ਪ੍ਰਵੇਸ਼ ਦੁਆਰ
From Wikipedia, the free encyclopedia
Remove ads
ਇਹ ਕਾਵਿ-ਸੰਗ੍ਰਹਿ ਲੋਕਸੰਗੀਤ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ । ਡਾ. ਜਗਤਾਰ ਦੇ ਇਸ ਕਾਵਿ-ਸੰਗ੍ਰਹਿ ਵਿੱਚੋਂ ਕੁਝ ਕਵਿਤਾਵਾਂ ਹਨ - ਕੀ ਤੁਸੀਂ ਵੇਖਿਆ ਹੈ , ਤਨਹਾਈ ਦਾ ਸਰਾਪ ਭੋਗਦਿਆਂ , ਹਕੀਕਤ , ਅਮਰੀਕਾ , ਉਡੀਕ ਦਾ ਸਰਾਪ ਭੋਗਦਿਆਂ , ਆਦਿ ਵਾਸੀ ਕੁੜੀ[1]
ਕੀ ਤੁਸੀਂ ਵੇਖਿਆ ਹੈ
ਓਸ ਤੇ ਪੱਤੇ ਦੀ ਰਾਤੀਂ ਗੁਫ਼ਤਗੂ
ਕੀ ਸੁਣੀ ਹੈ ਤੂੰ ਕਦੀ ?
ਬੇਬਸੀ ਅਪਣੀ 'ਤੇ ਪਰਬਤ
ਵੇਖਿਐ ਹਸਦਾ ਹੋਇਆ
ਕੀ ਕਦੀ ਤੂੰ ਵੇਖਿਆ ਹੈ ਧੁੱਪ ਅੰਦਰ
ਉਡ ਰਿਹਾ ਤਿਤਲੀ ਦਾ ਰੰਗ ?
ਕੀ ਕਦੀ ਵੇਖੀ ਹੈ ਘ੍ਹਾ
ਬਾਰਸ਼ ਲਈ ਕਰਦੀ ਦੁਆ ?
ਕੀ ਕਦੀ ਵੇਖੀ ਹੈ ,
ਪਰਵਾਸੀ ਪਰਿੰਦੇ ਦੇ ਪਰਾਂ ਅੰਦਰ ਉਦਾਸੀ ?
ਅੱਖ ਅੰਦਰ ਆਲ੍ਹਣੇ ਦੀ
ਤੜਪਦੀ ਹੋਈ ਉਮੀਦ
ਕੀ ਕਦੀ ਵੇਖੀ ਹੈ ਪਿਆਸ
ਹੋ ਰਹੀ ਥਲ ਵਿਚ ਸ਼ਹੀਦ ?
ਜੇ ਇਹ ਸਭ ਕੁਝ ਤੂੰ ਨਹੀਂ ਹੈ ਵੇਖਿਆ
ਤਾਂ ਮੇਰਾ ਚਿਹਰਾ ਨਾ ਵੇਖ
ਜੇ ਇਹ ਸਭ ਕੁਝ ਵੇਖਿਆ ਹੈ
ਕਿਸ ਤਰ੍ਹਾਂ ਅੱਜ ਤੀਕ ਤੂੰ ਸਾਬਤ ਰਹੀ ?
Remove ads
ਤਨਹਾਈ ਦਾ ਸਰਾਪ ਭੋਗਦਿਆਂ
ਮੈਂ ਰਸੀਵਰ ਚੁਕ ਕੇ ਹੈਲੋ ਕਿਹਾ ।
ਬਹੁਤ ਹੀ ਕੋਈ ਨਰਮ ਹਾਸਾ ਹੱਸਿਆ
ਮੈਂ ਕਿਹਾ ,
‘ ਕੌਣ ਹੋ , ਕਿਸ ਨੂੰ ਹੈ ਮਿਲਣਾ? ’’
‘ਮੈਂ ਕਿਸੇ ਨੂੰ ਵੀ ਨਹੀਂ ਮਿਲਣਾ
ਨਾ ਕੋਈ ਬਾਤ ਹੈ
ਬਸ ਜ਼ਰਾ ਕੂ
ਦਰਦ ਵਰਗੀ ਚੁੱਪ ਨੂੰ ਤੋੜਨ ਦੀ ਖ਼ਾਤਿਰ
ਫ਼ੋਨ ਕਰਨਾ ਸੀ ਜ਼ਰਾ
ਸੋ ਕਰ ਲਿਆ
ਮੈਂ ਤੁਹਾਡੀ ਉਮਰ , ਪੇਸ਼ੇ , ਨਾਮ ਤੋਂ
ਵਾਕਿਫ਼ ਨਹੀ
ਨਾ ਹੀ ਇਸਦੀ ਲੋੜ ਹੈ ।
ਪਰ ਤੁਸੀਂ! ਦਰਦ ਵਰਗੀ ਚੁੱਪ ਤੋੜਨ ਵਿਚ
ਜੋ ਮੇਰਾ ਸਾਥ ਦਿੱਤੈ
ਸ਼ੁਕਰੀਆ ।
ਮੈਂ ਤੁਹਾਡੀ ਨੀਂਦ ਵਿਚ ਜੋ
ਵਿਘਨ ਪਾਇਐ
ਖ਼ਿਮਾ ਕਰਨਾ ।’’
Remove ads
ਹਕੀਕਤ
ਫੇਰ ਆਏਗੀ ਉਹ ਇਕ ਦਿਨ
ਗੁਟਕਦੀ ਬੱਤਖ਼ ਤਰ੍ਹਾਂ
ਪਰ ਕਿਸੇ ਹਾਲਤ 'ਚ ਵੀ
ਪਾਣੀ ਪਰਾਂ ਤੇ ਪੈਣ ਨਾ ਦੇਵੇਗੀ ਉਹ ।
ਸੌ ਬਹਾਨੇ ਘੜੇਗੀ
ਉੱਪਰੋਂ ਉੱਪਰੋਂ ਲੜੇਗੀ
ਅਪਣੇ ਤੋਂ ਵੀ ਖ਼ੂਬਸੂਰਤ
ਝੂਠ ਬੋਲੇਗੀ ਹਮੇਸ਼ਾ ਦੀ ਤਰ੍ਹਾਂ ।
ਜਾਣਦਾ ਬੁਝਦਾ ਵੀ ਸਭ ਕੁਝ
ਕੁਝ ਪਲਾਂ ਦੇ ਵਾਸਤੇ
ਉਸਨੂੰ ਮੈਂ ਅਪਣਾ ਲਵਾਂਗਾ
ਕਿਉਂਕਿ ਹਰ ਵਾਰੀ
ਹੀ ਉਸ ਦੇ
ਝੂਠ ਦੀ ਅੰਨ੍ਹੀ ਗੁਫ਼ਾ ਰਾਹੀਂ ਮੈਂ ਪੁੱਜਾਂ
ਸੱਚ ਦੇ ਅੰਤਮ ਦੁਆਰ ।
ਅਮਰੀਕਾ
ਉਹ ਜਦੋਂ ਵੀ ਆਏਗਾ
ਬੀਜ ਲੈ ਜਾਏਗਾ
ਮੌਜ਼ੇ ਬੱਚਿਆਂ ਦੇ
ਛੱਡ ਜਾਵੇਗਾ ਉਹ ਤਸਮੇਂ
ਖ਼ੁਦਕੁਸ਼ੀ ਦੇ ਵਾਸਤੇ ।
ਉਹ ਜਦੋਂ ਵੀ ਆਏਗਾ
ਬੀਜ ਲੈ ਜਾਏਗਾ
ਫੁੱਲਾਂ ਦੇ ਤੇ ਫ਼ਸਲਾਂ ਦੇ ਉਹ ਸਾਰੇ ,
ਰੱਖ ਜਾਵੇਗਾ ਉਹ ਗੁਲਦਾਨਾਂ 'ਚ ਕੰਡੇ ।
ਉਹ ਜਦੋਂ ਵੀ ਆਏਗਾ
ਪੁਸਤਕਾਂ ਦੇ ਹਰਫ਼ ਚਰ ਜਾਵੇਗਾ
ਬਾਰੂਦੀ ਧੂੰਆਂ ।
ਬਸਤੀਆਂ ਪਹਿਨਣਗੀਆਂ
ਬੰਕਰਾਂ ਦੇ ਫਿਰ ਲਿਬਾਸ
ਸਾਡਿਆਂ ਖੇਤਾਂ 'ਚ ਫ਼ਸਲਾਂ ਦੀ ਜਗ੍ਹਾ
ਕਤਬਿਆਂ ਦੀ ਫ਼ਸਲ ਆਵੇਗੀ ਨਜ਼ਰ
ਬੱਚਿਆਂ ਦੇ ਟੁਕੜਿਆਂ ਦੇ ਕੋਲ ਖਿਲਰੇ
ਅਧ-ਜਲੇ ਬਸਤੇ ਮਿਲਣਗੇ
ਤੇ ਘਰਾਂ ਵਿਚ
ਅੱਗ ਦੇ ਹੀ ਫੁਲ ਖਿਲਣਗੇ ।
ਸਰਦ ਪੈ ਜਾਵਣਗੇ ਚੁੱਲ੍ਹੇ
ਆਂਦਰਾਂ ਵਿਚ ਭੁੱਖ ਦੌੜੇਗੀ ਚੁਫੇਰੇ
ਸਭ ਘਰਾਂ ਵਿਚ
ਆਲ੍ਹਣੇ ਪਾਏਗਾ ਧੂੰਆਂ
ਦਸਤਕਾਂ ਨੂੰ ਦਰ ਉਡੀਕਣਗੇ
ਤੇ ਗਲੀਆਂ ਪੈਛੜਾਂ ਨੂੰ ।
ਰੁਣ ਝੁਣੀ ਚਿੜੀਆਂ ਦੀ
ਮੋਰਾਂ ਦੇ ਸੁਰੰਗੇ ਪਰ ਤੇ ਨਗਮੇਂ
ਲੋਰੀਆਂ ਬਾਲਾਂ ਦੀਆਂ
ਤੇ ਘੋੜੀਆਂ , ਦੋਹੇ , ਸੁਹਾਗ
ਵੈਣ ਦੇ ਕੇ
ਨਾਲ ਲੈ ਜਾਏ ਉਹ ।
ਜਿਸ ਕਿਸੇ ਵੀ ਦੇਸ਼ ਅੰਦਰ ਉਹ ਗਿਆ
ਕਰ ਗਿਆ ਹੈ
ਚਿਬ ਖੜਿੱਬਾ ਓਸ ਦਾ ਜੁਗ਼ਰਾਫ਼ੀਆ
ਕੀ ਤੁਸੀਂ ਚਾਹੁੰਦੇ ਹੋ ਉਹ
ਏਥੇ ਵੀ ਆਵੇ ?
Remove ads
ਆਦਿ ਵਾਸੀ ਕੁੜੀ
ਘਣੇ ਜੰਗਲ ਦੇ ਅੰਦਰ
ਆਦਿ ਵਾਸੀ ਇਕ ਕੁੜੀ
ਬਿਨਾਂ ਭੈ ਤੇ ਕਿਸੇ ਡਰ ਤੋਂ
ਮਿਰੇ ਕੋਲੋਂ ਗੁਜ਼ਰਦੀ ਮੁਸਕੁਰਾਉਂਦੀ ਹੈ ।
ਜ਼ਰਾ ਕੁ ਦੂਰ ਜਾ ਕੇ ਹੇਕ ਲਾ ਕੇ ਗੀਤ ਗਾਉਂਦੀ ਹੈ
ਮੈਂ ਜਿਸਦੇ ਅਰਥ ਸਮਝਣ ਤੋਂ
ਅਜੇ ਆਰੀ ।
ਪਰ ਉਸਦੀ ਪੈੜ ਤੋਂ ਦਿਲ ਦੀ
ਹਕੀਕਤ ਪੜ੍ਹ ਲਈ ਸਾਰੀ
ਜੋ ਉਸਦੀ ਮੁਸਕਣੀ , ਅੱਖਾਂ
ਤੇ ਛਾਤੀ ਤੋਂ ਪੜ੍ਹੀ ਸੀ ਪਲ ਕੁ ਭਰ ਪਹਿਲਾਂ ।
ਮਗਰ ਅੱਗ ਦੇ ਸਫ਼ੇ 'ਤੇ ਗੀਤ ਲਿਖਣਾ
ਥਲ 'ਚ ਪਿੱਠ 'ਤੇ ਊਠ ਲੱਦ ਕੇ ਤੁਰਨ ਤੋਂ ਵੀ
ਬਹੁਤ ਮੁਸ਼ਕਿਲ ਹੈ ।
ਹਵਾਲੇ
Wikiwand - on
Seamless Wikipedia browsing. On steroids.
Remove ads