ਮਨਪ੍ਰੀਤ ਅਖ਼ਤਰ
ਪੰਜਾਬੀ ਲੋਕ ਗਾਇਕਾ From Wikipedia, the free encyclopedia
Remove ads
ਮਨਪ੍ਰੀਤ ਅਖ਼ਤਰ (24 ਜਨਵਰੀ 1965-17 ਜਨਵਰੀ 2016)[1] ਇੱਕ ਪੰਜਾਬੀ ਗਾਇਕਾ ਸੀ। ਉਹ ਪੰਜਾਬੀ ਗਾਇਕ ਦਿਲਸ਼ਾਦ ਅਖਤਰ ਦੀ ਭੈਣ ਅਤੇ ਨਵੀਦ ਅਖਤਰ ਦੀ ਮਾਂ ਹੈ। ਪੰਜਾਬੀ ਗੀਤਾਂ ਦੇ ਨਾਲ-ਨਾਲ ਮਨਪ੍ਰੀਤ ਨੇ ਹਿੰਦੀ ਫ਼ਿਲਮ 'ਕੁਛ-ਕੁਛ ਹੋਤਾ ਹੈ' ਵਿੱਚ ਵੀ 'ਤੁਝੇ ਯਾਦ ਨਾ ਮੇਰੀ ਆਈ' ਵਰਗਾ ਯਾਦਗਾਰ ਗੀਤ ਗਾਇਆ ਹੈ।
ਜਨਮ ਤੇ ਸਿਖਿਆ
ਮਨਪ੍ਰੀਤ ਅਖ਼ਤਰ ਜਨਮ 24 ਜਨਵਰੀ 1965 ਵਿੱਚ ਮੁਕਤਸਰ ਵਿਖੇ ਉਸਤਾਦ ਕੀੜੇ ਖਾਂ ਸ਼ੌਕੀਨ ਅਤੇ ਨਸੀਬ ਬੀਬੀ ਦੇ ਘਰ ਹੋਇਆ। ਮਨਪ੍ਰੀਤ ਹੋਰੀਂ ਚਾਰ ਭੈਣ-ਭਰਾ ਹਨ, ਸਭ ਤੋਂ ਵੱਡੀ ਭੈਣ ਵੀਰਪਾਲ, ਉਸ ਤੋਂ ਛੋਟਾ ਭਰਾ ਗੁਰਾਂਦਿੱਤਾ ਤੇ ਤੀਸਰੇ ਨੰਬਰ ’ਤੇ ਮਨਪ੍ਰੀਤ ਤੇ ਸਭ ਤੋਂ ਛੋਟਾ ਉਨ੍ਹਾਂ ਦਾ ਭਰਾ ਮਸ਼ਹੂਰ ਗਾਇਕ ਦਿਲਸ਼ਾਦ ਅਖ਼ਤਰ। ਮਨਪ੍ਰੀਤ ਦੇ ਪਿਤਾ ਉਸਤਾਦ ਕੀੜੇ ਖਾਂ ਸ਼ੌਕੀਨ ਦਾ ਪੰਜਾਬੀ ਲੋਕ ਗਾਇਕੀ ਵਿੱਚ ਬਹੁਤ ਵੱਡਾ ਨਾਂ ਸੀ ਜੋ ਲੋਕ ਗਾਇਕੀ ਦੇ ਨਾਲ ਨਾਲ ਕਲਾਸੀਕਲ ਗਾਇਕੀ ਵਿੱਚ ਵੀ ਉੱਚਾ ਮੁਕਾਮ ਰੱਖਦਾ ਸੀ। ਉਸ ਦੀ 20ਵੀਂ ਸਦੀ ਦੇ ਪਿਛਲੇ ਅੱਧ ਵਿੱਚ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਮਕਬੂਲੀਅਤ ਸਿਖਰਾਂ ’ਤੇ ਸੀ। ਪਰੰਪਰਿਕ ਢੱਡ ਸਾਰੰਗੀ ਨਾਲ ਆਪਣੀ ਗਾਇਕੀ ਨੂੰ ਸ਼ੁਰੂ ਕਰਨ ਵਾਲੇ ਉਸਤਾਦ ਕੀੜੇ ਖਾਂ ਨੇ ਸਟੇਜੀ ਗਾਇਕੀ, ਦੋਗਾਣੇ ਅਤੇ ਸੋਲੋ ਵੀ ਗਾਇਆ ਅਤੇ ਅਖੀਰ ਧਾਰਮਿਕ ਗਾਇਕੀ ਨੂੰ ਅਪਣਾ ਲਿਆ। ਸੋ ਘਰ ਵਿੱਚ ਸੰਗੀਤਕ ਮਾਹੌਲ ਹੋਣ ਕਾਰਨ ਮਨਪ੍ਰੀਤ ਅਖ਼ਤਰ ਬਚਪਨ ਤੋਂ ਹੀ ਸੰਗੀਤ ਪ੍ਰਤੀ ਲਗਾਅ ਰੱਖਣ ਲੱਗੀ। ਅਜੇ ਉਸ ਦੀ ਉਮਰ ਦੋ- ਤਿੰਨ ਸਾਲ ਹੀ ਸੀ ਜਦੋਂ ਉਹ ਘਰ ਵਿੱਚ ਆਪਣੇ ਪਿਤਾ ਜੀ ਨੂੰ ਰਿਆਜ਼ ਕਰਦਿਆਂ ਸੁਣਦੀ ਤੇ ਫਿਰ ਉਨ੍ਹਾਂ ਵੱਲੋਂ ਗਾਏ ਜਾਂਦੇ ਗੀਤਾਂ ਤੇ ਬੰਦਸ਼ਾਂ ਨੂੰ ਦੁਹਰਾਉਂਦੀ। ਇਸ ਤਰ੍ਹਾਂ ਬਚਪਨ ਵਿੱਚ ਹੀ ਉਸ ਨੇ ਆਪਣੇ ਪਿਤਾ ਤੋਂ ਸੁਰ ਦਾ ਗਿਆਨ ਹਾਸਲ ਕਰਨਾ ਸ਼ੁਰੂ ਕਰ ਦਿੱਤਾ ਸੀ। ਸੰਗੀਤ ਦੇ ਨਾਲ ਨਾਲ ਮਨਪ੍ਰੀਤ ਦੀ ਰੁਚੀ ਖੇਡਾਂ ਵਿੱਚ ਵੀ ਰਹੀ। ਉਹ ਵਾਲੀਵਾਲ, ਅਥਲੈਟਿਕਸ ਅਤੇ ਕਬੱਡੀ ਦੀ ਵਧੀਆ ਖਿਡਾਰਨ ਸੀ ਅਤੇ ਕਬੱਡੀ ਟੀਮ ਦੀ ਤਾਂ ਉਹ ਕਪਤਾਨ ਵੀ ਰਹੀ। ਉਸ ਨੇ ਕਲਾਸੀਕਲ ਸੰਗੀਤ ਦੀ ਤਾਲੀਮ ਸਰਕਾਰੀ ਬਰਜਿੰਦਰਾ ਕਾਲਜ ਦੇ ਪ੍ਰੋਫੈਸਰ ਪੰਡਿਤ ਕ੍ਰਿਸ਼ਨ ਕਾਂਤ ਸ਼ਰਮਾ ਤੋਂ ਹਾਸਲ ਕੀਤੀ ਜੋ ਦਿਲਸ਼ਾਦ ਅਖ਼ਤਰ ਦੇ ਵੀ ਸੰਗੀਤਕ ਉਸਤਾਦ ਸਨ। ਦਸਵੀਂ ਕਰਨ ਤੋਂ ਬਾਅਦ ਮਨਪ੍ਰੀਤ ਦਾ ਪਰਿਵਾਰ ਕੋਟਕਪੂਰੇ ਆ ਵੱਸਿਆ ਜਿੱਥੇ ਉਸ ਨੇ ਗਾਂਧੀ ਮੈਮੋਰੀਅਲ ਕਾਲਜ ਫਾਰ ਵਿਮੈੱਨ ਤੋਂ ਬੀ.ਏ. ਦੀ ਡਿਗਰੀ ਹਾਸਲ ਕੀਤੀ। ਬੀ.ਏ. ਕਰਦਿਆਂ ਉਸ ਨੇ ਇੰਟਰ ਕਾਲਜ ਯੂਥ ਫੈਸਟੀਵਲਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਿੱਥੇ ਗੀਤ ਮੁਕਾਬਲਿਆਂ ਵਿੱਚ ਉਸ ਨੇ ਗੋਲਡ ਮੈਡਲ ਜਿੱਤਿਆ[2]। ਮਨਪ੍ਰੀਤ ਪੰਜਾਬੀ ਸੰਗੀਤ ਜਗਤ ਦੀ ਪਹਿਲੀ ਅਜਿਹੀ ਗਾਇਕਾ ਸੀ ਜੋ ਵਿਰਸੇ ਵਿੱਚ ਮਿਲੀ ਲੋਕ ਗਾਇਕੀ ਦੀ ਤਾਲੀਮ ਤਾਂ ਰੱਖਦੀ ਹੀ ਸੀ, ਪਰ ਨਾਲ ਹੀ ਉਸ ਨੇ ਸੰਗੀਤ ਵਿੱਚ ਉੱਚ ਵਿੱਦਿਅਕ ਯੋਗਤਾ ਵੀ ਪ੍ਰਾਪਤ ਕੀਤੀ ਤੇ ਬਤੌਰ ਸੰਗੀਤ ਲੈਕਚਰਾਰ ਦੇ ਤੌਰ ’ਤੇ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਨਿਰੰਤਰ ਸੇਵਾਵਾਂ ਦਿੱਤੀਆਂ[3]।
Remove ads
ਗਾਇਕੀ ਦੇ ਪਿੜ ਵਿੱਚ
ਬੇਸ਼ੱਕ ਉਹ ਅਜਿਹੇ ਪਰਿਵਾਰ ਨਾਲ ਸਬੰਧ ਰੱਖਦੀ ਸੀ ਜਿਨ੍ਹਾਂ ਦਾ ਸੰਗੀਤ ਦੇ ਖੇਤਰ ਵਿੱਚ ਉੱਚਾ ਨਾਮ ਤੇ ਰੁਤਬਾ ਸੀ, ਪਰ ਸੰਗੀਤਕ ਘਰਾਣਾ ਹੋਣ ਦੇ ਬਾਵਜੂਦ ਮਨਪ੍ਰੀਤ ਦੇ ਖ਼ਾਨਦਾਨ ਵਿੱਚ ਕੁੜੀਆਂ ਦਾ ਗਾਉਣਾ ਤੇ ਉਸ ਨੂੰ ਇੱਕ ਕਿੱਤੇ ਵਜੋਂ ਅਪਣਾਉਣਾ ਪਸੰਦ ਨਹੀਂ ਕੀਤਾ ਜਾਂਦਾ ਸੀ ਜਿਸ ਕਰਕੇ ਗਾਇਕੀ ਵਿੱਚ ਮੁਹਾਰਤ ਹਾਸਲ ਕਰਨ ਦੇ ਬਾਵਜੂਦ ਉਸ ਨੇ ਸੰਗੀਤ ਦੀ ਦੁਨੀਆ ਵਿੱਚ ਕਦਮ ਰੱਖਣਾ ਮੁਨਾਸਿਬ ਨਾ ਸਮਝਿਆ, ਪਰ ਜਦੋਂ ਉਸ ਦਾ ਵਿਆਹ ਪਿੰਡ ਕੱਦੋਂ ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਸੰਜੀਵ ਕੁਮਾਰ ਨਾਲ ਹੋਇਆ ਤਾਂ ਸਹੁਰੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਮਨਪ੍ਰੀਤ ਦੇ ਪਤੀ ਨੇ ਉਸ ਨੂੰ ਗਾਇਕੀ ਦੇ ਖੇਤਰ ਵਿੱਚ ਕਦਮ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਨਾਲ ਹੀ ਉਸ ਨੂੰ ਸੰਗੀਤ ਵਿੱਚ ਅੱਗੇ ਵਧਣ ਤੇ ਹੋਰ ਬਿਹਤਰ ਕਰਨ ਲਈ ਹਮੇਸ਼ਾਂ ਹੌਸਲਾ ਅਫ਼ਜ਼ਾਈ ਕੀਤੀ।
ਉਸ ਨੇ ਲੋਕ ਗਾਇਕੀ ਦੇ ਨਾਲ ਨਾਲ ਏਕਲ ਗਾਇਕੀ[4] ਅਤੇ ਦੋਗਾਣਾ ਗਾਇਕੀ ਦੋਹਾਂ ਨੂੰ ਬਰਾਬਰ ਦੀ ਤਰਜੀਹ ਦਿੱਤੀ। ਆਪਣੀ ਗਾਇਕੀ ਦੇ ਸਫ਼ਰ ਦੌਰਾਨ ਉਸ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਅਨੇਕਾਂ ਸੱਭਿਆਚਾਰਕ ਪ੍ਰੋਗਰਾਮਾਂ, ਮੇਲਿਆਂ, ਟੈਲੀਵਿਜ਼ਨ ਦੇ ਗੀਤ ਸੰਗੀਤ ਦੇ ਪ੍ਰੋਗਰਾਮਾਂ ਵਿੱਚ ਗਾਇਆ। ਉਹ ਗੀਤ ਗਾ ਤਾਂ ਰਹੀ ਸੀ, ਪਰ ਪਰਦੇ ਦੇ ਪਿੱਛੇ ਰਹਿ ਕੇ ਪਿੱਠਵਰਤੀ ਗਾਇਕਾ ਦੇ ਤੌਰ ’ਤੇ ਹੀ ਉਸ ਨੂੰ ਗੀਤ ਗਾਉਣਾ ਪਸੰਦ ਸੀ। ਇਸੇ ਸਮੇਂ ਦੌਰਾਨ ਉਸ ਨੇ ਸ਼ੌਕੀਆ ਹੀ ਇੱਕ ਟੇਪ ਰਿਕਾਰਡ ਕਰਵਾਈ ਜਿਸ ਦਾ ਟਾਈਟਲ ਸੀ ‘ਤੁਰ ਪ੍ਰਦੇਸ ਗਿਓਂ’। ਸਟਾਰ ਪਲੱਸ ਟੈਲੀਵਿਜ਼ਨ, ਲਤਾ ਮੰਗੇਸ਼ਕਰ ਅਤੇ ਯਸ਼ ਚੋਪੜਾ ਦੀ ਕੰਪਨੀ ਮੈਟਾਵਿਜ਼ਨ ਦੀ ਸਾਂਝੀ ਪੇਸ਼ਕਸ਼ ਇਸ ਰਿਐਲਟੀ ਸ਼ੌਅ ਦਾ ਪਹਿਲਾ ਐਪੀਸੋਡ 1996 ਵਿੱਚ ਟੈਲੀਕਾਸਟ ਹੋਇਆ ਸੀ ਤੇ ਜਿਸ ਨੂੰ ਮਸ਼ਹੂਰ ਗਾਇਕਾ ਸੁਨਿਧੀ ਚੌਹਾਨ ਨੇ ਜਿੱਤਿਆ ਸੀ। ਮੈਗਾ ਫਾਈਨਲ ਤੱਕ ਇਸ ਸ਼ੋਅ ਵਿੱਚ ਪਹੁੰਚਣ ਵਾਲੀ ਮਨਪ੍ਰੀਤ ਦੀ ਆਵਾਜ਼ ਅਤੇ ਗਾਇਕੀ ਨੂੰ ਸੰਗੀਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸੁਣਿਆ ਜਿਨ੍ਹਾਂ ਵਿੱਚੋਂ ਲਤਾ ਮੰਗੇਸ਼ਕਰ, ਹਰੀਹਰਨ ਅਤੇ ਪ੍ਰਵੀਨ ਸੁਲਤਾਨਾ ਪ੍ਰਮੁੱਖ ਸਨ। ਇਸੇ ਪ੍ਰੋਗਰਾਮ ਦੀ ਬਦੌਲਤ ਬਾਅਦ ਵਿੱਚ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਰਾਹੀਂ ਮਨਪ੍ਰੀਤ ਨੂੰ ਕਰਨ ਜੌਹਰ ਦੀ ਲਿਖੀ ਅਤੇ ਨਿਰਦੇਸ਼ਿਤ ਕੀਤੀ ਪਹਿਲੀ ਹਿੰਦੀ ਫਿਲਮ ‘ਕੁਛ ਕੁਛ ਹੋਤਾ ਹੈ’ ਵਿੱਚ ਗੀਤ ਗਾਉਣ ਦਾ ਮੌਕਾ ਮਿਲਿਆ।
ਬੌਲੀਵੁੱਡ ਤੋਂ ਇਲਾਵਾ ਮਨਪ੍ਰੀਤ ਦੀ ਆਵਾਜ਼ ਪੌਲੀਵੁੱਡ ਵਿੱਚ ਵੀ ਗੂੰਜੀ। ਨਵੰਬਰ 2002 ਨੂੰ ਰਿਲੀਜ਼ ਹੋਈ ਫਿਲਮ ‘ਜੀ ਆਇਆ ਨੂੰ’ ਵਿੱਚ ਮਨਪ੍ਰੀਤ ਦਾ ਗਾਇਆ ਸੁਪਰਹਿੱਟ ਗੀਤ ‘ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ, ਸੰਮੀ ਮੇਰੀ ਵਾਰ’ ਅਜਿਹਾ ਗੀਤ ਹੈ ਜਿਸ ਨੂੰ ਅੱਜ ਵੀ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ, ਸਕੂਲਾਂ ਤੇ ਕਾਲਜਾਂ ਦੇ ਸਾਲਾਨਾ ਪ੍ਰੋਗਰਾਮਾਂ ਵਿੱਚ ਪੂਰੀ ਸ਼ਾਨ ਨਾਲ ਵਜਾਇਆ ਜਾਂਦਾ ਹੈ। ਇਸ ਗੀਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਜਿਨ੍ਹਾਂ ਵਿੱਚ 1997 ਵਿੱਚ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ ‘ਟਰੱਕ ਡਰਾਈਵਰ’, ‘ਸਿਕੰਦਰਾ’, 2005 ਵਿੱਚ ਰਿਲੀਜ਼ ਹੋਈ ਗੁੱਗੂ ਗਿੱਲ, ਯੋਗਰਾਜ ਸਿੰਘ ਦੀ ਪੰਜਾਬੀ ਫਿਲਮ ‘ਬਦਲਾ ਦਿ ਰਿਵੈਂਜ’ ਅਤੇ 2013 ਵਿੱਚ ਰਿਲੀਜ਼ ਹੋਈ ਸਰਬਜੀਤ ਚੀਮਾ, ਬੀਨੂੰ ਢਿੱਲੋਂ ਅਭਿਨੀਤ ਪੰਜਾਬੀ ਫਿਲਮ ‘ਪੰਜਾਬ ਬੋਲਦਾ’ ਪ੍ਰਮੁੱਖ ਹਨ, ਵਿੱਚ ਮਨਪ੍ਰੀਤ ਨੇ ਪਿੱਠਵਰਤੀ ਗਾਇਕਾ ਵਜੋਂ ਗੀਤ ਗਾਏ। ਸਤੰਬਰ 2013 ਵਿੱਚ ਰਿਲੀਜ਼ ਹੋਈ ਹਰਭਜਨ ਮਾਨ ਦੀ ਫਿਲਮ ‘ਹਾਣੀ’ ਦੇ ਸੁਪਰਹਿੱਟ ਗੀਤ ‘ਜਾਗੋ[5]’ ਵਿੱਚ ਵੀ ਮਨਪ੍ਰੀਤ ਨੇ ਪਿੱਠਵਰਤੀ ਗਾਇਕਾ ਵਜੋਂ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ। ਆਪਣੀ ਗਾਇਕੀ ਦੇ ਸਫ਼ਰ ਦੌਰਾਨ ਜਿੱਥੇ ਉਸ ਨੇ ਪੰਜਾਬੀ ਲੋਕ ਗੀਤ ਆਪਣੇ ਖ਼ਾਸ ਅੰਦਾਜ਼ ਵਿੱਚ ਗਾਏ, ਉੱਥੇ ਅਜਿਹੇ ਗੀਤ ਵੀ ਗਾਏ ਜਿਨ੍ਹਾਂ ਵਿੱਚ ਉਸ ਦੀ ਆਵਾਜ਼ ਵਿਚਲਾ ਦਰਦ ਉਸ ਗੀਤ ਨੂੰ ਸੁਣਨ ਵਾਲੇ ਦੀ ਰੂਹ ਤੱਕ ਨੂੰ ਝੰਜੋੜ ਜਾਂਦਾ ਸੀ।
Remove ads
ਮੌਤ
17 ਜਨਵਰੀ 2016 ਦੀ ਸਵੇਰ ਨੂੰ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ। ਮਨਪ੍ਰੀਤ ਨੇ ਆਪਣੀ ਸੰਗੀਤ ਦੀ ਅਮੁੱਲੀ ਵਿਰਾਸਤ ਆਪਣੇ ਦੋਵੇਂ ਬੇਟਿਆਂ ਨਾਵੀਦ ਅਖ਼ਤਰ ਅਤੇ ਲਵਜੀਤ ਅਖ਼ਤਰ ਨੂੰ ਦਿੱਤੀ।
ਮਸ਼ਹੂਰ ਗੀਤ
- ਨਿਕੜੀ ਸੂਈ (ਲੋਕਗੀਤ)
- ਬੇਰੀਏ ਨੀਂ ਤੈਨੂੰ ਬੇਰ ਲੱਗਣਗੇ
- ਬਸ ਇੱਕ ਗੇੜਾ ਗਿੱਧੇ ਵਿਚ
- ਤੈਨੂੰ ਸੁੱਤਿਆ ਖ਼ਬਰ ਨਾ ਕਾਈ
- ਆਖੇ ਲੱਗ ਜਾ ਮੰਨ ਲੈ ਮਿੱਤਰਾਂ ਦੇ ਕਹਿਣੇ
ਫ਼ਿਲਮੀ ਗੀਤ
- ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ(ਫ਼ਿਲਮ-ਜੀ ਆਇਆਂ ਨੂੰ)
- ਤੁਮ ਗਏ ਗਮ ਨਹੀਂ (ਫ਼ਿਲਮ-ਜ਼ਿੰਦਗੀ ਖੂਬਸੂਰਤ ਹੈ),
- ਤੇਰੀ ਮੇਰੀ ਜੋੜੀ (ਪੰਜਾਬ ਬੋਲਦਾ)
- ਜਾਗੋ (ਫ਼ਿਲਮ-ਹਾਣੀ)
- ਤੁਝੇ ਯਾਦ ਨਾ ਮੇਰੀ ਆਈ (ਫ਼ਿਲਮ ਕੁਛ-ਕੁਛ ਹੋਤਾ ਹੈ)
ਹਵਾਲੇ
Wikiwand - on
Seamless Wikipedia browsing. On steroids.
Remove ads