਚਿਰ ਭਗਤੀ ਭਾਵ ਨਾਲ ਠਾਕੁਰ ਅੱਗੇ ਬੈਠਾ ਅਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਤੇ ਬੇਨਤੀ ਕੀ ਠਾਕੁਰ ਜੀ ਭੋਜਨ ਛਕੋ। ਧੰਨੇ ਨੇ ਵੇਖਿਆ ਕਿ ਵਾਰ ਵਾਰ ਮਿਨਤਾ ਕਰਨ ਤੇ ਵੀ ਠਾਕੁਰ ਨੇ ਪ੍ਰਸ਼ਾਦਾ ਨਹੀਂ ਛਕਿਆ। ਧੰਨੈ ਨੇ ਕਿਹਾ ਕਿ ਜੇਕਰ ਆਪ ਨਹੀਂ ਛਕੋਗੇ ਤਂ ਮੈ ਵੀ ਅੱਜ ਕੁੱਝ ਨਹੀਂ ਛਕਾਂਗਾ, ਭੁੱਖਾ ਹੀ ਮਰ ਜਾਵਾਂਗਾ। ਈਸਵਰ ਨੇ ਸੋਚਿਆ ਕਿ ਧੰਨੇ ਦੀ ਆਤਮਾ ਨਿਰਮਲ ਹੈ ਉਹ ਵਲ ਛਲ ਨਹੀਂ ਜਾਣਦਾ ਇਸਦਾ ਪੱਕਾ ਭਰੋਸਾ ਬਣ ਗਿਆ ਹੈ ਕਿ ਠਾਕੁਰ ਭੋਜਨ ਛਕਦੇ ਹਨ, ਇਸ ਲਈ ਹੁਣ ਪੱਥਰ ਵਿੱਚੋਂ ਪ੍ਰਗਟ ਹੋਣਾ ਪਵੇਗਾ। ਇਹ ਸੱਚਾ ਭਗਤ ਹੈ ਇਸ ਦੀ ਲੱਸੀ ਪੀਣੀ ਹੀ ਪਵੇਗੀ। ਜੇ ਪੱਥਰ ਅੱਗੇ ਜੱਟ ਮਰ ਗਿਆ ਤਾਂ ਸੰਸਾਰ ਮੇਰੀ ਭਗਤੀ ਛੱਡ ਦੇਵੇਗਾ। ਧੰਨਾ ਠਾਕੁਰ ਉਪਰ ਅੱਖਾਂ ਜਮਾ ਕੇ ਬੈਠਾ ਰਿਹਾ। ਕਾਫੀ ਸਮਾਂ ਬੀਤ ਜਾਣ ਮਗਰੋ ਧੰਨਾ ਦੇਖਦਾ ਹੈ ਕਿ ਅਚਾਨ ਸ੍ਰੀ ਕ੍ਰਿਸ਼ਨ ਰੂਪ ਭਗਵਾਨ ਉਸ ਦੀ ਰੋਟੀ ਮੱਖਣ ਨਾਲ ਖਾ ਰਹੇ ਹਨ ਤੇ ਲੱਸੀ ਪੀ ਰਹੇ ਹਨ। ਧੰਨਾ ਖੁਸ਼ੀ ਨਾਲ ਉਛਲ ਪਿਆ। ਭਗਵਾਨ ਨੇ ਰੋਟੀ ਤੇ ਮੱਖਣ ਖਾ ਲਿਆ ਤੇ ਥੋੜਾ-ਥੋੜਾ ਸੀਤ ਪ੍ਰਸ਼ਾਦ ਰਹਿਣ ਦਿੱਤਾ। ਰੋਟੀ ਖਾ ਕੇ ਭਗਵਾਲ ਜੀ ਬੋਲੇ ਧੰਨਿਆ ਕੁੱਝ ਮੰਗ ਮੈਂ ਤੇਰੇ ਤੇ ਪ੍ਰਸੰਨ ਹਾਂ। ਧੰਨੇ ਨੇ ਹੱਥ ਜੋੜ ਕੇ ਬੇਨਤੀ ਕੀਤੀ:-
ਗੋਪਾਲ ਤੇਰਾ ਆਰਤਾ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥੧॥ ਰਹਾਉ॥
ਦਾਲਿ ਸੀਧਾ ਮਾਗਉ ਘੀਉ॥ ਹਮਰਾ ਖੁਸੀ ਕਰੈ ਨਿਤ ਜੀਉ॥
ਪਨੀ੍ਆ ਛਾਦਨੁ ਨੀਕਾ॥ ਅਨਾਜੁ ਮਾਗਉ ਸਤ ਸੀ ਕਾ॥੧॥
ਗਊ ਭੇਸ ਮਗਉ ਲਾਵੇਰੀ॥ ਇੱਕ ਤਾਜਨਿ ਤੁਰੀ ਚੰਗੇਰੀ॥
ਘਰ ਕੀ ਗੀਹਨਿ ਚੰਗੀ॥ ਜਨੁ ਧੰਨਾ ਲੇਵੈ ਮੰਗੀ॥੨॥੪॥ (ਧਨਾਸਰੀ)
ਭਗਤ ਧੰਨਾ ਜੀ ਨੇ ਆਪਣੀ ਬਾਣੀ ਵਿੱਚ ਆਪ ਹੀ ਸਪਸ਼ਟ ਕੀਤਾ ਹੈ ਕਿ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਈ। ਪਰੰਤੂ, ਜਿਵੇਂ ਅਸੀਂ ਗੁਰੂ ਸਾਹਿਬਾਨ ਦੀਆਂ ਵੀ ਬਹੁਤ ਸਾਰੀਆਂ ਗੱਲਾਂ, ਜੋ ਗੁਰੂ ਗਰੰਥ ਸਾਹਿਬ ਵਿੱਚ ਦਰਜ ਹਨ, ਉਹਨਾਂ `ਚ ਵਿਸ਼ਵਾਸ ਕਰਨ ਦੀ ਬਜਾਇ ਦੂਜਿਆਂ ਦੀਆ ਆਖੀਆਂ ਅਥਵਾ ਲਿੱਖੀਆਂ ਗੱਲਾਂ `ਤੇ ਵਧੇਰੇ ਵਿਸ਼ਵਾਸ ਕਰੀ ਬੈਠੇ ਹਾਂ, ਉਸੇ ਤਰ੍ਹਾਂ ਭਗਤ ਧੰਨਾ ਜੀ ਨੇ ਇਸ ਪ੍ਰਸ਼ਨ ਦੇ ਉੱਤਰ ਵਿੱਚ ਜੋ ਆਖਿਆ ਹੈ, ਅਸੀਂ ਉਸ ਨੂੰ ਮੰਣਨ ਦੀ ਬਜਾਇ, ਦੂਜਿਆਂ ਦੀਆਂ ਲਿਖਤਾਂ ਨੂੰ ਵਧੇਰੇ ਪ੍ਰਮਾਣੀਕ ਮੰਨ ਕੇ ਇਹ ਸਵੀਕਾਰ ਕਰ ਲਿਆ ਕਿ ਭਗਤ ਧੰਨਾ ਜੀ ਨੇ ਪੱਥਰ ਵਿਚੋਂ ਪ੍ਰਮਾਤਮਤਾ ਪਾਇਆ ਸੀ। ਇਸ ਦਾ ਹੀ ਇਹ ਸਿੱਟਾ ਹੈ ਕਿ ਇਹ ਆਮ ਹੀ ਆਖਿਆ ਜਾਂਦਾ ਹੈ ਕਿ, ਜੀ ਜੇਕਰ ਸੱਚੀ ਸ਼ਰਧਾ ਹੋਵੇ ਤਾਂ ਭਗਤ ਧੰਨੇ ਵਾਂਗੂੰ ਪੱਥਰ ਵਿਚੋਂ ਵੀ ਪਰਮਾਤਮਾ ਪਾ ਸਕੀਦਾ ਹੈ। ਅਸੀਂ ਅਜਿਹਾ ਆਖਣ ਲਗਿਆਂ ਗੁਰੂ ਗਰੰਥ ਸਾਹਿਬ ਦੀ ਇਸ ਸਿੱਖਿਆ ਨੂੰ ਭੁੱਲ ਜਾਂਦੇ ਹਾਂ, ਜਿਸ ਅਨੁਸਾਰ ਅਗਿਆਨ ਭਰਪੂਰ ਸ਼ਰਧਾ (ਵਿਸ਼ਵਾਸ, ਨਿਸ਼ਚਾ, ਪਰਤੀਤ) ਨੂੰ ਕਿਸੇ ਵੀ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਭਾਈ ਕਾਨ੍ਹ ਸਿੰਘ ਨਾਭਾ ਹੁਰੀਂ ਗੁਰਮਤਿ ਦੇ ਇਸ ਸਿਧਾਂਤ ਦੇ ਸਬੰਧ ਵਿੱਚ ਲਿੱਖਦੇ ਹਨ, “ਰੇਤ ਵਿੱਚ ਖੰਡ ਦਾ ਵਿਸ਼ਵਾਸ, ਸੂਰਜ ਦੀ ਕਿਰਨ ਨਾਲ ਚਮਕਦੇ ਮਾਰੂਥਲ ਦੀ ਤ੍ਰਿਸ਼ਨਾ ਜਲ ਤੋਂ ਪਿਆਸ ਮਿਟਣ ਦਾ ਵਿਸ਼ਵਾਸ, ਕਿਸੇ ਮੰਤ੍ਰ ਜੰਤ੍ਰ ਤੋਂ ਰੋਗ ਦੀ ਨਿਵ੍ਰਿਤੀ ਅਤੇ ਸੰਤਾਨ ਧਨ ਆਦਿ ਦੀ ਪ੍ਰਾਪਤੀ ਦਾ ਨਿਸ਼ਚਾ ਮਿਥਯਾ ਵਿਸ਼ਵਾਸ ਹਨ ਜਿਨ੍ਹਾਂ ਤੋਂ ਕਲੇਸ਼ ਅਤੇ ਪਛਤਾਵੇ ਤੋਂ ਛੁਟ ਹੋਰ ਕੋਈ ਫਲ ਨਹੀਂ।” ਭਾਈ ਸਾਹਿਬ ਫਿਰ ਸੱਚੀ ਸ਼ਰਧਾ ਦੀ ਚਰਚਾ ਕਰਦਿਆਂ ਲਿੱਖਦੇ ਹਨ, “ਖੰਡ ਵਿੱਚ ਖੰਡ ਦਾ ਵਿਸ਼ਵਾਸ, ਖੂਹ ਨਦ (ਦਰਿਆ) ਸਰੋਵਰ ਤੋਂ ਪਿਆਸ ਬੁਝਣ ਦਾ ਵਿਸ਼ਵਾਸ, ਔਖਧ ਤੋਂ ਰੋਗ ਦੂਰ ਹੋਣ ਦਾ ਵਿਸ਼ਵਾਸ ਅਤੇ ਬੁਧਿ ਵਿਦਯਾ ਬਲ ਨਾਲ ਧਨ ਪ੍ਰਾਪਤੀ ਦਾ ਵਿਸ਼ਵਾਸ, ਸਤਯ ਵਿਸ਼ਵਾਸ ਹਨ।” (ਗੁਰੁਮਮਤ ਮਾਰਤੰਡ)। ਸੋ, ਇਹ ਧਾਰਣਾ ਗੁਰਮਤਿ ਅਨੁਕੂਲ ਨਹੀਂ ਕਿ ਕੇਵਲ ਸ਼ਰਧਾ ਹੋਣੀ ਚਾਹੀਦੀ ਹੈ; ਸ਼ਰਧਾ ਦਾ ਕੇਵਲ ਯਥਾਰਥ ਰੂਪ ਹੀ ਪ੍ਰਵਾਨ ਹੈ। ਖ਼ੈਰ, ਇਸ ਸਮੇਂ ਅਸੀਂ ਭਗਤ ਧੰਨਾ ਜੀ ਦੇ ਬਾਰੇ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਪ੍ਰਮਾਤਮਾ ਕਿਸ ਤਰ੍ਹਾਂ ਪਾਇਆ, ਇਸ ਲਈ ਸ਼ਰਧਾ ਬਾਰੇ ਹੋਰ ਕੁਛ ਲਿੱਖਣ ਤੋਂ ਸੰਕੋਚ ਕਰਦੇ ਹੋਏ ਅਸਲ ਪ੍ਰਸ਼ਨ ਵਲ ਆਉਂਦੇ ਹਾਂ। ਭਗਤ ਜੀ ਬਾਰੇ ਪ੍ਰਚਲਤ ਕਹਾਣੀ ਜਿਸ ਅਨੁਸਾਰ ਆਪ ਜੀ ਨੇ ਰੱਬ ਨੂੰ ਪਰੇਮਾ ਭਗਤੀ ਰਾਹੀਂ ਨਹੀਂ ਬਲਕਿ ਪੱਥਰ ਵਿਚੋਂ ਲੱਭਾ ਹੈ, ਦਾ ਜ਼ਿਕਰ ਕਰਨ ਤੋਂ ਸੰਕੋਚ ਕਰਦੇ ਹੋਏ ਕੇਵਲ ਭਗਤ ਜੀ ਨੇ ਇਸ ਬਾਰੇ ਜੋ ਆਪ ਆਖਿਆ ਹੈ, ਉਸ ਦਾ ਹੀ ਜ਼ਿਕਰ ਕਰ ਰਹੇ ਹਾਂ। ਭਗਤ ਜੀ ਰਾਗ ਆਸਾ ਵਿਚਲੇ ਆਪਣੇ ਪਹਿਲੇ ਸ਼ਬਦ ਵਿੱਚ ਹੀ ਇਸ ਗੱਲ ਦਾ ਖ਼ੁਲਾਸਾ ਕਰਦੇ ਹਨ ਕਿ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋਈ।[2]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads