ਵਿਕਾਸਵਾਦ
From Wikipedia, the free encyclopedia
Remove ads
Remove ads
ਵਿਕਾਸਵਾਦ, ਜਿਹਨੂੰ ਵਿਕਾਸ ਦਾ ਸਿਧਾਂਤ ਜਾਂ ਤਰਤੀਬੀ ਵਿਕਾਸ ਵੀ ਆਖ ਦਿੱਤਾ ਜਾਂਦਾ ਹੈ, ਜੀਵਾਂ ਦੀਆਂ ਅਬਾਦੀਆਂ ਦੇ ਵਿਰਾਸਤੀ ਸਮਰੂਪ ਗੁਣਾਂ ਵਿੱਚ ਆਈ ਤਬਦੀਲੀ ਹੁੰਦੀ ਹੈ ਜੋ ਸਿਲਸਿਲੇਵਾਰ ਪੀੜ੍ਹੀਆਂ ਵਿੱਚ ਜ਼ਾਹਰ ਹੁੰਦੀ ਜਾਂਦੀ ਹੈ। ਵਿਕਾਸਵਾਦੀ ਅਮਲ ਜੀਵ ਜੱਥੇਬੰਦੀ (ਜਾਤੀ ਅਤੇ ਨਿੱਜ ਪ੍ਰਾਣੀ ਪੱਧਰ ਸਣੇ) ਅਤੇ ਅਣਵੀ ਵਿਕਾਸਵਾਦ ਦੇ ਹਰ ਪੱਧਰ ਉੱਤੇ ਵੰਨ-ਸੁਵੰਨਤਾ ਨੂੰ ਜਨਮ ਦਿੰਦੇ ਹਨ।[2]

ਧਰਤੀ ਉਤਲੇ ਸਾਰੇ ਜੀਵਨ ਦੀ ਬੁਨਿਆਦ ਕਿਸੇ ਆਖ਼ਰੀ ਵਿਆਪਕ ਪੁਰਖੇ ਤੋਂ ਸਾਂਝੀ ਕੁਲ ਰਾਹੀਂ ਬੰਨ੍ਹੀ ਗਈ ਹੈ ਜੋ ਤਕਰੀਬਨ 3.5-3.8 ਅਰਬ ਵਰ੍ਹੇ ਪਹਿਲਾਂ ਧਰਤੀ ਉੱਤੇ ਰਹਿੰਦਾ ਸੀ।[3][4] ਧਰਤੀ ਉਤਲੇ ਜੀਵਨ ਦੇ ਮੁਕੰਮਲ ਵਿਕਾਸਵਾਦੀ ਇਤਿਹਾਸ ਵਿੱਚ ਵਾਰ-ਵਾਰ ਹੁੰਦੀਆਂ ਨਵੀਆਂ ਜਾਤੀਆਂ ਦੀਆਂ ਉਪਜਾਂ (ਜਾਤੀਕਰਨ), ਜਾਤੀਆਂ ਵਿਚਲੀਆਂ ਤਬਦੀਲੀਆਂ ਅਤੇ ਜਾਤੀਆਂ ਦਾ ਖਸਾਰਾ (ਲੋਪ), ਇਹਨਾਂ ਸਭਨਾਂ ਦਾ ਅੰਦਾਜ਼ਾ ਰੂਪੀ ਅਤੇ ਜੀਵ-ਰਸਾਇਣਕ ਲੱਛਣਾਂ ਜਾਂ ਗੁਣਾਂ ਦੇ ਸਾਂਝੇ ਜੁੱਟਾਂ ਤੋਂ ਲਾਇਆ ਜਾ ਸਕਦਾ ਹੈ ਜਿਹਨਾਂ ਵਿੱਚ ਡੀ ਐੱਨ ਏ ਤਰਤੀਬਾਂ ਵੀ ਆਉਂਦੀਆਂ ਹਨ।[5] ਇਹ ਸਾਂਝੇ ਲੱਛਣ ਉਹਨਾਂ ਜਾਤੀਆਂ ਵਿੱਚ ਵਧੇਰੇ ਮਿਲਦੇ-ਜੁਲਦੇ ਹੁੰਦੇ ਹਨ ਜਿਹਨਾਂ ਦਾ ਸਾਂਝਾ ਪੁਰਖਾ ਵਧੇਰੇ ਹਾਲੀਆ ਹੁੰਦਾ ਹੈ। ਇਸੇ ਤਰ੍ਹਾਂ ਮੌਜੂਦਾ ਜਾਤੀਆਂ ਅਤੇ ਪਥਰਾਟਾਂ ਦੀ ਮਦਦ ਨਾਲ਼ ਵਿਕਾਸਵਾਦੀ ਨਾਤਿਆਂ ਦੇ ਅਧਾਰ ਉੱਤੇ ਜੀਵਨ ਦਾ ਰੁੱਖ ਉਸਾਰਿਆ ਜਾ ਸਕਦਾ ਹੈ। ਜੀਵ ਵੰਨ-ਸੁਵੰਨਤਾ ਦੇ ਮੌਜੂਦਾ ਨਮੂਨਿਆਂ ਉੱਤੇ ਜਾਤੀਕਰਨ ਅਤੇ ਲੋਪ ਦੋਹਾਂ ਨੇ ਅਸਰ ਛੱਡਿਆ ਹੈ।[6] ਭਾਵੇਂ ਕਿਸੇ ਸਮੇਂ ਧਰਤੀ ਉੱਤੇ ਰਹਿਣ ਵਾਲ਼ੀਆਂ ਸਾਰੀਆਂ ਜਾਤੀਆਂ 'ਚੋਂ 99 ਫ਼ੀਸਦੀ ਲੋਪ ਹੋ ਚੁੱਕੀਆਂ ਹਨ[7] ਪਰ ਹਾਲ ਦੇ ਸਮੇਂ ਧਰਤੀ ਉੱਤੇ ਤਕਰੀਬਨ 1-1.4 ਕਰੋੜ ਜਾਤੀਆਂ ਮੌਜੂਦ ਹਨ।[8]
19ਵੇਂ ਸੈਂਕੜੇ ਦੇ ਮੱਧ ਵਿੱਚ ਚਾਰਲਸ ਡਾਰਵਿਨ ਨੇ ਕੁਦਰਤੀ ਚੋਣ ਰਾਹੀਂ ਵਾਪਰਦੇ ਵਿਕਾਸਵਾਦ ਦਾ ਵਿਗਿਆਨਕ ਸਿਧਾਂਤ ਸਾਮ੍ਹਣੇ ਰੱਖਿਆ ਜੋ ਉਹਦੀ ਕਿਤਾਬ ਔਨ ਦੀ ਔਰੀਜਿਨ ਆਫ਼ ਸਪੀਸ਼ਿਜ਼ (1859) ਵਿੱਚ ਛਪਿਆ ਸੀ। ਕੁਦਰਤੀ ਚੋਣ ਰਾਹੀਂ ਵਿਕਾਸਵਾਦ ਦੇਖ-ਰੇਖ ਅਧੀਨ ਅੰਦਾਜ਼ਿਆ ਹੋਇਆ ਅਜਿਹਾ ਅਮਲ ਹੈ ਜਿਸ ਮੁਤਾਬਕ ਜਾਤੀਆਂ ਵਿੱਚ ਬਚੇ ਰਹਿ ਸਕਣ ਦੀ ਕਾਬਲੀਅਤ ਰੱਖਣ ਤੋਂ ਵੱਧ ਸੰਤਾਨਾਂ ਪੈਦਾ ਕੀਤੀਆਂ ਜਾਂਦੀਆਂ ਹਨ ਅਤੇ ਅਬਾਦੀਆਂ ਬਾਬਤ ਤਿੰਣ ਤੱਥ ਹੁੰਦੇ ਹਨ: 1) ਹਰੇਕ ਜੀਅ ਵਿੱਚ ਰੂਪ, ਰੰਗ, ਸਰੀਰ ਅਤੇ ਸੁਭਾਅ ਪੱਖੋਂ ਵੱਖ-ਵੱਖ ਲੱਛਣ ਹੁੰਦੇ ਹਨ (ਰੂਪ ਭੇਦ), 1) ਅੱਡੋ-ਅੱਡੋ ਲੱਛਣ, ਬਚਾਅ ਅਤੇ ਸੰਤਾਨ-ਪੈਦਾਇਸ਼ੀ ਦੇ ਅੱਡੋ-ਅੱਡ ਦਰਜਿਆਂ ਨੂੰ ਜਨਮ ਦਿੰਦੇ ਹਨ ਅਤੇ 3) ਲੱਛਣ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ਜਾ ਸਕਦੇ ਹਨ (ਢੁਕਵੇਂਪਣ ਦੀ ਵਿਰਾਸਤਯੋਗਤਾ)।[9] ਮਤਲਬ ਇਹ ਕਿ ਸਿਲਸਿਲੇਵਾਰ ਪੀੜ੍ਹੀਆਂ ਵਿੱਚ ਕਿਸੇ ਅਬਾਦੀ ਦੇ ਜੀਆਂ ਦੀ ਥਾਂ ਉਹਨਾਂ ਦੀ ਅਜਿਹੀ ਔਲਾਦ ਲੈ ਲੈਂਦੀ ਹੈ ਜਿਹਨੂੰ ਅਜਿਹੇ ਜੀਵ-ਭੌਤਿਕ ਵਾਤਾਵਰਨ ਵਿੱਚ ਬਚੇ ਰਹਿਣਾ ਅਤੇ ਸੰਤਾਨ ਪੈਦਾ ਕਰਨੀ ਵਧੇਰੇ ਮੁਆਫ਼ਕ ਹੋਵੇ ਜਿੱਥੇ ਕੁਦਰਤੀ ਚੋਣ ਦਾ ਅਮਲ ਚੱਲ ਰਿਹਾ ਹੋਵੇ। ਇਹ ਉਹ ਖ਼ਾਸੀਅਤ ਹੈ ਜਿਸ ਸਦਕਾ ਕੁਦਰਤੀ ਚੋਣ ਦਾ ਅਮਲ ਅਜਿਹੇ ਗੁਣਾਂ ਨੂੰ ਪੈਦਾ ਕਰਦਾ ਅਤੇ ਸਾਂਭ ਕੇ ਰੱਖਦਾ ਹੈ ਜੋ ਕੋਈ ਖ਼ਾਸ ਕੰਮ ਕਰਨ ਦੇ ਵਧੇਰੇ ਕਾਬਲ ਹੋਣ।[10] ਕੁਦਰਤੀ ਚੋਣ ਮੁਆਫ਼ਕਪੁਣੇ ਦਾ ਇੱਕੋ-ਇੱਕ ਪਤਾ ਲੱਗਿਆ ਕਾਰਨ ਹੈ ਪਰ ਇਹ ਵਿਕਾਸਵਾਦ ਦਾ ਇੱਕੋ-ਇੱਕ ਕਾਰਨ ਨਹੀਂ ਹੈ। ਸੂਖਮ-ਵਿਕਾਸਵਾਦ ਦੇ ਕਈ ਹੋਰ ਕਾਰਨਾਂ ਵਿੱਚ ਅਦਲ-ਬਦਲ ਅਤੇ ਜੀਨ ਰੋੜ੍ਹ ਆਉਂਦੇ ਹਨ।[11]
ਮੁਢਲੀ 20ਵੀਂ ਸਦੀ ਵਿੱਚ ਅਜੋਕੇ ਵਿਕਾਸਵਾਦੀ ਮੇਲ-ਜੋੜ ਨੇ ਪੁਰਾਤਨ ਜੀਨ-ਵਿਗਿਆਨ ਨੂੰ ਡਾਰਵਿਨ ਦੇ ਕੁਦਰਤੀ ਚੋਣ ਰਾਹੀਂ ਵਾਪਰਦੇ ਵਿਕਾਸ ਨਾਲ਼ ਜੋੜ ਕੇ ਅਬਾਦੀ ਜੀਨ-ਵਿਗਿਆਨ ਦਾ ਵਿਸ਼ਾ-ਖੇਤਰ ਬਣਾ ਦਿੱਤਾ। ਵਿਕਾਸਵਾਦ ਦੇ ਕਾਰਨ ਵਜੋਂ ਕੁਦਰਤੀ ਚੋਣ ਦੀ ਅਹਿਮੀਅਤ ਨੂੰ ਜੀਵ ਵਿਗਿਆਨ ਦੀਆਂ ਹੋਰ ਸ਼ਾਖਾਂ ਵਿੱਚ ਵੀ ਕਬੂਲ ਲਿਆ ਗਿਆ। ਹੋਰ ਤਾਂ ਹੋਰ, ਕਈ ਪੁਰਾਣੇ ਖ਼ਿਆਲ ਜਿਵੇਂ ਕਿ ਔਰਥੋ-ਪੈਦਾਇਸ਼, ਪੁਰਾਤਨ ਵਿਕਾਸਵਾਦ ਅਤੇ ਹੋਰ ਅਜਿਹੀਆਂ ਮੱਤਾਂ ਨੂੰ ਲੋਪ ਵਿਗਿਆਨਕ ਸਿਧਾਂਤਾਂ ਦਾ ਕਰਾਰ ਦੇ ਦਿੱਤਾ।[12] ਵਿਗਿਆਨੀ ਨਿਗਰਾਨੀ ਅਧੀਨ ਮਿਲੇ ਅੰਕੜਿਆਂ ਦੀ ਮਦਦ ਨਾਲ਼ ਅਤੇ ਫ਼ੀਲਡ ਅਤੇ ਲੈਬਾਰਟਰੀ ਵਿੱਚ ਕੀਤੇ ਤਜਰਬਿਆਂ ਰਾਹੀਂ ਵਿਕਾਸਵਾਦੀ ਜੀਵ-ਵਿਗਿਆਨ ਦੇ ਕਈ ਪਹਿਲੂਆਂ ਨੂੰ ਅਜੇ ਵੀ ਕਈ ਮਨੌਤਾਂ ਨੂੰ ਬਣਾ ਕੇ ਅਤੇ ਪਰਖ ਕੇ, ਸਿਧਾਂਤਕ ਜੀਵ-ਵਿਗਿਆਨ ਦੇ ਹਿਸਾਬੀ ਨਮੂਨਿਆਂ ਅਤੇ ਜੀਵ-ਵਿਗਿਆਨਕ ਸਿਧਾਂਤਾਂ ਨੂੰ ਉਸਾਰ ਕੇ ਇਹਨਾਂ ਉੱਤੇ ਘੋਖ ਕਰਦੇ ਆ ਰਹੇ ਹਨ। ਜੀਵ-ਵਿਗਿਆਨੀਆਂ ਦੀ ਇੱਕ-ਰਾਏ ਹੈ ਕਿ ਵਿਕਾਸਵਾਦ ਜਂ ਤਰਤੀਬੀ ਵਿਕਾਸ ਵਿਗਿਆਨ ਦੇ ਸਾਰੇ ਤੱਥਾਂ ਅਤੇ ਸਿਧਾਂਤਾਂ ਵਿੱਚੋਂ ਸਭ ਤੋਂ ਵੱਧ ਭਰੋਸੇਯੋਗ ਅਤੇ ਸਾਬਤ ਸਿਧਾਂਤਾਂ ਵਿੱਚੋਂ ਇੱਕ ਹੈ।[13] ਵਿਕਾਸਵਾਦੀ ਜੀਵ-ਵਿਗਿਆਨ ਦੀਆਂ ਖੋਜਾਂ ਨੇ ਨਾ ਸਿਰਫ਼ ਜੀਵ-ਵਿਗਿਆਨ ਦੀਆਂ ਰਵਾਇਤੀ ਸ਼ਾਖ਼ਾਂ ਵਿੱਚ ਅਹਿਮ ਰਸੂਖ਼ ਛੱਡਿਆ ਹੈ ਸਗੋਂ ਹੋਰ ਵਿੱਦਿਅਕ ਵਿਸ਼ਾ-ਖੇਤਰਾਂ (ਮਿਸਾਲ ਵਜੋਂ ਜੀਵ ਮਨੁੱਖ-ਵਿਗਿਆਨ ਅਤੇ ਵਿਕਾਸਵਾਦੀ ਮਨੋਵਿਗਿਆਨ) ਅਤੇ ਕੁੱਲ ਸਮਾਜ ਉੱਤੇ ਵੀ ਧਾਕ ਛੱਡੀ ਹੈ।[14][15]
Remove ads
ਹਵਾਲੇ
ਅਗਾਂਹ ਪੜ੍ਹੋ
ਬਾਹਰਲੇ ਜੋੜ
Wikiwand - on
Seamless Wikipedia browsing. On steroids.
Remove ads