ਅਸੀਰ

From Wikipedia, the free encyclopedia

Remove ads

ਅਸੀਰ ਭਾਰਤ ਦੇ ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਕਾਲਾਂਵਾਲੀ ਤੋਂ 8 ਕਿਲੋਮੀਟਰ ਦੂਰ ਹੈ। ਇਹ ਮੰਡੀ ਡੱਬਵਾਲੀ ਤੋਂ 26 ਕਿਲੋਮੀਟਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਸਿਰਸਾ ਤੋਂ 48 ਕਿਲੋਮੀਟਰ ਦੂਰ ਸਥਿਤ ਹੈ। ਅਸੀਰ ਪਿੰਡ ਡੱਬਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਸੰਸਦੀ ਹਲਕੇ ਅਧੀਨ ਆਉਂਦਾ ਹੈ। ਕਾਲਾਂਵਾਲੀ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਅਸੀਰ ਪਿੰਡ ਦਾ ਸਭ ਤੋਂ ਨਜ਼ਦੀਕੀ ਕਸਬਾ ਹੈ।[1]

ਆਬਾਦੀ ਅਤੇ ਭੂਗੋਲਿਕ ਖੇਤਰ

ਪਿੰਡ ਦਾ ਕੁੱਲ ਭੂਗੋਲਿਕ ਖੇਤਰ 1060 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਅਸੀਰ ਦੀ ਕੁੱਲ ਆਬਾਦੀ 2,138 ਲੋਕਾਂ ਦੀ ਹੈ, ਜਿਸ ਵਿੱਚ ਪੁਰਸ਼ਾਂ ਦੀ ਆਬਾਦੀ 1,113 ਹੈ ਜਦੋਂ ਕਿ ਔਰਤਾਂ ਦੀ ਆਬਾਦੀ 1,025 ਹੈ। ਅਸੀਰ ਪਿੰਡ ਦੀ ਸਾਖਰਤਾ ਦਰ 50.84% ਹੈ ਜਿਸ ਵਿੱਚੋਂ 56.33% ਮਰਦ ਅਤੇ 44.88% ਔਰਤਾਂ ਸਾਖਰ ਹਨ। ਅਸੀਰ ਪਿੰਡ ਵਿੱਚ ਕਰੀਬ 381 ਘਰ ਹਨ।[1][2]

ਕੰਮ ਧੰਦੇ

ਅਸੀਰ ਪਿੰਡ ਦੇ ਜ਼ਿਆਦਾਤਰ ਲੋਕ ਖੇਤੀਬਾੜੀ ਖੇਤਰ ਨਾਲ ਜੁੜੇ ਹੋਏ ਹਨ। ਉਹ ਕਿਸਾਨ ਜਾਂ ਖੇਤ ਮਜ਼ਦੂਰ ਹਨ। ਕੁਝ ਲੋਕ ਸਹਾਇਕ ਧੰਦਿਆਂ ਜਿਵੇਂ ਮੱਛੀ ਪਾਲਣ, ਡੇਅਰੀ ਅਤੇ ਮਜ਼ਦੂਰੀ ਜਾਂ ਸੇਵਾ ਖੇਤਰ ਵਿੱਚ ਵੀ ਹਨ। ਇਸ ਦੇ ਨੇੜੇ ਹੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਪਿੰਡ ਦਿਆਂ ਕੁਝ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ। ਸਰਕਾਰੀ ਸਹਾਇਤਾ ਨਾਲ ਚੱਲਣ ਵਾਲੀ ਮਗਨਰੇਗਾ ਵੀ ਖੇਤਾਂ ਵਿੱਚ ਕੰਮ ਦੀ ਥੋੜ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ।

ਸਿੱਖਿਆ ਸਹੂਲਤਾਂ

ਅਸੀਰ ਵਿੱਚ ਅੱਠਵੀਂ ਤੱਕ ਦੀ ਮੁੱਢਲੀ ਸਿੱਖਿਆ ਲਈ ਇੱਕ ਸਰਕਾਰੀ ਮਿਡਲ ਸਕੂਲ ਹੈ। ਇਸ ਦੀ ਸਥਾਪਨਾ 1957 ਵਿੱਚ ਸਰਕਾਰੀ ਪ੍ਰਾਈਮਰੀ ਸਕੂਲ ਵਜੋਂ ਹੋਈ ਸੀ। ਇਸ ਸੰਸਥਾ ਵਿੱਚ ਸਹਿਸਿੱਖਿਆ ਦਿੱਤੀ ਜਾਂਦੀ ਹੈ।[3] ਬੱਚਿਆਂ ਅਤੇ ਮਾਵਾਂ ਦੀ ਸਿਹਤ ਅਤੇ ਖੁਰਾਕ ਦੀ ਪੂਰਤੀ ਕਰਨ ਲਈ ਪਿੰਡ ਵਿੱਚ ਤਿੰਨ ਆਂਗਨਵਾੜੀ ਕੇਂਦਰ ਹਨ।

ਅਜ਼ਾਦੀ ਘੁਲਾਟੀਏ

ਜੈਤੋ ਦੇ ਮੋਰਚੇ ਵਿੱਚ ਭਾਗ ਲੈਣ ਵਾਲ਼ਿਆਂ ਵਿੱਚ ਪਿੰਡ ਅਸੀਰ ਨਿਵਾਸੀ ਸ਼ਾਮ ਸਿੰਘ ਪੁੱਤਰ ਫਤਿਹ ਸਿੰਘ ਗਿਰਫ਼ਤਾਰ ਕੀਤਾ ਗਿਆ ਸੀ। ਉਸ ਨੂੰ 2 ਫ਼ਰਵਰੀ 1924 ਨੂੰ ਸਾਢੇ 9 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਪਹਿਲਾਂ ਉਸ ਨੂੰ ਨਾਭਾ ਬੀੜ ਜੇਲ੍ਹ ਅਤੇ ਬਾਅਦ ਵਿੱਚ ਬਬਲ ਕਾਂਤੀ ਜੇਲ੍ਹ ਵਿੱਚ ਰੱਖਿਆ ਗਿਆ।[4]

ਆਲ਼ੇ ਦੁਆਲ਼ੇ ਦੇ ਪਿੰਡ

ਅਸੀਰ ਦੇ ਆਸੇ ਪਾਸੇ ਪਿਪਲੀ, ਮਾਖਾ, ਪਾਨਾ, ਖੋਖਰ, ਹੱਸੂ, ਦੇਸੂ ਮਲਕਾਣਾ, ਜਗਮਾਲਵਾਲੀ, ਕਾਲਾਂਵਾਲੀ ਪਿੰਡ ਅਤੇ ਕਾਲਾਂਵਾਲੀ ਮੰਡੀ ਹੈ।

ਆਵਾਜਾਈ ਦੇ ਸਾਧਨ

ਇਸ ਪਿੰਡ ਵਿੱਚ ਜਨਤਕ ਆਵਾਜਾਈ ਦਾ ਕੋਈ ਪ੍ਰਬੰਧ ਨਹੀਂ ਹੈ। ਪਿੰਡ ਦੇ ਲੋਕਾਂ ਨੂੰ ਕਾਲਾਂਵਾਲੀ, ਡੱਬਵਾਲੀ ਜਾਂ ਹੋਰ ਦੂਰ-ਦੁਰਾਡੇ ਜਾਣ ਲਈ 3 ਕਿਲੋਮੀਟਰ ਪਿਪਲੀ ਬੱਸ ਅੱਡੇ ਜਾਂ ਡੇਰਾ ਜਗਮਾਲਵਾਲੀ ਤੋਂ ਬਸ ਲੈਣੀ ਪੈਂਦੀ ਹੈ। ਨੇੜਲਾ ਰੇਲਵੇ ਸਟੇਸ਼ਨ ਕਾਲਾਂਵਾਲੀ ਹੈ ਜੋ ਕਿ ਇਸ ਤੋਂ 8 ਕਿਲੋਮੀਟਰ ਦੂਰ ਹੈ।

ਪੂਜਾ ਸਥਾਨ

ਅਸੀਰ ਪਿੰਡ ਵਿੱਚ ਗੁਰਦੁਆਰਾ ਜੰਡ ਸਾਹਿਬ, ਬਾਬਾ ਰਾਮਦੇਵ ਮੰਦਰ, ਬਾਬਾ ਮਾਣੀ ਦਾਸ ਦੀ ਸਮਾਧ ਅਤੇ ਡੇਰਾ, ਮਸਾਣੀ ਰਾਣੀ ਦਾ ਮੰਦਰ, ਇੱਕ ਚਰਚ, ਗੂਗਾ ਮੈੜੀ, ਬਾਬਾ ਰਾਜਾ ਰਾਮ ਦੀ ਸਮਾਧ, ਬਾਬਾ ਬਾਲਮੀਕ ਮੰਦਰ ਅਤੇ ਮਾਤਾ ਸ਼ੇਰਾਂ ਵਾਲੀ ਅਤੇ ਸ਼ਿਵਜੀ ਦਾ ਮੰਦਰ ਬਣਿਆ ਹੋਇਆ ਹੈ।

ਗੈਲਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads