ਕਰਤਾਰਪੁਰ ਲਾਂਘਾ (ਸ਼ਾਹਮੁੱਖੀ: کرتارپور لانگھا; Urdu: کرتارپور راہداری) ਗੁਆਂਢੀ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸਰਹੱਦੀ ਲਾਂਘਾ ਹੈ। ਇਹ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ (ਪੰਜਾਬ, ਭਾਰਤ ਵਿਚ ਸਥਿਤ) ਅਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ (ਪੰਜਾਬ, ਪਾਕਿਸਤਾਨ)ਵਿਚਕਾਰ ਖੋਲ੍ਹਿਆ ਗਿਆ ਲਾਂਘਾ ਹੈ। ਇਸ ਯੋਜਨਾਬੰਦੀ ਅਧੀਨ, ਇਹ ਲਾਂਘਾ ਭਾਰਤ ਦੇ ਧਾਰਮਿਕ ਸ਼ਰਧਾਲੂਆਂ ਨੂੰ ਕਰਤਾਰਪੁਰ ਦੇ ਗੁਰਦੁਆਰੇ ਜੋ ਪਾਕਿਸਤਾਨ-ਭਾਰਤ ਸਰਹੱਦ ਤੋਂ ਪਾਕਿਸਤਾਨ ਵਿੱਚ 4.7 ਕਿਲੋਮੀਟਰ (2.9 ਮੀਲ) ਅੰਦਰ ਹਨ, ਨੂੰ ਬਿਨਾਂ ਵੀਜ਼ਾ ਇਜਾਜ਼ਤ ਲਏ ਤੋਂ ਜਾਣ ਦੇਣ ਦਾ ਫ਼ੈਸਲਾ ਹੋਇਆ ਹੈ।[1] ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਅਠਾਰਾਂ ਵਰ੍ਹੇ ਕਿਰਤ ਕਰਕੇ ਆਪਣੇ ਦਰਸ਼ਨ ਨੂੰ ਹਕੀਕੀ ਰੂਪ ਦਿੱਤਾ। ਕਰਤਾਰਪੁਰ ਲਾਂਘਾ ਕੇਵਲ ਆਸਥਾ ਦਾ ਮਾਮਲਾ ਨਹੀਂ ਹੈ ਬਲਕਿ ਭਾਰਤ ਅਤੇ ਪਾਕਿਸਤਾਨ ਦੀ ਤਰੱਕੀ ਦਾ ਲਾਂਘਾ ਵੀ ਬਣ ਸਕਦਾ ਹੈ।[2] ਗੁਰੂ ਨਾਨਕ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਹਾੜੇ ਉੱਤੇ ਲਾਂਘਾ ਖੁੱਲ੍ਹਣ ਨਾਲ ਦੋਵੇਂ ਪਾਸਿਆਂ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਨਾਲ ਧਾਰਮਿਕ ਸਥਾਨਾਂ ਨਾਲ ਜੁੜਿਆ ਸੈਰ-ਸਪਾਟਾ ਵੀ ਵਿਕਸਿਤ ਹੋਵੇਗਾ। ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਅਤੇ ਬੇਰੁਜ਼ਗਾਰੀ, ਗ਼ਰੀਬੀ ਤੇ ਖੇਤੀ ਸੰਕਟ ਨਾਲ ਜੂਝ ਰਹੇ ਭਾਰਤ ਲਈ ਵੀ ਭਾਰਤ-ਪਾਕਿ ਸਰਹੱਦਾਂ ਮੋਕਲੀਆਂ ਕਰਨ ਲਈ ਰਾਹ ਖੁੱਲ੍ਹ ਸਕਦੇ ਹਨ।[3] ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਕਿ ਉਸ ਨੇ ਲਾਂਘਾ ਖੋਲ੍ਹਣ ਸਬੰਧੀ ਮਤੇ ’ਤੇ ਅੱਗੇ ਵਧਣ ਦਾ ਫ਼ੈਸਲਾ ਇਸਲਾਮੀ ਸਿਧਾਂਤਾਂ ਮੁਤਾਬਕ ਕੀਤਾ ਹੈ, ਜੋ ਸਾਰੇ ਧਰਮਾਂ ਦਾ ਸਨਮਾਨ ਅਤੇ ਪਾਕਿਸਤਾਨ ਦੇ ਅੰਦਰ ਵਿਸ਼ਵਾਸ ਤੇ ਧਾਰਮਿਕ ਸਹਿਣਸ਼ੀਲਤਾ ਨੂੰ ਹੁਲਾਰਾ ਦੇਣ ਦੀ ਨੀਤੀ ਦੀ ਵਕਾਲਤ ਕਰਦਾ ਹੈ।[4][5]


ਕਰਤਾਰਪੁਰ ਲਾਂਘੇ ਨੂੰ ਪਹਿਲੀ ਵਾਰ 1999 ਵਿੱਚ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ, ਨਵਾਜ਼ ਸ਼ਰੀਫ ਅਤੇ ਅਟਲ ਬਿਹਾਰੀ ਵਾਜਪਾਈ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ[6][7]
ਇਹ ਕੋਰੀਡੋਰ ਨਵੰਬਰ 2019 ਵਿਚ ਗੁਰੂ ਨਾਨਕ ਦੇਵ ਜੀ ਦੀ 550 ਵੀਂ ਵਰ੍ਹੇਗੰਢ ਮੌਕੇ ਪੂਰਾ ਕਰ ਦਿੱਤਾ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਮੁਲਕਾਂ ਵੱਲੋਂ ਇਸ ਲਾਂਘੇ ਦੇ ਖੁੱਲ੍ਹਣ ਦੀ ਤੁਲਨਾ ਬਰਲਿਨ ਦੀ ਦੀਵਾਰ ਦੇ ਡਿੱਗਣ ਨਾਲ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ।[8][9][10] ਕਰਤਾਰਪੁਰ ਲਾਂਘਾ ਜੰਗ ਤੋਂ ਪੈਦਾ ਹੋਣ ਵਾਲੇ ਹਨੇਰੇ ਵਿਰੁੱਧ ਅਮਨ ਦੀ ਲੋਅ ਹੈ।[11]ਪਾਕਿਸਤਾਨ ਦੇ ਲੇਖਕਾਂ ਤੇ ਬੁੱਧੀਜੀਵੀਆਂ ਵੱਲੋਂ ਲਾਂਘਿਆਂ ਦਾ ਦਾਇਰਾ ਸਿਰਫ਼ ਸਿੱਖਾਂ ਤੱਕ ਮਹਿਦੂਦ ਨਾ ਕਰਨ ਦੀ ਵਕਾਲਤ ਕੀਤੀ ਹੈ।[12]
ਸੁਰੱਖਿਆ ਖਦਸ਼ੇ ਜਾਂ ਬਰਲਿਨ ਦੀ ਦੀਵਾਰ ਟੁੱਟਣਾ
ਇਸ ਲਾਂਘੇ ਬਾਰੇ ਭਾਰਤ ਵਿੱਚ ਬਹੁਤ ਵਿਰੋਧੀ ਰਾਵਾਂ ਦਿੱਤੀਆਂ ਗਈਆਂ ਹਨ।[13][14] ਇੱਕ ਪਾਸੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਤੇ ਹੋਰਨਾਂ ਮੁਤਾਬਕ ਲਾਂਘਾ ਖੁਲ੍ਹਣਾ ਬਰਲਿਨ ਦੀ ਦੀਵਾਰ ਟੁੱਟਣ ਨਿਆਈਂ ਹੈ ਜੋ ਦੋਵਾਂ ਮੁਲਕਾਂ ਦੇ ਬਾਸ਼ਿੰਦਿਆਂ ਦੇ ਆਪਸੀ ਮੇਲ਼-ਜੋਲ਼ ਨਾਲ ਭਾਈਚਾਰਕ ਵਧਾਉਣ ਵਿੱਚ ਸਹਾਈ ਹੋਵੇਗਾ।[10] ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੋਂ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਚਲਾਈ ਹੈ ਉਦੋਂ ਤੋਂ ਪੰਜਾਬ ਦੇ ਸਿੱਖਾਂ ਦੀ ਪਾਕਿਸਤਾਨ ਨਾਲ ਹਮਦਰਦੀ ਵਧ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਇਸ ਲਾਂਘੇ ਨਾਲ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਨੂੰ ਪੰਜਾਬ ਵਿੱਚ ਹਾਲਾਤ ਖ਼ਰਾਬ ਕਰਾਉਣ ਲਈ ਨਵੇਂ ਰੰਗਰੂਟ ਮਿਲਣਗੇ।[15]
17 ਨਵੰਬਰ 2021 ਨੂੰ, ਕੋਵਿਡ -19 ਮਹਾਂਮਾਰੀ ਦੇ ਕਾਰਨ ਬੰਦ ਰਹਿਣ ਦੇ ਡੇਢ ਸਾਲ ਬਾਅਦ ਕਰਤਾਰਪੁਰ ਕਾਰੀਡੋਰ ਖੋਲ੍ਹਿਆ ਗਿਆ। ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਨਾਗਰਿਕਾਂ ਨੂੰ ਇਸ ਸ਼ਰਤ 'ਤੇ ਗੁਰਦੁਆਰੇ ਜਾਣ ਦੀ ਇਜਾਜ਼ਤ ਦਿੱਤੀ ਹੈ ਕਿ ਉਨ੍ਹਾਂ ਕੋਲ ਕੋਵਿਡ ਦੀ ਨਕਾਰਾਤਮਕ ਰਿਪੋਰਟ ਹੈ ਅਤੇ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਗਿਆ ਹੈ।[16]
ਤਕਨੀਕੀ ਨੁਕਤੇ
ਡੇਰਾ ਬਾਬਾ ਨਾਨਕ ਕੋਲ ਕੌਮਾਂਤਰੀ ਸਰਹੱਦ ’ਤੇ ਹੋਈ ਮੀਟਿੰਗ ਅਨੁਸਾਰ ਦੋਵਾਂ ਦੇਸ਼ਾਂ ਦੇ ਲਾਂਘੇ ਲਈ ਬਣਨ ਵਾਲੇ ਗੇਟ ਆਹਮੋ-ਸਾਹਮਣੇ ਬਣਾਏ ਗਏ ਹਨ। ਇਹ ਗੇਟ ਕੌਮਾਂਤਰੀ ਸੀਮਾ ’ਤੇ ਬਣੇ ਦਰਸ਼ਨੀ ਸਥਲ ਨੇੜੇ ਹੀ ਬਣਾਏ ਗਏ ਹਨ।[17][18]
ਵੀਜ਼ਾ ਨਹੀਂ ਪਰ ਈਟੀਏ
ਲਾਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਦੀਆਂ ਕੁਝ ਜਰੂਰੀ ਸ਼ਰਤਾਂ ਹਨ।[19]
- ਵੀਜ਼ਾ ਤਾਂ ਨਹੀਂ ਪਰ ਇਲੈਕਟਰਾਨਿਕ ਟਰੈਵਲ ਆਥੋਰਾਈਜ਼ੇਸ਼ਨ (ਬਿਜਲਾਣੂ ਰਾਹਦਾਰੀ) ਜ਼ਰੂਰੀ ਹੈ ਜੋ ਕੇਵਲ ਅਪਣੀ ਦਰਖ਼ਾਸਤ ਔਨਲਾਈਨ ਦਾਖਲ ਕਰਵਾਣ ਤੇ ਮਿਲਦੀ ਹੈ।[19]
- ਵੈਲਿਡ ਪਾਸਪੋਰਟ ( ਓਵਰਸੀਜ਼ ਭਾਰਤੀ ਲਈ ਓ ਸੀ ਆਈ ਵੀ) ਅਤੀ ਜ਼ਰੂਰੀ ਹੈ।ਅਧਾਰ ਕਾਰਡ ਜ਼ਰੂਰੀ ਨਹੀਂ।
- ਲਾਂਘਾ ਕੇਵਲ ਭਾਰਤੀ ਰੈਜ਼ੀਡੈਂਟ ਜਾਂ ਓਵਰਸੀਜ਼ ਭਾਰਤੀ ਨਾਗਰਿਕਾ ਲਈ ਖੁੱਲ੍ਹਾ ਹੈ। ਪਾਕਿਸਤਾਨੀਆਂ ਲਈ ਨਹੀਂ।
- ਈ ਟੀਏ ਅਰਜ਼ੀ ਦੀ ਪੁਲੀਸ ਪੜਤਾਲ ਤੋਂ ਬਾਦ ਹਿੰਦੁਸਤਾਨ ਪਾਕਿਸਤਾਨ ਦੋਹਵਾਂ ਸਰਕਾਰਾਂ ਦੀ ਕਲੀਅਰੈਂਸ ਮਿਲਣ ਤੇ ਅੋਨਲਾਈਨ ਜਾਰੀ ਕੀਤੀ ਜਾਂਦੀ ਹੈ।
- ਕਿਸੇ ਵੀ ਉਮਰ ਦਾ ਬੱਚਾ ਬੁੱਢਾ ਅਰਜ਼ੀ ਲਗਾ ਸਕਦਾ ਹੈ।[20]
- ਇੱਕ ਵਾਰ ਸਫਰ ਕਰ ਲੈਣ ਦੇ 15 ਦਿਨ ਬਾਦ ਦੁਬਾਰਾ ਅਰਜ਼ੀ ਲਗਾਈ ਜਾ ਸਕਦੀ ਹੈ।[20]
ਉਦਘਾਟਨ ਉਪਰੰਤ ਹਲਾਤ
ਕਰਤਾਰਪੁਰ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਕੀਤਾ ਗਿਆ।[21][22]ਭਾਰਤ ਵਾਲੇ ਪਾਸੇ ਇਸ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਜਦੋਂਕਿ ਪਾਕਿਸਤਾਨ ’ਚ ਲਾਂਘੇ ਦਾ ਉਦਘਾਟਨ ਵਜ਼ੀਰੇ ਆਜ਼ਮ ਇਮਰਾਨ ਖਾਨ ਵੱਲੋਂ ਕੀਤਾ ਗਿਆ।ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਅਤੇ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਸਵਾਗਤ ਕੀਤਾ [23]10 ਦਿਨ ਬੀਤ ਜਾਣ ਤੇ ਦਿਨ ਬਦਿਨ ਲਾਂਘੇ ਰਾਹੀਂ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਸ਼ੁਰੂਆਤ ਵਿੱਚ ਬਿਜਲਾਣੂ ਰਾਹਦਾਰੀ ਦੀ ਪ੍ਰਕਿਰਿਆ ਜਟਿਲ ਹੋਣ ਕਾਰਨ ਘੱਟ ਯਾਤਰੀ ਲਾਂਘੇ ਤੇ ਗਏ ਪਰ ਹੌਲੀ ਹੌਲੀ ਕਈ ਸੰਸਥਾਵਾਂ ਨੇ ਫ਼ਾਰਮ ਭਰਨ ਵਿੱਚ ਮਦਦ ਦੇ ਐਲਾਨ ਨਾਲ ਇਹ ਵਾਧਾ ਸੰਭਵ ਹੋਇਆ ਹੈ।[24][25]23ਵੇਂ ਦਿਨ ਯਾਤਰੀਆਂ ਦੀ ਗਿਣਤੀ ਵੱਧ ਕੇ 1747 ਹੋ ਗਈ।ਜੋ ਲਾਂਘੇ ਦਾ ਬਰਲਿਨ ਦੀ ਦੀਵਾਰ ਟੁੱਟਣ ਨਾਲ ਤੁਲਨਾ ਵੱਲ ਇੱਕ ਕਦਮ ਹੈ।[26]
ਭਾਵਨਾਤਮਕ ਪੱਖ
ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਦੀ ਮਿੱਟੀ ਸੋਨੇ, ਚਾਂਦੀ ਜਾਂ ਹੀਰਿਆਂ ਤੋਂ ਵੀ ਕੀਮਤੀ ਹੈ।[27]ਕਰਤਾਰਪੁਰ ਲਾਂਘਾ ਖੁੱਲ੍ਹਦਿਆਂ ਹੀ ਲਹਿੰਦੇ ਪੰਜਾਬ ਦੇ ਲੋਕਾਂ ਦਾ ਦਰਦ ਵੀ ਦਰਿਆ ਬਣ ਕੇ ਵਹਿਣ ਲੱਗ ਪਿਆ ਹੈ।[28]
ਹਵਾਲੇ
Wikiwand - on
Seamless Wikipedia browsing. On steroids.