ਨਾਜ਼ਿਮ ਹਿਕਮਤ
From Wikipedia, the free encyclopedia
Remove ads
ਨਾਜ਼ਿਮ ਹਿਕਮਤ ਰਨ (15 ਜਨਵਰੀ 1902 - 3 ਜੂਨ 1963),[1] ਜਿਹਨਾਂ ਨੂੰ ਆਮ ਤੌਰ 'ਤੇ ਨਾਜ਼ਿਮ ਹਿਕਮਤ ਦੇ ਨਾਂ ਨਾਲ ਲੋਕ ਜਾਣਦੇ ਹਨ, (ਤੁਰਕੀ ਉਚਾਰਣ: [ na ː zɯm hicmet ]), ਇੱਕ ਤੁਰਕੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਆਪਬੀਤੀਕਾਰ ਸਨ। 'ਉਸਦੇ ਕਥਨਾਂ ਦੇ ਪ੍ਰਗੀਤਕ ਪਰਵਾਹ' ਲਈ ਉਹਨਾਂ ਦੀ ਆਮ ਪ੍ਰਸ਼ੰਸਾ ਕੀਤੀ ਜਾਂਦੀ ਸੀ।[2] ਰੋਮਾਂਟਿਕ ਕਮਿਊਨਿਸਟ[3] ਅਤੇ ਰੋਮਾਂਟਿਕ ਕ੍ਰਾਂਤੀਕਾਰੀ ਗਰਦਾਨ ਕੇ ਉਹਨਾਂ ਨੂੰ ਅਕਸਰ ਆਪਣੇ ਰਾਜਨੀਤਕ ਵਿਚਾਰਾਂ ਲਈ ਗਿਰਫਤਾਰ ਕੀਤਾ ਗਿਆ ਸੀ ਅਤੇ ਉਹਨਾਂ ਨੇ ਆਪਣੇ ਬਾਲਗ ਜੀਵਨ ਦਾ ਜ਼ਿਆਦਾ ਸਮਾਂ ਜੇਲ੍ਹ ਵਿੱਚ ਜਾਂ ਜਲਾਵਤਨੀ ਵਿੱਚ ਬਤੀਤ ਕੀਤਾ। ਉਹਨਾਂ ਦੀ ਕਾਵਿ-ਰਚਨਾ ਪੰਜਾਹ ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ।
Remove ads
ਜੀਵਨ
ਨਾਜ਼ਿਮ ਹਿਕਮਤ ਦਾ ਜਨਮ 1902 ਵਿੱਚ ਸਲੋਨਿਕਾ, ਆਟੋਮਾਨ ਸਾਮਰਾਜ (ਹੁਣ, ਯੂਨਾਨ ਦਾ ਇੱਕ ਰਾਜ) ਵਿੱਚ ਹੋਇਆ। ਉਹਨਾਂ ਦੇ ਪਿਤਾ ਹਿਕਮਤ ਵੇ ਮੋਹੰਮਦ ਨਿਜ਼ਾਮ ਪਾਸ਼ਾ ਦੇ ਪੁੱਤਰ ਸਨ। ਉਹਨਾਂ ਦੀ ਮਾਂ ਹਨੀਫ਼ ਮੌਹੰਮਦ ਅਲੀ ਪਾਸ਼ਾ ਦੀ ਪੋਤੀ ਸੀ। ਇਸ ਤੋਂ ਪਤਾ ਚਲਦਾ ਹੈ ਕਿ ਉਹ ਗਰੀਬ ਮਾਪਿਆਂ ਦੀ ਔਲਾਦ ਨਹੀਂ ਸਨ। ਸਲੋਨਿਕਾ ਵਿੱਚ ਉਹਨਾਂ ਦੇ ਪਿਤਾ ਸਰਕਾਰੀ ਨੌਕਰ ਸਨ।[1] ਕੁਸਤੁਨਤੁਨਨੀਆ ਦੇ ਗੋਜ਼ਤੇਪੇ ਜਿਲੇ ਦੇ ਤਸਮੇਕਟੇਪ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋ ਗਏ।[4][5][6][7][8] ਉਹਨਾਂ ਨੇ ਅਗਲੀ ਸਿੱਖਿਆ ਵੱਖ ਵੱਖ ਸਥਾਨਕ ਸਕੂਲਾਂ ਵਿੱਚ ਪ੍ਰਾਪਤ ਕੀਤੀ ਸੀ। ਉਨ੍ਹੀਂ ਦਿਨੀਂ ਰਾਜਨੀਤਕ ਉਥੱਲ-ਪੁਥਲ ਅਰੰਭ ਹੋ ਗਈ ਸੀ। ਔਟੋਮਨ ਸਰਕਾਰ ਨੇ ਪਹਿਲੀ ਵੱਡੀ ਲੜਾਈ ਵਿੱਚ ਜਰਮਨੀ ਦਾ ਸਾਥ ਦਿੱਤਾ। ਕੁੱਝ ਸਮੇਂ ਲਈ ਔਟੋਮਨ ਦੇ ਸਮੁੰਦਰੀ ਜਹਾਜ ਹਮੀਦਿਆ ਵਿੱਚ ਮਲਾਹ ਦਾ ਕੰਮ ਨਾਜ਼ਿਮ ਦੇ ਸਪੁਰਦ ਕੀਤਾ ਗਿਆ। ਲੇਕਿਨ 1919 ਵਿੱਚ ਉਹ ਗੰਭੀਰ ਬੀਮਾਰ ਹੋ ਗਏ। ਸਿਹਤ ਦੀ ਵਜ੍ਹਾ 1920 ਵਿੱਚ ਉਹਨਾਂ ਨੂੰ ਇਸ ਭਾਰ ਤੋਂ ਮੁਕਤ ਕਰ ਦਿੱਤਾ ਗਿਆ। 1921 ਵਿੱਚ ਨਾਜ਼ਿਮ ਆਪਣੇ ਮਿੱਤਰ ਦੇ ਨਾਲ ਤੁਰਕੀ ਦੀ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਲਈ ਅਨਾਤੋਲੀਆ ਚਲੇ ਗਏ। ਉਸਦੇ ਬਾਅਦ ਉਹ ਅੰਕਾਰਾ ਪਹੁੰਚੇ ਜਿਥੇ ਉਹਨਾਂ ਦੀ ਜਾਣ ਪਛਾਣ ਮੁਸਤਫਾ ਕਮਾਲ ਪਾਸ਼ਾ ਨਾਲ ਕਰਾਈ ਗਈ। ਪਾਸ਼ਾ ਚਾਹੁੰਦੇ ਸਨ ਕਿ ਨਾਜਿਮ ਅਤੇ ਉਹਨਾਂ ਦੇ ਮਿੱਤਰ ਅਜਿਹੀ ਕਵਿਤਾ ਲਿਖਣ ਜੋ ਤੁਰਕੀ ਦੇ ਦੇਸ਼ਭਗਕਾਂ ਨੂੰ ਕੁਸਤੁਨਤੁਨੀਆ ਅਤੇ ਹੋਰ ਸਥਾਨਾਂ ਤੇ ਪ੍ਰੇਰਿਤ ਕਰ ਸਕਣ। ਨਾਜ਼ਿਮ ਦੀ ਕਵਿਤਾ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਫਿਰ ਨਾਜ਼ਿਮ ਨੂੰ ਬੋਲੂ ਦੇ ਸੁਲਤਾਨੀ ਕਾਲਜ ਵਿੱਚ ਇੱਕ ਅਧਿਆਪਕ ਦਾ ਕੰਮ ਸੌਂਪ ਦਿੱਤਾ ਗਿਆ। ਪਰ ਨਾਜ਼ਿਮ ਅਤੇ ਉਹਨਾਂ ਦੇ ਦੋਸਤ ਦੇ ਕਮਿਊਨਿਸਟ ਵਿਚਾਰ ਉੱਥੇ ਦੇ ਰੂੜੀਵਾਦੀ ਅਫਸਰਾਂ ਨੂੰ ਰਾਸ ਨਹੀਂ ਆਏ ਇਸ ਲਈ ਦੋਨਾਂ ਨੇ ਸੋਵੀਅਤ ਸੰਘ ਵਿੱਚ ਜਾਣ ਦਾ ਇਰਾਦਾ ਬਣਾਇਆ। ਉਹ 1917 ਦੀ ਅਕਤੂਬਰ ਕ੍ਰਾਂਤੀ ਦਾ ਪ੍ਰਤੱਖ ਅਨੁਭਵ ਕਰਨਾ ਚਾਹੁੰਦੇ ਸਨ। 30 ਸਤੰਬਰ 1921 ਨੂੰ ਦੋਵੇਂ ਉੱਥੇ ਜਾ ਪਹੁੰਚੇ। ਜੁਲਾਈ 1922 ਨੂੰ ਦੋਨੋਂ ਮਿੱਤਰ ਮਾਸਕੋ ਪਹੁੰਚ ਗਏ। ਉਥੇ ਉਹ ਦੁਨੀਆ ਭਰ ਦੇ ਕਈ ਲੇਖਕਾਂ, ਕਵੀਆਂ ਅਤੇ ਕਲਾਕਾਰਾਂ ਦੇ ਸੰਪਰਕ ਵਿੱਚ ਆਏ। ਕਿਰਤੀਆਂ ਲਈ ਕਮਿਊਨਿਸਟ ਯੂਨੀਵਰਸਿਟੀ ਵਿੱਚ ਨਾਜ਼ਿਮ ਹਿਕਮਤ ਨੇ ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਦਾ ਅਧਿਐਨ ਕੀਤਾ। ਇੱਥੇ ਕਵੀ ਮਾਇਕੋਵਸਕੀ ਦੀ ਕਾਵਿ-ਕੌਸ਼ਲਤਾ ਅਤੇ ਸ਼ਿਲਪ ਸੌਸ਼ਠਵ ਤੋਂ ਨਾਜ਼ਿਮ ਬਹੁਤ ਪ੍ਰਭਾਵਿਤ ਹੋਏ। ਲੈਨਿਨ ਦੀ ਮਾਰਕਸਵਾਦੀ ਵਿਸ਼ਵਦ੍ਰਿਸ਼ਟੀ ਨੇ ਵੀ ਉਹਨਾਂ ਨੂੰ ਬਹੁਤ ਪ੍ਰੇਰਿਤ ਕੀਤਾ।[3] 1928 ਵਿੱਚ ਰੂਸ ਤੋਂ ਤੁਰਕੀ ਵਾਪਸ ਆਕੇ ਇੱਕ ਪ੍ਰੂਫਰੀਡਰ, ਸੰਪਾਦਕ ਅਤੇ ਅਨੁਵਾਦਕ ਵਜੋਂ ਕੰਮ ਕਰਦੇ ਹੋਏ ਨਾਜਿਮ ਦੇ ਕਈ ਕਾਵਿ-ਸੰਗ੍ਰਿਹ ਪ੍ਰਕਾਸ਼ਿਤ ਹੋਏ। ਆਪਣੀ ਖੱਬੇਪੱਖੀ ਵਿਚਾਰਧਾਰਾ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਕਾਰਨ ਜੀਵਨ ਦਾ ਇੱਕ ਲੰਬਾ ਅਰਸਾ ਉਹਨਾਂ ਨੂੰ ਜੇਲ੍ਹ ਵਿੱਚ ਹੀ ਗੁਜ਼ਾਰਨਾ ਪਿਆ। 1951 ਵਿੱਚ ਹਮੇਸ਼ਾ ਲਈ ਤੁਰਕੀ ਛੱਡ ਕੇ ਉਹ ਤਤਕਾਲੀਨ ਸੋਵੀਅਤ ਯੂਨੀਅਨ ਚਲੇ ਗਏ। ਕੁੱਝ ਸਮਾਂ ਯੂਰਪ ਦੇ ਹੋਰ ਦੇਸ਼ਾਂ ਵਿੱਚ ਵੀ ਰਹੇ ਅਤੇ ਅੰਤ ਤੱਕ ਆਪਣੀ ਵਿਚਾਰਧਾਰਾ ਲਈ ਕੰਮ ਕਰਦੇ ਰਹੇ। 1963 ਵਿੱਚ ਦਿਲ ਦੇ ਦੌਰੇ ਦੇ ਕਾਰਨ ਮਾਸਕੋ ਵਿੱਚ ਹੀ ਉਹਨਾਂ ਦਾ ਦਿਹਾਂਤ ਹੋਇਆ।
Remove ads
ਸ਼ੈਲੀ ਅਤੇ ਨਵੀਨਤਾ
ਨਾਜ਼ਿਮ ਨੇ ਪਹਿਲਾਂ ਛੰਦਬਧ ਕਵਿਤਾ ਰਚਨਾ ਸ਼ੁਰੂ ਕੀਤੀ। ਇਸਦੇ ਬਾਵਜੂਦ ਉਹਨਾਂ ਦੀ ਕਵਿਤਾ ਦਾ ਰੰਗ ਢੰਗ ਕੁੱਝ ਅਜਿਹਾ ਸੀ ਕਿ ਉਹ ਵੱਖ ਪਛਾਣੇ ਜਾਣ ਲੱਗੇ। ਉਹਨਾਂ ਨੇ ਕਵਿਤਾ, ਕਾਵਿ ਮੁਹਾਵਰੇ ਅਤੇ ਭਾਸ਼ਾ ਬਾਰੇ ਵਿੱਚ ਆਪਣੀਆਂ ਵੱਖ ਧਾਰਨਾਵਾਂ ਵਿਕਸਿਤ ਕੀਤੀਆਂ ਹਨ। ਹਿਕਮਤ ਦਾ ਮੰਨਣਾ ਸੀ ਕਿ 'ਉਹੀ ਕਲਾ ਅਸਲੀ ਹੈ ਜੋ ਜੀਵਨ ਨੂੰ ਪ੍ਰਤੀਬਿੰਬਿਤ ਕਰੇ। ਉਸ ਵਿੱਚ ਸਾਰੇ ਅੰਤਰਦਵੰਦ, ਸੰਘਰਸ਼, ਪ੍ਰੇਰਨਾਵਾਂ, ਜਿੱਤਾਂ ਹਾਰਾਂ ਅਤੇ ਜੀਵਨ ਦੇ ਪ੍ਰਤੀ ਪਿਆਰ ਅਤੇ ਮਨੁੱਖ ਦੀ ਸ਼ਖਸੀਅਤ ਦੇ ਕੁਲ ਪਹਿਲੂ ਮਿਲਦੇ ਹੋਣ। ਉਹੀ ਅਸਲੀ ਕਲਾ ਹੈ ਜੋ ਜੀਵਨ ਦੇ ਬਾਰੇ ਵਿੱਚ ਗਲਤ ਧਾਰਨਾਵਾਂ ਨਾ ਦੇਵੇ’। ਇਸ ਪ੍ਰਕਾਰ ਨਾਜ਼ਿਮ ਕਾਵਿ-ਭਾਸ਼ਾ ਦੇ ਬਾਰੇ ਵਿੱਚ ਬਿਲਕੁੱਲ ਵੱਖ ਢੰਗ ਨਾਲ ਸੋਚਦੇ ਹਨ। ਉਹਨਾਂ ਦਾ ਮਤ ਹੈ ਕਿ, ‘ਨਵਾਂ ਕਵੀ ਕਵਿਤਾ, ਗਦ, ਅਤੇ ਗੱਲਬਾਤ ਲਈ ਵੱਖਰੇ ਤੌਰ 'ਤੇ ਭਾਸ਼ਾ ਦਾ ਸੰਗ੍ਰਹਿ ਨਹੀਂ ਕਰਦਾ। ਉਹ ਅਜਿਹੀ ਸਹਿਜ ਆਮ ਭਾਸ਼ਾ ਵਿੱਚ ਲਿਖਦਾ ਹੈ ਜੋ ਘੜੀ ਹੋਈ, ਝੂਠੀ, ਨਕਲੀ ਨਹੀਂ ਹੁੰਦੀ। ਸਗੋਂ ਸਹਿਜ-ਭਾਵੀ, ਜੀਵੰਤ, ਸੁੰਦਰ, ਸਾਰਥਕ, ਗਹਨ ਤੌਰ 'ਤੇ ਸੰਸ਼ਲਿਸ਼ਟ - ਯਾਨੀ ਸਰਲ ਭਾਸ਼ਾ ਹੁੰਦੀ ਹੈ। ਇਸ ਭਾਸ਼ਾ ਵਿੱਚ ਜੀਵਨ ਦੇ ਸਾਰੇ ਤੱਤ ਮੌਜੂਦ ਹੁੰਦੇ ਹਨ। ਲਿਖਦੇ ਸਮੇਂ ਕਵੀ ਦੀ ਉਸ ਤੋਂ ਭਿੰਨ ਕੋਈ ਸ਼ਖਸੀਅਤ ਨਹੀਂ ਹੁੰਦੀ, ਜੋ ਗੱਲਬਾਤ ਕਰਦੇ ਜਾਂ ਲੜਦੇ ਸਮੇਂ ਹੁੰਦੀ ਹੈ। ਕਵੀ ਕੋਈ ਮਹਾਂਪ੍ਰਾਣ ਵਿਅਕਤੀ ਨਹੀਂ ਹੈ ਜੋ ਸੁਪਨੇ ਵੇਖਦਾ ਜਾਂ ਕਲਪਨਾ ਦੀ ਦੁਨੀਆ ਵਿੱਚ ਰਹਿੰਦਾ ਹੈ। ਜਿਵੇਂ ਬੱਦਲਾਂ ਵਿੱਚ ਉਹ ਉੱਡਿਆ ਜਾ ਰਿਹਾ ਹੋਵੇ। ਉਹ ਜੀਵਨ ਵਿੱਚ ਰੱਤਾ, ਜੀਵਨ ਨੂੰ ਸੰਗਠਿਤ ਕਰਨ ਵਾਲਾ ਨਾਗਰਿਕ ਹੁੰਦਾ ਹੈ’। ਇਸ ਤੋਂ ਲੱਗਦਾ ਹੈ ਨਾਜ਼ਿਮ ਦੀ ਕਵਿਤਾ ਦਾ ਮੁਹਾਵਰਾ ਪ੍ਰਚਲਤ ਨਾਲੋਂ ਇੱਕਦਮ ਵੱਖ ਅਤੇ ਭਿੰਨ ਰਚਣ ਨੂੰ ਯਤਨਸ਼ੀਲ ਹੈ। ਉਹ ਭਾਸ਼ਾ ਨੂੰ ਸੰਚਾਰ ਦਾ ਬੁਨਿਆਦੀ ਔਜਾਰ ਮੰਨਦੇ ਹਨ ਪਰ ਮਕਸਦ ਨਹੀਂ। ਜਿਵੇਂ ਕਿ ਰੂਪਵਾਦੀ ਕਹਿੰਦੇ ਹਨ ਕਿ ਭਾਸ਼ਾ ਸਮਾਜ-ਨਿਰਪੇਖ ਹੈ। ਉਹ ਖੁਦਮੁਖਤਾਰ ਹੈ। ਉਹਨਾਂ ਨੇ ਕਵਿਤਾ ਦੇ ਨਵੇਂ ਰੂਪ ਵੀ ਤਲਾਸ਼ੇ। ਲੱਗਦਾ ਹੈ ਪਰੰਪਰਕ ਛੰਦ ਦੀ ਸੰਕੀਰਨਤਾ ਉਹਨਾਂ ਨੂੰ ਖਟਕ ਰਹੀ ਸੀ। ਇਸੇ ਲਈ ਉਹਨਾਂ ਨੇ ਛੰਦ ਨੂੰ ਤੋੜ ਕੇ ਨਵੇਂ ਛੰਦ ਦੀ ਕਾਢ ਕਢੀ। ਨਾਜ਼ਿਮ ਉਹਨਾਂ ਸੋਵੀਅਤ ਕਵੀਆਂ ਤੋਂ ਵੀ ਪ੍ਰਭਾਵਿਤ ਸਨ ਜੋ ਭਵਿਖਵਾਦ ਦੇ ਪੱਕੇ ਧਾਰਨੀ ਸਨ। ਜਦੋਂ ਉਹ ਰੂਸ ਤੋਂ ਤੁਰਕੀ ਵਾਪਸ ਆਏ ਤਾਂ ਤੁਰਕੀ ਵਿੱਚ ਆਗੂ ਕਾਵਿ ਨਾਇਕ ਬਣੇ। ਉਹਨਾਂ ਨੇ ਲਗਾਤਾਰ ਨਵੇਂ ਰੂਪਾਂ ਵਿੱਚ ਧੜਾਧੜ ਕਵਿਤਾਵਾਂ ਲਿਖੀਆਂ। ਨਾਜ਼ਿਮ ਤੁਰਕੀ ਦੀ ਕਵਿਤਾ ਨੂੰ ਇੱਕ ਨਵੀਂ ਦਿਸ਼ਾ ਦੇ ਰਹੇ ਸਨ। ਉਹਨਾਂ ਨੇ ਡਰਾਮੇ ਵੀ ਲਿਖੇ। ਫ਼ਿਲਮ ਲਈ ਪਾਂਡੂਲਿਪੀਆਂ ਤਿਆਰ ਕੀਤੀਆਂ। ਪਰੰਪਰਕ ਛੰਦ ਦੀਆਂ ਦਮਘੋਟੂ ਸੀਮਾਵਾਂ ਨੂੰ ਤੋੜਕੇ ਉਹਨਾਂ ਨੇ ਅਜ਼ਾਦ ਛੰਦ ਅਪਣਾਇਆ। ਇਸ ਛੰਦ ਨੂੰ ਉਹ ਤੁਰਕੀ ਭਾਸ਼ਾ ਵਿੱਚ ਗੱਲਬਾਤ ਦੇ ਲਹਿਜ਼ੇ ਤੱਕ ਲੈ ਆਏ। ਅੰਗਰੇਜ਼ੀ ਵਿੱਚ ਜਿਵੇਂ ਵਿਲੀਅਮ ਵਰਡਜਵਰਥ ਕਵਿਤਾ ਨੂੰ ਆਮ ਆਦਮੀ ਦੀ ਭਾਸ਼ਾ ਵਿੱਚ ਲਿਖਣ ਲਈ ਯਤਨਸ਼ੀਲ ਸਨ। ਇੱਕ ਅਜਿਹੀ ਸਰਲ ਸਹਿਜ ਪਰ ਰਾਗਪੂਰਣ ਭਾਸ਼ਾ ਜੋ ਸਾਡੇ ਆਮ ਜੀਵਨ ਦੀਆਂ ਕਾਰਜ-ਕਿਰਿਆਵਾਂ ਤੋਂ ਫੁੱਟ ਕੇ ਹੀ ਜੀਵੰਤ ਹੁੰਦੀ ਹੈ।
ਗੰਭੀਰ ਅਲੋਚਕਾਂ ਨੇ ਨਾਜ਼ਿਮ ਦੀ ਤੁਲਨਾ ਸੰਸਾਰ ਦੇ ਹੋਰ ਮਹਾਨ ਕਵੀਆਂ ਜਿਵੇਂ ਲੋਰਕਾ, ਲੁਈ ਅਰਾਗਾਂ, ਮਾਇਕੋਵਸਕੀ ਅਤੇ ਪਾਬਲੋ ਨੇਰੂਦਾ ਆਦਿ ਕਵੀਆਂ ਨਾਲ ਕੀਤੀ ਹੈ। ਇਸ ਵਿੱਚ ਸ਼ੱਕ ਨਹੀਂ ਕਿ ਨਾਜਿਮ ਉਕਤ ਕਵੀਆਂ ਤੋਂ ਪ੍ਰੇਰਿਤ ਅਤੇ ਪ੍ਰਭਾਵਿਤ ਸਨ। ਫਿਰ ਵੀ ਮੂਰਤੀਭੰਜਨ, ਸ਼ਿਲਪੀ ਕਮਾਲ ਅਤੇ ਆਪਣੇ ਕਾਵਿ ਮੁਹਾਵਰੇ ਦੀ ਦ੍ਰਿਸ਼ਟੀ ਤੋਂ ਉਹ ਉਹਨਾਂ ਸਭਨਾਂ ਤੋਂ ਭਿੰਨ ਅਤੇ ਅਦੁੱਤੀ ਹਨ। ਉਹਨਾਂ ਦੀ ਕਵਿਤਾ ਪ੍ਰਗੀਤਕ ਆਤਮਪਰਕਤਾ ਅਤੇ ਮਾਰਕਸਵਾਦੀ ਵਿਚਾਰਧਾਰਾ ਦਾ ਅਤਿਅੰਤ ਸਮੂਰਤ ਕਲਾਤਮਕ ਸੰਸ਼ਲੇਸ਼ਣ ਹੈ। ਉਹਨਾਂ ਦੀਆਂ ਪ੍ਰੇਮ ਕਵਿਤਾਵਾਂ ਵੀ ਵਿਚਾਰਧਾਰਾ ਦਾ ਸਾਥ ਨਹੀਂ ਤਿਆਗਦੀਆਂ।
Remove ads
ਮਗਰਲਾ ਜੀਵਨ ਅਤੇ ਵਿਰਾਸਤ
1940 ਦੇ ਦਹਾਕੇ ਵਿੱਚ ਰਨ ਦੀ ਕੈਦ ਦੁਨੀਆ ਭਰ ਵਿੱਚ ਬੁੱਧੀਜੀਵੀਆਂ ਦੇ ਵਿੱਚ ਮਸ਼ਹੂਰੀ ਦਾ ਇੱਕ ਕਾਰਨ ਬਣ ਗਿਆ। ਪਾਬਲੋ ਪਿਕਾਸੋ, ਪਾਲ ਰਾਬਸਨ, ਅਤੇ ਜਾਂ ਪਾਲ ਸਾਰਤਰ ਉਸ ਕਮੇਟੀ ਵਿੱਚ ਸ਼ਾਮਿਲ ਸਨ ਜਿਸਨੇ 1949 ਰਨ ਦੀ ਰਿਹਾਈ ਲਈ ਅਭਿਆਨ ਚਲਾਇਆ।[9]
8 ਅਪਰੈਲ 1950, ਸਰਕਾਰ ਵਲੋਂ ਆਮ ਚੋਣਾਂ ਤੋਂ ਪਹਿਲਾਂ ਅਮਨੈਸਟੀ ਕਾਨੂੰਨ ਨੂੰ ਆਪਣੇ ਏਜੰਡੇ ਵਿੱਚ ਨਾ ਰੱਖਣ ਦੇ ਖਿਲਾਫ਼ ਰੋਸ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਕਮਿਊਨਿਸਟ ਵਿਚਾਰਧਾਰਾ ਦਾ ਹੋਣ ਦੇ ਕਾਰਨ 1951 ਵਿੱਚ ਨਾਜ਼ਿਮ ਹਿਕਮਤ ਦੀ ਤੁਰਕੀ ਦੀ ਨਾਗਰਿਕਤਾ ਖੋਹ ਲਈ ਗਈ ਸੀ ਅਤੇ ਉਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਸੀ। ਸਾਲਾਂ ਤੱਕ ਤੁਰਕੀ ਦੀਆਂ ਜੇਲਾਂ ਵਿੱਚ ਸੜਨ ਦੇ ਬਾਅਦ ਨਾਜ਼ਿਮ ਹਿਕਮਤ ਆਖੀਰ ਉਥੋਂ ਭੱਜ ਨਿਕਲੇ ਅਤੇ ਸਮੁੰਦਰ ਦੇ ਰਸਤੇ ਰੂਸ ਪਹੁੰਚੇ। ਮਾਸਕੋ ਵਿੱਚ ਉਸ ਨੇ ਇੱਕ ਰੂਸੀ ਫ਼ਿਲਮਕਾਰ ਵੇਰਾ ਨਾਲ ਵਿਆਹ ਕਰ ਲਿਆ ਅਤੇ ਉਥੇ ਹੀ ਰਹਿਣ ਲੱਗੇ। 1963 ਵਿੱਚ ਮਾਸਕੋ ਵਿੱਚ ਹੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ। 2009 ਵਿੱਚ ਤੁਰਕੀ ਸਰਕਾਰ ਨੇ ਉਸ ਦੀ ਨਾਗਰਿਕਤਾ ਬਹਾਲ ਕਰ ਦਿੱਤੀ[10][11] ਅਤੇ ਕਿਹਾ ਕਿ ਜੇਕਰ ਨਾਜ਼ਿਮ ਹਿਕਮਤ ਦੇ ਸਬੰਧੀ ਚਾਹੁਣ ਤਾਂ ਨਾਜ਼ਿਮ ਦੇ ਅਵਸ਼ੇਸ਼ਾਂ ਨੂੰ ਤੁਰਕੀ ਵਾਪਸ ਲਿਆ ਸਕਦੇ ਹਨ।[12] ਨਾਜ਼ਿਮ ਹਿਕਮਤ ਮਾਸਕੋ ਵਿੱਚ ਨੋਵੋਦੇਵਿਚ ਕਬਰਿਸਤਾਨ ਵਿੱਚ ਦਫ਼ਨ ਹਨ।
ਕਵਿਤਾ
ਜਿਉਣਾ
(ਲੰਬੀ ਕਵਿਤਾ ਦਾ ਇੱਕ ਅੰਸ਼)
ਜਿਉਂਣਾ ਕੋਈ ਹਾਸੇ-ਮਜ਼ਾਕ ਵਾਲੀ ਗੱਲ ਨਹੀਂ
ਇਹਨੂੰ ਲਾਜ਼ਮੀ ਗੰਭੀਰਤਾ ਨਾਲ ਜਿਉਣਾ ਚਾਹੀਦੈ,
ਇੰਨਾ ਜ਼ਿਆਦਾ ਤੇ ਇਸ ਹੱਦ ਤੀਕ ਕਿ
ਜਿਵੇਂ ਮਿਸਾਲ ਵਜੋਂ ਤੁਹਾਡੇ ਹੱਥ ਬੰਨ੍ਹੇ ਹੋਣ
ਤੁਹਾਡੀ ਪਿੱਠ ਪਿੱਛੇ
ਤੇ ਤੁਹਾਡੀ ਪਿੱਠ ਲੱਗੀ ਹੋਵੇ ਕੰਧ ਨਾਲ
ਜਾਂ ਫਿਰ ਪ੍ਰਯੋਗਸ਼ਾਲਾ ਵਿੱਚ
ਆਪਣੇ ਸਫੈਦ ਕੋਟ ਤੇ ਸੁਰੱਖਿਆ-ਚਸ਼ਮੇ ਵਿੱਚ ਵੀ,
ਤੁਸੀਂ ਲੋਕਾਂ ਲਈ ਮਰ ਸਕਦੇ ਹੋ
ਉਨ੍ਹਾਂ ਲੋਕਾਂ ਲਈ ਵੀ ਜਿਨ੍ਹਾਂ ਦੇ ਚਿਹਰੇ
ਤੁਸੀਂ ਕਦੇ ਵੇਖੇ ਨਾ ਹੋਣ,
ਭਾਵੇਂ ਤੁਸੀਂ ਜਾਣਦੇ ਹੋ ਕਿ ਜਿਉਣਾ ਹੀ
ਸਭ ਤੋਂ ਅਸਲੀ, ਸਭ ਤੋਂ ਸੋਹਣੀ ਚੀਜ਼ ਹੈ।
ਮੇਰਾ ਮਤਲਬ ਹੈ, ਤੁਹਾਨੂੰ ਜਿਉਣ ਨੂੰ ਏਨੀ
ਗੰਭੀਰਤਾ ਨਾਲ ਲੈਣਾ ਚਾਹੀਦੈ
ਕਿ ਜਿਵੇਂ ਮਿਸਾਲ ਵਜੋਂ ਸੱਤਰ ਦੀ ਉਮਰੇ ਵੀ
ਤੁਸੀਂ ਜੈਤੂਨ ਦੇ ਬੂਟੇ ਲਾਓ
ਤੇ ਇਹ ਵੀ ਨਹੀਂ ਕਿ ਆਪਣੇ ਬੱਚਿਆਂ ਲਈ,
ਸਗੋਂ ਏਸ ਲਈ ਕਿ ਬੇਸ਼ੱਕ ਤੁਸੀਂ ਮੌਤੋਂ ਡਰਦੇ ਹੋ
ਪਰ ਤੁਸੀਂ ਇਹਦਾ ਵਿਸ਼ਵਾਸ ਨਹੀਂ ਕਰਦੇ,
ਇਸ ਲਈ ਜਿਉਣਾ, ਮੇਰਾ ਮਤਲਬ, ਜ਼ਿਆਦਾ ਔਖਾ ਹੁੰਦਾ ਹੈ।
'ਮੇਰੇ ਪੁੱਤਰ ਦੇ ਨਾਲ ਆਖ਼ਰੀ ਚਿੱਠੀ'
ਬੀਜਾਂ 'ਚ , ਧਰਤੀ 'ਚ , ਸਾਗਰ 'ਚ
ਯਕੀਨ ਰੱਖੀਂ ,
ਪਰ ਸਭ ਤੋਂ ਵੱਧ ਯਕੀਨ ਲੋਕਾਂ 'ਚ ਰੱਖੀਂ
ਬੱਦਲਾਂ ਨੂੰ, ਮਸ਼ੀਨਾਂ ਨੂੰ
ਤੇ ਕਿਤਾਬਾਂ ਨੂੰ ਪਿਆਰ ਕਰੀਂ,
ਪਰ ਸਭ ਤੋਂ ਵੱਧ
ਲੋਕਾਂ ਨੂੰ ਪਿਆਰ ਕਰੀਂ
ਗਮਗੀਨ ਹੋਵੀਂ
ਇੱਕ ਸੁੱਕੀ ਟਾਹਣੀ ਲਈ ,
ਇੱਕ ਮਰਦੇ ਹੋਏ ਤਾਰੇ ਲਈ,
ਤੇ ਇੱਕ ਜ਼ਖਮ ਖਾਧੇ ਜਾਨਵਰ ਲਈ,
ਪਰ ਸਭ ਤੋਂ ਡੂੰਘੇ ਅਹਿਸਾਸ
ਰੱਖੀਂ ਲੋਕਾਂ ਲਈ
ਖੁਸ਼ੀ ਮਹਿਸੂਸ ਕਰੀਂ
ਧਰਤੀ ਦੀ ਹਰ ਰਹਿਮਤ' ਚ
ਹਨੇਰੇ ਅਤੇ ਰੌਸ਼ਨੀ ' ਚ
ਚੌਹਾਂ ਰੁੱਤਾਂ 'ਚ
ਪਰ ਸਭ ਤੋਂ ਵਧਕੇ ਲੋਕਾਂ 'ਚ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads