ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼ - ਭਾਗ ਪਹਿਲਾ
From Wikipedia, the free encyclopedia
Remove ads
ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼ – ਭਾਗ ਪਹਿਲਾ 2010 ਵਿੱਚ ਰਿਲੀਜ਼ ਹੋਈ ਇੱਕ ਫ਼ੈਂਟੇਸੀ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਡੇਵਿਡ ਯੇਟਸ ਨੇ ਅਤੇ ਜਿਸਦੀ ਵੰਡ ਵਾਰਨਰ ਬ੍ਰਦਰਜ਼ ਨੇ ਕੀਤੀ ਹੈ।[3] ਇਹ ਜੇ. ਕੇ. ਰਾਓਲਿੰਗ ਦੇ ਨਾਵਲ ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼ ਉੱਪਰ ਬਣੀਆਂ ਦੋ ਫ਼ਿਲਮਾਂ ਦਾ ਪਹਿਲਾ ਭਾਗ ਹੈ ਅਤੇ ਦੋਵਾਂ ਭਾਗਾਂ ਵਿੱਚ ਇੱਕੋ ਕਿਰਦਾਰ ਹਨ। ਇਹ ਹੈਰੀ ਪੌਟਰ ਫ਼ਿਲਮ ਲੜੀ ਦਾ ਸੱਤਵਾਂ ਭਾਗ ਹੈ।[4] ਇਸ ਫ਼ਿਲਮ ਨੂੰ ਸਟੀਵ ਕਲੋਵਸ ਨੇ ਲਿਖਿਆ ਹੈ ਅਤੇ ਇਸਦਾ ਨਿਰਮਾਣ ਡੇਵਿਡ ਹੇਅਮੈਨ, ਡੇਵਿਡ ਬੈਰਨ ਅਤੇ ਰਾਓਲਿੰਗ ਦੁਆਰਾ ਕੀਤਾ ਗਿਆ ਹੈ।
ਇਸ ਫ਼ਿਲਮ ਵਿੱਚ ਹੈਰੀ ਪੌਟਰ ਦੀ ਭੂਮਿਕਾ ਡੇਨੀਅਲ ਰੈੱਡਕਲਿਫ ਦੁਆਰਾ ਨਿਭਾਈ ਗਈ ਹੈ ਅਤੇ ਉਸਦੇ ਗੂੜ੍ਹੇ ਦੋਸਤਾਂ ਰੌਨ ਵੀਸਲੀ ਅਤੇ ਹਰਮਾਈਨੀ ਗਰੇਂਜਰ ਦਾ ਰੋਲ ਕ੍ਰਮਵਾਰ ਰੂਪਰਟ ਗਰਿੰਟ ਅਤੇ ਐਮਾ ਵਾਟਸਨ ਨੇ ਨਿਭਾਇਆ ਹੈ। ਇਹ ਫ਼ਿਲਮ ਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪਰਿੰਸ ਦਾ ਅਗਲਾ ਭਾਗ ਹੈ ਅਤੇ ਇਸ ਤੋਂ ਅਗਲਾ ਅਤੇ ਫ਼ਿਲਮ ਲੜੀ ਦਾ ਆਖ਼ਰੀ ਭਾਗ ਹੈਰੀ ਪੌਟਰ ਐਂਡ ਦ ਡੈਥਲੀ ਹੈਲੋਜ਼ - ਭਾਗ ਦੂਜਾ ਹੈ।
ਇਸ ਫ਼ਿਲਮ ਦੀ ਕਹਾਣੀ ਵਿੱਚ ਹੈਰੀ ਪੌਟਰ ਨੂੰ ਡੰਬਲਡੋਰ ਦੁਆਰਾ ਲੌਰਡ ਵੌਲਡੇਮੌਰਟ ਦੇ ਹੂਕਰਕਸ ਲੱਭਣ ਅਤੇ ਨਸ਼ਟ ਕਰਨ ਲਈ ਕਹਿੰਦਾ ਹੈ ਜਿਹਨਾਂ ਦੀ ਵਜ੍ਹਾ ਕਰਕੇ ਵੌਲਡੇਮੌਰਟ ਅਮਰ ਹੈ। ਇਸ ਫ਼ਿਲਮ ਦੀ ਸ਼ੂਟਿੰਗ 19 ਫ਼ਰਵਰੀ, 2009 ਨੂੰ ਸ਼ੁਰੂ ਹੋਈ ਸੀ ਅਤੇ ਇਹ 12 ਜੂਨ, 2010 ਨੂੰ ਖ਼ਤਮ ਹੋਈ ਸੀ।[5] ਇਹ ਭਾਗ ਵਿਸ਼ਵਭਰ ਵਿੱਚ 2ਡੀ ਸਿਨੇਮਿਆਂ ਅਤੇ ਆਈਮੈਕਸ ਫ਼ਾਰਮੈਟਾਂ ਵਿੱਚ 19 ਨਵੰਬਰ, 2010 ਨੂੰ ਰਿਲੀਜ਼ ਕੀਤਾ ਗਿਆ ਸੀ।[6][7][8][9]
ਵਿਸ਼ਵਭਰ ਵਿੱਚ ਪਹਿਲੇ ਹਫ਼ਤੇ ਵਿੱਚ, ਪਹਿਲੇ ਭਾਗ ਨੇ 330 ਮਿਲੀਅਨ ਡਾਲਰਾਂ ਦੀ ਕਮਾਈ ਕਰ ਲਈ ਸੀ, ਜਿਹੜੀ ਇਸ ਲੜੀ ਦੀ ਪਹਿਲੇ ਹਫ਼ਤੇ ਵਿੱਚ ਤੀਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਸੀ ਅਤੇ ਇਹ ਅੱਜਤੱਕ ਬਣੀਆਂ ਫ਼ਿਲਮਾਂ ਵਿੱਚੋਂ ਅੱਠਵੀਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਹੈ, ਜਿਸ ਵਿੱਚ ਇਸਨੇ ਦੁਨੀਆ ਭਰ ਵਿੱਚ 960 ਮਿਲੀਅਨ ਡਾਲਰਾਂ ਦੀ ਕਮਾਈ ਕੀਤੀ ਹੈ।[10][11] ਅਕਾਦਮੀ ਅਵਾਰਡਾਂ ਵਿੱਚ ਇਸ ਫ਼ਿਲਮ ਨੂੰ ਦੋ ਨਾਮਜ਼ਦਗੀਆਂ ਮਿਲੀਆਂ ਸਨ ਜਿਸ ਵਿੱਚ ਸਭ ਤੋਂ ਵਧੀਆ ਆਰਟ ਡਾਇਰੈਕਸ਼ਨ ਅਤੇ ਸਭ ਤੋਂ ਵਧੀਆ ਵਿਜ਼ੂਅਲ ਇਫ਼ੈਕਟ ਸ਼ਾਮਿਲ ਹਨ।
Remove ads
ਕਥਾਨਕ
ਜਾਦੂ ਮੰਤਰਾਲੇ ਦੀ ਮੰਤਰੀ ਰੂਫ਼ਸ ਸਕ੍ਰਮਗਿਓਰ ਨੇ ਜਾਦੂ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਾਦੂ ਮੰਤਰਾਲਾ ਮਜ਼ਬੂਤ ਬਣਿਆ ਰਹੇਗਾ ਭਾਵੇਂ ਲੌਰਡ ਵੌਲਡੇਮੌਰਟ ਜਿੰਨੀ ਮਰਜ਼ੀ ਤਾਕਤ ਹਾਸਿਲ ਕਰ ਲਵੇ। ਪ੍ਰਾਣ ਭਕਸ਼ੀਆਂ ਨੂੰ ਡੰਬਲਡੋਰ ਦੀ ਮੌਤ ਤੋਂ ਬਹੁਤ ਫ਼ਾਇਦਾ ਪਹੁੰਚਿਆ ਹੈ, ਜਿਸ ਕਰਕੇ ਉਹ ਮਗਲੂਆਂ ਦੀ ਹੱਤਿਆ ਕਰ ਰਹੇ ਹਨ ਅਤੇ ਮੰਤਰਾਲੇ ਵਿੱਚ ਵੀ ਘੁਸਪੈਠ ਕਰ ਰਹੇ ਹਨ। ਹੈਰੀ, ਰੌਨ ਅਤੇ ਹਰਮਾਈਨੀ ਡੰਬਲਡੋਰ ਦੁਆਰਾ ਹੈਰੀ ਨੂੰ ਦਿੱਤੇ ਗਏ ਮਿਸ਼ਨ ਨੂੰ ਪੂਰਾ ਕਰਨ ਲਈ ਨਿਕਲਦੇ ਹਨ ਜਿਸ ਵਿੱਚ ਉਹਨਾਂ ਨੂੰ ਹੂਕਰਕਸਾਂ ਨੂੰ ਲੱਭ ਕੇ ਨਸ਼ਟ ਕਰਨਾ ਹੈ। ਇਸੇ ਦੌਰਾਨ ਸੈਵਰਸ ਸਨੇਪ ਲੌਰਡ ਵੌਲਡੇਮੌਰਟ ਅਤੇ ਪ੍ਰਾਣ ਭਕਸ਼ੀਆਂ ਨੂੰ ਖ਼ਬਰ ਦਿੰਦਾ ਹੈ ਕਿ ਹੈਰੀ ਇਹ ਪ੍ਰਾਇਵੇਟ ਡਰਾਇਵ ਤੋਂ ਬਾਹਰ ਨਿਕਲ ਚੁੱਕਾ ਹੈ। ਵੌਲਡੇਮੌਰਟ ਲੂਸ਼ੀਅਸ ਮੈਲਫ਼ੌਏ ਦੀ ਛੜੀ ਮੰਗਦਾ ਹੈ ਕਿਉਂਕਿ ਉਸਦੀ ਆਪਣੀ ਜਾਦੂਈ ਛੜੀ ਹੈਰੀ ਨੂੰ ਨਹੀਂ ਮਾਰ ਸਕਦੀ ਕਿਉਂਕਿ ਉਹ ਦੋਵੇਂ ਇੱਕੋ ਹੀ ਪਦਾਰਥ ਦੀਆਂ ਬਣੀਆਂ ਹਨ।
ਔਰਡਰ ਔਫ਼ ਦ ਫ਼ੀਨਿਕਸ ਸੰਗਠਨ ਇਕੱਠਾ ਹੁੰਦਾ ਹੈ ਅਤੇ ਹੈਰੀ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ, ਜਿਸ ਵਿੱਚ ਉਹ ਉਸਨੂੰ ਲੁਕੋਣ ਲਈ ਇੱਕ ਕਾੜ੍ਹਾ ਪਿਆਉਂਦੇ ਹਨ। ਇਸ ਪਿੱਛੋਂ ਆਪਣੀ ਉਡਾਣ ਦੌਰਾਨ ਉਹਨਾਂ ਨੂੰ ਪ੍ਰਾਣ ਭਕਸ਼ੀ ਹਮਲਾ ਕਰ ਦਿੰਦੇ ਹਨ ਜਿਸ ਵਿੱਚ ਮੈਡ-ਆਈ ਮੂਡੀ ਅਤੇ ਹੈਡਵਿਗ ਮਾਰੇ ਜਾਂਦੇ ਹਨ ਅਤੇ ਜੌਰਜ ਵੀਸਲੀ ਅਤੇ ਹੈਗਰਿਡ ਜ਼ਖ਼ਮੀ ਹੋ ਜਾਂਦੇ ਹਨ। ਸੁਰੱਖਿਅਤ ਥਾਂ ਉੱਪਰ ਪਹੁੰਚ ਕੇ ਖ਼ਿਆਲ ਵਿੱਚ ਹੈਰੀ ਨੂੰ ਛੜੀਆਂ ਬਣਾਉਣ ਵਾਲਾ ਓਲੀਵੈਂਡਰ ਵਿਖਾਈ ਦਿੰਦਾ ਹੈ ਜਿਸਨੂੰ ਵੌਲਡੇਮੌਰਟ ਤਸੀਹੇ ਦੇ ਰਿਹਾ ਹੈ ਅਤੇ ਉਸ ਤੋਂ ਕੁਝ ਪੁੱਛ ਰਿਹਾ ਹੈ। ਅਗਲੇ ਦਿਨ ਸਕ੍ਰਿਮਗਿਓਰ ਉਹਨਾਂ ਕੋਲ ਪਹੁੰਚਦਾ ਹੈ ਅਤੇ ਉਹਨਾਂ ਤਿੰਨਾਂ ਨੂੰ ਐਲਬਸ ਡੰਬਲਡੋਰ ਦੁਆਰਾ ਵਸੀਅਤ ਵਿੱਚ ਦਿੱਤੇ ਗਏ ਤਿੰਨ ਤੋਹਫ਼ੇ ਦਿੰਦਾ ਹੈ। ਰੌਨ ਨੂੰ ਡੰਬਲਡੋਰ ਆਪਣਾ ਡੀਇਲਿਊਮੀਨੇਟਰ (ਬੱਤੀਆਂ ਬੁਝਾਉਣ ਵਾਲ ਯੰਤਰ), ਹਰਮਾਈਨੀ ਨੂੰ ਦ ਟੇਲਜ਼ ਔਫ਼ ਬੀਡਲ ਦ ਬਾਰਡ ਕਿਤਾਬ ਦੀ ਕਾਪੀ ਅਤੇ ਹੈਰੀ ਨੂੰ ਕੁਈਟਿਚ ਮੈਚ ਵਿੱਚ ਉਸ ਦੁਆਰਾ ਫ਼ੜੀ ਗਈ ਗੇਂਦ ਦਿੰਦਾ ਹੈ। ਸਕ੍ਰਿਮਗਿਓਰ ਦੱਸਦਾ ਹੈ ਕਿ ਹੈਰੀ ਨੂੰ ਗਰੁੜਦੁਆਰ ਦੀ ਤਲਵਾਰ ਵੀ ਦਿੱਤੀ ਗਈ ਹੈ। ਮੰਤਰੀ ਹੈਰੀ ਨੂੰ ਇਹ ਵੀ ਦੱਸਦਾ ਹੈ ਕਿ ਤਲਵਾਰ ਡੰਬਲਡੋਰ ਦੀ ਵਸੀਅਤ ਨਹੀਂ ਸੀ ਅਤੇ ਉਹ ਹੁਣ ਗੁਆਚੀ ਹੋਈ ਹੈ।
ਪ੍ਰਾਣ ਭਕਸ਼ੀ ਸਕ੍ਰਿਮਗਿਓਰ ਨੂੰ ਮਾਰ ਦਿੰਦੇ ਹਨ ਅਤੇ ਉਸਦੇ ਬਦਲ ਵੱਜੋਂ ਪਾਇਸ ਥਿਕਨੈਸੇ ਨੂੰ ਮੰਤਰੀ ਲਾ ਦਿੰਦੇ ਹਨ। ਮੰਤਰਾਲਾਂ ਮਗਲੂ ਜਾਦੂਗਰਾਂ ਨੂੰ ਮਾਰਨਾ ਅਤੇ ਕੈਦ ਕਰਨਾ ਸ਼ੁਰੂ ਕਰ ਦਿੰਦਾ ਹੈ। ਬਿਲ ਵੀਸਲੀ ਅਤੇ ਫ਼ਲੇਅਰ ਡੈਲਾਕੌਰ ਦੇ ਵਿਆਹ ਤੋਂ ਪਹਿਲਾਂ, ਹੈਰੀ ਪੌਟਰ ਅਤੇ ਗਿੰਨੀ ਵੀਸਲੀ ਇੱਕ ਦੂਜੇ ਨੂੰ ਬਹੁਤ ਹੀ ਪਿਆਰ ਨਾਲ ਚੁੰਮਦੇ ਹਨ ਜਦਕਿ ਜੌਰਜ ਉੱਥੇ ਆ ਪਹੁੰਚਦਾ ਹੈ। ਬਿਲ ਅਤੇ ਫ਼ਲੇਅਰ ਦੇ ਵਿਆਹ ਤੇ ਪ੍ਰਾਣ ਭਕਸ਼ੀ ਹਮਲਾ ਕਰ ਦਿੰਦੇ ਹਨ। ਇਸ ਦੌਰਾਨ ਕਿੰਗਜ਼ਲੀ ਸ਼ੈਕਲਬੌਲਟ ਦਾ ਪਿਤਰ-ਦੇਵ ਉਹਨਾਂ ਨੂੰ ਇਸ ਹਮਲੇ ਦੀ ਚਿਤਾਵਨੀ ਦੇ ਦਿੰਦਾ ਹੈ ਜਿਸ ਕਰਕੇ ਬਹੁਤੇ ਲੋਕ ਉੱਥੋਂ ਭੱਜ ਜਾਂਦੇ ਹਨ। ਹੈਰੀ, ਰੌਨ ਅਤੇ ਹਰਮਾਈਨੀ ਗਾਇਬ ਹੋ ਕੇ ਲੰਡਨ ਪਹੁੰਚ ਜਾਂਦੇ ਹਨ ਜਿੱਥੇ ਉਹਨਾਂ ਉੱਪਰ ਪ੍ਰਾਣ ਭਕਸ਼ੀ ਹਮਲਾ ਕਰ ਦਿੰਦੇ ਹਨ। ਤਿੰਨਾਂ ਨੂੰ 12 ਗ੍ਰਿਮੌਲਡ ਪਲੇਸ ਵਿਖੇ ਸ਼ਰਨ ਲੈਣੀ ਪੈਂਦੀ ਹੈ। ਉੱਥੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਾਅਲੀ ਹੂਕਰਕਸ ਲੌਕੇਟ ਸੀਰੀਅਸ ਬਲੈਕ ਦੇ ਛੋਟੇ ਭਰਾ ਦਾ ਹੈ। ਕਰੀਚਰ ਜਿਹੜਾ ਕਿ ਉਸ ਘਰ ਵਿੱਚ ਰਹਿੰਦਾ ਇੱਕ ਐਲਫ਼ ਹੈ, ਉਹਨਾਂ ਨੂੰ ਦੱਸਦਾ ਹੈ ਕਿ ਮੰਡਗਸ ਫ਼ਲੈਚਰ ਉਹਨਾਂ ਦੇ ਘਰ ਵਿੱਚ ਜ਼ਬਰਦਸਤੀ ਆਇਆ ਸੀ ਅਤੇ ਉਸਨੇ ਬਹੁਤ ਸਾਰੀਆਂ ਚੀਜ਼ਾਂ ਚੁਰਾ ਲਈਆਂ ਸਨ ਜਿਸ ਵਿੱਚ ਅਸਲੀ ਲੌਕੇਟ ਵੀ ਸ਼ਾਮਿਲ ਸੀ। ਕਰੀਚਰ ਅਤੇ ਡੌਬੀ, ਫ਼ਲੈਚਰ ਨੂੰ ਬੰਦੀ ਬਣਾ ਲੈਂਦੇ ਹਨ, ਜਿਹੜਾ ਉਹਨਾਂ ਨੂੰ ਦੱਸਦਾ ਹੈ ਕਿ ਅਸਲੀ ਲੌਕੇਟ ਡੋਲੋਰਿਸ ਅੰਬਰਿਜ ਕੋਲ ਹੈ। ਕਾੜ੍ਹਾ ਪੀ ਕੇ, ਜਿਸ ਨਾਲ ਕੋਈ ਵੀ ਰੂਪ ਲਿਆ ਜਾ ਸਕਦਾ ਹੈ, ਤਿੰਨੇ ਮੰਤਰਾਲੇ ਵਿੱਚ ਦਾਖ਼ਲ ਹੋ ਜਾਂਦੇ ਹਨ ਅਤੇ ਉਹ ਲੌਕੇਟ ਨੂੂੰ ਅੰਬਰਿਜ ਦੇ ਗਲ ਵਿੱਚ ਵੇਖਦੇ ਹਨ। ਕੋਸ਼ਿਸ਼ ਕਰਕੇ ਉਹ ਲੌਕੇਟ ਉਸ ਤੋਂ ਖੋਹ ਲੈਂਦੇ ਹਨ ਅਤੇ ਉੱਥੋਂ ਭੱਜ ਜਾਂਦੇ ਹਨ ਪਰ ਰੌਨ ਜ਼ਖ਼ਮੀ ਹੋ ਜਾਂਦਾ ਹੈ।
ਹੋਕਰਕਸ ਨੂੰ ਨਸ਼ਟ ਕਰਨ ਦੀਆਂ ਬਹੁਤ ਸਾਰੀਆਂ ਅਸਫ਼ਲ ਕੋਸ਼ਿਸ਼ਾਂ ਦੇ ਬਾਅਦ, ਤਿੰਨੇ ਉਸ ਲੌਕਟ ਨੂੰ ਵਾਰ-ਵਾਰ ਪਾਉਂਦੇ ਹਨ ਜਿਸ ਨਾਲ ਕਿ ਉਸਦਾ ਅਸਰ ਕਿਸੇ ਇੱਕ ਉੱਪਰ ਨਾ ਪਵੇ। ਹੈਰੀ ਇੱਕ ਖ਼ਿਆਲ ਵਿੱਚ ਵੇਖਦਾ ਹੈ ਕਿ ਵੌਲਡੇਮੌਰਟ ਛੜੀਆਂ ਬਣਾਉਣ ਵਾਲੇ ਗ੍ਰੇਗੋਰੋਵਿਚ ਦੀ ਪੁੱਛਗਿੱਛ ਕਰ ਰਿਹਾ ਹੈ ਅਤੇ ਉਸਨੂੰ ਮਾਰ ਦਿੰਦਾ ਹੈ, ਜਿਹੜਾ ਕਹਿੰਦਾ ਹੈ ਕਿ ਕਿਸੇ ਛੋਟੇ ਬੱਚੇ ਨੇ ਐਲਡਰ ਛੜੀ ਉਸਦੀ ਦੁਕਾਨ ਤੋਂ ਚੁਰਾ ਲਈ ਸੀ। ਜਦੋਂ ਰੌਨ ਨੇ ਉਹ ਲੌਕੇਟ ਪਾਇਆ ਹੋਇਆ ਸੀ, ਉਹ ਨਕਾਰਾਤਨਕ ਜਜ਼ਬਾਤਾਂ ਵਿੱਚ ਘਿਰ ਜਾਂਦਾ ਹੈ ਅਤੇ ਹੈਰੀ ਅਤੇ ਹਰਮਾਈਨੀ ਨਾਲ ਲੜ ਪੈਂਦਾ ਹੈ ਅਤੇ ਉੱਥੋਂ ਗਾਇਬ ਹੋ ਜਾਂਦਾ ਹੈ। ਹਰਮਾਈਨੀ ਸਿੱਟਾ ਕੱਢਦੀ ਹੈ ਕਿ ਗਰੁੜਦੁਆਰ ਦੀ ਤਲਵਾਰ ਹੂਕਰਕਸਾਂ ਨੂੰ ਨਸ਼ਟ ਕਰ ਸਕਦੀ ਹੈ ਅਤੇ ਉਹ ਹੈਰੀ ਨਾਲ ਗੌਡਰਿਕ ਹੌਲੋ ਜਾਣ ਦਾ ਫ਼ੈਸਲਾ ਲੈਂਦੀ ਹੈ। ਉਹ ਹੈਰੀ ਦੇ ਮਾਂ-ਪਿਓ ਦੀਆਂ ਕਬਰਾਂ ਤੇ ਜਾਂਦੇ ਹਨ ਜਿੱਥੇ ਕਿ ਉਹ ਮਾਰੇ ਗਏ ਸਨ। ਉਹਨਾਂ ਦਾ ਸਾਹਮਣਾ ਬਥਿਲਡਾ ਬੈਗਸ਼ੌਟ ਨਾਲ ਹੁੰਦਾ ਹੈ, ਜਿਸ ਕੋਲ ਉਹ ਮੰਨਦੇ ਹਨ ਕਿ ਗਰੁੜਦੁਆਰ ਦੀ ਤਲਵਾਰ ਹੈ। ਬਥਿਲਡਾ ਹੈਰੀ ਅਤੇ ਹਰਮਾਈਨੀ ਨੂੰ ਆਪਣੇ ਘਰ ਅੰਦਰ ਦਾਖ਼ਲ ਹੋਣ ਦਿੰਦੀ ਹੈ ਅਤੇ ਮਗਰੋਂ ਪਤਾ ਲੱਗਦਾ ਹੈ ਕਿ ਉਹ ਨਗੀਨੀ ਹੈ, ਜਿਹੜੀ ਕਿ ਵੌਲਡੇਮੌਰਟ ਦੇ ਹੁਕਮ ਅੰਦਰ ਹੈ। ਹਰਮਾਈਨੀ ਅਤੇ ਹੈਰੀ ਉੱਥੋਂ ਭੱਜ ਨਿਕਲਦੇ ਹਨ ਪਰ ਹਰਮਾਈਨੀ ਨਗੀਨੀ ਨਾਲ ਲੜਦੇ ਵੇਲੇ ਹੈਰੀ ਦੀ ਛੜੀ ਤੋੜ ਦਿੰਦੀ ਹੈ। ਹਰਮਾਈਨੀ ਉਸ ਪਿੱਛੋਂ ਹੈਰੀ ਦੇ ਖ਼ਿਆਲ ਵਿੱਚ ਆਏ ਰਹੱਸਮਈ ਚੋਰ ਨੂੰ ਪਛਾਣਦੀ ਹੈ ਜਿਹੜਾ ਕਿ ਗੈਲੈਰਟ ਗਰਿੰਡਰਵਾਲਡ ਹੈ।
ਉਸੇ ਸ਼ਾਮ ਹੈਰੀ ਹਿਰਨੀ ਦੇ ਰੂਪ ਵਿੱਚ ਇੱਕ ਪਿਤਰਦੇਵ ਵੇਖਦਾ ਹੈ ਜਿਹੜਾ ਉਸਨੂੰ ਇੱਕ ਜੰਮੀ ਹੋਈ ਝੀਲ ਕੋਲ ਲੈ ਜਾਂਦਾ ਹੈ। ਗਰੁੜਦਵਾਰ ਦੀ ਤਲਵਾਰ ਉਸੇ ਝੀਲ ਵਿੱਚ ਬਰਫ਼ ਦੇ ਹੇਠਾਂ ਪਈ ਹੈ, ਜਿਸਨੂੰ ਹਾਸਲ ਕਰਨ ਲਈ ਹੈਰੀ ਝੀਲ ਦੀ ਬਰਫ਼ ਨੂੰ ਤੋੜ ਕੇ ਉਸ ਅੰਦਰ ਛਾਲ ਮਾਰ ਦਿੰਦਾ ਹੈ। ਉਸਦੇ ਗਲੇ ਵਿੱਚ ਪਾਇਆ ਹੋਇਆ ਲੌਕੇਟ ਉਸਨੂੰ ਜਕੜਨ ਦੀ ਕੋਸ਼ਿਸ਼ ਕਰਦਾ ਹੈ ਪਰ ਇੱਕਦਮ ਰੌਨ ਆ ਜਾਂਦਾ ਹੈ ਅਤੇ ਉਸਨੂੰ ਬਚਾ ਲੈਂਦਾ ਹੈ। ਇਸ ਪਿੱਛੋਂ ਹੈਰੀ ਲੌਕਟ ਨੂੰ ਖੋਲ੍ਹਦਾ ਹੈ ਅਤੇ ਰੌਨ ਉਸਨੂੰ ਤਲਵਾਰ ਦੀ ਮਦਦ ਨਾਲ ਉਸ ਲੌਕੇਟ ਨੁਮਾ ਹੂਕਰਕਸ ਨੂੰ ਨਸ਼ਟ ਕਰ ਦਿੰਦਾ ਹੈ। ਹਰਮਾਈਨੀ ਅਤੇ ਰੌਨ ਸਮਝੌਤਾ ਕਰ ਲੈਂਦੇ ਹਨ, ਅਤੇ ਇਸ ਪਿੱਛੋਂ ਉਹ ਤਿੰਨੇ ਜ਼ੀਨੋਫ਼ਿਲਿਅਸ ਲਵਗੁਡ ਕੋਲ ਜਾਣ ਦਾ ਫ਼ੈਸਲਾ ਕਰਦੇ ਹਨ ਤਾਂਕਿ ਉਹ ਹਰਮਾਈਨੀ ਨੂੰ ਡੰਬਲਡੋਰ ਦੁਆਰਾ ਦਿੱਤੀ ਹੋਈ ਕਿਤਾਬ ਦੇ ਉੱਪਰ ਬਣੇ ਚਿੰਨ੍ਹ ਦਾ ਰਹੱਸ ਜਾਣ ਸਕਣ। ਲਵਗੁਡ ਉਹਨਾਂ ਨੂੰ ਦੱਸਦਾ ਹੈ ਕਿ ਕਿਤਾਬ ਉੱਪਰ ਬਣਿਆ ਹੋਇਆ ਚਿੰਨ੍ਹ ਡੈਥਲੀ ਹੈਲੋਜ਼ (ਮੌਤ ਦੇ ਤੋਹਫ਼ੇ) ਦੀ ਨਿਸ਼ਾਨੀ ਹੈ, ਜਿਹੜੇ ਕਿ ਤਿੰਨ ਜਾਦੂਈ ਪਦਾਰਥ ਹਨ ਅਤੇ ਉਹਨਾਂ ਤਿੰਨਾਂ ਨੂੰ ਹਾਸਲ ਕਰਕੇ ਕੋਈ ਵੀ ਜਾਦੂਗਰ ਮੌਤ ਉੱਪਰ ਜਿੱਤ ਹਾਸਲ ਕਰ ਸਕਦਾ ਹੈ। ਹਰਮਾਈਨੀ ਤੋਹਫ਼ਿਆਂ ਬਾਰੇ ਕਿਤਾਬ ਵਿੱਚੋਂ ਇੱਕ ਕਹਾਣੀ ਪੜ੍ਹਦੀ ਹੈ। ਉਸ ਪਿੱਛੋਂ ਉਹ ਤਿੰਨੋਂ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਪਰ ਲਵਗੁਡ ਉਹਨਾਂ ਨੂੰ ਰੋਕ ਲੈਂਦਾ ਹੈ। ਉਹ ਦੱਸਦਾ ਹੈ ਕਿ ਲੂਨਾ ਨੂੰ ਪ੍ਰਾਣ ਭਕਸ਼ੀਆਂ ਦੁਆਰਾ ਅਗਵਾਹ ਕਰ ਲਿਆ ਗਿਆ ਹੈ। ਹੈਰੀ, ਰੌਨ ਅਤੇ ਹਰਮਾਈਨੀ ਉੱਥੋਂ ਗਾਇਬ ਹੋ ਜਾਂਦੇ ਹਨ ਅਤੇ ਲਵਗੁਡ ਦੇ ਘਰ ਨੂੰ ਤਬਾਹ ਕਰ ਦਿੱਤਾ ਜਾਂਦਾ ਹੈ।
ਉਜਾੜ ਅਣਜਾਣ ਥਾਂ ਤੇ ਵਾਪਸ ਪਹੁੰਚ ਕੇ, ਤਿੰਨੋਂ ਇੱਕ ਕੈਂਪ ਲਾ ਲੈਂਦੈ ਹਨ ਜਿੱਥੇ ਕਿ ਲੁਟੇਰੇ ਉਹਨਾਂ ਨੂੰ ਲੱਭ ਲੈਂਦੇ ਹਨ। ਹਰਮਾਈਨੀ ਹੈਰੀ ਦੀ ਪਛਾਣ ਲੁਕੋਣ ਲਈ ਉਸਨੂੰ ਇੱਕ ਸਰਾਪ ਦੇ ਦਿੰਦੀ ਹੈ। ਲੁਟੇਰੇ ਉਹਨਾਂ ਸਾਰਿਆਂ ਨੂੰ ਮੈਲਫ਼ੌਏ ਮੇਨਰ ਕੋਲ ਲੈ ਜਾਂਦੇ ਹਨ। ਬੈਲੇਟ੍ਰਿਕਸ ਲੈਸਰਾਂਜ ਹੈਰੀ ਅਤੇ ਰੌਨ ਨੂੰ ਲੂਨਾ ਦੇ ਨਾਲ ਇੱਕ ਕਮਰੇ ਵਿੱਚ ਕੈਦ ਕਰ ਦਿੰਦੀ ਹੈ, ਉਸ ਕਮਰੇ ਵਿੱਚ ਓਲੀਵੈਂਡਰ, ਅਤੇ ਗ੍ਰਿਫੂਕ ਜਿਹੜਾ ਇੱਕ ਗੌਬਲਿਨ ਹੈ, ਵੀ ਕੈਦ ਹਨ। ਉਸ ਪਿੱਛੋਂ ਬੈਲੇਟ੍ਰਿਕਸ ਹਰਮਾਈਨੀ ਤੋਂ ਪੁੱਛਗਿੱਛ ਕਰਦੀ ਹੈ ਕਿ ਉਹਨਾਂ ਨੇ ਗਰੁੜਦਵਾਰ ਦੀ ਤਲਵਾਰ ਨੂੰ ਕਿਸ ਤਰ੍ਹਾਂ ਲੱਭਿਆ। ਹੈਰੀ ਆਪਣੇ ਕੋਲ ਟੁੱਟੇ ਸ਼ੀਸ਼ੇ ਵਿੱਚੋਂ ਮਦਦ ਦੀ ਪੁਕਾਰ ਕਰਦਾ ਹੈ। ਇੱਕਦਮ ਉਹਨਾਂ ਨੂੰ ਬਚਾਉਣ ਲਈ ਡੌਬੀ ਆ ਜਾਂਦਾ ਹੈ। ਹੈਰੀ ਅਤੇ ਰੌਨ, ਹਰਮਾਈਨੀ ਨੂੰ ਬਚਾਉਣ ਲਈ ਭੱਜਦੇ ਹਨ। ਇਸ ਪਿੱਛੋਂ ਇੱਕ ਲੜਾਈ ਹੁੰਦੀ ਹੈ। ਡੌਬੀ ਬੈਲੇਟ੍ਰਿਕਸ ਦੇ ਉੱਪਰ ਇੱਕ ਫ਼ਾਨੂਸ ਸੁੱਟਦਾ ਹੈ ਜਿਸ ਕਰਕੇ ਉਸਨੂੰ ਹਰਮਾਈਨੀ ਨੂੰ ਛੱਡਣਾ ਪੈਂਦਾ ਹੈ। ਜਿਵੇਂ ਹੀ ਡੌਬੀ ਸਾਰਿਆਂ ਨੂੰ ਇਕੱਠਾ ਕਰਕੇ ਉੱਥੋਂ ਗਾਇਬ ਹੋਣ ਲੱਗਦਾ ਹੈ, ਬੈਲੇਟ੍ਰਿਕਸ ਆਪਣਾ ਚਾਕੂ ਉਹਨਾਂ ਵੱਲ ਸੁੱਟਦੀ ਹੈ ਅਤੇ ਉਹ ਉੱਥੋਂ ਗਾਇਬ ਹੋ ਜਾਂਦੇ ਹਨ। ਉਹ ਇੱਕ ਘਰ ਵਿੱਚ ਪਰਗਟ ਹੁੰਦੇ ਹਨ ਪਰ ਬੈਲੇਟ੍ਰਿਕਸ ਦਾ ਸੁੱਟਿਆ ਚਾਕੂ ਡੌਬੀ ਦੇ ਵੱਜ ਜਾਂਦਾ ਹੈ, ਜਿਸ ਨਾਲ ਉਸਦੀ ਮੌਤ ਹੋ ਜਾਂਦੀ ਹੈ। ਹੈਰੀ ਕਹਿੰਦਾ ਹੈ ਕਿ ਉਹ ਕਿਸੇ ਜਾਦੂ ਤੋਂ ਬਗੈਰ ਡੌਬੀ ਨੂੰ ਦਫ਼ਨਾਉਣਾ ਚਾਹੁੰਦਾ ਹੈ, ਅਤੇ ਰੌਨ ਅਤੇ ਹਰਮਾਈਨੀ ਇਹ ਕਰਨ ਲਈ ਸਹਿਮਤ ਹਨ।
ਆਖ਼ਰੀ ਸੀਨ ਵਿੱਚ, ਵੌਲਡੇਮੌਰਟ ਡੰਬਲਡੋਰ ਦੀ ਕਬਰ ਨੂੰ ਖੋਲ੍ਹਦਾ ਹੈ ਅਤੇ ਐਲਡਰ ਛੜੀ ਨੂੰ ਉਸ ਕੋਲੋਂ ਲੈ ਲੈਂਦਾ ਹੈ।
Remove ads
ਪਾਤਰ
- ਡੇਨੀਅਲ ਰੈੱਡਕਲਿਫ, ਹੈਰੀ ਪੌਟਰ
- ਰੂਪਰਟ ਗਰਿੰਟ, ਰੌਨ ਵੀਸਲੀ
- ਐਮਾ ਵਾਟਸਨ, ਹਰਮਾਈਨੀ ਗਰੇਂਜਰ
- ਹੈਲੇਨਾ ਬੌਨਹੈਮ ਕਾਰਟਰ, ਬੈਲੇਟ੍ਰਿਕਸ ਲੈਸਰਾਂਜ, ਇੱਕ ਪ੍ਰਾਣ ਭਕਸ਼ੀ ਜਿਹੜੀ ਸੀਰੀਅਸ ਬਲੈਕ ਦੀ ਚਚੇਰੀ ਭੈਣ ਅਤੇ ਉਸਦੀ ਕਾਤਲ ਹੈ।
- ਰੌਬੀ ਕੌਲਟਰੇਨ, ਰੂਬੀਅਸ ਹੈਗਰਿਡ, ਹੌਗਵਰਟਜ਼ ਦਾ ਗੇਟਕੀਪਰ ਅਤੇ ਹੈਰੀ ਦਾ ਦੋਸਤ।
- ਵਾਰਵਿਕ ਡੇਵਿਸ, ਗ੍ਰਿਫੂਕ, ਇੱਕ ਗੌਬਲਿਨ।
- ਟੌਮ ਫ਼ੈਲਟਨ, ਡ੍ਰੇਕੋ ਮੈਲਫ਼ੌਏ
- ਰਾਲਫ ਫ਼ੀਨਸ, ਲੌਰਡ ਵੌਲਡੇਮੌਰਟ, ਇੱਕ ਸ਼ੈਤਾਨ, ਤਾਕਤ ਦਾ ਭੁੱਖਾ ਜਾਦੂਗਰ, ਅਤੇ ਪ੍ਰਾਣ ਭਕਸ਼ੀਆਂ ਦਾ ਮੁਖੀ।
- ਮਾਈਕਲ ਗੈਂਬਨ, ਐਲਬਸ ਡੰਬਲਡੋਰ, ਹੌਗਵਰਟਜ਼ ਦਾ ਹੈਡ-ਮਾਸਟਰ ਜਿਸਨੂੰ ਸੈਵੇਰਸ ਸਨੇਪ ਦੁਆਰਾ ਮਾਰ ਦਿੱਤਾ ਗਿਆ ਸੀ।
- ਬ੍ਰੈਂਡਨ ਗਲੀਸਨ, ਮੈਡ ਆਈ ਮੂਡੀ, ਔਰਡਰ ਔਫ਼ ਦ ਫ਼ੀਨਿਕਸ ਦਾ ਮੈਂਬਰ।
- ਰਿਚਰਡ ਗ੍ਰਿਫ਼ਿਥਸ, ਵਰਨੌਨ ਡਰਸਲੀ, ਹੈਰੀ ਦਾ ਮਗਲੂ ਚਾਚਾ।
- ਜੌਨ ਹਰਟ, ਓਲੀਵੈਂਡਰ
- ਰ੍ਹਈਨਸ ਇਲਫ਼ਾਂਸ, ਜ਼ੀਨੋਫ਼ਿਲਿਅਸ ਲਵਗੁਡ, ਲੂਨਾ ਲਵਗੁਡ ਦਾ ਪਿਤਾ।
- ਜੇਸਨ ਇਸਾਕਸ, ਲੂਸ਼ੀਅਸ ਮੈਲਫੌਏ, ਡ੍ਰੇਕੋ ਮੈਲਫ਼ੌਏ ਦਾ ਪਿਤਾ ਅਤੇ ਇੱਕ ਪ੍ਰਾਣ ਭਕਸ਼ੀ।
- ਬਿਲ ਨਾਈ, ਰੂਫ਼ਸ ਸਕ੍ਰਿਮਗਿਓਰ
- ਐਲਨ ਰਿਕਮੈਨ, ਸੈਵੇਰਸ ਸਨੇਪ, ਪ੍ਰਾਣ ਭਕਸ਼ੀਆਂ ਅਤੇ ਹੌਗਵਰਟਜ਼ ਦੇ ਹੈਡਮਾਸਟਰ ਦਾ ਦੋਹਰਾ ਏਜੰਟ।
- ਫ਼ਿਓਨਾ ਸ਼ਾਅ, ਪਿਟੂਨੀਆ ਡਰਸਲੀ, ਹੈਰੀ ਦੀ ਮਗਲੂ ਚਾਚੀ।
- ਟਿਮੋਥੀ ਸਪਾਲ, ਇੱਕ ਪ੍ਰਾਣ ਭਕਸ਼ੀ, ਜਿਸਨੇ ਹੈਰੀ ਦੇ ਮਾਂ-ਪਿਓ ਨੂੰ ਵੌਲਡੇਮੌਰਟ ਲਈ ਧੋਖਾ ਦਿੱਤਾ ਸੀ।
- ਇਮੈਲਡਾ ਸਟੌਂਟਨ, ਡੋਲੋਰਿਸ ਅੰਬਰਿਜ।
- ਡੇਵਿਡ ਥਿਓਲਿਸ, ਰੇਮਸ ਲਿਊਪਿਨ।
- ਜੂਲੀ ਵਾਲਟਰਜ਼, ਮੌਲੀ ਵੀਸਲੀ।
Remove ads
ਹਵਾਲੇ
ਬਾਹਰਲੇ ਲਿੰਕ
Wikiwand - on
Seamless Wikipedia browsing. On steroids.
Remove ads