ਸ਼ੇਖ਼ ਸਆਦੀ

ਫ਼ਾਰਸੀ ਕਵੀ From Wikipedia, the free encyclopedia

ਸ਼ੇਖ਼ ਸਆਦੀ
Remove ads

ਅਬੂ ਮੁਹੰਮਦ ਮੁਸਲਿਹੁੱਦੀਨ ਬਿਨ ਅਬਦੁੱਲਾ ਸ਼ੀਰਾਜ਼ੀ (ਤਖ਼ੱਲੁਸ ਸਾਦੀ; ਫ਼ਾਰਸੀ: ابومحمد مصلح الدین بن عبدالله شیرازی‎), ਜਿਸ ਨੂੰ ਸਾਦੀ ਸ਼ੀਰਾਜ਼ੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਫ਼ਾਰਸੀ ਦੇ ਪ੍ਰਮੁੱਖ ਸ਼ਾਇਰਾਂ ਵਿੱਚੋਂ ਇੱਕ ਹੈ।

ਵਿਸ਼ੇਸ਼ ਤੱਥ ਮੁਸਲਿਹੁੱਦੀਨ ਬਿਨ ਅਬਦੁੱਲਾ ਸ਼ੀਰਾਜ਼ੀ, ਜਨਮ ...
Remove ads

ਮੁੱਢਲਾ ਜੀਵਨ

ਸ਼ੇਖ਼ ਸਾਦੀ ਦਾ ਜਨਮ ਤਕਰੀਬਨ 1184 ਈ. ਵਿੱਚ ਸ਼ੀਰਾਜ਼ ਸ਼ਹਿਰ ਦੇ ਇੱਕ ਨਜ਼ਦੀਕੀ ਪਿੰਡ ਵਿੱਚ ਹੋਇਆ।[2] ਬਾਰਾਂ ਸਾਲ ਦੀ ਉਮਰ ਵਿੱਚ ਪਿਤਾ ਅਬਦੁੱਲਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਪਰਵਰਿਸ਼ ਸ਼ਰਫ਼ੁੱਦੀਨ ਨੇ ਕੀਤੀ। ਉਹਨਾਂ ਦੀ ਜਵਾਨੀ ਗ਼ਰੀਬੀ ਅਤੇ ਆਫ਼ਤਾਂ ਦਰਮਿਆਨ ਲੰਘੀ। ਸਾਦੀ ਬਿਹਤਰ ਸਿੱਖਿਆ ਹਾਸਿਲ ਕਰਨ ਵਾਸਤੇ ਆਪਣੇ ਜੱਦੀ ਸ਼ਹਿਰ ਸ਼ੀਰਾਜ਼ ਨੂੰ ਛੱਡ ਕੇ ਬਗ਼ਦਾਦ ਲਈ ਰਵਾਨਾ ਹੋ ਗਏ। ਬਗ਼ਦਾਦ ਦੇ ਅਲ ਨਿਜ਼ਾਮੀਆ ਮਦਰੱਸੇ (1195 - 1226) ਵਿੱਚ ਦਾਖ਼ਿਲ ਹੋ ਕੇ ਇਸਲਾਮੀ ਵਿਗਿਆਨ, ਕਾਨੂੰਨ, ਪ੍ਰਸ਼ਾਸਨ, ਇਤਿਹਾਸ, ਅਰਬੀ ਸਾਹਿਤ ਅਤੇ ਇਸਲਾਮੀ ਧਰਮਸ਼ਾਸਤਰ ਵਿੱਚ ਤਾਲੀਮ ਹਾਸਲ ਕੀਤੀ। ਪੜ੍ਹਾਈ ਖ਼ਤਮ ਹੋਣ ਉੱਤੇ ਉਹਨਾਂ ਨੇ ਇਸਲਾਮੀ ਦੁਨੀਆ ਦੇ ਕਈ ਇਲਾਕਿਆਂ ਦਾ ਸਫ਼ਰ ਕੀਤਾ - ਅਰਬ, ਸੀਰੀਆ, ਤੁਰਕੀ, ਮਿਸਰ, ਮੋਰੱਕੋ, ਮੱਧ ਏਸ਼ੀਆ ਅਤੇ ਭਾਰਤ ਵੀ, ਜਿੱਥੇ ਉਹਨਾਂ ਨੇ ਸੋਮਨਾਥ ਦੇ ਪ੍ਰਸਿੱਧ ਮੰਦਿਰ ਵਿੱਚ ਬ੍ਰਾਹਮਣਾਂ ਨਾਲ ਮੁਲਾਕਾਤ ਕੀਤੀ, ਪਰ ਬਹਿਸ ਛਿੜ ਜਾਣ ਕਾਰਨ ਉਥੋਂ ਭੱਜਣਾ ਪਿਆ। ਸੀਰੀਆ ਵਿੱਚ ਸਲੀਬੀ ਜੰਗਾਂ ਦੌਰਾਨ ਮਸੀਹੀਆਂ ਨੇ ਸਾਦੀ ਨੂੰ ਗਿਰਫ਼ਤਾਰ ਕਰ ਲਿਆ ਅਤੇ ਕਈ ਸਾਲ ਮਜ਼ਦੂਰੀ ਕਰਵਾਈ। ਇੱਕ ਪੁਰਾਣੇ ਸਾਥੀ ਨੇ ਸੋਨੇ ਦੇ ਦਸ ਦੀਨਾਰ ਦੇ ਕੇ ਉਹਨਾਂ ਨੂੰ ਛੁਡਾਇਆ। ਉਸ ਨੇ 100 ਦੀਨਾਰ ਦਹੇਜ ਵਿੱਚ ਦੇ ਕੇ ਆਪਣੀ ਧੀ ਦਾ ਵਿਆਹ ਵੀ ਸਾਦੀ ਨਾਲ ਕਰ ਦਿੱਤਾ। ਇਹ ਕੁੜੀ ਬੜੇ ਅੱਖੜ ਸੁਭਾਅ ਦੀ ਸੀ। ਉਹ ਸਾਦੀ ਨੂੰ ਆਪਣੇ ਪਿਤਾ ਦੁਆਰਾ ਪੈਸਾ ਦੇ ਕੇ ਛੁਡਾਉਣ ਦਾ ਤਾਅਨਾ ਦੇੰਦੀ ਰਹਿੰਦੀ। ਇੰਞ ਹੀ ਇੱਕ ਮੌਕੇ ਸਾਦੀ ਨੇ ਉਸਦੇ ਕਿਸੇ ਵਿਅੰਗ ਦੇ ਜਵਾਬ ਵਿੱਚ ਕਿਹਾ: ਹਾਂ, ਤੇਰੇ ਪਿਤਾ ਨੇ ਦਸ ਦੀਨਾਰ ਦੇ ਕੇ ਜ਼ਰੂਰ ਮੈਨੂੰ ਆਜ਼ਾਦ ਕਰਵਾਇਆ ਸੀ ਲੇਕਿਨ ਫਿਰ ਸੌ ਦੀਨਾਰ ਦੇ ਬਦਲੇ ਉਸਨੇ ਮੈਨੂੰ ਮੁੜ ਗ਼ੁਲਾਮ ਬਣਾ ਦਿੱਤਾ।

ਕਈ ਸਾਲਾਂ ਦੇ ਲੰਮੇ ਸਫ਼ਰ ਪਿੱਛੋਂ ਸਾਦੀ ਸ਼ੀਰਾਜ਼ ਪਰਤ ਆਏ ਅਤੇ ਆਪਣੀਆਂ ਮਸ਼ਹੂਰ ਕਿਤਾਬਾਂ - ਬੋਸਤਾਨ ਅਤੇ ਗੁਲਿਸਤਾਨ - ਦੀ ਬਾਨੀਕਾਰੀ ਸ਼ੁਰੂ ਕੀਤੀ। ਇਹਨਾਂ ਵਿੱਚ ਉਸਦੀ ਜ਼ਿੰਦਗੀ ਦੇ ਕਈ ਦਿਲਚਸਪ ਵਾਕਿਆਂ ਦਾ ਅਤੇ ਮੁਖ਼ਤਲਿਫ਼ ਮੁਮਾਲਿਕ ਤੋਂ ਹਾਸਿਲ ਅਨੋਖੇ ਅਤੇ ਕੀਮਤੀ ਤਜਰਬਿਆਂ ਦਾ ਜ਼ਿਕਰ ਹੈ। ਇਹ ਦੋਵੇਂ ਲਿਖਤਾਂ ਸਾਦੀ ਨੇ ਸਾਦ ਅੱਵਲ ਅਤੇ ਸਾਦ ਦੋਮ ਨੂੰ ਨਜ਼ਰ ਕੀਤੀਆਂ। ਉਹ ਸੌ ਤੋਂ ਵਧ ਸਾਲ ਦੀ ਉਮਰ ਗੁਜ਼ਾਰ ਕੇ ਸੰਨ‌ 1292 ਦੇ ਕਰੀਬ ਇੰਤਕਾਲ ਕਰ ਗਏ।

Remove ads

ਮਸ਼ਹੂਰ ਲਿਖਤਾਂ

Thumb
ਬੋਸਤਾਨ ਦਾ ਪਹਿਲਾ ਪੰਨਾ[3]

ਬੋਸਤਾਨ

ਬੋਸਤਾਂ (ਫ਼ਾਰਸੀ: بوستان‎) 1257 ਈ. ਵਿੱਚ ਤਸਨੀਫ਼ ਹੋਈ। ਇਹ ਮਸਨਵੀ ਅੰਦਾਜ਼ ਵਿੱਚ ਲਿਖੀ ਗਈ ਹੈ। ਇਸ ਵਿੱਚ ਅਖ਼ਲਾਕੀ ਮਸਲੇ ਹਿਕਾਇਤਾਂ ਦੀ ਸ਼ਕਲ ਵਿੱਚ ਨਜ਼ਮ ਕੀਤੇ ਗਏ ਹਨ। ਇਹ ਲਿਖਤ ਦਸ ਬਾਬਾਂ ਵਿੱਚ ਵੰਡੀ ਹੈ ਅਤੇ ਹਰ ਇੱਕ ਵਿੱਚ ਦਿਲਚਸਪ ਕਿੱਸੇ ਹਨ ਜਿਹਨਾਂ ਵਿੱਚ ਇਨਸਾਨੀ ਸਲੂਕਾਂ ਤੇ ਸਾਦੀ ਨੇ ਆਪਣੀ ਨਜ਼ਰ ਪੇਸ਼ ਕੀਤੀ ਹੈ। ਇਸ ਦਾ ਮੁਖ਼ਤਲਿਫ਼ ਜ਼ਬਾਨਾਂ ਵਿੱਚ ਤਰਜਮਾ ਹੋ ਚੁੱਕਿਆ ਹੈ।

ਗੁਲਿਸਤਾਨ

ਗੁਲਿਸਤਾਂ (ਫ਼ਾਰਸੀ: گلستان‎) ਦੀ ਤਸਨੀਫ਼ 1258 ਵਿੱਚ ਮੁਕੰਮਲ ਹੋਈ। ਇਹ ਅੱਠ ਬਾਬਾਂ ਵਿੱਚ ਵੰਡੀ ਹੋਈ ਹੈ ਜਿਹਨਾਂ ਵਿੱਚ ਮੁਖ਼ਤਲਿਫ਼ ਮੌਜ਼ੂ ਲਏ ਗਏ ਹਨ; ਮਿਸਾਲ ਦੇ ਤੌਰ ਤੇ ਇੱਕ ਵਿੱਚ ਇਸ਼ਕ ਅਤੇ ਜਵਾਨੀ ਦੀ ਚਰਚਾ ਕੀਤੀ ਗਈ ਹੈ। ਗੁਲਿਸਤਾਂ ਨੂੰ ਨਸ਼ਰ ਤੋਂ ਬਾਅਦ ਲਾਸਾਨੀ ਸ਼ੁਹਰਤ ਹਾਸਿਲ ਹੋਈ। ਇਹਨੂੰ ਫ਼ਾਰਸੀ ਦੇ ਕਲਾਸਿਕੀ ਅਦਬ ਦਾ ਬਿਹਤਰੀਨ ਨਮੂਨਾ ਸਮਝਿਆ ਜਾਂਦਾ ਹੈ। ਇਹਦਾ ਕਈ ਜ਼ਬਾਨਾਂ ਵਿੱਚ ਤਰਜਮਾ ਹੋ ਚੁੱਕਿਆ ਹੈ - ਲਾਤੀਨੀ, ਫ਼ਰਾਂਸੀਸੀ, ਅੰਗਰੇਜ਼ੀ, ਤੁਰਕੀ, ਹਿੰਦੁਸਤਾਨੀ, ਪੰਜਾਬੀ, ਵਗ਼ੈਰਾ। ਬਾਅਦ ਵਿੱਚ ਕਈ ਸ਼ਾਇਰਾਂ ਨੇ ਇਹਦੀ ਨਕਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਦੀ ਅਜ਼ਮਤ ਤੱਕ ਪਹੁੰਚਣ ਵਿੱਚ ਉਹ ਨਾਕਾਮ ਰਹੇ। ਅਜਿਹੀਆਂ ਨਕਲਾਂ ਵਿੱਚੋਂ ਦੋ ਦੇ ਨਾਂਅ ਹਨ - ਬਹਾਰਿਸਤਾਂ ਅਤੇ ਨਿਗਾਰਿਸਤਾਂ।

Remove ads

ਸਾਦੀ ਦੀ ਸਭ ਤੋਂ ਮਸ਼ਹੂਰ ਕਹਾਵਤ

ਸਾਦੀ ਦੀ ਸਭ ਤੋਂ ਮਸ਼ਹੂਰ ਕਹਾਵਤ, ਬਨੀ ਆਦਮ, ਇਨਸਾਨੀ ਅਹਿਦੀਅਤ ਦਾ ਪੈਗ਼ਾਮ ਦੇੰਦੀ ਹੈ:[4][5]

بنى آدم اعضای یک پیکرند
که در آفرینش ز یک گوهرند
چو عضوى به درد آورد روزگار
دگر عضوها را نماند قرار
تو کز محنت دیگران بی غمی
نشاید که نامت نهند آدمی

ਗੁਰਮੁਖੀ ਲਿਪੀ ਵਿੱਚ:

ਬਨੀ ਆਦਮ ਆਜ਼ਾ-ਏ-ਯਕ ਪੈਕਰੰਦ
ਕਿ ਦਰ ਆਫ਼ਰੀਨਿਸ਼ ਜ਼ਿ ਯਕ ਗੌਹਰੰਦ
ਚੂ ਉਜ਼ਵੇ ਬ ਦਰਦ ਆਵਰਦ ਰੋਜ਼ਗਾਰ
ਦਿਗਰ ਉਜ਼ਵਹਾ ਰਾ ਨਮਾਨਦ ਕਰਾਰ
ਤੂ ਕਜ਼ ਮਹਨਤ-ਏ-ਦੀਗਰਾਂ ਬੇਗ਼ਮੀ
ਨਸ਼ਾਯਦ ਕਿ ਨਾਮਤ ਨਹੰਦ ਆਦਮੀ

ਤਰਜਮਾ:

ਆਦਮ ਦੀ ਔਲਾਦ (ਆਦਮ ਜ਼ਾਤ) ਇੱਕ ਹੀ ਸਰੀਰ ਦੇ ਅੰਗ ਹਨ, ਜੋ ਇੱਕ ਬੀਜ ਤੋਂ ਪੈਦਾ ਹੋਏ ਹਨ। ਜੇ ਕਿਸੇ ਇੱਕ ਅੰਗ ਵਿੱਚ ਪੀੜ ਹੁੰਦੀ ਹੈ, ਤਾਂ ਦੂਸਰੇ ਅੰਗਾਂ ਨੂੰ ਵੀ ਚੈਨ ਨਹੀਂ ਰਹਿੰਦਾ। ਜੇ ਤੈਨੂੰ ਦੂਸਰਿਆਂ ਤੇ ਆਈ ਮੁਸੀਬਤ ਨਾਲ ਦੁੱਖ ਨਹੀਂ ਹੁੰਦਾ, ਤਾਂ ਤੂੰ ਆਦਮੀ ਕਹਾਉਣ ਦੇ ਲਾਇਕ ਹੀ ਨਹੀਂ।

ਪਰ ਪੰਜਾਬ ਦੀ ਅਦਬੀਆਤ ਵਿੱਚ ਸ਼ਾਇਦ ਇਸ ਤੋਂ ਵੀ ਮਸ਼ਹੂਰ ਸਾਦੀ ਦਾ ਇਹ ਸ਼ਿਅਰ ਹੈ ਜਿਹਨੂੰ ਸਿੱਖ ਮਜ਼ਹਬ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜ਼ਫ਼ਰਨਾਮੇ ਵਿੱਚ ਸ਼ਾਮਿਲ ਕੀਤਾ:[6]

چون کار از همه حیلتی در گذشت
حلال است بردن به شمشیر دست

ਗੁਰਮੁਖੀ ਲਿਪੀ ਵਿੱਚ:

ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ

ਤਰਜਮਾ:

ਕਿਸੇ ਮਸਲੇ ਨੂੰ ਹੱਲ ਕਰਨ ਵਾਸਤੇ ਹਰ ਹੀਲਾ ਬੇਕਾਰ ਸਾਬਿਤ ਹੋ ਜਾਣ ਦੀ ਸੂਰਤ ਵਿੱਚ ਤਲਵਾਰ ਨੂੰ ਹੱਥ ਪਾਉਣਾ ਜਾਇਜ਼ ਹੈ।

ਸਾਦੀ ਦੀ ਬੋਸਤਾਨ ਵਿੱਚ ਇਹ ਸ਼ਿਅਰ ਇਸ ਸ਼ਕਲ ਵਿੱਚ ਮੌਜੂਦ ਹੈ:[7][8]

چو دست از همه حیلتی در گسست
حلال است بردن به شمشیر دست

ਗੁਰਮੁਖੀ ਲਿਪੀ ਵਿੱਚ:

ਚੂ ਦਸਤ ਅਜ਼ ਹਮਾ ਹੀਲਤੇ ਦਰ ਗੁਸਸਤ
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ

ਤਰਜਮਾ:

ਜਦ (ਦੁਸ਼ਮਣ) ਹਰ ਹੀਲੇ ਤੋਂ (ਤੁਹਾਡਾ) ਹੱਥ ਵੱਢ ਦੇਵੇ (ਯਾਨੀ ਕੋਈ ਹੀਲਾ ਕਰਨ ਦੇ ਕਾਬਿਲ ਨਾ ਛੱਡੇ), ਤਾਂ ਤਲਵਾਰ ਨੂੰ ਹੱਥ ਪਾਉਣਾ ਜਾਇਜ਼ ਹੈ।

ਯਾਦ ਰਹੇ ਕਿ ਜ਼ਫ਼ਰਨਾਮੇ ਦਾ ਨੁਸਖ਼ਾ ਗੁਮ ਹੋ ਜਾਣ ਪਿਛੋਂ ਬਾਬੂ ਜਗਨ ਨਾਥ ਨੇ ਆਪਣੀ ਯਾਦਦਾਸ਼ਤ ਤੋਂ ਨਵਾਂ ਨੁਸਖ਼ਾ ਤਿਆਰ ਕੀਤਾ ਸੀ। ਮੁਮਕਿਨ ਹੈ ਕਿ ਤਰਜਮਿਆਂ ਦਰਮਿਆਨ ਇਹਦੇ ਕੁਝ ਮਿਸਰਿਆਂ ਵਿੱਚ ਤਬਦੀਲੀਆਂ ਆ ਗਈਆਂ ਹੋਣ ਜਾਂ ਮੌਜੂਦਾ ਜ਼ਫ਼ਰਨਾਮੇ ਦਾ ਨੁਸਖ਼ਾ ਮੁਕੰਮਲ ਨਾ ਹੋਵੇ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads