ਪੰਜਾਬੀ ਲੋਕ ਕਹਾਣੀਆਂ ਦਾ ਸਰੰਚਨਾਤਮਕ ਅਧਿਐਨ ਅਤੇ ਵਰਗੀਕਰਨ

From Wikipedia, the free encyclopedia

ਪੰਜਾਬੀ ਲੋਕ ਕਹਾਣੀਆਂ ਦਾ ਸਰੰਚਨਾਤਮਕ ਅਧਿਐਨ ਅਤੇ ਵਰਗੀਕਰਨ
Remove ads

'ਪੰਜਾਬੀ ਲੋਕ ਕਹਾਣੀਆਂ ਦਾ ਸਰੰਚਨਾਤਮਕ ਅਧਿਐਨ ਅਤੇ ਵਰਗੀਕਰਨ ਡਾ. ਜੋਗਿੰਦਰ ਸਿੰਘ ਕੈਰੋਂ ਦੁਆਰਾ ਲਿਖੀ ਇੱਕ ਮਹੱਤਵਪੂਰਨ ਪੁਸਤਕ ਹੈ। ਜੋ ਲੋਕਧਾਰਾ ਅਧਿਐਨ ਨਾਲ ਜੁੜੇ ਵਿਦਿਆਰਥੀਆਂ ਅਤੇ ਵਿਦਵਾਨਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਡਾ. ਕੈਰੋਂ ਨੇ ਇਸ ਵਿੱਚ ਲੋਕ ਕਹਾਣੀਆਂ ਦੇ ਵਰਗੀਕਰਨ ਦੇ ਮਸਲੇ ਨੂੰ ਮੁਖ਼ਾਤਬ ਹੁੰਦਿਆਂ ਹੋਇਆਂ ਪੰਜਾਬੀ ਲੋਕ ਕਹਾਣੀਆਂ ਦੇ ਅਧਿਐਨ ਲਈ ਇੱਕ ਵੱਖਰਾ ਮਾਡਲ ਉਸਾਰਨ ਦਾ ਯਤਨ ਕੀਤਾ ਹੈ। ਉਨ੍ਹਾਂ ਦਾ ਅਧਿਐਨ ਮੂਲ ਰੂਪ ਵਿੱਚ ਗ੍ਰੇਮਾਸ ਦੇ ਐਕਤਾਂਸ਼ੀਅਲ ਮਾਡਲ ਉੱਤੇ ਅਧਾਰਿਤ ਹੈ। ਜੋ ਸਿੱਧੇ ਅਸਿੱਧੇ ਰੂਪ ਵਿੱਚ ਵਲਾਦੀਮੀਰ ਪਰੌਪ, ਮਿਰਾਂਡਾ, ਐਲਨ ਡੰਡੀਜ਼ ਅਤੇ ਲੈਵੀ ਸਤ੍ਰਾਸ ਦੇ ਮਾਡਲਾਂ ਦਾ ਵੀ ਪ੍ਰਭਾਵ ਕਬੂਲਦਾ ਹੈ। ਡਾ. ਕੈਰੋਂ ਲੋਕ ਕਹਾਣੀਆਂ ਵਿੱਚ ਵੀ ਭਾਸ਼ਾ ਜਿਹੇ ਯੋਜਨਾਬਧ ਗੁਣ ਨੂੰ ਸਵੀਕਾਰਦਿਆਂ ਇਸਦੇ ਅਧਿਐਨ ਹਿੱਤ ਸਰੰਚਨਾਵਾਦੀ ਪਹੁੰਚ ਅਪਣਾਉਂਦੇ ਹਨ। ਇਹ ਪੁਸਤਕ ਕ੍ਰਮਵਾਰ ਲੋਕ ਵਾਰਤਕ ਬਿ੍ਤਾਂਤ, ਲੋਕ ਕਹਾਣੀਆਂ ਉਪਰ ਹੋਇਆ ਕੰਮ: ਇੱਕ ਸਰਵੇਖਣ, ਸਰੰਚਨਾਤਮਕ ਵਿਧੀ ਅਤੇ ਲੋਕ ਕਹਾਣੀ, ਪੰਜਾਬੀ ਲੋਕ ਕਹਾਣੀ ਦੇ ਮਾਡਲ ਦੀ ਖੋਜ ਅਤੇ ਦੋ ਪੰਜਾਬੀ ਲੋਕ ਕਹਾਣੀਆਂ ਦੀ ਸਰੰਚਨਾ ਸਿਰਲੇਖਿਤ ਅਧਿਆਇਆਂ ਵਿੱਚ ਵੰਡੀ ਹੋਈ ਹੈ। ਅੰਤ 'ਤੇ ਇਸ ਅਧਿਐਨ ਦਾ ਆਧਾਰ ਬਣੀਆਂ ਲੋਕ ਕਹਾਣੀਆਂ ਦੀ ਸੂਚੀ ਵੀ ਦਰਜ ਕੀਤੀ ਗਈ ਹੈ।

ਵਿਸ਼ੇਸ਼ ਤੱਥ ਲੇਖਕ, ਦੇਸ਼ ...
Remove ads

ਅਧਿਆਇ ਵੰਡ

ਲੋਕ ਵਾਰਤਕ ਬਿ੍ਤਾਂਤ

ਇਸ ਅਧਿਆਇ ਵਿੱਚ ਲੋਕ ਵਾਰਤਕ ਬਿ੍ਤਾਂਤ ਦੇ ਨਿਖੇੜੇ ਦੇ ਮਸਲੇ ਨੂੰ ਛੂਹ ਕੇ ਅੱਗੋਂ ਉਸਦੇ ਰੂਪਾਂ ਬਾਰੇ ਵਿਸਤ੍ਰਿਤ ਚਰਚਾ ਕੀਤੀ ਹੈ। ਜੋਗਿੰਦਰ ਸਿੰਘ ਕੈਰੋਂ ਨੇ ਸਮੁੱਚੇ ਕਹਾਣੀ ਵਰਗ ਲਈ ਲੋਕ ਕਹਾਣੀ ਪਦ ਅਣਉਚਿਤ ਦੱਸਿਆ ਹੈ। ਉਨ੍ਹਾਂ ਦੀ ਦਲੀਲ ਅਨੁਸਾਰ ਜੇਕਰ ਅਸੀਂ ਸਿਰਫ ਪਰੀ ਕਹਾਣੀਆਂ, ਨੀਤੀ ਕਹਾਣੀਆਂ ਆਦਿ ਸਧਾਰਨ ਕਹਾਣੀਆਂ ਨੂੰ ਇਕੱਠੀਆਂ ਰੱਖ ਕੇ ਲੋਕ ਕਹਾਣੀਆਂ ਦੇ ਸਿਰਲੇਖ ਹੇਠ ਲੈ ਆਉਂਦੇ ਹਾਂ ਤਾਂ ਮਿਥ ਕਥਾਵਾਂ ਤੇ ਦੰਤ ਕਥਾਵਾਂ ਇਸ ਵਰਗ ਤੋਂ ਬਾਹਰ ਰਹਿ ਜਾਂਦੀਆਂ ਹਨ। ਇਸ ਲਈ ਡਾ. ਕੈਰੋਂ ਸਮੁੱਚੇ ਲੋਕ ਕਹਾਣੀ ਵਰਗ ਲਈ ਲੋਕ ਵਾਰਤਕ ਬਿ੍ਤਾਂਤ ਪਦ ਵਰਤਦੇ ਹਨ ਅਤੇ ਅੱਗੋਂ ਉਸ ਦੇ ਤਿੰਨ ਰੂਪ ਮਿਥ ਕਥਾਵਾਂ, ਦੰਤ ਕਥਾਵਾਂ ਅਤੇ ਲੋਕ ਕਹਾਣੀ ਸੁਝਾਉਂਦੇ ਹਨ। ਡਾ. ਕੈਰੋਂ ਨੇ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਨੂੰ ਅਧਾਰ ਬਣਾ ਕੇ ਮਿਥ ਦੀ ਢੁੱਕਵੀਂ ਪਰਿਭਾਸ਼ਾ ਅਤੇ ਇਸਦੀ ਉਤਪਤੀ ਦੇ ਅਧਾਰ ਨੂੰ ਜਾਨਣ ਦਾ ਯਤਨ ਕੀਤਾ ਹੈ। ਮਿੱਥ ਕਥਾ, ਦੰਤ ਕਥਾ, ਫੈਂਤਾਸੀ, ਵਿਸ਼ਵਾਸ ਤੇ ਗੱਪ ਤੋਂ ਵੱਖਰੀ ਹੈ। ਇਸਦਾ ਆਪਣਾ ਸਮਾਜਿਕ ਪ੍ਰਕਾਰਜ ਹੈ। ਇਹ ਮੂਲ ਅਧਾਰ ਤੱਤਾਂ ਜਿਨ੍ਹਾਂ ਤੇ ਲੋਕਾਂ ਦਾ ਵਿਸ਼ਵਾਸ ਪ੍ਰਬੰਧ ਅਤੇ ਸਮਾਜਿਕ ਸਰੰਚਨਾ ਅਧਾਰਿਤ ਹੈ, ਦੀ ਪੁਨਰ ਵਿਆਖਿਆ ਕਰਦੀ ਹੈ। ਕਈ ਵਾਰ ਮਿਥ ਦਾ ਕਾਰਜ ਉਨ੍ਹਾਂ ਸਵਾਲਾਂ ਦੇ ਜਵਾਬ ਲੱਭਣਾ ਵੀ ਹੁੰਦਾ ਹੈ ਜੋ ਮਨੁੱਖੀ ਬੁੱਧੀ ਅਤੇ ਵਿਗਿਆਨ ਦੁਆਰਾ ਹੱਲ ਨਹੀਂ ਹੋ ਸਕੇ। ਉਨ੍ਹਾਂ ਮਿਥ ਕਥਾ ਦੀ ਉਤਪਤੀ ਪ੍ਰਕਿਰਤੀ ਦੇ ਸਭਿਆਚਾਰੀਕਰਨ ਵਿਚੋਂ ਹੋਈ ਮੰਨੀ ਹੈ। ਦੰਤ ਕਥਾ ਦੀ ਪ੍ਰਕਿਰਤੀ ਬਾਰੇ ਚਰਚਾ ਕਰਦੇ ਹੋਏ ਡਾ. ਕੈਰੋਂ ਨੇ ਦੰਤ ਕਥਾ ਨੂੰ ਸੁਭਾ ਪੱਖੋਂ ਪਵਿੱਤਰਤਾ ਨਾਲੋਂ ਸਾਂਝ ਮੁਖੀ ਤੇ ਇਤਿਹਾਸਕ ਤੱਤਾਂ ਵਾਲੀ ਦੱਸਿਆ ਹੈ। ਇਸਦੇ ਪਾਤਰ ਸਧਾਰਨ ਤੋਂ ਉਠਕੇ ਵਿਸ਼ੇਸ਼ ਬਣਦੇ ਹਨ। ਲੋਕ ਮਨ ਸਵੈ-ਸੰਤੁਸ਼ਟੀ ਲਈ ਇਤਿਹਾਸਕ ਤੱਤਾਂ ਵਿੱਚ ਵਾਧ-ਘਾਟ ਕਰ ਲੈਂਦਾ ਹੈ। ਲੋਕ ਕਹਾਣੀ ਬਾਰੇ ਵਿਚਾਰ ਦੇਣ ਤੋਂ ਪਹਿਲਾਂ ਕੈਰੋਂ ਇਸਦੀ ਮਿਥ ਅਤੇ ਦੰਤ ਕਥਾ ਨਾਲੋਂ ਵੱਖਰਤਾ ਸਪਸ਼ਟ ਕਰਦਾ ਹੈ। ਇਸ ਸਬੰਧੀ ਜਿਆਦਾ ਧਾਰਨਾਵਾਂ ਲੋਕ ਕਹਾਣੀ ਅਤੇ ਪਰੀ ਕਹਾਣੀ ਨੂੰ ਇੱਕ ਸਮਾਨ ਮੰਨ ਕੇ ਬਣਾਈਆਂ ਗਈਆਂ ਹਨ। ਮਲੇਤੰਸਕੀ ਦੇ ਹਵਾਲੇ ਨਾਲ ਡਾ. ਕੈਰੋਂ ਆਖਦੇ ਹਨ ਕਿ ਪਰੀ ਕਹਾਣੀ ਵਿੱਚ ਵਿਆਹ ਮੂਲ ਤੇ ਪਹਿਲੀ ਮਹੱਤਤਾ ਹੈ ਜੋ ਨਿੱਜੀ ਹਿੱਤਾਂ ਲਈ ਕੀਤਾ ਜਾਂਦਾ ਹੈ। ਜਦਕਿ ਮਿਥ ਕਥਾ ਵਿੱਚ ਜੇਕਰ ਵਿਆਹ ਹੁੰਦਾ ਵੀ ਹੈ ਤਾਂ ਉਹ ਸਮੂਹਿਕ ਹਿੱਤਾਂ ਲਈ ਹੁੰਦਾ ਹੈ। ਲੋਕ ਕਹਾਣੀਆਂ ਪਰਿਵਾਰਕ ਉਲਝਣਾਂ ਤੇ ਸਮੱਸਿਆਵਾਂ ਚੋਂ ਪੈਦਾ ਹੁੰਦੀਆਂ ਹਨ ਇਸਦੇ ਵਿਸ਼ੇ ਸਭਿਆਚਾਰਕ ਰੂੜੀਆਂ ਅਤੇ ਪਰਿਵਾਰਕ ਪ੍ਰਬੰਧ ਵਿੱਚ ਆਈਆਂ ਤਰੇੜਾਂ ਤੇ ਅਧਾਰਿਤ ਹੁੰਦੇ ਹਨ। ਉਹ ਸਾਰੀਆਂ ਕਹਾਣੀਆਂ ਜੋ ਮਿਥ ਅਤੇ ਦੰਤ ਕਥਾ ਨਹੀਂ ਹਨ ਉਹ ਲੋਕ ਕਹਾਣੀਆਂ ਹਨ। ਸਾਰਾਂਸ਼ ਰੂਪ ਵਿੱਚ ਮਿਥ ਦਾ ਪ੍ਰਕਾਰਜ ਵਿਆਖਿਆ ਹੁੰਦਾ ਹੈ, ਦੰਤ ਕਥਾ ਰਵਾਇਤਾਂ ਤੇ ਅਧਾਰਿਤ ਹੁੰਦੀ ਹੈ ਅਤੇ ਲੋਕ ਕਹਾਣੀ ਨਿਰੋਲ ਕਲਪਨਾ ਅਧਾਰਿਤ ਹੁੰਦੀ ਹੈ।

ਲੋਕ ਕਹਾਣੀ ਉਪਰ ਹੋਇਆ ਕੰਮ: ਇੱਕ ਸਰਵੇਖਣ

ਇਸ ਅਧਿਆਇ ਵਿੱਚ ਪੰਜਾਬੀ ਲੋਕ ਕਹਾਣੀਆਂ ਦੇ ਨਾਲ ਨਾਲ ਵਿਸ਼ਵ ਪੱਧਰ ਤੇ ਹੋਏ ਲੋਕ ਕਹਾਣੀਆਂ ਉਪਰ ਕੰਮ ਬਾਰੇ ਵੀ ਸੰਖਿਪਤ ਜਾਣਕਾਰੀ ਦਰਜ ਹੈ। ਜਿਨ੍ਹਾਂ ਵਿੱਚ ਵੱਖ-ਵੱਖ ਵਿਧੀਆਂ ਰਾਹੀਂ ਹੋਏ ਲੋਕ ਕਹਾਣੀਆਂ ਦੇ ਅਧਿਐਨ ਬਾਬਤ ਵੇਰਵੇ ਦਰਜ ਹਨ। ਜਾਰਜ ਲਾਰੰਸ ਦੁਆਰਾ historical reconstructional ਵਿਧੀ ਨਾਲ ਲੋਕ ਰਵਾਇਤਾਂ ਦਾ ਅਧਿਐਨ, ਸਿਗਮੰਡ ਫ਼ਰਾਇਡ ਦੇ ਮਨੋਵਿਗਿਆਨਕ ਸਕੂਲ ਵਾਲੇ ਸਿਧਾਂਤ, ਜੁੰਗ ਨੇ ਐਨਾਲਿਟੀਕਲ ਸਾਇਕੋਲੋਜੀ ਰਾਹੀਂ ਮੈਟਾਫਿਜ਼ੀਕਲ ਪੱਧਰ ਉਪਰ ਮਿਥ ਤੇ ਪਰੀ ਕਹਾਣੀਆਂ ਦਾ ਅਧਿਐਨ ਚਿਨ੍ਹਾਤਮਕ ਵਿਧੀ ਰਾਹੀਂ ਕੀਤਾ। ਸਰੰਚਨਾਵਾਦੀ ਅਧਿਐਨ ਦਾ ਅਧਾਰ ਪਰੋਪ ਦੀ ਪੁਸਤਕ morphology of folktale ਨਾਲ ਬੱਝਦਾ ਹੈ। ਜਿਸਨੂੰ ਐਲਨ ਡੰਡੀਜ਼ ਅੱਗੇ ਤੋਰਦਾ ਹੈ। ਸਰੰਚਨਾਵਾਦੀ ਅਧਿਐਨ ਦੀ ਦੂਜੀ ਧਾਰਾ ਨੂੰ ਲੈਵੀ ਸਤ੍ਰਾਸ ਮਿਥ ਅਤੇ ਟੋਟਮ ਦੇ ਅਧਿਐਨ ਨਾਲ ਅੱਗੇ ਲੈ ਜਾਂਦਾ ਹੈ। ਕੈਰੋਂ ਪੰਜਾਬੀ ਲੋਕ ਕਹਾਣੀ ਦੇ ਅਧਿਐਨ ਦੀ ਗੱਲ ਦਮੋਦਰ ਦੁਆਰਾ ਹੀਰ ਰਾਂਝੇ ਦੀ ਪ੍ਰੀਤ ਕਹਾਣੀ ਨੂੰ ਵਿਸ਼ਿਸ਼ਟ ਕਾਵਿ ਰੂਪ ਵਿੱਚ ਢਾਲਣ ਤੋਂ ਕਰਦਾ ਹੈ ਇਸ ਤੋਂ ਬਾਅਦ ਅੰਗ੍ਰੇਜ਼ਾਂ ਦੁਆਰਾ ਇਕੱਠੇ ਕੀਤੇ ਪੰਜਾਬ ਦੀਆਂ ਲੋਕ ਕਹਾਣੀਆਂ ਦੇ ਸੰਗ੍ਰਹਿਆਂ ਖਾਸ ਕਰ ਆਰ. ਸੀ. ਟੈਂਪਲ ਦੇ ਕੰਮ ਬਾਰੇ ਵੇਰਵੇ ਦਰਜ ਹਨ | ਨਾਲ ਹੀ ਕੈਰੋਂ ਨੇ ਭਾਰਤੀ ਵਿਦਵਾਨਾਂ ਦੁਆਰਾ ਲੋਕ ਕਹਾਣੀਆਂ ਤੇ ਕੀਤੇ ਕੰਮ ਦਾ ਜ਼ਿਕਰ ਵੀ ਕੀਤਾ ਹੈ ਜਿਨ੍ਹਾਂ ਵਿੱਚ ਧਨਵੰਤ ਸਿੰਘ ਸੀਤਲ, ਸਰਦੂਲ ਸਿੰਘ ਕੋਮਲ, ਸੋਹਿੰਦਰ ਸਿੰਘ ਵਣਜਾਰਾ ਬੇਦੀ, ਸੁਖਦੇਵ ਮਾਦਪੁਰੀ, ਡਾ. ਕਰਨੈਲ ਸਿੰਘ ਥਿੰਦ ਅਤੇ ਡਾ. ਨਾਹਰ ਸਿੰਘ ਆਦਿ ਵਿਦਵਾਨਾਂ ਦੇ ਕੰਮ ਜ਼ਿਕਰਯੋਗ ਹਨ।

ਸਰੰਚਨਾਤਮਕ ਵਿਧੀ ਅਤੇ ਲੋਕ ਕਹਾਣੀ

ਸਰੰਚਨਾਤਮਕ ਵਿਧੀ ਅਤੇ ਲੋਕ ਕਹਾਣੀ ਆਧਿਆਇ ਵਿੱਚ ਸਰੰਚਨਾਤਮਕ ਵਿਧੀ ਰਾਹੀਂ ਲੋਕ ਕਹਾਣੀ ਦੇ ਹੋਏ ਅਧਿਐਨ ਨੂੰ ਚਰਚਾ ਦਾ ਵਿਸ਼ਾ ਬਣਾਇਆ ਗਿਆ ਹੈ। ਹੋਰ ਵਿਗਿਆਨਾਂ ਤੋਂ ਬਾਅਦ ਸਾਹਿਤ ਅਤੇ ਲੋਕਯਾਨ ਸ਼ਾਸ਼ਤਰੀ ਵੀ ਅਧਿਐਨ ਖੇਤਰਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਤੱਤਾਂ ਦੇ ਪ੍ਰਬੰਧ ਨੂੰ ਸਮਝਣ ਲਈ ਰੁਚਿਤ ਹੋਏ ਹਨ। ਡਾ. ਕੈਰੋਂ, ਮਰਾਂਡਾ ਦੇ ਹਵਾਲੇ ਨਾਲ ਸਰੰਚਨਾਵਾਦੀ ਵਿਧੀ ਬਾਰੇ ਲਿਖਦੇ ਹਨ ਕਿ ਇਹ ਵਿਧੀ ਸਮੁੱਚੇ ਪ੍ਰਬੰਧ ਦੇ ਆਂਤਰਿਕ ਤੱਤਾਂ ਨੂੰ ਖੋਜਣ ਦਾ ਕੰਮ ਕਰਦੀ ਹੈ। ਕੈਰੋਂ ਅਨੁਸਾਰ ਇਕੱਲਾ ਤੱਤ ਆਪਣੇ ਆਪ ਵਿੱਚ ਕੁਝ ਵੀ ਅਰਥ ਨਹੀਂ ਰੱਖਦਾ। ਸਾਰੇ ਤੱਤ ਰਲ ਕੇ ਇੱਕ ਇਕਾਈ ਸੰਗਠਨ ਸਿਰਜਦੇ ਹਨ। ਮਾਨਵ ਵਿਗਿਆਨੀਆਂ ਖਾਸ ਕਰਕੇ ਲੈਵੀ ਸਤ੍ਰਾਸ ਨਾਲ ਸਹਿਮਤ ਹੁੰਦੀਆਂ ਹੋਇਆਂ ਕੈਰੋਂ ਲਿਖਦਾ ਹੈ ਕਿ ਪ੍ਰਕਿਰਤੀ ਵਿੱਚ ਕੁਝ ਵੀ ਸਵੈ ਇਛਾ ਨਾਲ ਨਹੀਂ ਹੁੰਦਾ ਉਸ ਅਨੁਸਾਰ ਕੁਝ ਨਿਯਮ ਜਰੂਰ ਹੋਣਗੇ ਜੋ ਮਨੁੱਖੀ ਵਿਹਾਰ ਨੂੰ ਸੰਚਾਲਿਤ ਕਰਦੇ ਹਨ।ਸਭਿਆਚਾਰਕ ਕਾਰਜਾਂ ਨੂੰ ਅਚੇਤ ਰੂਪ ਵਿੱਚ ਨਿਭਾਉਂਦਾ ਹੋਇਆ ਵੀ ਮਨੁੱਖ ਕੁਝ ਸਰੰਚਨਾਵਾਂ ਖੜੀਆਂ ਕਰਦਾ ਹੈ ਲੈਵੀ ਸਤ੍ਰਾਸ ਦੇ ਮਿਥ ਅਤੇ ਟੋਟਮ ਦੇ ਅਧਿਐਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ। ਇਸ ਤੋਂ ਬਾਅਦ ਕੈਰੋਂ ਨੇ ਐਲਨ ਡੰਡੀਜ਼ ਦੇ ਹਵਾਲੇ ਨਾਲ ਲੋਕ ਕਹਾਣੀਆਂ ਵਿੱਚ ਸਰੰਚਨਾਤਮਕ ਯੂਨਿਟਾਂ ਦੀ ਗੱਲ ਕੀਤੀ ਹੈ। ਵਲਾਦੀਮੀਰ ਪਰੋਪ ਦਾ ਲੋਕ ਕਹਾਣੀਆਂ ਦੀ ਬਣਤਰ ਵਿੱਚ ਹਿੱਸਾ ਪਾਉਣ ਵਾਲੇ ਤੱਤਾਂ ਦਾ ਕੰਮ ਮਹੱਤਤਾ ਦਾ ਧਾਰਨੀ ਹੈ। ਉਸ ਅਨੁਸਾਰ ਪਰੀ ਕਹਾਣੀ ਵਿੱਚ ਸਥਿਰ ਤੇ ਬਦਲਵੇਂ ਦੋਵੇਂ ਤੱਤ ਹੁੰਦੇ ਹਨ। ਉਸ ਅਨੁਸਾਰ ਪਾਤਰ ਹੀ ਸੁਭਾ ਤੇ ਗੁਣਾਂ ਕਰਨ ਬਦਲਦੇ ਹਨ ਪ੍ਰਕਾਰਜ ਹਮੇਸ਼ਾ ਸਥਿਰ ਰਹਿੰਦਾ ਹੈ। ਇਸ ਤੋਂ ਬਾਅਦ ਕੈਰੋਂ ਗ੍ਰੇਮਾਸ ਦੇ ਐਕਤਾਂਸ਼ਿਅਲ ਮਾਡਲ ਦੀ ਗੱਲ ਕਰਦਾ ਹੈ ਇਹ ਮਾਡਲ ਪਾਤਰ ਨੂੰ ਹੀ ਲੋਕ ਕਹਾਣੀ ਦਾ ਛੋਟੇ ਤੋਂ ਛੋਟੇ ਤੱਤ ਮੰਨਦਾ ਹੈ। ਜੋ ਭੂਮਿਕਾ ਤੇ ਸੁਭਾ ਕਾਰਨ ਸਥਿਰ ਰਹਿੰਦਾ ਹੈ। ਇਸ ਤਰ੍ਹਾਂ ਸਰੰਚਨਾਵਾਦੀ ਵਿਧੀ ਦੁਆਰਾ ਕਈ ਵਿਦਵਾਨਾਂ ਨੇ ਲੋਕ ਕਹਾਣੀਆਂ ਦਾ ਅਧਿਐਨ ਕੀਤਾ ਅਤੇ ਸੁਝਾਇਆ ਹੈ। ਉਨ੍ਹਾਂ ਦਾ ਉਦੇਸ਼ ਲੋਕ ਕਹਾਣੀ ਦੇ ਵਿੱਚ ਕੰਮ ਕਰਦੇ ਸਥਿਰ ਅਤੇ ਬਦਲਵੇਂ ਤੱਤਾਂ ਨੂੰ ਖੋਜਣ ਅਤੇ ਉਨ੍ਹਾਂ ਨਿਯਮਾਂ ਦਾ ਪਤਾ ਲਗਾਉਣਾ ਹੈ ਜਿਨ੍ਹਾਂ ਰਾਹੀਂ ਲੋਕ ਮਨ ਆਪਣੀ ਅਭਿਵਿਅਕਤੀ ਲਈ ਅਜਿਹੀਆਂ ਸਰੰਚਨਾਵਾਂ ਖੜੀਆਂ ਕਰਦਾ ਹੈ।

ਪੰਜਾਬੀ ਲੋਕ ਕਹਾਣੀ ਦੇ ਮਾਡਲ ਦੀ ਖੋਜ

ਇਸ ਅਧਿਆਇ ਵਿੱਚ ਜੋਗਿੰਦਰ ਸਿੰਘ ਕੈਰੋਂ ਨੇ ਲੋਕ ਕਹਾਣੀਆਂ ਦੇ ਮੁਕੰਮਲ ਅਧਿਐਨ ਲਈ ਮਾਡਲ ਦੀ ਜਰੂਰਤ ਨੂੰ ਮਹਿਸੂਸਦਿਆਂ ਗ੍ਰੇਮਾਸ ਦੇ ਐਕਤਾਂਸ਼ਿਆਲ ਮਾਡਲ ਅਤੇ ਹੇਡਾ ਜੇਸਨ ਤੇ ਐਲਨ ਡੰਡੀਜ਼ ਦੇ ਮਾਡਲ ਦੀ ਸਹਾਇਤਾ ਨਾਲ ਨਵਾਂ ਮਾਡਲ ਉਸਾਰਨ ਦਾ ਯਤਨ ਕੀਤਾ ਹੈ। ਉਸਨੇ ਪਰੋਪ ਦੇ ਅਧਿਐਨ ਨੂੰ ਸੀਮਤ ਦੱਸਦੇ ਹੋਏ ਕਿਹਾ ਕਿ ਇਹ ਪਰੀ ਕਹਾਣੀਆਂ ਵਿੱਚ ਪ੍ਰਕਾਰਜ ਲੱਭਣ ਅਤੇ ਕਹਾਣੀ-ਭੂਮਿਕਾ ਨਿਭਾਉਣ ਵਾਲੇ ਪਾਤਰਾਂ ਨੂੰ ਸੀਮਾਕ੍ਰਿਤ ਕਰਨ ਤਕ ਸੀਮਤ ਹੈ। ਪਰ ਨਾਲ ਹੀ ਕੈਰੋਂ ਇਹ ਵੀ ਸਵੀਕਾਰਦਾ ਹੈ ਕਿ ਉਸਦਾ ਇਹ ਮਾਡਲ ਕਿਤੇ ਨਾ ਕਿਤੇ ਪਰੋਖ ਰੂਪ ਵਿੱਚ ਪਰੋਪ ਦੇ ਹੀ ਮਾਡਲ ਤੇ ਅਧਾਰਿਤ ਹੈ। ਇਸ ਮਾਡਲ ਰਾਹੀਂ ਪੰਜਾਬ ਦੀਆਂ ਲੋਕ ਕਹਾਣੀਆਂ ਵਿੱਚ ਪੰਜਾਬ ਦੇ ਮਨੁੱਖ ਦੀ ਆਪਣੀ ਸਮਾਜਿਕ ਸਰੰਚਨਾ ਪ੍ਰਤੀ ਬੇਰੁਖੀ ਤੇ ਇਕਸੁਰਤਾ ਨੂੰ ਵੇਖਣ ਦਾ ਯਤਨ ਵੀ ਸ਼ਾਮਿਲ ਹੈ। ਲੋਕ ਕਹਾਣੀਆਂ ਦੇ ਅਧਿਐਨ ਤੋਂ ਇਹ ਵੀ ਦੇਖਣ ਦਾ ਯਤਨ ਕੀਤਾ ਗਿਆ ਹੈ ਕਿ ਮੁਖ ਕਰਤਾ ਦੇ ਖਾਹਿਸ਼ ਬਿੰਦੂ ਉਤਪੰਨ ਹੋਣ ਵਿੱਚ ਕਿਹੜਾ ਸਮਾਜਿਕ, ਸਭਿਆਚਾਰਕ ਅਤੇ ਮਾਨਸਿਕ ਪ੍ਰਤੀਕਰਮ ਕੰਮ ਕਰ ਰਿਹਾ ਹੈ। ਜਿਸਦੇ ਕਾਰਨ ਉਸਨੇ ਅਜਿਹੀ ਲੋਕ ਕਹਾਣੀ ਦੀ ਸਰੰਚਨਾ ਘੜਨ ਦਾ ਯਤਨ ਕੀਤਾ। ਇੰਝ ਇਹ ਮਾਡਲ ਜਿਥੇ ਲੋਕ ਕਹਾਣੀ ਦੀ ਸਰੰਚਨਾ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਉਥੇ ਲੋਕ ਕਹਾਣੀ ਦੀ ਸਰੰਚਨਾ ਰਾਹੀਂ ਪੰਜਾਬੀ ਮਨ ਦੀਆਂ ਵੱਖ-ਵੱਖ ਪਰਿਸਥਿਤੀਆਂ ਨੂੰ ਫੜਨ ਦਾ ਯਤਨ ਵੀ ਕਰਦਾ ਹੈ। ਇਸ ਮਾਡਲ ਰਾਹੀਂ ਕੀਤੇ ਅਧਿਐਨ ਤੋਂ ਬਾਅਦ ਕੈਰੋਂ ਇਸ ਨਤੀਜੇ ਤੇ ਪੁੱਜਦਾ ਹੈ ਕਿ ਆਪਣੇ ਗੁਣ ਅਤੇ ਸੁਭਾ ਕਾਰਨ ਪਾਤਰ ਬਦਲਦੇ ਰਹਿੰਦੇ ਹਨ ਪਰ ਉਹਨਾਂ ਦੇ ਕਾਰਜ ਕਹਾਣੀ-ਭੂਮਿਕਾ ਦੀ ਵੰਡ ਕਰਕੇ ਸਥਾਈ ਰਹਿੰਦੇ ਹਨ ਉਸਦੇ ਅਨੁਸਾਰ ਲੋਕ ਕਹਾਣੀਆਂ ਵਿੱਚ ਮਨੁਖੀ ਮਨ 21 ਉਦੇਸ਼ਾਂ ਦੀ ਪੂਰਤੀ ਲਈ ਯਤਨਸ਼ੀਲ ਹੈ।

ਦੋ ਪੰਜਾਬੀ ਲੋਕ ਕਹਾਣੀਆਂ ਦੀ ਸਰੰਚਨਾ

ਇਸ ਅਧਿਆਇ ਵਿੱਚ ਦੋ ਸੋਨੇ ਦੀ ਚਿੜੀ ਅਤੇ ਸੋਨੇ ਦਾ ਸਿਓ ਨਾਮਕ ਦੋ ਲੋਕ ਕਹਾਣੀਆਂ ਰਾਹੀਂ ਪੰਜਾਬੀ ਲੋਕ ਕਹਾਣੀ ਦੀ ਸਰੰਚਨਾ ਵਿੱਚ ਕਾਰਜਸ਼ੀਲ ਤੱਤਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਨਾਲ ਹੀ ਚਿਨ੍ਹਾਤਮਕ ਵਿਧੀ ਰਾਹੀਂ ਇਸ ਵਿਚੋਂ ਪੰਜਾਬੀ ਲੋਕ ਮਨ ਨੂੰ ਸਮਝਣ ਦਾ ਯਤਨ ਵੀ ਕੀਤਾ ਗਿਆ ਹੈ। ਇਨ੍ਹਾਂ ਕਹਾਣੀਆਂ ਤੋਂ ਸਭਿਆਚਾਰਕ ਚਿਨ੍ਹ ਵਿਗਿਆਨਕ ਵਿਧੀ ਰਾਹੀਂ ਇਹ ਸਿੱਟਾ ਨਿਕਲਦਾ ਹੈ ਕਿ ਰਾਜੇ ਦੇ ਨਾਲ ਨਾਲ ਲੋਕ ਮਨ ਵੀ ਚੰਗਾ ਸ਼ਾਸ਼ਕ ਆਪ ਚੁਣਨ ਦੀ ਪ੍ਰਕਿਰਿਆ ਵਿਚੋਂ ਅਜਿਹੀ ਸਰੰਚਨਾ ਖੜੀ ਕਰਦਾ ਹੈ। ਕਹਾਣੀਆਂ ਦੇ ਅਨੁਸਾਰ ਉਦੇਸ਼ ਵੀ ਬਦਲ ਜਾਂਦੇ ਹਨ ਪਰ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਾਲੇ ਪਾਤਰਾਂ ਦੀ ਸਮਾਜਿਕ ਭੂਮਿਕਾ ਅਨੁਸਾਰ ਉਨ੍ਹਾਂ ਦੀਆਂ ਪ੍ਰੀਖਿਆਵਾਂ ਸਖਤ ਜਾਂ ਨਰਮ ਹੋ ਸਕਦੀਆਂ ਹਨ। ਸੋ ਇਨ੍ਹਾਂ ਦੋ ਕਹਾਣੀਆਂ ਦੇ ਅਧਿਐਨ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਪੰਜਾਬੀ ਮਨ ਵਿਸ਼ੇਸ਼ ਜੁਗਤ ਰਾਹੀਂ ਇੱਕ ਇਕ ਸਰੰਚਨਾ ਉਸਾਰਦਾ ਹੈ ਜੋ ਵਿਸ਼ੇਸ਼ ਸੰਦੇਸ਼ ਦਾ ਸੰਚਾਰ ਕਰਦੀ ਹੈ। ਜਿਸਦਾ ਸਬੰਧ ਇੱਕ ਯੋਗ ਤੇ ਚੰਗੇ ਉਤਰਾ ਅਧਿਕਾਰੀ ਦੀ ਚੋਣ ਦੀ ਨੀਤੀ ਨਾਲ ਹੈ।[1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads