ਚਾਦਰ ਪਾਉਣੀ
From Wikipedia, the free encyclopedia
Remove ads
ਚਾਦਰ ਪਾਉਣੀ ਪੰਜਾਬ ਵਿੱਚ ਪ੍ਰਚੱਲਿਤ ਵਿਆਹ ਦਾ ਇੱਕ ਰੂਪ ਹੈ। ਇਹ ਵਿਆਹ ਪੰਜਾਬ ਦੇ ਜੱਟਾਂ ਅਤੇ ਰਾਜਪੂਤਾਂ ਵਿੱਚ ਆਮ ਹੈ।[1] ਇਸ ਵਿਆਹ ਦਾ ਮੁੱਖ ਉਦੇਸ਼ ਵਿਧਵਾ ਔਰਤ ਨੂੰ ਢੋਈ ਦੇਣਾ ਹੈ। ਜਦੋਂ ਕਿਸੇ ਜੁਆਨ ਔਰਤ ਦਾ ਪਤੀ ਮਰ ਗਿਆ ਹੋਵੇ ਤਾਂ ਉਸਨੂੰ ਆਮ ਤੌਰ ਉੱਤੇ ਉਸ ਦੇ ਛੋਟੇ ਭਰਾ ਦੇ ਘਰ ਬੈਠਾ ਦਿੱਤਾ ਜਾਂਦਾ ਹੈ। ਇਸ ਰਸਮ ਵਿੱਚ ਸਬੰਧਿਤ ਵਿਅਕਤੀ ਘਰ ਵਿੱਚ ਭਾਈਚਾਰਾ ਜਾਂ ਪੰਚਾਇਤ ਸੱਦ ਕੇ ਆਪਣੀ ਚਾਦਰ ਵਿਧਵਾ ਔਰਤ ਦੇ ਸਿਰ ਉੱਪਰ ਪਾ ਦਿੰਦਾ ਹੈ ਤੇ ਉਸ ਦੀ ਬਾਂਹ ਵਿੱਚ ਇੱਕ ਚੂੜੀ ਚੜਾ ਦਿੰਦਾ ਹੈ। ਇਸ ਸਮੇਂ ਪੰਡਤ ਜਾਂ ਭਾਈ ਪਾਠ ਜਾਂ ਅਰਦਾਸ ਕਰਦੇ ਹਨ। ਇਸ ਪਿੱਛੋਂ ਪਤੀ ਚਾਦਰ ਲਾਹ ਦਿੰਦਾ ਹੈ ਜਿਸ ਨਾਲ ਵਿਆਹ ਸੰਪੂਰਨ ਹੋਇਆ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦੇ ਵਿਆਹ ਉੱਪਰ ਕੋਈ ਖਰਚਾ ਨਹੀਂ ਹੁੰਦਾ।
ਵਿਧਵਾ ਜੁਆਨ ਜਨਾਨੀ ਦਾ ਉਸੇ ਪਰਿਵਾਰ ਦੇ ਕਿਸੇ ਆਦਮੀ ਦੇ ਘਰ ਜਾਂ ਕਿਸੇ ਹੋਰ ਆਦਮੀ ਦੇ ਘਰ ਬੈਠ ਜਾਣ ਦੀ ਰਸਮ ਨੂੰ ਚਾਦਰ ਪਾਉਣਾ ਕਹਿੰਦੇ ਹਨ। ਕੋਈ ਇਸ ਨੂੰ ਕਰੇਵਾ ਕਰਨਾ ਕਹਿੰਦੇ ਹਨ। ਦੂਜੀ ਵਾਰ ਵਿਆਹ ਕਰਨਾ ਵੀ ਕਹਿੰਦੇ ਹਨ। ਚਾਦਰ ਪਾਉਣ ਦੀ ਰਸਮ ਨੂੰ ਸਮਾਜ ਵੱਲੋਂ ਪ੍ਰਵਾਨ ਕੀਤਾ ਜਾਂਦਾ ਹੈ। ਪਹਿਲੇ ਸਮਿਆਂ ਵਿਚ ਜਿਹੜੀ ਜਨਾਨੀ ਜੁਆਨ ਉਮਰ ਵਿਚ ਵਿਧਵਾ ਹੋ ਜਾਂਦੀ ਸੀ ਤਾਂ ਉਸ ਦੇ ਦਿਉਰ ਜਾਂ ਜੇਠ ਨੂੰ ਹੱਕ ਸੀ ਕਿ ਉਸ ਉੱਪਰ ਚਾਦਰ ਪਾ ਲਵੇ। ਚਾਦਰ ਪਾਉਣ ਦਾ ਚੰਗਾ ਪੱਖ ਇਹ ਹੁੰਦਾ ਸੀ ਕਿ ਘਰ ਦੀ ਇੱਜ਼ਤ ਘਰ ਵਿਚ ਰਹਿ ਜਾਂਦੀ ਸੀ। ਉਨ੍ਹਾਂ ਸਮਿਆਂ ਵਿਚ ਸਾਂਝੇ ਪਰਿਵਾਰ ਹੁੰਦੇ ਸਨ। ਇਸ ਲਈ ਜਾਇਦਾਦ ਦੀ ਵੰਡ-ਵੰਡਾਈ ਤੋਂ ਬੱਚਤ ਹੋ ਜਾਂਦੀ ਸੀ। ਜੇਕਰ ਪਰਿਵਾਰ ਵਿਚ ਦਿਉਰ ਕੁਆਰਾ ਹੁੰਦਾ ਸੀ ਤਾਂ ਉਹ ਚਾਦਰ ਪਾ ਲੈਂਦਾ ਸੀ। ਜੇਕਰ ਸਾਰੇ ਵਿਆਹੇ ਹੁੰਦੇ ਸਨ ਤਾਂ ਪਰਿਵਾਰ ਰਾਏ ਕਰਕੇ ਕਿਸੇ ਦਿਉਰ ਜਾਂ ਜੇਠ ਦੀ ਚਾਦਰ ਪਵਾ ਦਿੰਦੇ ਸਨ।ਚਾਦਰ ਪਾਉਣ ਦੀ ਬੜੀ ਸਾਦਾ ਜਿਹੀ ਰਸਮ ਹੁੰਦੀ ਸੀ। ਆਦਮੀ ਤੇ ਜਨਾਨੀ ਦੋਵਾਂ ਨੂੰ ਚੌਕੀਆਂ ਤੇ ਬਿਠਾ ਦਿੰਦੇ ਸਨ। ਘਰ ਦੀਆਂ ਜਨਾਨੀਆਂ ਹੀ ਉਨ੍ਹਾਂ ਦੇ ਸਿਰਾਂ ਉੱਪਰ ਚਾਦਰ ਫੜ ਕੇ ਖੜ੍ਹ ਜਾਂਦੀਆਂ ਸਨ। ਗੀਤ ਗਾਉਂਦੀਆਂ ਸਨ। ਸਿਰਾਂ ਉੱਪਰ ਦੀ ਚੌਲ ਵਾਰ ਕੇ ਸਿੱਟ ਦਿੰਦੀਆਂ ਸਨ। ਬਸ! ਐਨੀ ਕੁ ਚਾਦਰ ਪਾਉਣ ਦੀ ਰਸਮ ਹੁੰਦੀ ਸੀ। ਰਸਮ ਖ਼ਤਮ ਹੋਣ ਤੇ ਦੋਵੇਂ ਪਤੀ ਪਤਨੀ ਸਮਝੇ ਜਾਂਦੇ ਸਨ। ਹੁਣ ਵੀ ਜਿਹੜੀਆਂ ਵਿਧਵਾ ਜੁਆਨ ਜਨਾਨੀਆਂ ਕਮਾਊ ਨਹੀਂ ਹਨ, ਉਨ੍ਹਾਂ ਬਹੁਤੇ ਪਰਿਵਾਰਾਂ ਵਿਚ ਚਾਦਰ ਪਾਉਣ ਦੀ ਰਸਮ ਚਲਦੀ ਹੈ।[2]
Remove ads
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads