ਲਾਲ ਚੰਦ ਯਮਲਾ ਜੱਟ

ਪੰਜਾਬੀ ਗਾਇਕ From Wikipedia, the free encyclopedia

ਲਾਲ ਚੰਦ ਯਮਲਾ ਜੱਟ
Remove ads

ਲਾਲ ਚੰਦ ਯਮਲਾ ਜੱਟ (28 ਮਾਰਚ 1910[1] - 20 ਦਸੰਬਰ 1991) ਜਾਂ ਯਮਲਾ ਜੱਟ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਗਾਇਕ ਸੀ। ਉਹ ਆਪਣੇ ਤੂੰਬੀ ਵਜਾਉਣ ਦੇ ਅੰਦਾਜ਼ ਅਤੇ ਆਪਣੀ ਤੁਰਲੇ ਵਾਲੀ ਪੱਗ ਲਈ ਮਸ਼ਹੂਰ ਸੀ।

ਵਿਸ਼ੇਸ਼ ਤੱਥ ਲਾਲ ਚੰਦ ਯਮਲਾ ਜੱਟ, ਜਾਣਕਾਰੀ ...
Remove ads

ਤੂੰਬੀ ਦਾ ਬਾਦਸ਼ਾਹ

ਲਾਲ ਚੰਦ ਯਮਲਾ ਜੱਟ ਤੂੰਬੀ ਦੇ ਬਾਦਸ਼ਾਹ ਵਜੋਂ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ । ਇੱਕ ਤਾਰ ਉੱਤੇ ਪੋਟੇ ਲਗਾ ਕੇ ਸੱਤ ਸੁਰਾਂ ਜਗਾਣ ਦਾ ਨਵਾਂ-ਨਿਵੇਲਾ ਤਜਰਬਾ ਹਾਸਿਲ ਕਰਨਾ ਉਸਦੇ ਹੀ ਹਿੱਸੇ ਆਇਆ ਸੀ । ਜਦ ਉਹ ਤੂੰਬੀ ਟੁਣਕਾਉਂਦਾ ਸੀ ਸਰੋਤੇ ਮੰਤਰ-ਮੁਗਧ ਹੋ ਬਹਿੰਦੇ ਸਨ। ਉਸਦੀ ਆਵਾਜ਼ ਵਿੱਚ ਇੱਕ ਕਿਸਮ ਦਾ ਜਾਦੂ ਹੀ ਸੀ, ਜਦ ਉਹ ਸ਼ਬਦਾਂ ਨੂੰ ਸੁਰਾਂ ਪ੍ਰਦਾਨ ਕਰਦਾ ਸੀ ਤਾਂ ਸੰਗੀਤ ਦਾ ਇੱਕ ਅਲੌਕਿਕ ਨਜ਼ਾਰਾ ਬੱਝਾ ਹੋਇਆ ਸਾਹਮਣੇ ਆ ਖਲੋਂਦਾ ਸੀ । ਸਟੇਜ ਦੇ ਉੱਪਰ ਖਲੋਤਾ ਯਮਲਾ ਜੱਟ ਜਦ ਆਪਣੇ ਸਾਹਮਣੇ ਹਜ਼ਾਰਾਂ ਲੋਕਾਂ ਦੇ ਹਜੂਮ ਨੂੰ ਦੇਖਦਾ ਸੀ ਤਾਂ ਉਸਦੀ ਰੂਹ ਨਸ਼ਿਆ ਜਾਂਦੀ, ਜਦ ਉਹ ਗਾਉਂਦਾ-ਗਾਉਂਦਾ ਲੋਕਾਂ ਨਾਲ ਗੱਲਾਂ ਕਰਦਾ ਤਾਂ ਇੱਕ ਪਲ ਇਉਂ ਲੱਗਣ ਲੱਗ ਪੈਂਦਾ, ਜਿਵੇਂ ਕੋਈ ਫ਼ਕੀਰ ਗੁਮੰਤਰੀ ਵਿਖਿਆਨ ਕਰ ਰਿਹਾ ਹੋਵੇ।

Remove ads

ਜਨਮ ਸਥਾਨ

ਲਾਲ ਚੰਦ ਦਾ ਜਨਮ 1910 ਦੇ ਲਾਗੇ-ਚਾਗੇ (28 ਮਾਰਚ 1910) ਚੱਕ ਨੰਬਰ 384 ਟੋਭਾ ਟੇਕ ਸਿੰਘ, ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ, ਲਾਲ ਚੰਦ ਦੇ ਜਨਮ ਪਿੱਛੇ ਇੱਕ ਕਹਾਣੀ ਛੁਪੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਲਾਲ ਚੰਦ ਦੀ ਮਾਤਾ ਹਰਨਾਮ ਕੌਰ ਆਪਣੇ ਵਿਆਹ-ਮੁਕਲਾਵੇ ਪਿੱਛੋਂ, ਪਿੰਡ ਦੀਆਂ ਔਰਤਾਂ ਨਾਲ ਖੂਹੀ ਤੋਂ ਪਾਣੀ ਦਾ ਘੜਾ ਭਰਨ ਗਈ ਤਾਂ ਉੱਥੇ ਇੱਕ ਪੀਰ ਕਟੋਰੇ ਸ਼ਾਹ ਨਾਂ ਦੇ ਫ਼ਕੀਰ ਦੀ ਸਮਾਧ ਸੀ। ਨਾਲ ਦੀਆਂ ਔਰਤਾਂ ਵਿੱਚੋਂ ਕਿਸੇ ਨੇ ਆਖਿਆ, “ ਨੀ ਨਾਮ੍ਹੋ ਗੱਲ ਸੁਣ ਭੈਣਾ, ਆਹ ਪੀਰ ਤੇ ਹਰੇਕ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੈ, ਤੂੰ ਵੀ ਸੁੱਖ ਲੈ ਕੋਈ ਸੁੱਖਣਾ।” ਹਰਨਾਮ ਕੌਰ ਨੇ ਪੁੱਤਰ ਦੀ ਦਾਤ ਪ੍ਰਾਪਤੀ ਦੀ ਸੁੱਖ ਸੁੱਖੀ ਸੀ। ਜਦ ਪੁੱਤਰ ਜਨਮਿਆਂ, ਹਰਨਾਮ ਕੌਰ ਹਰੇ ਰੰਗ ਦੀ ਚਾਦਰ ਚਾੜ੍ਹ ਕੇ ਆਈ ਪੀਰ ਕਟੋਰੇ ਸ਼ਾਹ ਦੀ ਸਮਾਧ ਉੱਤੇ।

Remove ads

ਗਾਉਣ ਦੀ ਚੇਟਕ ਤੇ ਸ਼ਾਗਿਰਦੀ

ਪੀਰ ਕਟੋਰੇ ਸ਼ਾਹ ਦੀ ਸਮਾਧ ਉੱਤੇ ਹਰ ਸਾਲ ਪੰਦਰਾਂ ਹਾੜ ਨੂੰ ਤਿੰਨ ਦਿਨਾਂ ਦਾ ਮੇਲਾ ਭਰਦਾ, ਬੜੀ ਰੌਣਕ ਹੁੰਦੀ, ਦੂਰੋਂ-ਦੁਰੇਡਿਉਂ ਵੀ ਰਾਗੀ, ਢਾਡੀ, ਗੁਮੰਤਰੀ ਤੇ ਗਵੱਈਏ ਆਉਂਦੇ । ਲਾਲ ਚੰਦ ਹਾਲੇ ਸੱਤ-ਅੱਠ ਵਰ੍ਹਿਆਂ ਦਾ ਸੀ, ਉਸਨੂੰ ਗਾਉਣ ਦੀਆਂ ਲੂਹਰੀਆਂ ਉੱਠਣ ਲੱਗ ਪਈਆਂ ।ਮੇਲੇ ਵਿੱਚ ਤੁਰਿਆ ਫਿਰਦਾ ਉਹ ਗੁਮੰਤਰੀਆਂ ਨੂੰ ਸੁਣਦਾ । ਜਦ ਉਹ ਨੌਂ ਸਾਲ ਦਾ ਹੋਇਆ ਤਾਂ ਉਸਨੇ ਪਹਿਲੀ ਵਾਰ ਉਸ ਮੇਲੇ ਵਿੱਚ ਗਾਇਆ । ਸਾਲ 1919 ਵਿੱਚ ਲਾਲ ਚੰਦ ਦਾ ਪਿਤਾ ਖੇੜਾ ਰਾਮ ਚੱਲ ਵਸਿਆ । ਉਹ ਆਪਣੀ ਮਾਤਾ ਤੇ ਭਰਾਵਾਂ ਸਮੇਤ ਆਪਣੇ ਨਾਨਾ ਗੂੜ੍ਹਾ ਰਾਮ ਕੋਲ ਚੱਕ ਚੂਹੜ ਸਿੰਘ 224 ਵਿਖੇ ਆ ਗਿਆ । ਉਹਨਾਂ ਹੀ ਦਿਨਾਂ ਵਿੱਚ ਲਾਲ ਚੰਦ ਨੇ ਲਾਇਲਪੁਰ ਦੀ ਇੱਕ ਪੇਸ਼ਾਵਰ ਗਾਇਕਾ ਖ਼ੁਰਸ਼ੀਦ ਬੇਗ਼ਮ ਦਾ ਗਾਣਾ , ‘ ਅੱਖੀਆਂ ਕਰਮਾਂ ਸੜੀਆਂ, ਜਿਹੜੀਆਂ ਨਾਲ ਸੱਜਣ ਦੇ ਲੜੀਆਂ ’, ਸੁਣ ਲਿਆ ਤੇ ਟੁੰਬਿਆ ਗਿਆ । ਉਹ ਬਾਰ-ਬਾਰ ਉਹਦੇ ਘਰ ਅੱਗੋਂ ਲੰਘਦਾ, ਮਤਾਂ ਖ਼ੁਰਸ਼ੀਦ ਬੇਗਮ ਦੀ ਆਵਾਜ਼ ਮੁੜ ਕੰਨਾਂ ਵਿੱਚ ਪੈ ਜਾਵੇ, ਇੱਕ ਦਿਨ ਲੰਘਦਾ-ਲੰਘਦਾ ਹੀ ਉਹ ਇਸ ਗੀਤ ਦੇ ਬੋਲ ਗੁਣਗੁਣਾਂਦਾ ਜਾਂਦਾ ਸੀ, ਤਾਂ ਬੇਗ਼ਮ ਨੇ ਸੁਣ ਲਿਆ, ਉਹ ਖਿੱਝ ਗਈ, “ ਸੁਣ ਵੇ ਛੋਕਿਰਆ ਜੇ ਮੇਰੀ ਗਲੀ ਆਣਾ ਈਂ ਤਾਂ ਏਡਾ ਬੇਸੁਰਾ ਗੀਤ ਨਾ ਗਾਣਾ ।” ਲਾਲ ਚੰਦ ਦੇ ਸੀਨੇ ਬੋਲੀ ਵੱਜੀ । ਹੁਣ ਉਹ ਆਪਣੇ ਨਾਨਾ ਗੂੜ੍ਹਾ ਰਾਮ ਪਾਸ ਬੈਠ ਕੇ ਘੰਟਿਆਂ ਬੱਧੀ ਰਿਆਜ਼ ਕਰਦਾ । 1930 ਵਿੱਚ ਲਾਲ ਚੰਦ ਨੇ ਲਾਇਲਪੁਰ ਰਹਿੰਦੇ ਪੰਡਿਤ ਸਾਹਿਬ ਦਿਆਲ ਜੀ ਨੂੰ ਉਸਤਾਦ ਧਾਰਨ ਕੀਤਾ ਤੇ ਸਿੱਖਣ ਲੱਗ ਪਿਆ , ਸਾਰੰਗੀ ਵਜਾਉਣੀ ਉਸਨੇ ਆਪਣੇ ਨਾਨੇ ਪਾਸੋਂ ਸਿੱਖ ਲਈ । ਢੋਲਕ ਤੇ ਦੋਤਾਰਾ ਪੰਡਿਤ ਸਾਹਿਬ ਦਿਆਲ ਤੋਂ ਸਿੱਖਿਆ । 1938 ਵਿੱਚ ਲਾਲ ਚੰਦ ਨੇ ਪੱਕੇ ਰਾਗਾਂ ਦੀ ਸਿੱਖਿਆ ਲੈਣ ਲਈ ਲਾਇਲਪੁਰ ਦੇ ਚੱਕ ਨੰ: 224 ਫੱਤੇ ਦੀਨ ਵਾਲੇ ਪਿੰਡ ਦੇ ਚੌਧਰੀ ਮਜੀਦ ਨੂੰ ਗੁਰੂ ਧਾਰ ਲਿਆ ।

ਮਾੜੇ ਦਿਨਾਂ ‘ਚ ਜਿਉਣ ਦੇ ਰਾਹ

ਦੇਸ਼ ਦੀ ਵੰਡ ਹੋ ਗਈ । ਲਾਲ ਚੰਦ ਆਪਣੇ ਸਮੁੱਚੇ ਪਰਿਵਾਰ ਸਮੇਤ ਏਧਰ ਆ ਗਿਆ । ਕੁਝ ਦਿਨ ਜਲੰਧਰ ਗੁਜ਼ਾਰੇ ਤੇ ਫਿਰ ਲੁਧਿਆਣੇ ਆਣ ਡੇਰਾ ਲਗਾਇਆ ਜਵਾਹਰ ਕੈਂਪ ਵਿੱਚ, ਇਹ ਉਧਰੋਂ ਆਏ ਸ਼ਰਨਾਰਥੀਆਂ ਲਈ ਕੈਂਪ ਸੀ । ਪਿੱਛੋਂ ਜਵਾਹਰ ਨਗਰ ਵਜੋਂ ਆਬਾਦ ਹੋਇਆ ਇਹ ਨਗਰ । ਲਾਲ ਚੰਦ ਨੇ ਆਪਣੀ ਜ਼ਿੰਦਗੀ ਇੱਥੇ ਹੀ ਕੱਢੀ । ਦੇਸ਼-ਵੰਡ ਕਾਰਨ ਉੱਥਲ-ਪੁੱਥਲ ਹੋ ਰਹੀ ਸੀ, ਲਾਲ ਚੰਦ ਨੂੰ ਕੋਈ ਕੰਮ ਨਹੀਂ ਸੀ ਲੱਭ ਰਿਹਾ ।ਇੱਕ ਦਿਨ ਉਹ ਸਟੇਜੀ ਕਵੀ ਰਾਮ ਨਰੈਣ ਸਿੰਘ ਦੇ ਘਰ ਆਇਆ, ਹੱਥ ਜੋੜ ਕੇ ਅਰਜ਼ ਕੀਤੀ, “ ਜਨਾਬ ਉਧਰੋਂ ਉੱਜੜ ਕੇ ਆਏ ਆਂ । ਕੋਈ ਕੰਮ-ਕਾਰ ਨਹੀਂ । ਕਿਰਪਾ ਕਰੋ, ਕਿਧਰੇ ਕੰਮ ਦਿਲਵਾ ਦਿਓ ।” ਦਰਦੀ ਨੇ ਪੁੱਛਿਆ, “ ਕੀ ਕੰਮ ਕਰੇਂਗਾ ?” “ ਜਿੱਥੇ ਮਰਜ਼ੀ ਲਾਓ, ਰੋਟੀ ਦਾ ਸੁਆਲ ਏ ” , ਲਾਲ ਚੰਦ ਨੇ ਆਖਿਆ ਤਾਂ ਦਰਦੀ ਨੂੰ ਉਸ ਉੱਤੇ ਤਰਸ ਆ ਗਿਆ । ਉਸਨੇ ਉਸਨੂੰ ਆਪਣੇ ਬਾਗ਼ ਵਿੱਚ ਮਾਲੀ ਰੱਖ ਲਿਆ ਤੇ ਝੁੱਗੀ ਪਾ ਦਿੱਤੀ । ਪਰਿਵਾਰ ਵੀ ਨਾਲ ਰਹਿਣ ਲੱਗ ਪਿਆ, ਸਵੇਰੇ ਉਠ ਕੇ ਖੂਹ ਜੋੜਦਾ । ਜੁਆਕਾਂ ਨੂੰ ਉਠਕੇ ਨੁਹਾਉਂਦਾ । ਫਿਰ ਫੁੱਲ ਤੋੜਦਾ, ਹਾਰ ਪਰੋਂਦਾ ਤੇ ਕਿਤਾਬਾਂ ਵਾਲੇ ਚੌੜੇ ਬਾਜ਼ਾਰ ਵਿੱਚ ਵੇਚਣ ਜਾਂਦਾ । ਗੁਜ਼ਾਰਾ ਚੱਲਣ ਲੱਗਿਆ । ਇੱਕ ਦਿਨ, ਰਾਤ ਨੂੰ ਝੁੱਗੀ ਵਿੱਚ ਬੈਠਾ ਸਾਰੰਗੀ ਵਜਾਕੇ ਗਾਉਣ ਲੱਗ ਪਿਆ ਤਾਂ ਦਰਦੀ ਦੇ ਸਪੁੱਤਰ ਗੁਲਵੰਤ ਨੇ ਸੁਣ ਲਿਆ, “ ਪਾਪਾ ਜੀ, ਦੇਖੋ ਮਾਲੀ ਆਪਣਾ ਕਿੰਨਾ ਸੋਹਣਾ ਗਾਂਦਾ ਪਿਆ ਐ । ਨਾਲ-ਨਾਲ ਕੋਈ ਸਾਜ਼ ਵੀ ਵਜਾਂਦੈ, ਪਤਾ ਨੀ ਕੀ ਏ ।” ਦਰਦੀ ਸੁਣਕੇ ਦੰਗ ਰਹਿ ਗਿਆ ਤੇ ਦੂਸਰੇ ਦਿਨ ਹੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸੀ, ਉੱਥੇ ਦਰਦੀ ਲਾਲ ਚੰਦ ਨੂੰ ਆਪਣੇ ਨਾਲ ਲੈ ਗਿਆ ਤੇ ਲਾਲ ਚੰਦ ਨੇ ਹਾਸ਼ਮ ਦੀ ਸੱਸੀ ਗਾਈ । ਫਿਰ ਦਰਦੀ ਨੇ ਲਾਲ ਚੰਦ ਨੂੰ ਇੱਕ ਧਾਰਮਿਕ ਗੀਤ ਚੇਤੇ ਕਰਵਾਇਆ, ਕਿਉਂਕਿ ਕੋਰਾ ਅਨਪੜ੍ਹ ਹੋਣ ਕਰਕੇ ਆਪ ਲਿਖ ਨਹੀਂ ਸੀ ਸਕਦਾ । ਗੀਤ ਸੀ : “ ਕੋਮਲ ਜਾਨਾਂ ਸ਼ਹਿਨਸ਼ਾਹ ਦੀਆਂ, ਹੱਥ ਬੇਦਰਦਾਂ ਦੇ ਆਈਆਂ ।” ਪਟਿਆਲੇ ਮਾਤਾ ਸਾਹਿਬ ਕੌਰ ਗੁਰਦੁਆਰੇ ਕਵੀ-ਦਰਬਾਰ ਵਿੱਚ ਆਪਣੇ ਨਾਲ ਲੈ ਗਿਆ । ਜਦ ਲਾਲ ਚੰਦ ਨੇ ਗਾਇਆ ਸੰਗਤਾਂ ਉੱਤੇ ਇੱਕ ਜਾਦੂ ਫੈਲ ਗਿਆ । ਬਾਵਾ ਬੁੱਧ ਸਿੰਘ ਕਵੀ ਦਰਬਾਰ ਦੇ ਇੰਚਾਰਜ ਸਨ, ਉਹਨਾਂ 35 ਰੁਪਈਏ ਦੇ ਦਿੱਤੇ । ਲਾਲ ਚੰਦ ਏਡੀ ਵੱਡੀ ਰਕਮ ਪਾ ਕੇ ਬਾਗੋਬਾਗ ਸੀ । ਇਹਨਾਂ ਹੀ ਦਿਨਾਂ ਵਿੱਚ ਪ੍ਰਸਿੱਧ ਸ਼ਾਇਰ ਸੁੰਦਰ ਦਾਸ ਆਸੀ ਨਾਲ ਉਸਦਾ ਮੇਲ ਹੋ ਗਿਆ ਤੇ ਉਹਨਾਂ ਨੂੰ ਲਾਲ ਚੰਦ ਨੇ ਆਪਣਾ ਕਾਵਿ-ਗੁਰੂ ਧਾਰ ਲਿਆ । ਲਾਲ ਚੰਦ ਆਸੀ ਕੋਲ ਕਵਿਤਾ ਸਿੱਖਣ ਜਾਂਦਾ, ਹੋਰ ਸ਼ਾਗਿਰਦ ਵੀ ਆਉਂਦੇ ਸਨ, ਉਹ ਕੁਝ ਪੜ੍ਹੇ ਹੋਣ ਕਾਰਨ ਆਸੀ ਵੱਲੋਂ ਦਿੱਤਾ ਜਾਂਦਾ ਸਬਕ ਆਪੋ-ਆਪਣੀਆਂ ਕਾਪੀਆਂ ਉੱਪਰ ਲਿਖ ਲਿਜਾਂਦੇ, ਅਨਪੜ੍ਹ ਲਾਲ ਚੰਦ ਏਧਰ-ਉਧਰ ਤਕਦਾ ਰਹਿੰਦਾ । ਗੋਲ-ਮਟੋਲ ਚਿਹਰਾ ਭੋਲਾ-ਭਾਲਾ । ਆਸੀ ਛੇੜਦਾ, “ ਉਏ ਤੂੰ ਤਾਂ ਬਿਲਕੁਲ ਯਮ੍ਹਲਾ ਈ ਏਂ....ਯਮ੍ਹਲਾ ਜੱਟ।” ਤੇ ਬਸ ਉਸੇ ਦਿਨ ਤੋਂ ਉਹ ਲਾਲ ਚੰਦ ਯਮਲਾ ਜੱਟ ਹੋ ਗਿਆ।

Remove ads

ਜਦੋਂ ਰੱਬ ਬਹੁੜਿਆ

ਜਦੋਂ ਯਮਲਾ ਜੱਟ ਨੇ ਆਕਾਸ਼ਵਾਣੀ ਤੋਂ ਗਾਉਣਾ ਸ਼ੁਰੂ ਕੀਤਾ ਤਾਂ ਦਿਨਾਂ ਵਿੱਚ ਹੀ ਉਸਦੀ ਪ੍ਰਸਿੱਧੀ ਦੇਸ਼ ਭਰ ਵਿੱਚ ਫੈਲ ਗਈ । ਐਚ. ਐਮ. ਵੀ. ਕੰਪਨੀ ਵਿੱਚ ਤੂੰਬੀ ਉੱਤੇ ਗਾਉਣ ਵਾਲਾ ਪਹਿਲਾ ਕਲਾਕਾਰ ਲਾਲ ਚੰਦ ਯਮਲਾ ਜੱਟ ਹੀ ਸੀ । ਜਿਉਂ-ਜਿਉਂ ਕੰਪਨੀ ਉਹਦੇ ਗੀਤ ਰਿਕਾਰਡ ਕਰਦੀ ਗਈ, ਉਹ ਦਿਨੋਂ-ਦਿਨ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹਦੇ ਗਏ । ਉਸਦੇ ਬਹੁ-ਪ੍ਰਚੱਲਿਤ ਗੀਤਾਂ ਵਿੱਚ : - ਤੇਰੇ ਨੀ ਕਰਾਰਾਂ ਮੈਨੂੰ ਪੱਟਿਆ - ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ - ਮੈਂ ਤੇਰੀ ਤੂੰ ਮੇਰਾ - ਜਵਾਨੀ ਮੇਰੀ ਰਾਂਗਲੀ - ਲੈ ਦੇ ਚਰਖ਼ਾ ਸ਼ੀਸ਼ਿਆਂ ਵਾਲਾ - ਸਤਿਗੁਰ ਨਾਨਕ ਆ ਜਾ - ਜੰਗਲ ਦੇ ਵਿੱਚ ਖੂਹਾਂ ਲੁਆਦੇ, ਉੱਤੇ ਪੁਆ ਦੇ ਡੋਲ - ਸਖੀਆ ਨਾਮ ਸਾਈਂ ਦਾ ਬੋਲ - ਕਣਕਾਂ ਜੰਮੀਆਂ ਗਿੱਠ-ਗਿੱਠ ਲੰਮੀਆਂ - ਫੁੱਲਾ ਮਹਿਕ ਨੂੰ ਸੰਭਾਲ - ਸੰਭਲ-ਸੰਭਲ ਕੇ ਚੱਲ ਮੁਟਿਆਰੇ ਲਾਲ ਚੰਦ ਨੇ ਆਪਣੇ ਲਿਖੇ ਹੋਏ ਗੀਤ ਹੀ ਗਾਏ ਜਾਂ ਲੋਕ-ਪ੍ਰਮਾਣਿਤ ਲੋਕ-ਗਾਥਾਵਾਂ ਨੂੰ ਗਾਇਆ । ਲਾਲ ਚੰਦ ਅਨਪੜ੍ਹ ਹੋਣ ਕਾਰਨ ਗੀਤ ਆਪਣੇ ਸ਼ਾਗਿਰਦ ਤੋਂ ਲਿਖਵਾ ਲੈਂਦਾ ਤੇ ਫਿਰ ਮੂੰਹ ਜ਼ੁਬਾਨੀ ਯਾਦ ਕਰ ਲੈਂਦਾ ਸੀ ।

Remove ads

ਤੂੰਬੀ ਦੀ ਖੋਜ ਬਾਰੇ

ਤੂੰਬੀ ਦੀ ਸਿਰਜਣਾ ਬਾਬੇ ਲਾਲ ਚੰਦ ਦਾ ਕਥਨ ਸੀ ਕਿ, “ ਮੈਂ ਇੱਕ ਤਾਰ ਉੱਤੇ ਸੱਤ ਸੁਰਾਂ ਜਗਾਣ ਦਾ ਤਜਰਬਾ ਕੀਤਾ ਸੀ । ਵੱਡੇ-ਵੱਡੇ ਸਾਜ਼ ਚੁੱਕਣੇ ਔਖੇ ਸਨ । ਉਹਨੀਂ ਦਿਨੀਂ ਜਦ ਪ੍ਰੋਗਰਾਮਾਂ ਉੱਤੇ ਜਾਂਦੇ ਸਾਂ, ਲੰਮੇ ਪੈਂਡੇ, ਕੱਚੇ ਰਾਹ, ਤੁਰਕੇ ਜਾਂਦੇ ਸਾਂ, ਆਣ-ਜਾਣ ਦੇ ਸਾਧਨ ਨਹੀਂ ਸਨ, ਸਾਜ਼ ਭਾਰੀ ਹੁੰਦੇ, ਪਿੱਠਾਂ ਉੱਤੇ ਲਮਕਾ ਕੇ ਲਿਜਾਂਦੇ ਸਾਂ ਤਾਂ ਲਾਗੇ ਲੱਗ ਜਾਂਦੇ ਸਨ । ਤੂੰਬੀ ਹਲਕਾ ਤੇ ਹੌਲਾ-ਫੁੱਲ ਸਾਜ਼ ਏ । ਮੈਨੂੰ ਪ੍ਰਸੰਨਤਾ ਏ ਕਿ ਮੈਨੂੰ ਤੂੰਬੀ ਦਾ ਜਨਮਦਾਤਾ ਆਖਿਆ ਜਾਂਦਾ ਏ । ਮੈਂ ਏਸ ਤੂੰਬੀ ਉੱਤੇ ਸਾਫ਼-ਸੁਥਰੇ ਅਤੇ ਸਮਾਜਿਕ ਸਿੱਖਿਆ ਵਾਲੇ ਗੀਤ ਗਾਏ ਹਨ, ਪਰ ਕੁਝ ਲੋਕ ਇਸ ਤੂੰਬੀ ਉੱਤੇ ਲੱਚਰ ਕਿਸਮ ਦੇ ਗੀਤ ਗਾ ਕੇ ਇਸ ਸਾਜ਼ ਦਾ ਗਲਤ ਇਸਤੇਮਾਲ ਕਰ ਰਹੇ ਹਨ, ਜਿਸਦਾ ਮੈਨੂੰ ਦੁੱਖ ਵੀ ਹੈ ।” ਲਾਲ ਚੰਦ ਯਮਲਾ ਜੱਟ ਜੀ ਨੇ ਗਾਇਕਾ ਮਹਿੰਦਰਜੀਤ ਕੌਰ ਸੇਖੋਂ ਨਾਲ ਕੁਝ ਦੋਗਾਣੇ ਵੀ ਰਿਕਾਰਡ ਕਰਵਾਏ, ਜੋ ਬੱਚੇ ਬੱਚੇ ਦੀ ਜ਼ੁਬਾਨ ‘ਤੇ ਚੜ੍ਹ ਗਏ ;- - ਜਗਤੇ ਨੂੰ ਛੱਡ ਕੇ ਤੂੰ ਭਗਤੇ ਕਰ ਲੈ - ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ , ਆਦਿ ਲਾਲ ਚੰਦ ਯਮਲਾ ਜੱਟ ਜੀ ਨੂੰ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰ ਵੀ ਪ੍ਰਾਪਤ ਹੋਏ। ਉਹ ਆਪਣੀ ਕਲਾ ਦੇ ਜੌਹਰ ਵਿਖਾਉਣ ਕੈਨੇਡਾ, ਇੰਗਲੈਂਡ ਆਦਿ ਕਈ ਦੇਸ਼ਾਂ ਵਿੱਚ ਵੀ ਗਏ।

Remove ads

ਕੁੱਝ ਯਾਦਗਾਰੀ ਗੀਤ

ਉਸ ਦੇ ਕੱਝ ਯਾਦਗਾਰੀ ਗੀਤ ਅੱਜ ਵੀ ਟੈਲੀਵੀਯਨ ਆਦਿ ਤੇ ਸੁਣਾਈ ਦੇਂਦੇ ਹਨ[1]

  • ‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਏ, ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਏ’,
  • ‘ਜੰਗਲ ਦੇ ਵਿੱਚ ਖੂਹਾ ਲੁਆ ਦੇ, ਉੱਤੇ ਲੁਆ ਦੇ ਡੋਲ, ਸਖੀਆਂ ਨਾਮ ਸਾਂਈਂ ਦਾ ਬੋਲ’,
  • ‘ਤੇਰੇ ਨੀਂ ਕਰਾਰਾਂ ਮੈਨੂੰ ਪੱਟਿਆ,ਦੱਸ ਮੈਂ ਕੀ ਜਹਾਨ ਵਿੱਚੋਂ ਖੱਟਿਆ’,
  • ‘ਖੇਡਣ ਦੇ ਦਿਨ ਚਾਰ ਜਵਾਨੀ ਫੇਰ ਨ੍ਹੀਂ ਆਉਣੀ’,
  • ‘ਯਮਲਿਆ ਕੀ ਲੈਣਾ ਕਿਸੇ ਨਾਲ ਕਰਕੇ ਪਿਆਰ’,
  • ‘ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ’,
  • ‘ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ’
Remove ads

ਇਨਾਮ

  • ਪੰਡਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਗੋਲ਼ਡ ਮੈਡਲ 1956 ਵਿੱਚ
  • 1989 ਵਿੱਚ ਨੈਸ਼ਨਲ ਅਕੈਡਮੀ ਡਾਂਸ ਤੇ ਡਰਾਮਾ ਦੁਆਰਾ ਲਾਈਫ ਟਾਈਮ ਅਚੀਵਮੈਂਟ ਅਵਾਰਡ

ਪੁੱਤਰ ਤੇ ਸ਼ਾਗਿਰਦ

ਲਾਲ ਚੰਦ ਦੇ ਪੰਜ ਪੁੱਤਰ ਹੋਏ ਕਰਤਾਰ ਚੰਦ, ਜਸਵਿੰਦਰ ਯਮਲਾ (ਹੁਣ ਮਰਹੂਮ), ਸਵਰਗੀ ਜਸਦੇਵ ਯਮਲਾ (ਹੁਣ ਮਰਹੂਮ) , ਜਗਦੀਸ਼ ਯਮਲਾ (ਹੁਣ ਮਰਹੂਮ) ਤੇ ਜਗਵਿੰਦਰ ਕੁਮਾਰ । ਸੰਤੋਸ਼ ਰਾਣੀ ਤੇ ਸਰੂਪ ਰਾਣੀ ਦੋ ਧੀਆਂ। ਆਪਣੇ ਪਿਤਾ ਦੀ ਸੰਗੀਤ ਪ੍ਰੰਪਰਾ ਨੂੰ ਜਸਦੇਵ ਯਮਲਾ ਤੇ ਅਤੇ ਸੁਪਤਨੀ ਸਰਬਜੀਤ ਕੌਰ ਅਤੇ ਕਰਤਾਰ ਚੰਦ ਦਾ ਸਪੁੱਤਰ ਸੁਰੇਸ਼ ਯਮਲਾ ਅੱਗੇ ਤੋਰ ਰਹੇ ਹਨ। ਨਰਿੰਦਰ ਬੀਬਾ, ਜਗਤ ਸਿੰਘ ਜੱਗਾ, ਅਮਰਜੀਤ ਸਿੰਘ ਗੁਰਦਾਸਪੁਰੀ ਆਦਿ ਯਮਲਾ ਜੀ ਦੇ ਅਨੇਕਾਂ ਜੀ ਸ਼ਾਗਿਰਦ ਹੋਏ ਹਨ।

ਆਖ਼ਿਰ ਵੇਲਾ

ਇੱਕ ਰਾਤ ਲਾਲ ਚੰਦ ਯਮਲਾ ਜੱਟ ਆਪਣੇ ਘਰ ਵਿਖੇ ਫ਼ਰਸ਼ ‘ਤੇ ਪੈਰ ਤਿਲ੍ਹਕ ਜਾਣ ਕਾਰਨ ਡਿੱਗ ਪਏ, ਉਨ੍ਹਾਂ ਦੇ ਚੂਲੇ ਉੱਪਰ ਸਖ਼ਤ ਸੱਟ ਲੱਗ ਗਈ, ਸਿੱਟੇ ਵਜੋਂ ਉਹਨਾਂ ਦੀ ਸਿਹਤ ਦਿਨੋਂ-ਦਿਨ ਮਾੜੀ ਹੁੰਦੀ ਗਈ । ਉਸ ਸਮੇਂ ਪੰਜਾਬ ਦੇ ਗਵਰਨਰ ਸ੍ਰੀ ਸੁਰਿੰਦਰ ਨਾਥ ਨੇ ਉਹਨਾਂ ਦੇ ਘਰ ਜਾ ਕੇ ਹਾਲ-ਚਾਲ ਵੀ ਪੁੱਛਿਆ ਤੇ ਗਿਆਰਾਂ ਹਜ਼ਾਰ ਰੁਪੈ ਦੀ ਆਰਥਿਕ ਸਹਾਇਤਾ ਵੀ ਭੇਂਟ ਕੀਤੀ । ਯਮਲਾ ਜੱਟ ਸਾਰੀ ਉਮਰ ਆਪਣੇ ਘਰ ਫ਼ੋਨ ਨਾ ਲੁਆ ਸਕਿਆ ਤੇ ਖ਼ਰੀਦੀ ਹੋਈ ਕਾਰ ਮੁੜ ਵੇਚ ਦਿੱਤੀ । ਉਹ ਆਪਣੇ ਬੱਚਿਆਂ ਨੂੰ ਵੀ ਉੱਚ-ਵਿੱਦਿਆ ਨਾ ਦਿਵਾ ਸਕਿਆ, ਮੁੱਖ ਤੌਰ ‘ਤੇ ਸੰਗੀਤ ਨੂੰ ਹੀ ਸਮਰਪਿਤ ਸੀ । 20 ਦਸੰਬਰ 1991 ਦੀ ਰਾਤ ਲਾਲ ਚੰਦ ਯਮਲਾ ਜੱਟ ਨੇ ਮੋਹਨ ਦੇਵੀ ਓਸਵਾਲ ਹਸਪਤਾਲ ਲੁਧਿਆਣਾ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ । ਯਮਲਾ ਜੱਟ ਦੀ ਮੌਤ ਨਾਲ ਪੰਜਾਬ ਵਿੱਚ ਸਾਫ਼-ਸੁਥਰੀ, ਰਵਾਇਤੀ ਤੇ ਲੋਕ ਸਭਿਆਚਾਰਕ ਗਾਇਨ ਕਲਾ ਨੂੰ ਅਮੁੱਕ ਘਾਟਾ ਪੈ ਗਿਆ ।

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads