ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948)[3], ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ।[4] ਉਹਨਾਂ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆ ਭਰ ਵਿੱਚ ਮਸ਼ਹੂਰ ਹੈ।[5] ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਤ ਕੀਤਾ ਜਾਂਦਾ ਹੈ।
“ਸ਼ਹਿਰਾਂ ਵਿੱਚ ਵੱਸਣ ਵਾਲਿਆਂ ਨੂੰ ਇਸ ਗੱਲ ਦਾ ਘੱਟ ਹੀ ਇਲਮ ਹੈ ਕਿ ਹਿੰਦ ਤੇ ਅੱਧ ਭੁੱਖੇ ਲੋਕ ਕਿਸ ਤਰ੍ਹਾਂ ਬੇਬਸੀ ਦੀਆਂ ਨਿਵਾਣਾਂ ਵਿੱਚ ਲਹਿੰਦੇ ਜਾ ਰਹੇ ਹਨ। ਸ਼ਹਿਰਾਂ ਵਿੱਚ ਵਸਣੇ ਵਾਲੇ ਲੋਕਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਨਹੀਂ ਕਿ ਜਿਹੜੀ ਘਟੀਆ ਜਿਹੀ ਆਰਾਮਦੇਹ ਜ਼ਿੰਦਗੀ ਉਹ ਜਿਉਂ ਰਹੇ ਹਨ, ਉਹ ਉਸ ਕੰਮ ਦੀ ਦਲਾਲੀ ਤੋਂ ਵੱਧ ਕੁਝ ਨਹੀਂ ਜਿਹੜਾ ਉਹ ਬਦੇਸ਼ੀ ਲੋਟੂਆਂ ਲਈ ਕਰ ਰਹੇ ਹਨ………ਉਹਨਾਂ ਨੂੰ ਨਹੀਂ ਪਤਾ ਕਿ ਕਾਨੂੰਨ ਦੇ ਨਾਂਅ ਉੱਤੇ ਜਿਹੜੀ ਸਰਕਾਰ ਬਰਤਾਨਵੀ ਹਿੰਦ ਵਿੱਚ ਕਾਇਮ ਹੈ ਉਹ ਲੋਕਾਂ ਦੀ ਇਸੇ ਲੁੱਟ ਖਸੁੱਟ ਨੂੰ ਕਾਇਮ ਰੱਖਣ ਲਈ ਚਲਾਈ ਜਾ ਰਹੀ ਹੈ। ਕੋਈ ਲਫ਼ਜ਼ੀ ਹੇਰਾਫੇਰੀ, ਅੰਕੜਿਆਂ ਦੀ ਕੋਈ ਚਤੁਰਾਈ ਪਿੰਡਾਂ ਵਿੱਚ ਉਹਨਾਂ ਪਿੰਜਰਾਂ ਨੂੰ ਧਿਆਨ ਤੋਂ ਪਰ੍ਹਾਂ ਨਹੀਂ ਲਿਜਾ ਸਕਦੀ, ਜਿਹੜੇ ਤਾਹਨੂੰ ਸਾਖਿਆਤ ਦੇਖਣ ਨੂੰ ਮਿਲਦੇ ਹਨ। ਮੈਨੂੰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇੰਗਲੈਂਡ ਵਿੱਚ ਅਤੇ ਹਿੰਦ ਦੇ ਸ਼ਹਿਰਾਂ ਵਿੱਚ ਵੱਸਣ ਵਾਲੇ ਲੋਕਾਂ, ਦੋਹਾਂ ਨੂੰ ਮਨੁੱਖਤਾ ਦੇ ਖਿਲਾਫ਼ ਉਸ ਭਿਆਨਕ ਜੁਰਮ ਲਈ ਪਰਮਾਤਮਾ ਅੱਗੇ ਜਵਾਬਦੇਹ ਹੋਣਾ ਪਏਗਾ, ਜਿਸਦੀ ਮਿਸਾਲ ਹਿੰਦ ਵਿੱਚ ਹੋਰ ਕੋਈ ਨਹੀਂ ਮਿਲਦੀ।”
1922 ਵਿੱਚ ਅਦਾਲਤ ਨੂੰ ਦਿੱਤੇ ਗਾਂਧੀ ਦੇ ਬਿਆਨ ਵਿਚੋਂ[2]
ਗਾਂਧੀ ਦਾ ਜਨਮ ਪੱਛਮੀ ਭਾਰਤ ਦੇ ਗੁਜਰਾਤ ਸੂਬੇ ਵਿੱਚ ਇੱਕ ਵਪਾਰੀ ਹਿੰਦੂ ਪਰਿਵਾਰ ਵਿੱਚ ਹੋਇਆ। ਲੰਡਨ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਗਾਂਧੀ ਨੇ ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਵਿੱਚ ਅਹਿੰਸਕ ਸਿਵਲ ਨਾਫਰਮਾਨੀ ਦਾ ਪ੍ਰਯੋਗ ਕੀਤਾ। 1915 ਵਿੱਚ ਭਾਰਤ ਆਉਣ ਤੋਂ ਬਾਅਦ ਇਸਨੇ ਭਾਰੀ ਟੈਕਸਾਂ ਅਤੇ ਸ਼ੋਸ਼ਣ ਦੇ ਖਿਲਾਫ਼ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ। 1921 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਇਸਨੇ ਪੂਰੇ ਦੇਸ਼ ਵਿੱਚ ਗਰੀਬੀ ਦੇ ਖਿਲਾਫ਼, ਔਰਤਾਂ ਦੇ ਹੱਕਾਂ ਲਈ, ਧਾਰਮਿਕ ਸਾਂਝ ਬਣਾਉਣ ਲਈ, ਛੂਤ-ਛਾਤ ਨੂੰ ਖਤਮ ਕਰਨ ਲਈ ਪਰ ਸਭ ਤੋਂ ਵੱਧ ਸਵਰਾਜ (ਆਪਣਾ ਰਾਜ) ਦੇ ਲਈ ਅੰਦੋਲਨ ਚਲਾਏ।
ਜੀਵਨ

ਮੋਹਨਦਾਸ ਕਰਮਚੰਦ ਗਾਂਧੀ ਗੁਜਰਾਤ, ਭਾਰਤ ਦੇ ਤੱਟੀ ਸ਼ਹਿਰ ਪੋਰਬੰਦਰ (ਜੋ ਉਦੋਂ ਬੰਬੇ-ਪ੍ਰੈਜੀਡੈਂਸੀ, ਬਰਤਾਨਵੀ ਹਿੰਦੁਸਤਾਨ ਦਾ ਹਿੱਸਾ ਸੀ) ਵਿੱਚ ਦੋ ਅਕਤੂਬਰ 1869 ਈਸਵੀ ਨੂੰ ਪੈਦਾ ਹੋਇਆ। ਉਸ ਦੇ ਪਿਤਾ ਕਰਮਚੰਦ ਗਾਂਧੀ (1822-1885) ਹਿੰਦੂ ਮੱਧ ਵਰਗ ਵਿੱਚੋਂ ਸਨ ਅਤੇ ਰਿਆਸਤ ਪੋਰਬੰਦਰ ਦੇ ਦਿਵਾਨ ਸਨ।[6][7] ਉਸ ਦੀ ਮਾਂ ਦਾ ਨਾਂ ਪੁਤਲੀ ਬਾਈ ਸੀ ਜੋ ਹਿੰਦੂ ਪਰਿਨਾਮੀ ਵੈਸ਼ਨੂੰ ਫ਼ਿਰਕੇ ਨਾਲ ਸੰਬੰਧ ਰੱਖਦੀ ਸੀ। ਘਰ ਵਿੱਚ ਧਾਰਮਿਕ ਵਿਅਕਤੀਆਂ ਦਾ ਆਉਣਾ ਆਮ ਸੀ।[8] ਉਹ ਕਰਮਚੰਦ ਦੀ ਚੌਥੀ ਬੀਵੀ ਸੀ[9][10] (ਪਹਿਲੀਆਂ ਤਿੰਨਾਂ ਦੀ ਮੌਤ ਜਣੇਪੇ ਦੌਰਾਨ ਮੌਤ ਹੋ ਗਈ ਸੀ)।[11]
1883 ਵਿੱਚ ਜਦੋਂ ਉਹ 13 ਵਰ੍ਹੇ ਦਾ ਸੀ ਤਾਂ ਉਸ ਦੀ ਸ਼ਾਦੀ 14 ਸਾਲ ਦੀ ਇੱਕ ਕੁੜੀ ਕਸਤੂਰਬਾ ਮਾਖਨਜੀ ਨਾਲ ਕਰ ਦਿੱਤੀ ਗਈ। ਬਾਅਦ ਵਿੱਚ ਕਸਤੂਰਬਾ ਨੂੰ ਲੋਕਾਂ ਨੇ ਪਿਆਰ ਨਾਲ ਬਾ ਕਹਿਣਾ ਸ਼ੁਰੂ ਕੀਤਾ। ਇਹ ਸ਼ਾਦੀ ਇੱਕ ਬਾਲ ਵਿਆਹ ਸੀ। ਜੋ ਉਸ ਵਕਤ ਉਸ ਇਲਾਕੇ ਵਿੱਚ ਆਮ ਰੀਤ ਸੀ। ਪਰ ਨਾਲ ਹੀ ਉਥੇ ਇਹ ਰੀਤੀ ਵੀ ਸੀ। ਕਿ ਨਾਬਾਲਗ਼ ਦੁਲਹਨ ਨੂੰ ਪਤੀ ਤੋਂ ਅਲੱਗ ਆਪਣੇ ਮਾਂ-ਬਾਪ ਦੇ ਘਰ ਜ਼ਿਆਦਾ ਵਕਤ ਤੱਕ ਰਹਿਣਾ ਪੈਂਦਾ ਸੀ।[12] ਇਸ ਸਾਰੇ ਝੰਜਟ ਵਿੱਚ ਉਸਦਾ ਸਕੂਲ ਦਾ ਇੱਕ ਸਾਲ ਮਾਰਿਆ ਗਿਆ।[13] 1885 ਵਿੱਚ, ਜਦੋਂ ਗਾਂਧੀ 15 ਸਾਲ ਦਾ ਸੀ ਤਦ ਉਸ ਦੀ ਪਹਿਲੀ ਔਲਾਦ ਹੋਈ। ਪਰ ਉਹ ਸਿਰਫ਼ ਕੁੱਝ ਦਿਨ ਹੀ ਜਿਉਂਦੀ ਰਹੀ। ਇਸੇ ਸਾਲ ਦੀ ਸ਼ੁਰੂਆਤ ਵਿੱਚ ਗਾਂਧੀ ਜੀ ਦੇ ਪਿਤਾ ਕਰਮਚੰਦ ਦੀ ਵੀ ਮੌਤ ਹੋ ਗਈ।[14] ਬਾਅਦ ਵਿੱਚ ਮੋਹਨ ਦਾਸ ਅਤੇ ਕਸਤੂਰਬਾ ਦੇ ਚਾਰ ਬੇਟੇ ਹੋਏ ਸਨ - ਹਰੀ ਲਾਲ 1888 ਵਿੱਚ, ਮੁਨੀ ਲਾਲ 1892 ਵਿੱਚ, ਰਾਮ ਦਾਸ 1897 ਵਿੱਚ ਅਤੇ ਦੇਵਦਾਸ 1900 ਵਿੱਚ ਪੈਦਾ ਹੋਇਆ। ਪੋਰਬੰਦਰ ਦੇ ਮਿਡਲ ਸਕੂਲ ਅਤੇ ਰਾਜਕੋਟ ਦੇ ਹਾਈ ਸਕੂਲ ਦੋਵਾਂ ਵਿੱਚ ਹੀ ਪੜ੍ਹਾਈ ਪੱਖੋਂ ਗਾਂਧੀ ਇੱਕ ਔਸਤ ਵਿਦਿਆਰਥੀ ਹੀ ਰਿਹਾ। ਉਸ ਨੇ ਆਪਣੀ ਮੈਟ੍ਰਿਕ ਬਦਾਓਨਗਰ ਗੁਜਰਾਤ ਦੇ ਸਮਲ ਦਾਸ ਕਾਲਜ ਤੋਂ ਕੁਝ ਪ੍ਰੇਸ਼ਾਨੀਆਂ ਦੇ ਨਾਲ ਪਾਸ ਕੀਤੀ ਅਤੇ ਉਹ ਇਸ ਸਮੇਂ ਉਥੇ ਨਾਖ਼ੁਸ਼ ਹੀ ਰਿਹਾ, ਕਿਉਂਕਿ ਪਰਿਵਾਰ ਉਸ ਨੂੰ ਵਕੀਲ ਬਣਾਉਣਾ ਚਾਹੁੰਦਾ ਸੀ।
ਲੰਦਨ ਵਿੱਚ
ਮੋਹਨ ਦਾਸ ਗਾਂਧੀ ਅਤੇ ਕਸਤੂਰਬਾ (1902)]] 4 ਸਤੰਬਰ, 1888 ਨੂੰ ਆਪਣੀ ਸ਼ਾਦੀ ਦੀ 19ਵੀਂ ਸਾਲ ਗਿਰਾਹ ਤੋਂ ਕੁਝ ਮਹੀਨੇ ਪਹਿਲਾਂ, ਗਾਂਧੀ ਜੀ ਕਾਨੂੰਨ ਦੀ ਪੜ੍ਹਾਈ ਕਰਨ ਅਤੇ ਬਰਿਸਟਰ ਬਣਨ ਲਈ, ਬਰਤਾਨੀਆ ਦੇ ਯੂਨੀਵਰਸਿਟੀ ਕਾਲਜ ਲੰਦਨ ਚਲੇ ਗਏ। ਸ਼ਾਹੀ ਰਾਜਧਾਨੀ ਲੰਦਨ ਵਿੱਚ ਉਨ੍ਹਾਂ ਦਾ ਜੀਵਨ, ਭਾਰਤ ਛੱਡਦੇ ਵਕਤ ਆਪਣੀ ਮਾਂ ਨਾਲ ਜੈਨ ਭਿਕਸ਼ੂ ਦੇ ਸਾਹਮਣੇ ਕੀਤੇ ਵਾਅਦੇ ਦੇ ਪ੍ਰਭਾਵ ਤਹਿਤ ਗੋਸ਼ਤ, ਸ਼ਰਾਬ ਅਤੇ ਕਾਮ ਹਾਲਾਂਕਿ ਗਾਂਧੀ ਜੀ ਨੇ ਅੰਗਰੇਜ਼ੀ ਰੀਤੀ-ਰਿਵਾਜ ਅਪਣਾਉਣ ਦਾ ਤਜਰਬਾ ਵੀ ਕੀਤਾ। ਮਿਸਾਲ ਦੇ ਤੌਰ ਤੇ - ਰਕਸ (ਨਾਚ) ਦੀ ਕਲਾਸ ਵਿੱਚ ਜਾਣਾ - ਫਿਰ ਵੀ ਉਹ ਆਪਣੀ ਮਕਾਨ ਮਾਲਕਣ ਵਲੋਂ ਪੇਸ਼ ਗੋਸ਼ਤ ਮਿਲਿਆ ਭੋਜਨ ਨਹੀਂ ਕਰ ਸਕੇ। ਸਗੋਂ ਉਹ ਅਕਸਰ ਭੁੱਖਿਆਂ ਰਹਿ ਲੈਂਦੇ ਸਨ। ਆਖਰ ਲੰਦਨ ਵਿੱਚ ਕੁਛ ਖ਼ਾਲਸ ਸਾਕਾਹਾਰੀ ਰੇਸਤਰਾਂ ਮਿਲ ਹੀ ਗਏ। ਹੈਨਰੀ ਸਾਲਟ ਦੀਆਂ ਲਿਖਤਾਂ ਤੋਂ ਮੁਤਾਸਿਰ ਹੋ ਕੇ, ਉਨ੍ਹਾਂ ਨੇ ਸ਼ਾਕਾਹਾਰੀ ਸਮਾਜ ਦੀ ਮੈਬਰਸ਼ਿਪ ਲੈ ਲਈਅ ਤੇ ਉਸ ਦੀ ਐਗਜ਼ੀਕੇਟਿਵ ਕਮੇਟੀ ਦੇ ਲਈ ਉਨ੍ਹਾਂ ਨੂੰ ਚੁਣ ਲਿਆ ਗਿਆ।[15] ਫਿਰ ਉਨ੍ਹਾਂ ਨੇ ਇਸ ਦੇ ਵੇਜ਼ਵਾਟਰ (ਕੇਂਦਰੀ ਲੰਦਨ ਵਿੱਚ ਸਿਟੀ ਆਫ ਵੇਸਟਮਿੰਸਟਰ ਬਰੋ ਦਾ ਇੱਕ ਜਿਲ੍ਹਾ) ਚੈਪਟਰ ਦੀ ਬੁਨਿਆਦ ਰੱਖੀ।[16] ਉਹ ਜਿਨ੍ਹਾਂ ਸ਼ਾਕਾਹਾਰੀ ਸਮਾਜ ਦੇ ਲੋਕਾਂ ਨੂੰ ਮਿਲੇ ਉਨ੍ਹਾਂ ਵਿੱਚੋਂ ਕੁਛ ਥੀਓਸੋਫ਼ੀਕਲ ਸੁਸਾਇਟੀ ਦੇ ਰੁਕਨ ਸਨ ਜਿਸ ਦੀ ਸਥਾਪਨਾ 1875 ਵਿੱਚ ਵਿਸ਼ਵ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਲਈ ਅਤੇ ਬੁੱਧ ਮੱਤ ਅਤੇ ਹਿੰਦੂ ਮੱਤ ਦੇ ਸਾਹਿਤ ਦੇ ਅਧਿਅਨ ਦੇ ਲਈ ਕੀਤੀ ਗਈ ਸੀ। ਉਨ੍ਹਾਂ ਨੇ ਗਾਂਧੀ ਨੂੰ ਉਨ੍ਹਾਂ ਨਾਲ ਭਗਵਤ ਗੀਤਾ ਅਸਲ ਅਤੇ ਤਰਜਮਾ; ਦੋਨਾਂ ਨੂੰ ਪੜ੍ਹਨ ਦੇ ਲਈ ਸਹਿਮਤ ਕਰ ਲਿਆ।[15] ਗਾਂਧੀ ਨੂੰ ਪਹਿਲਾਂ ਧਰਮ ਵਿੱਚ ਖ਼ਾਸ ਦਿਲਚਸਪੀ ਨਹੀਂ ਸੀ, ਹੁਣ ਉਹ ਦਿਲਚਸਪੀ ਲੈਣ ਲੱਗੇ ਅਤੇ ਹਿੰਦੂ ਧਰਮ, ਈਸਾਈ ਧਰਮ ਦੋਵਾਂ ਦੀਆਂ ਕਿਤਾਬਾਂ ਪੜ੍ਹਨ ਲੱਗੇ।
ਜੂਨ 1891 ਵਿੱਚ ਪੜ੍ਹਾਈ ਪੂਰੀ ਹੋਣ ਤੇ ਹਿੰਦੁਸਤਾਨ ਵਾਪਸ ਆ ਗਏ, ਜਿਥੇ ਉਨ੍ਹਾਂ ਨੂੰ ਆਪਣੀ ਮਾਤਾ ਦੀ ਮੌਤ ਦਾ ਇਲਮ ਹੋਇਆ। ਪਹਿਲਾਂ ਜਾਣ ਬੁਝ ਕੇ ਉਸਨੂੰ ਸੂਚਿਤ ਨਹੀਂ ਸੀ ਕੀਤਾ ਗਿਆ।[15] ਲੇਕਿਨ ਮੁੰਬਈ ਵਿੱਚ ਵਕਾਲਤ ਕਰਨ ਵਿੱਚ ਉਨ੍ਹਾਂ ਨੂੰ ਕੋਈ ਖ਼ਾਸ ਕਾਮਯਾਬੀ ਨਹੀਂ ਮਿਲੀ। ਉਨ੍ਹਾਂ ਲਈ ਵਕਾਲਤ ਕਰਨਾ ਔਖਾ ਸੀ, ਅਦਾਲਤ ਵਿੱਚ ਸ਼ਰਮਾਕਲ ਸੁਭਾਅ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਬੋਲਣਾ ਬੜਾ ਔਖਾ ਲੱਗਦਾ ਸੀ। ਫਿਰ ਇੱਕ ਹਾਈ ਸਕੂਲ ਉਸਤਾਦ ਦੇ ਤੌਰ ਤੇ ਜ਼ੁਜ਼ਵਕਤੀ ਕੰਮ ਦੇ ਲਈ ਰੱਦ ਕਰ ਦਿੱਤੇ ਜਾਣ ਤੇ ਉਨ੍ਹਾਂ ਨੇ ਦਾਅਵੇਦਾਰਾਂ ਦੇ ਮੁਕੱਦਮੇ ਲਿਖਣ ਦੇ ਲਈ ਰਾਜਕੋਟ ਨੂੰ ਹੀ ਅਪਣਾ ਮੁਕਾਮ ਬਣਾ ਲਿਆ। ਪਰ ਇੱਕ ਅੰਗਰੇਜ਼ ਅਫ਼ਸਰ ਦੀ ਹਮਾਕਤ ਦੀ ਵਜ੍ਹਾ ਨਾਲ ਇਹ ਕਾਰੋਬਾਰ ਵੀ ਛੱਡਣਾ ਪਿਆ।[15][16] ਆਪਣੀ ਆਪ ਬੀਤੀ ਵਿੱਚ, ਉਨ੍ਹਾਂ ਨੇ ਇਸ ਵਾਕਿਆ ਨੂੰ ਬਿਆਨ ਉਨ੍ਹਾਂ ਨੇ ਆਪਣੇ ਵੱਡੇ ਭਾਈ ਦੀ ਤਰਫ਼ ਤੋਂ ਪੈਰਵੀ ਦੀ ਨਾਕਾਮ ਕੋਸ਼ਿਸ਼ ਦੇ ਤੌਰ ਤੇ ਕੀਤਾ ਹੈ। ਇਹੀ ਉਹ ਵਜ੍ਹਾ ਸੀ ਜਿਸ ਕਰਕੇ ਉਨ੍ਹਾਂ ਨੇ 1893 ਵਿੱਚ ਇੱਕ ਭਾਰਤੀ ਫ਼ਰਮ ਦਾਦਾ ਅਬਦੁੱਲਾ ਐਂਡ ਕੰਪਨੀ ਨਾਲ ਇੱਕ ਸਾਲਾ ਇਕਰਾਰ ਤੇ ਨੀਟਾਲ, ਦੱਖਣੀ ਅਫ਼ਰੀਕਾ ਜੋ ਉਸ ਵਕਤ ਅੰਗਰੇਜ਼ੀ ਸਲਤਨਤ ਦਾ ਹਿੱਸਾ ਹੁੰਦਾ ਸੀ, ਜਾਣਾ ਮੰਨ ਲਿਆ ਸੀ।[16]
ਦੱਖਣ ਅਫਰੀਕਾ ਵਿੱਚ ਨਾਗਰਿਕ ਅਧਿਕਾਰਾਂ ਦੇ ਅੰਦੋਲਨ
ਗਾਂਧੀ ਦੀ ਉਮਰ 24 ਸਾਲ ਸੀ ਜਦੋਂ ਦੱਖਣ ਅਫਰੀਕਾ ਵਿੱਚ [17] ਪ੍ਰੀਟੋਰੀਆ ਸ਼ਹਿਰ ਵਿੱਚ ਵੱਸੇ ਭਾਰਤੀ ਮੁਸਲਮਾਨ ਵਪਾਰੀਆਂ ਦੀ ਕਾਨੂੰਨੀ ਪ੍ਰਤਿਨਿਧਤਾ ਕਰਨ ਲਈ ਪੁੱਜੇ।[18] ਉਹਨਾਂ ਦੇ 21 ਸਾਲ ਦੱਖਣ ਅਫਰੀਕਾ ਵਿੱਚ ਹੀ ਲੱਗ ਗਏ। ਉਥੇ ਉਨ੍ਹਾਂ ਨੇ ਰਾਜਨੀਤੀ, ਨੈਤਿਕਤਾ ਅਤੇ ਰਾਜਨੀਤਿਕ ਰਹਿਨੁਮਾਈ ਦੀ ਕੌਸ਼ਲਤਾ ਦੇ ਪਾਠ ਪੜ੍ਹੇ। ਰਾਮਚੰਦਰ ਗੁਹਾ ਦਾ ਕਹਿਣਾ ਹੈ। ਕਿ ਜਦੋਂ ਉਹ 1914 ਵਿੱਚ ਭਾਰਤ ਪਰਤੇ ਤਾਂ ਉਹ ਜਨਤਕ ਬੁਲਾਰੇ ਵਜੋਂ, ਫੰਡ ਉਗਰਾਹੁਣ, ਗੱਲਬਾਤ, ਮੀਡੀਆ ਪ੍ਰਬੰਧ ਦੇ, ਅਤੇ ਆਤਮ-ਉਭਾਰ ਦੇ ਮਾਮਲਿਆਂ ਵਿੱਚ ਪੂਰੇ ਪ੍ਰਪੱਕ ਹੋ ਚੁੱਕੇ ਸਨ। [19]
ਦੱਖਣ ਅਫਰੀਕਾ ਵਿੱਚ ਗਾਂਧੀ ਨੂੰ ਭਾਰਤੀਆਂ ਨਾਲ ਭੇਦ-ਭਾਵ ਦਾ ਸਾਹਮਣਾ ਕਰਨਾ ਪਿਆ। ਸ਼ੁਰੂ ਵਿੱਚ ਉਸਨੂੰ ਬਾਕਾਇਦਾ ਟਿਕਟ ਹੋਣ ਦੇ ਬਾਵਜੂਦ ਪਹਿਲੀ ਸ਼੍ਰੇਣੀ ਦੇ ਡੱਬੇ ਵਿੱਚ ਸਫਰ ਕਰਦਿਆਂ ਟ੍ਰੇਨ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ। ਪਾਏਦਾਨ ਉੱਤੇ ਬਾਕੀ ਯਾਤਰਾ ਕਰਦੇ ਹੋਏ, ਇੱਕ ਯੂਰਪੀ ਮੁਸਾਫਰ ਦੇ ਅੰਦਰ ਆਉਣ ਲਈ ਉਸਨੂੰ ਮਾਰ ਕੁਟਾਈ ਵੀ ਝੱਲਣੀ ਪਈ ਸੀ। ਉਨ੍ਹਾਂ ਨੇ ਆਪਣੀ ਇਸ ਯਾਤਰਾ ਵਿੱਚ ਹੋਰ ਕਠਿਨਾਈਆਂ ਦਾ ਸਾਹਮਣਾ ਕੀਤਾ। ਜਿਸ ਵਿੱਚ ਕਈ ਹੋਟਲਾਂ ਨੂੰ ਉਨ੍ਹਾਂ ਦੇ ਲਈ ਵਰਜਿਤ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਘਟਨਾਵਾਂ ਵਿੱਚ ਦੀ ਇੱਕ ਅਦਾਲਤ ਦੇ ਜੱਜ ਨੇ ਗਾਂਧੀ ਜੀ ਨੂੰ ਪਗੜੀ ਉਤਾਰਨ ਲਈ ਆਦੇਸ਼ ਦਿੱਤਾ ਸੀ। ਜਿਸਨੂੰ ਗਾਂਧੀ ਜੀ ਨੇ ਨਹੀਂ ਮੰਨਿਆ। ਇਹ ਸਾਰੀਆਂ ਘਟਨਾਵਾਂ ਗਾਂਧੀ ਜੀ ਦੇ ਜੀਵਨ ਵਿੱਚ ਇੱਕ ਮੋੜ ਬਣ ਗਈਆਂ ਅਤੇ ਵਿੱਦਮਾਨ ਸਾਮਾਜਕ ਬੇਇਨਸਾਫ਼ੀ ਦੇ ਪ੍ਰਤੀ ਜਾਗਰੂਕਤਾ ਦਾ ਕਾਰਨ ਬਣੀਆਂ ਅਤੇ ਸਾਮਾਜਕ ਸਰਗਰਮੀ ਦੀ ਵਿਆਖਿਆ ਕਰਨ ਵਿੱਚ ਸਹਾਇਕ ਹੋਈਆਂ।
ਸਾਹਿਤਕ ਲਿਖਤਾਂ

ਗਾਂਧੀ ਦੀ ਸਭ ਤੋਂ ਪਹਿਲੀ ਕਿਤਾਬ ਗੁਜਰਾਤੀ ਵਿੱਚ "ਹਿੰਦ ਸਵਰਾਜ" ਸਿਰਲੇਖ ਹੇਠ 1909 ਵਿੱਚ ਛਪੀ। ਇਹ ਕਿਤਾਬ 1910 ਵਿੱਚ ਅੰਗਰੇਜ਼ੀ ਵਿੱਚ ਛਪੀ ਅਤੇ ਇਸ ਉੱਤੇ ਲਿਖਿਆ ਸੀ। "ਕੋਈ ਹੱਕ ਰਾਖਵੇਂ ਨਹੀਂ" (No Rights Reserved)।[20] ਕਈ ਦਹਾਕਿਆਂ ਲਈ ਉਨ੍ਹਾਂ ਨੇ ਕਈ ਅਖ਼ਬਾਰਾਂ ਦਾ ਸੰਪਾਦਨ ਕੀਤਾ, ਜਿਹਨਾਂ ਵਿੱਚ ਗੁਜਰਾਤੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਹਰੀਜਨ; ਦੱਖਣੀ ਅਫ਼ਰੀਕਾ ਦੇ ਸਮੇਂ ਵਿੱਚ ਇੰਡੀਅਨ ਓਪੀਨੀਅਨ; ਅੰਗਰੇਜ਼ੀ ਵਿੱਚ ਯੰਗ ਇੰਡੀਆ ਅਤੇ ਭਾਰਤ ਆਉਣ ਉੱਤੇ ਗੁਜਰਾਤੀ ਵਿੱਚ ਮਾਸਿਕ ਰਸਾਲਾ ਨਵਜੀਵਨ ਸ਼ਾਮਿਲ ਸਨ। ਬਾਅਦ ਵਿੱਚ ਨਵ-ਜੀਵਨ ਹਿੰਦੀ ਵਿੱਚ ਛਪਣਾ ਸ਼ੁਰੂ ਹੋਇਆ। ਇਸਦੇ ਨਾਲ ਹੀ ਉਹ ਲਗਭਗ ਹਰ ਰੋਜ਼ ਜਾਣਕਾਰ ਅਤੇ ਅਖ਼ਬਾਰਾਂ ਨੂੰ ਚਿੱਠੀਆਂ ਲਿਖਦਾ ਸੀ।[21]
ਗਾਂਧੀ ਜੀ ਨੇ ਆਪਣੀ ਸਵੈ-ਜੀਵਨੀ, ਮੇਰੇ ਸਚ ਨਾਲ ਤਜਰਬੇ (ਗੁਜਰਾਤੀ: સત્યના પ્રયોગો અથવા આત્મકથા) ਸਮੇਤ ਕਈ ਕਿਤਾਬਾਂ ਵੀ ਲਿਖੀਆਂ। ਉਨ੍ਹਾਂ ਦੀਆਂ ਹੋਰ ਸਵੈ-ਜੀਵਨੀਆਂ ਵਿੱਚ ਸ਼ਾਮਲ ਹਨ: ਉਨ੍ਹਾਂ ਦੇ ਸੰਘਰਸ਼ ਬਾਰੇ ਦੱਖਣੀ ਅਫਰੀਕਾ ਵਿੱਚ ਸੱਤਿਆਗ੍ਰਹਿ, ਇੱਕ ਰਾਜਨੀਤਿਕ ਪਰਚਾ ਹਿੰਦ ਸਵਰਾਜ, ਅਤੇ ਜੌਨ ਰਸਕਿਨ ਦੀ “ਅਨ ਟੂ ਦਿਸ ਲਾਸਟ” ਦੀ ਗੁਜਰਾਤੀ ਵਿੱਚ ਇੱਕ ਵਿਆਖਿਆ। ਇਸ ਆਖਰੀ ਲੇਖ ਨੂੰ ਅਰਥ ਸ਼ਾਸਤਰ 'ਤੇ ਉਸਦਾ ਪ੍ਰੋਗਰਾਮ ਮੰਨਿਆ ਜਾ ਸਕਦਾ ਹੈ। ਉਹਨਾਂ ਨੇ ਸ਼ਾਕਾਹਾਰ, ਖੁਰਾਕ ਅਤੇ ਸਿਹਤ, ਧਰਮ, ਸਮਾਜਕ ਸੁਧਾਰਾਂ ਆਦਿ ਬਾਰੇ ਵੀ ਵਿਸਤਾਰ ਨਾਲ ਲਿਖਿਆ। ਗਾਂਧੀ ਜੀ ਆਮ ਤੌਰ 'ਤੇ ਗੁਜਰਾਤੀ ਵਿਚ ਲਿਖਦੇ ਸਨ, ਹਾਲਾਂਕਿ ਉਨ੍ਹਾਂ ਨੇ ਆਪਣੀਆਂ ਕਿਤਾਬਾਂ ਦੇ ਹਿੰਦੀ ਅਤੇ ਅੰਗਰੇਜ਼ੀ ਅਨੁਵਾਦਾਂ ਨੂੰ ਵੀ ਸੋਧਿਆ।
ਗਾਂਧੀ ਜੀ ਦੀਆਂ ਸੰਪੂਰਨ ਰਚਨਾਵਾਂ ਭਾਰਤ ਸਰਕਾਰ ਦੁਆਰਾ 1960 ਦੇ ਦਹਾਕੇ ਵਿੱਚ ਮਹਾਤਮਾ ਗਾਂਧੀ ਦੀਆਂ ਸੰਗ੍ਰਹਿਤ ਰਚਨਾਵਾਂ ਦੇ ਨਾਂ ਹੇਠ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਤਕਰੀਬਨ ਸੌ ਖੰਡਾਂ ਵਿੱਚ ਪ੍ਰਕਾਸ਼ਤ 50,000 ਪੰਨਿਆਂ ਦੇ ਲੇਖ ਸ਼ਾਮਲ ਹਨ।
ਬਾਹਰਲੇ ਲਿੰਕ
ਹਵਾਲੇ
Wikiwand - on
Seamless Wikipedia browsing. On steroids.