ਪੰਜਾਬੀ ਲੋਕ ਸੰਗੀਤ

From Wikipedia, the free encyclopedia

Remove ads

ਪੰਜਾਬੀ ਲੋਕ ਸੰਗੀਤ ਪੰਜਾਬ ਦੇ ਰਵਾਇਤੀ ਸੰਗੀਤ ਹੈ, ਜਿਸ ਵਿੱਚ ਪੰਜਾਬ ਦੇ ਰਵਾਇਤੀ ਸਾਜ਼ਾਂ ਦੀ ਵਰਤੋਂ ਹੁੰਦੀ ਹੈ।[1][2] ਇਸ ਵਿੱਚ ਜਨਮ ਤੋਂ ਲੈ ਕੇ, ਜ਼ਿੰਦਗੀ ਦੀਆਂ ਖ਼ੁਸ਼ੀਆਂ ਅਤੇ ਗ਼ਮੀਆਂ ਦੀਆਂ ਵੱਖ-ਵੱਖ ਹਾਲਤਾਂ ਵਿਚੋਂ ਲੰਘਦੇ ਹੋਏ, ਮੌਤ ਤੱਕ ਦੇ ਗੀਤਾਂ ਦਾ ਵੱਡਾ ਖ਼ਜ਼ਾਨਾ ਹੈ।[3] ਭਾਰਤੀ ਉਪ-ਮਹਾਂਦੀਪ ਦਾ ਦਰਵਾਜ਼ਾ ਹੋਣ ਕਰ ਕੇ ਪੰਜਾਬੀਆਂ ਦਾ ਇੱਕ ਵੱਖਰਾ ਸੁਭਾਅ ਅਤੇ ਅੰਦਾਜ਼ ਹੈ ਅਤੇ ਇਹ ਲੋਕ ਜਾਂ ਰਵਾਇਤੀ ਸੰਗੀਤ ਪੰਜਾਬ ਦੇ ਲੋਕਾਂ ਦੇ ਮਿਹਨਤੀ ਸੁਭਾਅ ਬਹਾਦਰੀ ਆਦਿ ਗੁਣਾਂ ਦੀ ਤਰਜਮਾਨੀ ਕਰਦਾ ਹੈ। ਵੱਡਾ ਖਿੱਤਾ ਹੋਣ ਕਰ ਕੇ ਪੰਜਾਬ ਦੇ ਰਵਾਇਤੀ ਸੰਗੀਤ ਵਿੱਚ ਮਾਮੂਲੀ ਭਾਸ਼ਾਈ ਫ਼ਰਕ ਵੀ ਵੇਖਣ ਨੂੰ ਮਿਲਦਾ ਹੈ ਪਰ ਅਹਿਸਾਸ ਓਹੀ ਹਨ। ਪੰਜਾਬ ਦੇ ਮਾਝਾ, ਮਾਲਵਾ, ਦੁਆਬਾ, ਪੋਠੋਹਾਰ, ਪੁਆਧ ਅਤੇ ਪਹਾੜੀ ਆਦਿ ਇਲਾਕਿਆਂ ਵਿੱਚ ਅਣਗਿਣਤ ਲੋਕ-ਗੀਤ ਹਨ।[4]

Remove ads

ਲੋਕ-ਗੀਤ

ਪੰਜਾਬ ਵਿੱਚ ਜਨਮ, ਵਿਆਹ, ਮੌਤ, ਪਿਆਰ, ਇਸ਼ਕ, ਵਿਛੋੜਾ, ਉਡੀਕ, ਪੇਂਡੂ ਜੀਵਨ, ਸੁਹੱਪਣ, ਆਰਥਕ ਅਤੇ ਸਮਾਜਕ ਹਾਲਤਾਂ, ਸੁਭਾਅ, ਬਹਾਦਰੀ, ਰੀਤ-ਰਿਵਾਜ, ਖਾਣ-ਪੀਣ, ਮੇਲੇ-ਤਿਉਹਾਰ, ਲੋਕ-ਗਾਥਾਵਾਂ, ਪ੍ਰੀਤ-ਕਹਾਣੀਆਂ, ਲੋਕ ਅਤੇ ਇਤਿਹਾਸਕ ਨਾਇਕਾਂ ਸੰਬੰਧੀ ਕਿੱਸੇ ਆਦਿ ਅਨੇਕਾਂ ਲੋਕ-ਗੀਤ ਹਨ।[2] ਇਹਨਾਂ ਨੂੰ ਇਹਨਾਂ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ:

ਮੌਕੇ

ਪੰਜਾਬੀ ਲੋਕ-ਗੀਤਾਂ ਦਾ ਇੱਕ ਵੱਡਾ ਹਿੱਸਾ ਜਨਮ ਤੋਂ ਲੈ ਕੇ ਮੌਤ, ਰਿਸ਼ਤਿਆਂ, ਸਾਕਾਂ-ਸੰਬੰਧੀਆਂ ਅਤੇ ਮੇਲਿਆਂ-ਤਿਉਹਾਰਾਂ ਨਾਲ ਸਬੰਧਤ ਹੈ।[4] ਔਰਤਾਂ/ਕੁੜੀਆਂ ਦੇ ਲੋਕ-ਗੀਤ ਉਹਨਾਂ ਦੇ ਨਾਜ਼ੁਕ ਅਹਿਸਾਸਾਂ, ਸੁਭਾਅ, ਰੀਝਾਂ, ਚਾਵਾਂ, ਸ਼ੌਕ ਅਤੇ ਉਹਨਾਂ ਦੇ ਨੀਵੇਂ ਸਮਾਜਕ ਦਰਜੇ ਆਦਿ ਨੂੰ ਬਿਆਨ ਕਰਦੇ ਹਨ ਜਦੋਂ ਕਿ ਮਰਦਾਂ ਦੇ ਲੋਕ-ਗੀਤ ਉਹਨਾਂ ਦੀ ਅਜ਼ਾਦ ਤਬੀਅਤ, ਮਿਹਨਤੀ ਸੁਭਾਅ ਅਤੇ ਤਾਕਤ ਦੀ ਤਰਜਮਾਨੀ ਕਰਦੇ ਹਨ। ਲੋਕ-ਗੀਤ ਬੱਚੇ ਦੇ ਜਨਮ ਤੋਂ ਸ਼ੁਰੂ ਹੋ ਕੇ, ਉਸ ਦੇ ਨਾਮ ਰੱਖਣ, ਵਿਆਹ, ਰਿਸ਼ਤੇ, ਸਾਕ-ਸੰਬੰਧੀਆਂ ਆਦਿ ਹਾਲਤਾਂ ਵਿਚੋਂ ਲੰਘਦੇ ਹਨ। ਵਿਆਹ ਮੌਕੇ ਸੁਹਾਗ, ਘੋੜੀਆਂ, ਸਿੱਠਣੀਆਂ, ਸਿਹਰਾ, ਸਿੱਖਿਆ ਆਦਿ ਗੀਤ ਹਨ। ਸੁਹਾਗ ਅਤੇ ਸਿੱਖਿਆ ਕੁੜੀ ਨਾਲ ਸਬੰਧਤ ਹਨ ਜਦਕਿ ਸਿਹਰਾ ਅਤੇ ਘੋੜੀਆਂ ਮੁੰਡੇ ਨਾਲ ਸਬੰਧਤ ਹਨ। ਧੀ ਦੇ ਜਜ਼ਬਾਤਾਂ ਅਤੇ ਚਾਵਾਂ-ਮਲ੍ਹਾਰਾਂ ਦੀ ਪੰਜਾਬੀ ਲੋਕ-ਗੀਤਾਂ ਵਿੱਚ ਖ਼ਾਸ ਥਾਂ ਹੈ ਜਿਹਨਾਂ ਰਾਹੀਂ ਉਹ ਆਪਣੇ ਬਾਪ ਨੂੰ ਉਸ ਲਈ ਚੰਗੇ ਲੋਕ ਅਤੇ ਘਰ ਲੱਭਣ ਲਈ ਕਹਿੰਦੀ ਹੈ ਅਤੇ ਇਸ ਤੋਂ ਬਿਨਾਂ ਆਪਣੀ ਮਾਂ ਅਤੇ ਸਹੇਲੀਆਂ ਲਈ ਵੀ ਆਪਣੇ ਵਿਚਾਰ ਪੇਸ਼ ਕਰਦੀ ਹੈ। ਸੁਭਾਅ ਅਤੇ ਲੰਬਾਈ ਪੱਖੋਂ ਬਹੁਤ ਸਾਰੇ ਲੋਕ ਗੀਤ ਮਿਲਦੇ ਹਨ ਜਿਨ੍ਹਾਂ ਵਿੱਚ ਘੋੜੀਆਂ, ਸਿਹਰਾ, ਸੁਹਾਗ, ਸਿੱਖਿਆ, ਟੱਪੇ, ਬੋਲੀਆਂ, ਛੰਦ, ਲੋਰੀਆਂ, ਹੇਅਰਾ ਆਦਿ ਸ਼ਾਮਲ ਹਨ।[2][4]

ਮੇਲੇ ਅਤੇ ਤਿਉਹਾਰ

ਪੰਜਾਬ ਦਾ ਹਰ ਮੇਲਾ ਅਤੇ ਤਿਉਹਾਰ ਸੰਗੀਤ ਨਾਲ ਸਬੰਧ ਰੱਖਦਾ ਹੈ।[3] ਮਾਘੀ ਅਤੇ ਲੋਹੜੀ ਦਾ ਸਬੰਧ ਬਦਲਦੀ ਰੁੱਤ ਨਾਲ ਹੈ ਅਤੇ ਵਿਸਾਖੀ ਹਾੜੀ ਨਾਲ ਸਬੰਧਤ ਹੈ। ਇਹਨਾਂ ਮੌਕੇ ਮਰਦ ਭੰਗੜਾ ਅਤੇ ਔਰਤਾਂ ਗਿੱਧਾ ਪਾ ਕੇ ਆਪਣੀ ਖ਼ੁਸ਼ੀ ਜ਼ਾਹਰ ਕਰਦੀਆਂ ਹਨ। ਸਾਉਣ ਦੇ ਮਹੀਨੇ ਵਿੱਚ ਤੀਆਂ[3] ਕੁੜੀਆਂ ਦਾ ਪਿਆਰਾ ਤਿਉਹਾਰ ਹੈ। ਵਿਆਹੀਆਂ ਹੋਈਆਂ ਕੁੜੀਆਂ ਆਪਣੇ ਪੇਕੇ ਘਰ ਵਾਪਸ ਆਉਂਦੀਆਂ ਹਨ ਅਤੇ ਖੁੱਲ੍ਹੇ ਪਿੜਾਂ ਵਿੱਚ ਗਿੱਧਾਂ ਪਾਉਂਦੀਆਂ ਅਤੇ ਪੀਘਾਂ ਝੂਟਦੀਆਂ ਹਨ। ਉਹਨਾਂ ਦੇ ਸਿਰਾਂ ’ਤੇ ਰੰਗਦਾਰ ਫੁਲਕਾਰੀਆਂ ਅਤੇ ਹੱਥਾਂ ’ਤੇ ਮਹਿੰਦੀ ਅਤੇ ਵੰਗਾਂ ਸਜਾਈਆਂ ਹੁੰਦੀਆਂ ਹਨ।

Remove ads

ਸਾਜ਼

ਲੋਕ-ਗੀਤਾਂ ਵਿੱਚ ਪੰਜਾਬ ਦੇ ਰਵਾਇਤੀ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬੀ ਗਾਇਕ ਅਕਸਰ ਢੋਲ, ਤੂੰਬੀ, ਘੜਾ, ਅਲਗੋਜ਼ੇ, ਚਿਮਟਾ, ਢੱਡ ਅਤੇ ਸਾਰੰਗੀ ਆਦਿ ਸਾਜ਼ਾਂ ਦੀ ਵਰਤੋਂ ਕਰਦੇ ਹਨ।

ਇਹ ਵੀ ਵੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads