ਸੀਰੀਆਈ ਘਰੇਲੂ ਜੰਗ

From Wikipedia, the free encyclopedia

ਸੀਰੀਆਈ ਘਰੇਲੂ ਜੰਗ
Remove ads

ਸੀਰੀਆਈ ਖ਼ਾਨਾਜੰਗੀ, ਜਿਹਨੂੰ ਸੀਰੀਆਈ ਬਗ਼ਾਵਤ ਜਾਂ ਸੀਰੀਆਈ ਘਰੇਲੂ ਲੜਾਈ ਵੀ ਆਖਿਆ ਜਾਂਦਾ ਹੈ,[74] ਸੀਰੀਆ ਵਿੱਚ ਬਾਅਥ ਸਰਕਾਰ ਦੇ ਵਫ਼ਾਦਾਰ ਦਸਤਿਆਂ ਅਤੇ ਇਸ ਸਰਕਾਰ ਨੂੰ ਹਟਾਉਣ ਦੇ ਚਾਹਵਾਨਾਂ ਵਿਚਕਾਰ ਇੱਕ ਹਥਿਆਰਬੰਦ ਟਾਕਰਾ ਹੈ। ਇਹ ਫ਼ਸਾਦ ੧੫ ਮਾਰਚ ੨੦੧੧ ਨੂੰ ਦਾਰਾ ਵਿਖੇ ਰੋਸ ਦੇ ਰੂਪ ਵਿੱਚ ਸ਼ੁਰੂ ਹੋਇਆ ਪਰ ਅਗਲੇ ਕੁਝ ਦਿਨਾਂ ਵਿੱਚ ਸਰਕਾਰ ਅਤੇ ਵਿਰੋਧੀ ਧਿਰ ਵੱਲੋਂ ਕੀਤੀ ਗਈ ਹਿੰਸਾ ਵਿੱਚ ੭ ਪੁਲਿਸ ਮੁਲਾਜ਼ਮ ਅਤੇ ਘੱਟੋ-ਘੱਟ ੪ ਰੋਸਕਾਰ ਮਾਰੇ ਗਏ।[75] ਅਪ੍ਰੈਲ ਤੱਕ ਰੋਸ ਦੀ ਇਹ ਲਹਿਰ ਪੂਰੇ ਦੇਸ਼ ਵਿੱਚ ਫੈਲ ਗਈ।[76] ਇਹ ਰੋਸ ਪ੍ਰਦਰਸ਼ਨ ਇੱਕ ਲੰਮੇ-ਚੌੜੇ ਉੱਤਰੀ ਅਫ਼ਰੀਕੀ ਅਤੇ ਮੱਧ-ਪੂਰਬੀ ਰੋਸ ਲਹਿਰ ਦਾ ਹਿੱਸਾ ਸਨ ਜਿਹਨੂੰ ਅਰਬ ਬਹਾਰ ਕਿਹਾ ਜਾਂਦਾ ਹੈ। ਸੀਰੀਆਈ ਪ੍ਰਦਰਸ਼ਨਕਾਰੀ ਪਹਿਲੋਂ-ਪਹਿਲ ਮੌਜੂਦਾ ਸਰਕਾਰ ਦੇ ਢਾਂਚੇ ਵਿੱਚ ਰਹਿ ਕੇ ਹੀ ਇੱਕ ਜਮਹੂਰੀ ਅਤੇ ਆਰਥਿਕ ਸੁਧਾਰ ਦੀ ਮੰਗ ਕਰ ਰਹੇ ਸਨ। ਅਪ੍ਰੈਲ ੨੦੧੧ ਵਿੱਚ ਬਗ਼ਾਵਤ ਨੂੰ ਕੁਚਲਨ ਵਾਲਤੇ ਸੀਰੀਆਈ ਫ਼ੌਜ ਨੂੰ ਤੈਨਾਤ ਕੀਤਾ ਗਿਆ ਅਤੇ ਫ਼ੌਜੀਆਂ ਨੇ ਦੇਸ਼ ਭਰ ਵਿੱਚ ਮੁਜ਼ਾਹਰਾਕਾਰੀਆਂ ਉੱਤੇ ਗੋਲੀ ਚਲਾਈ।[77] ਮਹੀਨਿਆਂ ਬੱਧੀ ਫ਼ੌਜੀ ਘੇਰਿਆਂ ਅਤੇ ਨਾਕਾਬੰਦੀਆਂ ਤੋਂ ਬਾਅਦ[78] ਇਹਨਾਂ ਮੁਜ਼ਾਹਰਿਆਂ ਨੇ ਇੱਕ ਹਥਿਆਰਬੰਦ ਬਗ਼ਾਵਤ ਦਾ ਰੂਪ ਧਾਰ ਲਿਆ। ਇਹ ਟਾਕਰਾ ਬੇਮੇਲ ਹੈ ਅਤੇ ਝੜਪਾਂ ਸਾਰੇ ਦੇਸ਼ ਵਿੱਚ ਵੱਖੋ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਹੋ ਰਹੀਆਂ ਹਨ।[79]

ਵਿਸ਼ੇਸ਼ ਤੱਥ ਸੀਰੀਆਈ ਖ਼ਾਨਾਜੰਗੀ, ਮਿਤੀ ...

੨੦੧੩ ਵਿੱਚ ਹਿਜ਼ਬੁੱਲਾ ਨੇ ਸੀਰੀਆਈ ਫ਼ੌਜ ਦੀ ਹਿਮਾਇਤ ਵਿੱਚ ਜੰਗ 'ਚ ਕਦਮ ਰੱਖਿਆ।[80][81] ਹੋਰ ਤਾਂ ਹੋਰ, ਸੀਰੀਆਈ ਸਰਕਾਰ ਨੂੰ ਰੂਸ ਅਤੇ ਇਰਾਨ ਤੋਂ ਮਿਲੀ ਮਦਦ ਨੇ ਕਾਇਮ ਰੱਖਿਆ ਹੋਇਆ ਹੈ ਜਿਹਨੂੰ ਰੂਸੀ ਸਰਕਾਰ ਨੇ ੨੦੧੩-੧੪ ਦੀਆਂ ਠੰਢਾਂ ਮਗਰੋਂ ਹੋਰ ਤੇਜ਼ ਕਰ ਦਿੱਤਾ ਹੈ[82] ਜਦਕਿ ਕਤਰ, ਸਾਊਦੀ ਅਰਬ, ਤੁਰਕੀ ਅਤੇ ਸੰਯੁਕਤ ਰਾਜ[83][84] ਬਾਗ਼ੀਆਂ ਨੂੰ ਅਸਲਾ ਮੁਹੱਈਆ ਕਰਵਾ ਰਹੇ ਹਨ।[85] ਇਸ ਦਖ਼ਲ ਦੀ ਕਿਸਮ ਦੇ ਅਧਾਰ 'ਤੇ ਇਸ ਟਾਕਰੇ ਵਿਚਲੇ ਅੰਤਰਰਾਸ਼ਟਰੀ ਹੁੰਗਾਰੇ ਨੂੰ ਇੱਕ ਪ੍ਰਤੀਨਿਧੀ ਜੰਗ (ਪਰਾਕਸੀ ਵਾਰ) ਦੱਸਿਆ ਗਿਆ ਹੈ।[90] ਜੁਲਾਈ ੨੦੧੩ ਤੱਕ ਸੀਰੀਆਈ ਸਰਕਾਰ ਦੇਸ਼ ਦੇ ਇਲਾਕੇ ਦੇ ਲਗਭਗ ੩੦-੪੦% ਹਿੱਸੇ ਅਤੇ ਅਬਾਦੀ ਦੇ ੬੦% ਹਿੱਸੇ 'ਤੇ ਕਾਬਜ਼ ਸੀ।[91] ੨੦੧੨ ਦੇ ਅੰਤ ਵਿੱਚ ਆਈ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਨੇ ਇਸ ਘੋਲ ਨੂੰ ਸਰਕਾਰੀ ਫ਼ੌਜਾਂ (ਜ਼ਿਆਦਾਤਰ ਅਲਾਵੀ), ਰਜ਼ਾਕਾਰ ਫ਼ੌਜਾਂ 'ਤੇ ਹੋਰ ਸ਼ੀਆ ਜੁੱਟਾਂ ਅਤੇ ਸੁੰਨੀ ਮੱਤ ਵਾਲ਼ੇ ਬਾਗ਼ੀਆਂ ਵਿਚਕਾਰਲਾ "ਖੁੱਲ੍ਹੇਆਮ ਫ਼ਿਰਕਾਪ੍ਰਸਤ ਬਿਰਤੀ ਵਾਲ਼ਾ ਘੋਲ" ਦੱਸਿਆ[92][93][94] ਭਾਵੇਂ ਵਿਰੋਧੀ ਧੜ ਅਤੇ ਸਰਕਾਰ ਦੋਹਾਂ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ।[95][96]

ਸੰਯੁਕਤ ਰਾਸ਼ਟਰ ਮੁਤਾਬਕ ਜਾਨੀ ਨੁਕਸਾਨ ਦੀ ਗਿਣਤੀ ਜੂਨ ੨੦੧੩ ਵਿੱਚ ੧੦੦,੦੦੦ ਤੋਂ ਅਗਾਂਹ ਚਲੀ ਗਈ ਅਤੇ ਸਤੰਬਰ ੨੦੧੩ ਤੱਕ ੧੨੦,੦੦੦ ਤੱਕ ਪੁੱਜ ਗਈ ਸੀ।[97][98] ਇਸ ਤੋਂ ਛੁੱਟ ਲੱਖਾਂ ਹੀ ਮੁਜ਼ਾਹਰਾਕਾਰ, ਵਿਦਿਆਰਥੀ, ਅਜ਼ਾਦ-ਖ਼ਿਆਲੀ ਕਾਰਜਕਰਤਾ ਅਤੇ ਮਨੁੱਖੀ ਹੱਕਾਂ ਦੇ ਹਿਮਾਇਤੀ ਕੈਦ ਕਰ ਦਿੱਤੇ ਗਏ ਹਨ ਅਤੇ ਸਰਕਾਰੀ ਜੇਲ੍ਹਾਂ ਵਿੱਚ ਕਰੜੇ ਤਸੀਹਿਆਂ ਅਤੇ ਤਰਾਸਦੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ।[99][100] ਅੰਤਰਰਾਸ਼ਟਰੀ ਸੰਸਥਾਵਾਂ ਨੇ ਸਰਕਾਰ ਅਤੇ ਵਿਰੋਧੀ ਦਲਾਂ ਦੋਹਾਂ 'ਤੇ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਦਾ ਦੋਸ਼ ਮੜ੍ਹਿਆ ਹੈ।[101] ਸੰਯੁਕਤ ਰਾਸ਼ਟਰ ਅਤੇ ਐਮਨਸਟੀ ਇੰਟਰਨੈਸ਼ਨਲ ਦੀਆਂ ਜਾਂਚਾਂ ਅਤੇ ਛਾਣਬੀਨਾਂ ਨੇ ੨੦੧੨ ਅਤੇ ੨੦੧੩ ਦੋਹਾਂ ਵਿੱਚ ਇਹ ਨਤੀਜਾ ਕੱਢਿਆ ਹੈ ਕਿ ਦੁਰਵਿਹਾਰਾਂ ਦੀ ਸਭ ਤੋਂ ਵੱਧ ਗਿਣਤੀ ਸੀਰੀਆਈ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਅਤੇ ਜੋ ਪੈਮਾਨੇ ਪੱਖੋਂ ਵੀ ਸਭ ਤੋਂ ਵੱਡੇ ਹਨ।[102][103][104][105] ਸੀਰੀਆ ਵਿਚਲੇ ਇਸ ਮਨੁੱਖੀ ਆਫ਼ਤ ਦੀ ਤੀਬਰਤਾ ਨੂੰ ਸੰਯੁਕਤ ਰਾਸ਼ਟਰ ਅਤੇ ਹੋਰ ਕਈ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਉਲੀਕਿਆ ਗਿਆ ਹੈ। ਚਾਲ਼ੀ ਲੱਖ ਤੋਂ ਵੱਧ ਸੀਰੀਆਈ ਲੋਕ ਬੇਘਰ ਹੋ ਚੁੱਕੇ ਹਨ, ੩੦ ਲੱਖ ਸੀਰੀਆਈਆਂ ਨੇ ਦੇਸ਼ ਛੱਡ ਦਿੱਤਾ ਹੈ ਅਤੇ ਸ਼ਰਨਾਰਥੀ ਬਣ ਕੇ ਰਹਿ ਗਏ ਹਨ ਅਤੇ ਪਿੱਛੇ ਬਚੇ ਲੱਖਾਂ ਹੀ ਹੋਰ ਤਰਸਯੋਗ ਹਲਾਤਾਂ ਵਿੱਚ ਰੋਟੀ ਅਤੇ ਪੀਣਯੋਗ ਪਾਣੀ ਦੀ ਘਾਟ ਨਾਲ਼ ਰਹਿ ਰਹੇ ਹਨ। ਇਹ ਹਲਾਤ ਫ਼ਲਸਤੀਨੀ ਯਾਰਮੁਕ ਕੈਂਪ ਵਿਖੇ ਖ਼ਾਸ ਤੌਰ 'ਤੇ ਮੰਦੇ ਹਨ ਜਿੱਥੇ ੨੦,੦੦੦ ਲੋਕ ਭੁੱਖਮਰੀ ਕਰਕੇ ਮੌਤ ਦੇ ਮੂੰਹ ਵੱਲ ਵੇਖ ਰਹੇ ਹਨ।[106][107][108][109]

ਸੀਰੀਆ ਵਿੱਚ ਇੱਕ ਤੋਂ ਵੱਧ ਮੌਕੇ 'ਤੇ ਰਸਾਇਣਕ ਹਥਿਆਰ ਵਰਤੇ ਗਏ ਹਨ ਜਿਹਨਾਂ ਦੀ ਦੁਨੀਆ ਭਰ ਵਿੱਚ ਕਰੜੇ ਸ਼ਬਦਾਂ ਨਾਲ਼ ਨਿਖੇਧੀ ਕੀਤੀ ਗਈ ਹੈ।[110] ਯੂਨੀਸੈਫ਼ ਦੀ ਰਿਪੋਰਟ ਮੁਤਾਬਿਕ 2017 ਦਾ ਵਰ੍ਹਾ ਬੱਚਿਆਂ ਲਈ ਸਭ ਤੋਂ ਕਹਿਰਵਾਨ ਸਾਲ ਰਿਹਾ ਜਿਸ ਵਿੱਚ 910 ਬੱਚੇ ਮਾਰੇ ਗਏ ਅਤੇ 361 ਜ਼ਖਮੀ ਹੋਏ।ਉਂਝ, ਜਦੋਂ ਹੀ ਯੁੱਧ ਸ਼ੁਰੂ ਹੋਇਆ ਤਾਂ ਦੋਵੇਂ ਪਾਸਿਆਂ ਨੇ ਆਪੋ-ਆਪਣੇ ਲੜਾਕਿਆਂ ਨੂੰ ਧਰਮ ਦੀ ਪਾਣ ਚੜ੍ਹਾਉਣੀ ਸ਼ੁਰੂ ਕਰ ਦਿੱਤੀ। ਇਉਂ ਜਮਹੂਰੀਅਤ ਲਈ ਸ਼ੁਰੂ ਹੋਇਆ ਸੰਘਰਸ਼ ਫ਼ਿਰਕੂ ਯੁੱਧ ਵਿੱਚ ਬਦਲ ਗਿਆ। ਸਿੱਟੇ ਵਜੋਂ ਇਨਸਾਨੀਅਤ ਦੇ ਸਾਰੇ ਮਾਪ-ਦੰਡਾਂ ਨੂੰ ਤਾਕ ਤੇ ਰੱਖ ਕੇ ਹੈਵਾਨੀਅਤ ਦੀ ਨੰਗੀ ਖੇਡ ਖੇਡੀ ਗਈ। ਹਮਲਿਆਂ ਵਿੱਚ ਹਸਪਤਾਲਾਂ, ਸਕੂਲਾਂ, ਸ਼ਹਿਰਾਂ ਆਦਿ ਨੂੰ ਨਿਸ਼ਾਨਾ ਬਣਾਇਆ ਗਿਆ; ਇੱਥੋਂ ਤੱਕ ਕਿ ਰਸਾਇਣਿਕ ਹਥਿਆਰਾਂ ਰਾਹੀਂ ਵੀ ਹਮਲੇ ਕੀਤੇ ਗਏ। ਇਸ ਯੁੱਧ ਵਿੱਚ ਤਕਰੀਬਨ ਸਾਰੇ ਹੀ ਹਥਿਆਰਬੰਦ ਗਰੁਪਾਂ ਨੇ ਬਲਾਤਕਾਰ ਨੂੰ ਹਥਿਆਰ ਵਜੋਂ ਵਰਤਿਆ। ਇਸ ਲੜਾਈ ਨੂੰ ਧਰਮ ਯੁੱਧ ਦਾ ਨਾਮ ਦੇਣ ਵਾਲਿਆਂ ਨੇ ਔਰਤ ਦੇ ਬਲਤਕਾਰ ਨੂੰ ਮੁਕਤੀ ਦਾ ਮਾਰਗ ਦੱਸਿਆ। ਆਈਐੱਸਆਈਐੱਸ ਦੀ ਕੈਦ ਵਿਚੋਂ ਬਚ ਕੇ ਨਿਕਲੀ ਯਜ਼ੀਦੀ ਕੁੜੀ ਅਤੇ 2018 ਦਾ ਨੋਬੇਲ ਪੁਰਸਕਾਰ ਜੇਤੂ ਨਾਦਿਆ ਮੁਰਾਦ ਦੱਸਦੀ ਹੈ ਕਿ ਜੋ ਕੁੱਝ ਉਸ ਨਾਲ ਵਾਪਰਿਆ ਹੈ, ਦੁਨੀਆ ਵਿੱਚ ਇਹ ਆਖਰੀ ਹੋਣਾ ਚਾਹੀਦਾ ਹੈ। ਅਮਰੀਕਾ, ਸਾਊਦੀ ਅਰਬ, ਤੁਰਕੀ, ਜਾਰਡਨ, ਰੂਸ, ਇਰਾਨ, ਸੀਰੀਆ ਦੇ ਮਾਡਰੇਟ ਗਰੁੱਪਾਂ ਦੀ ਮਦਦ ਕਰਨ ਦੀ ਬਜਾਏ, ਕੱਟੜ ਗਰੁਪਾਂ ਦੀ ਸਮੇਂ ਸਮੇਂ ਤੇ ਬਦਲ ਬਦਲ ਕੇ ਹਰ ਤਰ੍ਹਾਂ ਨਾਲ ਮਦਦ ਕਰ ਰਹੇ ਹਨ। ਇਉਂ ਇਹ ਯੁੱਧ ਕੌਮਾਂਤਰੀ ਤਾਕਤਾਂ ਦੇ ਅਸਿੱਧੇ ਯੁੱਧ ਵਿੱਚ ਤਬਦੀਲ ਹੋ ਕੇ ਰਹਿ ਗਿਆ। ਸੋ, ਸੀਰੀਆ ਪੈਦਾ ਹੋਏ ਆਪਣੇ ਅੰਦਰੂਨੀ ਵਿਰੋਧਾਂ ਕਰਕੇ ਕੌਮਾਂਤਰੀ ਤਾਕਤਾਂ ਲਈ ਖੇਡ ਦਾ ਮੈਦਾਨ ਬਣ ਕੇ ਰਹਿ ਗਿਆ ਹੈ[111]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads