ਸ਼ਿਵਰਾਮ ਰਾਜਗੁਰੂ

ਭਾਰਤੀ ਕ੍ਰਾਂਤੀਕਾਰੀ From Wikipedia, the free encyclopedia

ਸ਼ਿਵਰਾਮ ਰਾਜਗੁਰੂ
Remove ads

ਸ਼ਿਵਰਾਮ ਹਰੀ ਰਾਜਗੁਰੂ (ਮਰਾਠੀ: शिवराम हरी राजगुरू, 24 ਅਗਸਤ 1908 – 23 ਮਾਰਚ 1931) ਮਹਾਰਾਸ਼ਟਰ ਤੋਂ ਇੱਕ ਭਾਰਤੀ ਇਨਕਲਾਬੀ ਸੀ, ਜਿਸ ਨੂੰ ਭਗਤ ਸਿੰਘ ਦਾ ਸਾਥੀ ਹੋਣ ਅਤੇ ਇੱਕ ਬ੍ਰਿਟਿਸ਼ ਪੁਲਿਸ ਅਧਿਕਾਰੀ ਦੇ ਕਤਲ ਵਿੱਚ ਉਸ ਦੀ ਸ਼ਮੂਲੀਅਤ ਲਈ ਮੁੱਖ ਤੌਰ ਤੇ ਜਾਣਿਆ ਜਾਂਦਾ ਹੈ।[1]

ਵਿਸ਼ੇਸ਼ ਤੱਥ ਸ਼ਿਵਰਾਮ ਰਾਜਗੁਰੂ, ਜਨਮ ...
Thumb
Statues of Bhagat Singh, Rajguru and Sukhdev
Remove ads

ਜ਼ਿੰਦਗੀ

ਰਾਜਗੁਰੂ ਦਾ ਪਿਤਾ ਹਰੀ ਨਾਰਾਇਣ ਕੰਮ ਦੀ ਭਾਲ ਕਰਦਾ-ਕਰਦਾ ਆਪਣੇ ਪਿੰਡ ਚਾਕਨ ਤੋਂ ਜਾ ਕੇ ਪਿੰਡ ਖੇਡ (ਨਜ਼ਦੀਕ ਪੁਣੇ, ਮਹਾਰਾਸ਼ਟਰ) ਵਿੱਚ ਵਸ ਗਿਆ ਸੀ। ਇੱਥੇ ਹੀ ਰਾਜਗੁਰੂ ਦਾ ਜਨਮ 24 ਅਗਸਤ 1908 ਨੂੰ ਹੋਇਆ। ਉਹ ਹਾਲੇ ਛੇ ਵਰ੍ਹਿਆਂ ਦਾ ਹੀ ਸੀ ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਸ ਦੀ ਪਰਵਰਿਸ਼ ਉਸ ਦੇ ਵੱਡੇ ਭਰਾ ਨੇ ਕੀਤੀ। ਉਸ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਪਰ ਉਸ ਦਾ ਮਨ ਪੜ੍ਹਾਈ ਵਿੱਚ ਨਹੀਂ ਲੱਗਦਾ ਸੀ। ਉਹ ਤਾਂ ਹਰ ਸਮੇਂ ਖੇਡਣਾ ਚਾਹੁੰਦਾ ਸੀ। ਜਦੋਂ ਭਰਾ ਨੇ ਉਸ ਉੱਤੇ ਪੜ੍ਹਾਈ ਲਈ ਜ਼ੋਰ ਪਾਇਆ ਤਾਂ ਉਹ ਖਾਲੀ ਹੱਥ ਘਰੋਂ ਭੱਜ ਗਿਆ। ਰਾਜਗੁਰੂ ਕਈ ਦਿਨ ਤਕ ਭੁੱਖਾ-ਪਿਆਸਾ ਰਿਹਾ। ਆਖ਼ਰ ਉਹ ਬਨਾਰਸ ਪਹੁੰਚ ਗਿਆ। ਉੱਥੇ ਸੰਸਕ੍ਰਿਤ ਦੇ ਇੱਕ ਅਧਿਆਪਕ ਨੇ ਉਸ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਇਹ ਅਧਿਆਪਕ ਉਸ ਨੂੰ ਪੜ੍ਹਾਉਂਦਾ ਘੱਟ ਸੀ, ਘਰ ਵਿੱਚ ਨੌਕਰਾਂ ਦੀ ਤਰ੍ਹਾਂ ਕੰਮ ਜ਼ਿਆਦਾ ਲੈਂਦਾ ਸੀ। ਉਹ ਉੱਥੇ ਵੀ ਟਿਕ ਨਹੀਂ ਸਕਿਆ। ਉਸ ਨੂੰ ਕੁਝ ਦਿਨਾਂ ਬਾਅਦ ਹੀ ਬਨਾਰਸ ਦੇ ਇੱਕ ਸਕੂਲ ਵਿੱਚ ਪੀ ਟੀ ਮਾਸਟਰ ਦੀ ਨੌਕਰੀ ਮਿਲ ਗਈ। ਇਹ ਨੌਕਰੀ ਉਸ ਦੇ ਮਨ ਦੀ ਸੀ। ਵਿਦਿਆਰਥੀਆਂ ਨਾਲ ਉਹ ਰਚਮਿਚ ਗਿਆ।

Remove ads

ਇਨਕਲਾਬ ਦੇ ਰਾਹ

ਇਸੇ ਦੌਰਾਨ ਬਨਾਰਸ ਦੇ ਕ੍ਰਾਂਤੀਕਾਰੀ, ਸ਼ਿਵ ਵਰਮਾ ਨੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਕ੍ਰਾਂਤੀਕਾਰੀਆਂ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਆ। ਰਾਜਗੁਰੂ ਬਹੁਤ ਖ਼ੁਸ਼ ਹੋਇਆ। ਉਹ ਦੇਸ਼ ਲਈ ਕੁਝ ਕਰਨਾ ਚਾਹੁੰਦਾ ਸੀ। ਉਸ ਨੇ ਗ਼ਰੀਬੀ ਵੇਖੀ ਸੀ, ਭੁੱਖ ਨੂੰ ਸਹਿਣ ਕੀਤਾ ਸੀ। ਉਹ ਇਹ ਵੀ ਜਾਣਦਾ ਸੀ ਕਿ ਦੇਸ਼ ਦੀ ਇਸ ਭੈੜੀ ਹਾਲਤ ਦਾ ਕਾਰਨ ਅੰਗਰੇਜ਼ਾਂ ਵੱਲੋਂ ਭਾਰਤ ਨੂੰ ਲੁੱਟ ਕੇ ਆਪਣਾ ਘਰ ਭਰਨਾ ਹੈ। ਉਹ ਕ੍ਰਾਂਤੀਕਾਰੀ ਦਲ ਵਿੱਚ ਸ਼ਾਮਲ ਹੋ ਗਿਆ ਤੇ ਜਲਦੀ ਹੀ ਲਾਹੌਰ ਪੁੱਜ ਗਿਆ। ਉੱਥੇ ਉਹ ਭਗਤ ਸਿੰਘ ਦਾ ਸਾਥੀ, ਪ੍ਰਸ਼ੰਸਕ ਤੇ ਦੋਸਤ ਹੋ ਗਿਆ। ਉਸ ਵਿੱਚ ਸ਼ੌਕ-ਏ-ਸ਼ਹਾਦਤ ਦਾ ਅਥਾਹ ਜਜ਼ਬਾ ਸੀ। ਉਹ ਹਰ ਸਮੇਂ, ਹਰ ਗੱਲ ਵਿੱਚ ਆਪਣਾ ਮੁਕਾਬਲਾ ਭਗਤ ਸਿੰਘ ਨਾਲ ਕਰਦਾ ਸੀ। ਉਹ ਚਾਹੁੰਦਾ ਸੀ ਕਿ ਦੇਸ਼ ਹਿੱਤ ਕੁਰਬਾਨ ਹੋਣ ਵਿੱਚ ਜੇ ਉਹ ਭਗਤ ਸਿੰਘ ਤੋਂ ਅੱਗੇ ਨਹੀਂ ਹੋ ਸਕਦਾ ਤਾਂ ਉਸ ਤੋਂ ਕਿਸੇ ਵੀ ਹਾਲਤ ਵਿੱਚ ਪਿੱਛੇ ਨਾ ਰਹੇ। ਜੋ ਕੰਮ ਭਗਤ ਸਿੰਘ ਕਰਦਾ ਸੀ, ਓਹੀ ਰਾਜਗੁਰੂ ਕਰਨਾ ਲੋਚਦਾ ਸੀ।

Remove ads

ਰਾਜਗੁਰੂ ਤੇ ਭਗਤ ਸਿੰਘ

ਭਗਤ ਸਿੰਘ ਤੇ ਰਾਜਗੁਰੂ ਦੋਵਾਂ ਦਾ ਨਿਸ਼ਾਨਾ ਪੱਕਾ ਸੀ। ਦੋਵੇਂ ਨਿਸ਼ਾਨੇਬਾਜ਼ ਸਨ। ਸੰਨ 1928 ਵਿੱਚ ਜਦੋਂ ਲਾਲਾ ਲਾਜਪਤ ਰਾਏ ਦੀ ਸ਼ਹਾਦਤ ਉਪਰੰਤ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ ਅੰਗਰੇਜ਼ਾਂ ਤੋਂ ਇਸ ਅਪਮਾਨ ਦਾ ਬਦਲਾ ਲੈਣ ਦਾ ਫ਼ੈਸਲਾ ਲਿਆ ਤਾਂ ਅੰਗਰੇਜ਼ ਅਫ਼ਸਰ ਸਕਾਟ ਨੂੰ ਮਾਰਨ ਦੀ ਜ਼ਿੰਮੇਵਾਰੀ ਰਾਜਗੁਰੂ ਤੇ ਭਗਤ ਸਿੰਘ ਨੂੰ ਹੀ ਸੌਂਪੀ ਗਈ। ਇਸ ਅਨੁਸਾਰ ਥਾਣੇ ਵਿੱਚੋਂ ਮੋਟਰਸਾਈਕਲ ਉੱਤੇ ਨਿਕਲ ਰਹੇ ਅੰਗਰੇਜ਼ ਅਫ਼ਸਰ ਉੱਤੇ ਰਾਜਗੁਰੂ ਨੇ ਗੋਲੀ ਚਲਾ ਦਿੱਤੀ ਪਰ ਇਹ ਸਕਾਟ ਨਹੀਂ, ਸਾਂਡਰਸ ਸੀ। ਉਹ ਮੋਟਰਸਾਈਕਲ ਤੋਂ ਡਿੱਗ ਪਿਆ। ਡਿੱਗੇ ਪਏ ਅਫ਼ਸਰ ਉੱਤੇ ਦੋ ਗੋਲੀਆਂ ਭਗਤ ਸਿੰਘ ਨੇ ਵੀ ਚਲਾ ਦਿੱਤੀਆਂ। ਉਹ ਸਾਰੇ ਉੱਥੋਂ ਨਿਕਲ ਗਏ। ਜਦੋਂ ਸਾਰੇ ਇੱਕ ਥਾਂ ਇਕੱਠੇ ਹੋਏ ਤਾਂ ਸਭ ਰਾਜਗੁਰੂ ਦੀ ਤਾਰੀਫ਼ ਕਰਨ ਲੱਗੇ ਕਿ ਉਸ ਨੇ ਅਫ਼ਸਰ ਦੇ ਢਿੱਡ ਵਿੱਚ ਗੋਲੀ ਮਾਰੀ। ‘‘ਨਹੀਂ, ਮੈਂ ਤਾਂ ਪੁੜਪੁੜੀ ਦਾ ਨਿਸ਼ਾਨਾ ਲਿਆ ਸੀ- ਪਿਸਤੌਲ ਹੀ ਨਿਕੰਮਾ ਸੀ- ਹਿੱਲ ਗਿਆ।’’ ਰਾਜਗੁਰੂ ਨੇ ਕਿਹਾ। ਉਹ ਬਹੁਤ ਹੀ ਸਿੱਧੇ ਸੁਭਾਅ ਦਾ ਪਰ ਮਘਦੇ ਜਜ਼ਬੇ ਵਾਲਾ ਕ੍ਰਾਂਤੀਕਾਰੀ ਸੀ। ਜਦੋਂ ਭਗਤ ਸਿੰਘ ਨੂੰ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟਣ ਲਈ ਨਾਮਜ਼ਦ ਕੀਤਾ ਗਿਆ ਤਾਂ ਕਮੇਟੀ ਵਿੱਚ ਰਾਜਗੁਰੂ ਨੇ ਬਹੁਤ ਜ਼ੋਰ ਲਾਇਆ ਸੀ ਕਿ ਇਹ ਡਿਊਟੀ ਭਗਤ ਸਿੰਘ ਦੀ ਥਾਂ ਉਸ ਨੂੰ ਸੌਂਪੀ ਜਾਵੇ ਜਾਂ ਘੱਟੋ-ਘੱਟ ਉਸ ਨੂੰ ਭਗਤ ਸਿੰਘ ਦਾ ਸਾਥੀ ਬਣਾ ਕੇ ਉੱਥੇ ਭੇਜਿਆ ਜਾਵੇ। ਦੂਜੇ ਕ੍ਰਾਂਤੀਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰ ਹੋਣ ਦੀ ਸੂਰਤ ਵਿੱਚ ਉਹ ਪਾਰਟੀ ਦਾ ਪੱਖ ਪੂਰੀ ਤਰ੍ਹਾਂ ਪੇਸ਼ ਨਹੀਂ ਕਰ ਸਕੇਗਾ ਕਿਉਂਕਿ ਉਸ ਨੂੰ ਅੰਗਰੇਜ਼ੀ ਨਹੀਂ ਆਉਂਦੀ। ਉਹ ਝਾਂਸੀ ਗਿਆ। ਚੰਦਰ ਸ਼ੇਖਰ ਆਜ਼ਾਦ ਨਾਲ ਗੱਲ ਕੀਤੀ, ‘‘ਮੈਨੂੰ ਅੰਗਰੇਜ਼ੀ ਵਿੱਚ ਬਿਆਨ ਤਿਆਰ ਕਰ ਦੇਣਾ, ਮੈਂ ਉਸ ਨੂੰ ਰੱਟ ਕੇ ਬੋਲ ਦੇਵਾਂਗਾ। ਆਖ਼ਰ ਮੈਂ ਸੰਸਕ੍ਰਿਤ ਕੌਮਿਟੀ ਨੂੰ ਵੀ ਰੱਟਾ ਹੀ ਲਾਇਆ ਸੀ।’’ ਪਰ ਰਾਜਗੁਰੂ ਦੀ ਮੰਗ ਪ੍ਰਵਾਨ ਨਾ ਹੋਈ। 6 ਅਪਰੈਲ 1929 ਨੂੰ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ ਅਤੇ ਆਪਣੇ-ਆਪ ਨੂੰ ਪੁਲੀਸ ਹਵਾਲੇ ਕਰ ਦਿੱਤਾ।

ਲਾਹੌਰ ਸਾਜ਼ਿਸ਼ ਕੇਸ

ਬੰਬ ਸੁੱਟਣ ਦੇ ਨਾਲ-ਨਾਲ ਲਾਹੌਰ ਸਾਜ਼ਿਸ਼ ਕੇਸ ਅਧੀਨ ਸੁਖਦੇਵ, ਭਗਤ ਸਿੰਘ, ਸ਼ਿਵ ਵਰਮਾ, ਗਯਾ ਪ੍ਰਸਾਦ, ਜਤਿੰਦਰਨਾਥ ਦਾਸ, ਜੈ ਦੇਵ ਕਪੂਰ, ਬਟੁਕੇਸ਼ਵਰ ਦੱਤ, ਕਮਲ ਨਾਥ, ਭਗਵਾਨ ਦਾਸ ਮਾਹੌਰ, ਜਤਿੰਦਰ ਨਾਥ ਸਾਨਿਆਲ, ਆਸ਼ਾ ਰਾਮ, ਪ੍ਰੇਮ ਦੱਤ, ਦੇਸ਼ ਰਾਜਾ, ਮਹਾਂਬੀਰ ਸਿੰਘ, ਸੁਰੇਂਦਰ ਪਾਂਡੇ, ਅਜੈ ਘੋਸ਼ ਅਤੇ ਰਾਜਗੁਰੂ ਖ਼ਿਲਾਫ਼ ਮੁਕੱਦਮਾ ਚੱਲਿਆ। ਚੰਦਰ ਸ਼ੇਖਰ ਫਰਾਰ ਸਨ। ਇਹ ਮੁਕੱਦਮਾ ਲਾਹੌਰ ਚੱਲਿਆ। ਅਕਤੂਬਰ 1930 ਨੂੰ ਮੁਕੱਦਮੇ ਦਾ ਫ਼ੈਸਲਾ ਸੁਣਾ ਦਿੱਤਾ ਗਿਆ। ਸੁਖਦੇਵ ਅਤੇ ਭਗਤ ਸਿੰਘ ਦੇ ਨਾਲ-ਨਾਲ ਰਾਜਗੁਰੂ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਗਈ। ਰਾਜਗੁਰੂ ਬੇਹੱਦ ਖ਼ੁਸ਼ ਸੀ ਕਿਉਂਕਿ ਉਸ ਦੀ ਭਗਤ ਸਿੰਘ ਨਾਲ ਸ਼ਹੀਦ ਹੋਣ ਦੀ ਸੱਧਰ ਪੂਰੀ ਹੋਣ ਵਾਲੀ ਸੀ। ਲੋਕਾਂ ਵਿੱਚ ਇਨ੍ਹਾਂ ਸਜ਼ਾਵਾਂ ਵਿਰੁੱਧ ਭਾਰੀ ਰੋਸ ਸੀ। ਉਨ੍ਹਾਂ ਨੇ ਜਲਸੇ ਕੀਤੇ, ਜਲੂਸ ਕੱਢੇ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਨੌਜਵਾਨਾਂ ਨੂੰ ਫਾਂਸੀ ਨਾ ਦਿੱਤੀ ਜਾਵੇ ਪਰ ਪ੍ਰੀਵੀ ਕੌਂਸਲ ਨੇ ਇਸ ਮੰਗ ਨੂੰ ਠੁਕਰਾ ਦਿੱਤਾ। ਉਨ੍ਹਾਂ ਨੂੰ 23 ਮਾਰਚ 1931 ਨੂੰ ਸ਼ਾਮ ਵੇਲੇ ਲਾਹੌਰ ਜੇਲ੍ਹ ਅੰਦਰ ਫਾਂਸੀ ’ਤੇ ਚੜ੍ਹਾਉਣ ਦੀ ਵਿਉਂਤ ਬਣਾਈ ਗਈ। ਭਾਰਤ ਮਾਂ ਦੇ ਇਹ ਤਿੰਨੇ ਲਾਲ ਕਾਲ-ਕੋਠੜੀ ਤੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਫਾਂਸੀ ਘਰ ਵੱਲ ਵਧੇ ਅਤੇ ਉਨ੍ਹਾਂ ਨੇ ਹੱਸਦਿਆਂ-ਹੱਸਦਿਆਂ ਫਾਂਸੀ ਦੇ ਫੰਦਿਆਂ ਨੂੰ ਚੁੰਮਿਆ ਤੇ ਦੇਸ਼ ਲਈ ਸ਼ਹੀਦ ਹੋ ਗਏ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads