ਰਾਮਨੌਮੀ

From Wikipedia, the free encyclopedia

ਰਾਮਨੌਮੀ
Remove ads

ਰਾਮਨੌਮੀ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਦਿਨ ਹੈ। ਹਿੰਦੂਆਂ ਦਾ ਤਿਉਹਾਰ ਹੈ। ਹਿੰਦੂ ਮਿਥਿਹਾਸ ਅਨੁਸਾਰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਸ਼੍ਰੀ ਵਿਸ਼ਣੂ ਜੀ ਦੇ ਬਾਈਵੇਂ ਅਵਤਾਰ ਦੇ ਰੂਪ ਵਿੱਚ ਚੇਤ ਮਹੀਨੇ ਦੇ ਚਾਨਣੇ ਪੱਖ ਦੀ ਨੌਮੀ ਨੂੰ ਬਿਕਰਮੀ ਸੰਮਤ 2070 (20 ਅਪਰੈਲ, ਸੰਨ 2013) ਤੋਂ ਅੱਠ ਲੱਖ ਅੱਸੀ ਹਜ਼ਾਰ ਇੱਕ ਸੌ ਤੇਰਾਂ ਸਾਲ ਪਹਿਲਾਂ ਹੋਇਆ ਸੀ।ਉਹ ਅਯੁੱਧਿਆ ਦੇ ਰਾਜਾ ਦਸ਼ਰਥ ਦੇ ਜੇਠੇ ਪੁੱਤਰ ਸਨ ਜੋ ਮਹਾਰਾਣੀ ਕੌਸ਼ਲਿਆ ਜੀ ਦੀ ਕੁੱਖੋਂ ਪੈਦਾ ਹੋਏ ਸਨ। ਮਹਾਂਰਿਸ਼ੀ ਵਾਲਮੀਕਿ ਨੇ ਅਯੁੱਧਿਆ (ਪੱਛਮੀ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਨਗਰ) ਨੂੰ ਭਾਰਤ ਦੇ ਸਭ ਤੋਂ ਪਹਿਲੇ ਰਾਜੇ ਇਕਸ਼ਵਾਕ ਦੀ ਰਾਜਧਾਨੀ ਦੱਸਿਆ ਹੈ।

Thumb
2007 ਵਿੱਚ ਸ਼੍ਰੀ ਰਾਮ ਨੌਮੀ ਦਾ ਜਸ਼ਨ। ਇੱਕ ਮੇਜ਼ ਉੱਤੇ ਰਾਮ, ਸੀਤਾ ਅਤੇ ਲਕਸ਼ਮਣ ਦੀਆਂ ਮੂਰਤੀਆਂ। ਅੱਗੇ ਨਾਰੀਅਲ ਅਤੇ ਫੁੱਲਾਂ ਦੀ ਭੇਟਾ। ਦੋਵੇਂ ਪਾਸੇ ਬਲਦੇ ਤੇਲ ਦੇ ਦੀਵੇ।
Remove ads

ਪੂਜਨ ਵਿਧੀ ਦਾ ਸ਼ਾਸਤਰੀ ਰੂਪ

'ਅੰਗਸਤਯ ਸੰਹਿਤਾ' ਵਿਖੇ ਸ਼੍ਰੀ ਰਾਮਨੌਮੀ ਦੀ ਪੂਜਾ ਦੇ ਸੋਲ੍ਹਾਂ ਚਰਣ ਦੱਸੇ ਗਏ ਹਨ। ਉਸ ਅਨੁਸਾਰ ਵਰਤ ਰੱਖਣ ਵਾਲੇ ਨੂੰ ਚਾਹੀਦਾ ਹੈ ਕਿ ਉਹ ਤੜਕਸਾਰ ਨਿਤਕੁਮ ਅਤੇ ਇਸ਼ਨਾਨ ਤੋਂ ਨਿਬੜ ਕੇ ਆਪਣੇ ਘਰ ਦੇ ਉੱਤਰੀ ਹਿੱਸੇ ਵਿੱਚ ਇੱਕ ਸੁੰਦਰ 'ਮੰਡਪ' (ਪੂਜਾ ਖੇਤਰ) ਤਿਆਰ ਕਰ ਲਵੇ। ਇਸ ਮੰਡਪ ਦੇ ਚਹੁੰ ਖੰਭਿਆਂ ਵਿਚੋਂ ਪੂਰਬੀ ਪਾਸੇ ਵਾਲੇ ਉੱਤੇ ਸ਼ੰਖ, ਚੱਕਰ ਅਤੇ ਹਨੂਮਾਨ ਜੀ ਦੇ ਚਿੱਤਰ ਹਲਦੀ ਜਾਂ ਰੋਲੀ ਨਾਲ ਬਣਾ ਲਏ ਜਾਣ। ਇਸੇ ਪ੍ਰਕਾਰ ਦੱਖਣੀ ਪਾਸੇ ਵਾਲੇ ਉੱਤੇ ਤੀਰ ਕਮਾਨ ਅਤੇ ਗਰੁੜ ਜੀ ਦਾ, ਪੱਛਮੀ ਪਾਸੇ ਵਾਲੇ ਉੱਤੇ ਗਦਾ, ਤਲਵਾਰ ਅਤੇ ਅੰਗਦ ਜੀ ਦਾ, ਉੱਤਰੀ ਪਾਸੇ ਵਾਲੇ ਖੰਭੇ ਉੱਤੇ ਕਮਲ, ਸ੍ਵਸਤਿਕਾ ਚਿੰਨ੍ਹ ਅਤੇ ਨੀਲ (ਨਾਂ ਦੇ ਬਾਂਦਰ) ਦਾ ਚਿੱਤਰ ਵੀ ਉਵੇਂ ਜਿਵੇਂ ਬਣਾ ਲਏ ਜਾਣ। ਮੰਡਪ ਦੇ ਵਿਚਕਾਰ ਚਾਰ ਹੱਥ ਲੰਮੀ-ਚੌੜੀ ਬੇਦੀ ਬਣਾ ਕੇ ਉਸ ਨੂੰ ਰੰਗ-ਬਿਰੰਗੇ ਕੱਪੜਿਆਂ ਅਤੇ ਫੁੱਲਾਂ ਦੇ ਹਾਰਾਂ ਨਾਲ ਸਜਾਉਣਾ ਚਾਹੀਦਾ ਹੈ। ਇਸ ਬੇਦੀ ਦੇ ਵਿਚਕਾਰ ਪੂਰਬੀ ਪਾਸੇ 'ਚ ਰਾਜਾ ਦਸ਼ਰਥ ਜੀ, ਦੱਖਣ ਪੂਰਬੀ ਪਾਸੇ ਵਿੱਚ ਮਾਤਾ ਕੌਸ਼ਲਿਆ ਜੀ, ਦੱਖਣੀ ਪਾਸੇ 'ਚ ਮਾਤਾ ਕੈਕੇਈ ਜੀ, ਦੱਖਣ-ਪੱਛਮ ਪਾਸੇ 'ਚ ਮਾਤਾ ਸੁਮਿਤਰਾ ਜੀ, ਪੱਛਮੀ ਪਾਸੇ 'ਚ ਭਰਤ ਜੀ, ਪੱਛਮ-ਉੱਤਰ ਵੱਲ ਸ਼ਤਰੂਘਨ ਜੀ, ਦੱਖਣ-ਪੱਛਮ ਵੱਲ ਲਛਮਣ ਜੀ, ਉੱਤਰ ਵੱਲ ਸੁਗ੍ਰੀਵ ਜੀ ਅਤੇ ਪੂਰਬ-ਉੱਤਰ ਵੱਲ ਹਨੂਮਾਨ ਜੀ ਦੀਆਂ ਮੂਰਤੀਆਂ ਜਾਂ ਤਸਵੀਰਾਂ-ਮੰਡਪ ਦੇ ਵਿਚਕਾਰ ਧਰੀਆਂ ਹੋਈਆਂ ਮਾਤਾ ਸੀਤਾ ਜੀ ਅਤੇ ਭਗਵਾਨ ਰਾਮ ਚੰਦਰ ਜੀ ਦੀਆਂ ਮੂਰਤੀਆਂ ਦੇ ਆਲੇ-ਦੁਆਲੇ ਧਰਨੀਆਂ ਚਾਹੀਦੀਆਂ ਹਨ।

Remove ads

ਵਿਧੀ

ਭਗਤ ਨੂੰ ਚਾਹੀਦਾ ਹੈ ਕਿ ਹੇਠ ਲਿਖੀਆਂ ਸੋਲ੍ਹਾਂ ਪ੍ਰਕਾਰ ਦੀਆਂ ਵਿਧੀਆਂ ਅਨੁਸਾਰ ਪੂਜਾ ਕਰੇ ਜਿਸ ਦਾ ਉਲੇਖ ਸੰਸਕ੍ਰਿਤ ਦੇ ਸ਼ਲੋਕਾਂ ਵਿੱਚ ਇੰਝ ਕੀਤਾ ਗਿਆ ਹੈ:

  1. ਆਵਾਹਨ (ਸੱਦਾ)¸ਸਥਾਪਨਾ (ਮੂਰਤੀ ਧਰਨਾ)¸ਸਾਨਿਧਯ (ਸਾਹਮਣੇ ਆਉਣਾ ਜਾਂ ਦਰਸ਼ਨ ਦੇਣਾ)।
  2. ਆਸਨ: ਭਗਤ ਨੂੰ ਚਾਹੀਦਾ ਹੈ ਕਿ ਉਹ ਮੰਡਪ ਵਿਖੇ ਵਿਦਮਾਨ ਚੌਕੀ (ਆਸਨ) ਉੱਤੇ ਧਰੀ ਹੋਈ ਭਗਵਾਨ ਰਾਮ ਅਤੇ ਸੀਤਾ ਵੱਲ ਮੂੰਹ ਕਰ ਕੇ ਉਹ ਸ਼ਲੋਕ ਪੜ੍ਹੇ ਜਿਸ ਵਿੱਚ ਉਨ੍ਹਾਂ ਨੂੰ ਬੈਠਣ ਲਈ ਬੇਨਤੀ ਕੀਤੀ ਗਈ ਹੈ।
  3. ਪਾਦਯ (ਪੈਰ ਧੋਣ ਵਾਲਾ ਪਾਣੀ): ਭਗਤ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਸ਼ਲੋਕ ਪੜ੍ਹਦਾ ਹੋਇਆ ਆਪਣੇ ਸੱਜੇ ਹੱਥ ਵਿੱਚ ਧਰਿਆ ਹੋਇਆ ਖੁਸ਼ਬੂਦਾਰ ਪਾਣੀ ਲੈ ਕੇ ਰਾਮ ਚੰਦਰ ਜੀ ਅਤੇ ਸੀਤਾ ਜੀ ਦੇ ਪੈਰ ਧੋਵੇ। ਇਹੋ ਕਲਪਨਾ ਉਹ ਹੋਰ ਮੂਰਤੀਆਂ ਬਾਰੇ ਵੀ ਕਰੇ।
  4. ਅਰਘਯ (ਪੂਜਾ ਦਾ ਸਾਮਾਨ): ਕਿਸੇ ਭਾਂਡੇ ਵਿੱਚ ਭਰੇ ਹੋਏ ਪਾਣੀ ਵਿੱਚ ਫੁੱਲ, ਤੁਲਸੀ ਦੇ ਬੂਟੇ ਦੇ ਪੱਤੇ ਅਤੇ ਕੋਈ ਫਲ ਧਰ ਕੇ ਭਗਤ ਨੂੰ ਚਾਹੀਦਾ ਹੈ ਕਿ ਇਸ ਸੰਬੰਧੀ ਸ਼ਲੋਕ ਪੜ੍ਹਦਾ ਹੋਇਆ ਇਹ ਸਮੱਗਰੀ ਭਗਵਾਨ ਰਾਮ ਅਤੇ ਸੀਤਾ ਜੀ ਦੀਆਂ ਮੂਰਤੀਆਂ ਦੇ ਵਿਚਕਾਰ ਧਰ ਕੇ—ਮਨੋਂ-ਮਨੀਂ ਇਹ ਸੋਚਦਾ ਹੋਇਆ ਕਿ ਇਹ ਚੀਜ਼ਾਂ ਪੂਜਾ ਮੰਡਪ ਵਿੱਚ ਧਰੀਆਂ ਹੋਈਆਂ ਹੋਰ ਮੂਰਤੀਆਂ ਨੂੰ ਵੀ ਭੇਟਾ ਕੀਤੀਆਂ ਗਈਆਂ ਹਨ—ਸਭਨਾਂ ਤੋਂ ਸੁੱਖ-ਸ਼ਾਂਤੀ ਦੀ ਯਾਚਨਾ ਕਰੇ।
  5. ਆਚਮਨ: ਭਗਤ ਆਪਣੀ ਸੱਜੀ ਹਥੇਲੀ ਵਿੱਚ ਜਲ ਧਰ ਕੇ ਸੰਸਕ੍ਰਿਤ ਸ਼ਲੋਕ ਪੜ੍ਹਦਾ ਹੋਇਆ ਸਭਨਾਂ ਮੂਰਤੀਆਂ ਵੱਲ ਸੁੱਟਦਾ ਹੋਇਆ ਮਨ ਵਿੱਚ ਸੋਚੇ ਕਿ ਮੈਂ ਮੰਡਪ ਦੀਆਂ ਸਾਰੀਆਂ ਮੂਰਤੀਆਂ ਨੂੰ ਆਚਮਨ (ਜਲ ਛਕਾਉਣਾ) ਕਰਵਾ ਰਿਹਾ ਹਾਂ।
  6. ਇਸ਼ਨਾਨ: ਇਸ ਸੰਬੰਧੀ ਸ਼ਲੋਕ ਪੜ੍ਹ ਕੇ ਅਤੇ ਸੱਜੀ ਹਥੇਲੀ ਉੱਤੇ ਧਰਿਆ ਹੋਇਆ ਖੁਸ਼ਬੂਦਾਰ ਪਾਣੀ ਸਾਰੀਆਂ ਮੂਰਤੀਆਂ ਜਾਂ ਚਿੱਤਰਾਂ ਵੱਲ ਛਿੜਕ ਕੇ ਭਗਤ ਆਪਣੇ ਮਨ ਵਿੱਚ ਇਹ ਭਾਵ ਜਤਾਵੇ ਕਿ ਉਹ ਪੰਡਾਲ ਦੇ ਸਾਰੇ ਚਿੱਤਰਾਂ ਅਤੇ ਮੂਰਤੀਆਂ ਵਾਲੇ ਵਿਅਕਤੀਆਂ ਨੂੰ ਇਸ਼ਨਾਨ ਕਰਵਾ ਰਿਹਾ ਹੈ।
  7. ਵਸਤਰ: ਇਸ ਸੰਬੰਧੀ ਸ਼ਲੋਕ ਰਾਹੀਂ ਭਗਤ ਸ਼੍ਰੀ ਰਾਮ ਚੰਦਰ ਜੀ ਨੂੰ ਸੰਬੋਧਨ ਕਰ ਕੇ ਜ਼ਰੀਦਾਰ ਪੀਲਾ ਕੱਪੜਾ ਪਹਿਨਾਉਂਦਾ ਹੋਇਆ ਆਖੇ: ਹੇ ਜਗਨ ਨਾਥ ਜੀ! ਤਪਾਏ ਹੋਏ ਸੋਨੇ ਜਿਹੇ ਰੰਗੀਨ 'ਪੀਤਾਂਬਰ' ਨੂੰ ਕ੍ਰਿਪਾ ਪੂਰਵਕ ਸਵੀਕਾਰ ਕੀਜੀਏ!
  8. ਯਗਯੋਪਵੀਤ (ਜਨੇਉ): ਇਸ ਸੰਬੰਧੀ ਮੰਤਰ ਪੜ੍ਹ ਕੇ ਭਗਤ ਸ਼੍ਰੀ ਰਾਮ ਚੰਦਰ ਜੀ ਨੂੰ ਜਨੇਉ ਪਹਿਨਾਏ ਅਤੇ ਸੀਤਾ ਜੀ ਦੀ ਮੂਰਤੀ ਉੱਤੇ ਕੋਈ ਚਾਦਰ ਧਰੇ।
  9. ਗੰਧ: ਇਸ ਸੰਬੰਧੀ ਸ਼ਲੋਕ ਪੜ੍ਹ ਕੇ ਭਗਤ ਸ਼੍ਰੀ ਰਾਮ ਚੰਦਰ ਜੀ ਅਤੇ ਹੋਰ ਪੁਰਖ ਮੂਰਤੀਆਂ ਨੂੰ ਕੇਸਰ, ਅਗਰ, ਕਸਤੂਰੀ ਅਤੇ ਕਪੂਰ ਨਾਲ ਰਲੇ ਹੋਏ ਚੰਦਨ ਦਾ ਲੰਮਾ ਟਿੱਕਾ ਲਾਵੇ। ਸੀਤਾ ਜੀ ਸਮੇਤ ਹੋਰ ਨਾਰੀ ਮੂਰਤੀਆਂ ਦੇ ਮੱਥੇ ਉੱਤੇ ਇਸੇ ਚੰਦਨ ਦੀ ਗੋਲ ਬਿੰਦੀ ਲਾਵੇ।
  10. ਪੁਸ਼ਪ (ਫੁੱਲ): ਤੁਲਸੀ ਦੇ ਪੱਤਿਆਂ, ਕਨੇਰ, ਅੱਕ, ਚਮੇਲੀ, ਚੰਪਾ, ਸਰ੍ਹੋਂ ਦੇ ਫੁੱਲ, ਨੀਲੇ ਰੰਗ ਦੇ ਕਮਲ ਦੇ ਫੁੱਲਾਂ ਨਾਲ 'ਦੁੱਬ' (ਹਰੀ ਘਾਹ) ਦੀ ਬਣੀ ਹੋਈ ਮਾਲਾ ਹਰੇਕ ਮੂਰਤੀ ਲਈ ਤਿਆਰ ਕੀਤੀ ਜਾਵੇ।
  11. ਧੂਫ: ਖੁਸ਼ਬੂਦਾਰ ਅਗਰਬੱਤੀਆਂ ਜਲਾ ਕੇ ਅਤੇ ਉਸ ਸੰਬੰਧੀ ਸ਼ਲੋਕ ਪੜ੍ਹ ਕੇ ਭਗਤ ਉਸ ਧੂਫ ਨੂੰ ਹਰੇਕ ਮੂਰਤੀ ਅੱਗੇ ਧਰੇ।
  12. ਦੀਪਕ: ਸ਼ੁੱਧ ਘਿਓ ਵਾਲੇ ਦੀਵੇ ਦੀ ਬੱਤੀ ਬਾਲ ਕੇ ਸ਼ਲੋਕ ਪੜ੍ਹਦਾ ਹੋਇਆ ਭਗਤ ਹਰੇਕ ਮੂਰਤੀ ਦੇ ਅੱਗੇ ਧਰੇ।
  13. ਨੈਵੇਦਯ: ਭਗਤ ਸੰਬੰਧਤ ਸ਼ਲੋਕ ਪੜ੍ਹ ਕੇ ਹਰੇਕ ਮੂਰਤੀ ਅੱਗੇ ਪ੍ਰਸ਼ਾਦ (ਨੈਵੇਦਯ) ਦੇ ਰੂਪ ਵਿੱਚ ਕੋਈ ਮਠਿਆਈ ਧਰੇ।
  14. ਤਾਂਬੁਲ: ਭਗਤ ਸੰਬੰਧਤ ਸ਼ਲੋਕ ਪੜ੍ਹ ਕੇ ਹਰੇਕ ਮੂਰਤੀ ਅੱਗੇ ਪਾਨ ਦਾ ਬੀੜਾ (ਤਾਂਬੁਲ) ਧਰੇ।
  15. ਆਰਤੀ: ਹੇ, ਧਰਤੀ ਦੇ ਪਾਲਣਹਾਰ ਭਗਵਾਨ ਰਾਮ ਚੰਦਰ ਜੀ! ਆਪ ਦੀ ਹਰ ਪ੍ਰਕਾਰ ਦੀ ਸ਼ੁੱਭਕਾਮਨਾ ਵਜੋਂ ਇਹ ਆਰਤੀ ਕਰ ਰਿਹਾ ਹਾਂ। ਹੇ ਜਗਨ ਨਾਥ ਜੀ! ਆਪ, ਮਾਤਾ ਸੀਤਾ ਜੀ ਅਤੇ ਮੰਡਪ ਦੀਆਂ ਹੋਰ ਮੂਰਤੀਆਂ ਮੁਸ਼ਕਕਾਫੂਰ ਦੀ ਖੁਸ਼ਬੂ ਨਾਲ ਭਰਪੂਰ ਇਸ ਆਰਤੀ ਨੂੰ ਸਵੀਕਾਰ ਕਰੋ ਜੀ!
  16. ਪੁਸ਼ਪਾਂਜਲੀ, ਪ੍ਰਦਕਸ਼ਿਣਾ ਅਤੇ ਪ੍ਰਣਾਮ: ਆਰਤੀ ਸਮਾਪਤ ਹੋਣ ਮਗਰੋਂ ਭਗਤ ਆਪਣੇ ਹੱਥ ਵਿੱਚ ਫੁੱਲ (ਪੁਸ਼ਪਾਂਜਲੀ) ਲੈ ਕੇ ਹਰੇਕ ਮੂਰਤੀ ਅੱਗੇ ਧਰੇ। ਇਸ ਤੋਂ ਬਾਅਦ ਪੂਜਾ ਮੰਡਪ ਦੀ ਪ੍ਰਦੱਖਣਾ ਕਰਦੇ ਹੋਏ ਹਰੇਕ ਮੂਰਤੀ ਨੂੰ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਨਮਸਕਾਰ ਕਰਨਾ ਚਾਹੀਦਾ ਹੈ।
Remove ads

ਆਧੁਨਿਕ ਰੰਗ

ਉੱਪਰੋਕਤ ਸਾਰੇ ਪੂਜਾ ਸੰਬੰਧੀ ਵਿਧੀ-ਵਿਧਾਨ ਕੁਝ ਮੰਦਿਰਾਂ ਵਿਖੇ ਜਿਥੇ ਭਗਵਾਨ ਰਾਮ ਜੀ, ਸੀਤਾ ਜੀ ਅਤੇ ਲਛਮਣ ਜੀ ਦੀਆਂ ਮੂਰਤੀਆਂ ਧਰੀਆਂ ਹੁੰਦੀਆਂ ਹਨ, ਮਨਾਏ ਜਾਂਦੇ ਹਨ। ਸੰਸਕ੍ਰਿਤ ਦੇ ਵਿਦਵਾਨ ਕੁਝ ਰਾਮ ਭਗਤ ਵੀ ਇਸੇ ਵਿਧੀ-ਵਿਧਾਨ ਨੂੰ ਆਪਣੇ ਘਰ ਦੇ ਪੂਜਾ ਵਾਲੇ ਕਮਰੇ ਵਿੱਚ ਅਪਣਾਉਂਦੇ ਹਨ। ਹੁਣ ਤਾਂ ਭਾਰਤ ਦੇ ਬਹੁਤ ਸਾਰੇ ਪ੍ਰਾਂਤਾਂ ਵਿੱਚ ਚੇਤ ਦੇ ਪਹਿਲੇ ਨਰਾਤੇ ਨੂੰ ਮੰਦਿਰਾਂ ਜਾਂ ਭਗਤਾਂ ਦੇ ਘਰਾਂ 'ਚ ਭਗਤ ਤੁਲਸੀ ਦਾਸ ਗੋਸਵਾਮੀ ਦੁਆਰਾ ਰਚਿਤ 'ਸ਼੍ਰੀ ਰਾਮ ਚਰਿਤ ਮਾਨਸ' ਦਾ ਪਾਠ ਆਰੰਭ ਹੁੰਦਾ ਹੈ, ਜਿਸ ਦਾ ਭੋਗ ਨੌਵੇਂ ਨਰਾਤੇ (ਰਾਮਨੌਮੀ) ਦੀ ਦੁਪਹਿਰ ਵੇਲੇ ਪਾਇਆ ਜਾਂਦਾ ਹੈ। ਇਸ ਅਖੰਡ ਪਾਠ ਦੀ ਸਮਾਪਤੀ ਮਗਰੋਂ ਕੁਝ ਥਾਵਾਂ ਉੱਤੇ ਦੁਪਹਿਰ ਵੇਲੇ ਲੰਗਰ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ। ਜ਼ਿਆਦਾਤਰ ਸ਼੍ਰੀ ਰਾਮ ਜੀ ਦੇ ਭਗਤ—ਖਾਸ ਤੌਰ ਉੱਤੇ ਉੱਤਰ ਪ੍ਰਦੇਸ਼ ਦੇ ਵਸਨੀਕ ਰਾਮਨੌਮੀ ਦੇ ਦਿਨ ਅਯੁੱਧਿਆ ਦੇ ਨੇੜੇ ਵਗਦੀ ਸਰਯੂ ਨਦੀ ਵਿਖੇ ਇਸ਼ਨਾਨ ਕਰਨ ਅਤੇ 'ਸ਼੍ਰੀ ਰਾਮ ਜਨਮ ਭੂਮੀ' ਦੇ ਦਰਸ਼ਨ ਕਰਨ ਲਈ ਪੁੱਜਦੇ ਹਨ। ਇਸ ਯਾਤਰਾ ਦੀ ਮਹਿਮਾ 'ਸ਼੍ਰੀ ਸਕੰਦ ਪੁਰਾਣ' ਦੇ ਦੂਜੇ ਵੈਸ਼ਣਵ ਖੰਡ ਵਿੱਚ ਵਿਸਥਾਰ ਸਹਿਤ ਦੱਸੀ ਗਈ ਹੈ।

ਤਪ ਸਥਾਂਨ

'ਸਕੰਦ ਪੁਰਾਣ' ਦੇ ਦੂਜੇ ਵੈਸ਼ਣਵ ਖੰਡ ਵਿਖੇ ਲਿਖਿਆ ਹੋਇਆ ਹੈ ਕਿ ਸਰਯੂ ਨਦੀ ਦੇ ਕੰਢੇ ਉੱਤੇ 'ਅਯੁੱਧਿਆ ਨਗਰੀ' ਦੀ ਰੱਖਿਆ ਲਈ ਨਿਯੁਕਤ 'ਪਿੰਡਾਰਕ' ਨਾਂ ਦੇ ਜੋਧੇ ਦੀ ਹਵੇਲੀ ਹੈ। ਇਸ ਹਵੇਲੀ ਦੇ ਪੱਛਮ ਵਿੱਚ 'ਵਿਘਨੇਸ਼' (ਭਗਵਾਨ ਗਣੇਸ਼) ਜੀ ਦਾ ਮੰਦਰ ਹੈ। ਇਸ ਮੰਦਰ ਦੇ ਈਸ਼ਾਨ ਕੋਣ (ਪੂਰਬ ਅਤੇ ਉੱਤਰ ਦਿਸ਼ਾ ਦਾ ਕੋਨਾ) ਵਿੱਚ ਭਗਵਾਨ ਰਾਮ ਚੰਦਰ ਜੀ ਦਾ ਜਨਮ ਅਸਥਾਨ ਹੈ ਜਿਸ ਦੇ ਨਰਾਤਿਆਂ ਵਿੱਚ ਦਰਸ਼ਨ ਕਰਨ ਵਾਲੇ ਮਨੁੱਖ ਨੂੰ ਮੁਕਤੀ ਮਿਲ ਜਾਂਦੀ ਹੈ, ਭਾਵੇਂ ਉਸ ਨੇ ਸਾਰੀ ਜ਼ਿੰਦਗੀ ਕੋਈ ਦਾਨ, ਤਪ, ਯੱਗ ਜਾਂ ਕਿਸੇ ਤੀਰਥ ਅਸਥਾਨ ਦੀ ਯਾਤਰਾ ਨਾ ਕੀਤੀ ਹੋਵੇ। ਰੋਜ਼ਾਨਾ ਕਪਿਲਾ ਨਾਂ ਦੀਆਂ ਹਜ਼ਾਰਾਂ ਗਊਆਂ, ਜ਼ਿੰਦਗੀ ਭਰ ਅਗਨੀ-ਪੂਜਾ, ਹਜ਼ਾਰਾਂ ਰਾਜਸੂਯ ਯੱਗ (ਰਾਜਿਆਂ ਵਲੋਂ ਕੀਤਾ ਜਾਣ ਵਾਲਾ ਯੱਗ), ਮਾਤਾ-ਪਿਤਾ ਅਤੇ ਗੁਰੂ ਭਗਤੀ ਤੋਂ ਕਦੇ ਵੀ ਮੂੰਹ ਨਾ ਮੋੜਨ ਵਾਲੇ ਅਤੇ ਹਮੇਸ਼ਾ ਨਿਯਮਿਤ ਜੀਵਨ ਜੀਊਣ ਵਾਲੇ ਸੰਜਮੀ ਸੱਜਣਾਂ ਦੇ ਦਰਸ਼ਨਾਂ ਤੋਂ ਜੋ ਫਲ ਮਿਲਦਾ ਹੈ, ਉਹੀ ਫਲ 'ਸ਼੍ਰੀ ਰਾਮ ਜਨਮ ਭੂਮੀ' ਦੇ ਦਰਸ਼ਨ ਕਰਨ ਉੱਤੇ ਮਿਲ ਜਾਂਦਾ ਹੈ।

ਵਿਸ਼ੇਸ਼ ਤੱਥ ਯਕੀਨ ਅਤੇ ਫ਼ਲਸਫ਼ਾ, ਗ੍ਰੰਥ ...
Remove ads
Loading related searches...

Wikiwand - on

Seamless Wikipedia browsing. On steroids.

Remove ads