ਸ਼ੁੱਕਰ (ਗ੍ਰਹਿ)

From Wikipedia, the free encyclopedia

ਸ਼ੁੱਕਰ (ਗ੍ਰਹਿ)
Remove ads

ਸ਼ੁੱਕਰ ਸੂਰਜ ਮੰਡਲ ਵਿੱਚ ਸੂਰਜ ਤੋਂ ਦੂਜਾ ਗ੍ਰਹਿ ਹੈ। ਸ਼ੁੱਕਰ ਨੂੰ ਸੂਰਜ ਦਾ ਇੱਕ ਚੱਕਰ ਪੂਰਾ ਕਰਨ ਲਈ 224.7 ਦਿਨ ਲੱਗਦੇ ਹਨ। ਇਸ ਦਾ ਵਿਆਸ ਧਰਤੀ ਤੋਂ ਸਿਰਫ਼ 650 ਕਿਲੋਮੀਟਰ ਘੱਟ ਹੈ। ਸ਼ੁੱਕਰ ਦਾ ਚੱਕਰ ਸਮਾਂ ਸੂਰਜ ਮੰਡਲ ਦੇ ਗ੍ਰਹਿਆਂ ਵਿੱਚੋਂ ਸਭ ਤੋਂ ਵਧੇਰੇ (243 ਦਿਨ) ਹੈ।[12][13] ਇਹ ਇੱਕ ਸਥਲੀ ਗ੍ਰਹਿ ਹੈ ਕਿਉਂਕਿ ਇਸਦੀ ਸਤ੍ਹਾ ਅੰਦਰੂਨੀ ਸੂਰਜੀ ਮੰਡਲ ਦੇ ਗ੍ਰਹਿਆਂ ਵਾਂਗ ਠੋਸ ਅਤੇ ਪਥਰੀਲੀ ਹੈ। ਖਗੋਲ ਸ਼ਾਸਤਰੀ ਇਸ ਗ੍ਰਹਿ ਨੂੰ ਹਜ਼ਾਰਾਂ ਸਾਲਾਂ ਤੋਂ ਜਾਣਦੇ ਹਨ ਅਤੇ ਇਸਦਾ ਨਾਮ ਰੋਮ ਦੀ ਪਿਆਰ ਅਤੇ ਖੂਬਸੂਰਤੀ ਦੀ ਦੇਵੀ ਵੀਨਸ ਉੱਪਰ ਰੱਖਿਆ ਗਿਆ ਹੈ। ਇਹ ਚੰਦ ਤੋਂ ਬਾਅਦ ਧਰਤੀ ਦੇ ਆਕਾਸ਼ ਵਿੱਚ ਵਿਖਾਈ ਦੇਣ ਵਾਲਾ ਸਭ ਤੋਂ ਚਮਕੀਲਾ ਕੁਦਰਤੀ ਪਦਾਰਥ ਹੈ। ਇਸਨੂੰ ਆਮ ਤੌਰ ਤੇ 'ਸੰਝ ਦਾ ਤਾਰਾ' ਜਾਂ 'ਸਵੇਰ ਦਾ ਤਾਰਾ' ਵੀ ਕਿਹਾ ਜਾਂਦਾ ਹੈ। ਕਿਉਂਕਿ ਇਹ ਧਰਤੀ ਤੋਂ ਪਹਿਲੇ ਦਾ ਗ੍ਰਹਿ ਹੋਣ ਕਾਰਣ ਆਪਣੀ ਖ਼ਾਸ ਸਥਿਤੀ ਕਾਰਨ ਇਹ ਸੂਰਜ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਵਿਖਾਈ ਦਿੰਦਾ ਹੈ ਅਤੇ ਸੂਰਜ ਡੁੱਬਣ ਤੋਂ ਕੁਝ ਦੇਰ ਬਾਅਦ ਵਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਸ਼ੁੱਕਰ ਗ੍ਰਹਿ ਸੂਰਜੀ ਪਰਿਵਾਰ ਦੇ ਹੋਰਨਾਂ ਗ੍ਰਹਿਆਂ ਨਾਲੋਂ ਧਰਤੀ ਦੇ ਸਭ ਤੋਂ ਨੇੜੇ ਆ ਜਾਂਦਾ ਹੈ।

ਵਿਸ਼ੇਸ਼ ਤੱਥ ਪੰਧ ਦੀਆਂ ਵਿਸ਼ੇਸ਼ਤਾਵਾਂ, ਉਚਾਰਨ ...
Thumb
ਅੰਦਰੂਨੀ ਗ੍ਰਹਿਆਂ ਦਾ ਆਕਾਰ (ਖੱਬੇ ਤੋਂ ਸੱਜੇ): ਬੁੱਧ, ਸ਼ੁੱਕਰ, ਧਰਤੀ, ਅਤੇ ਮੰਗਲ

ਸ਼ੁੱਕਰ ਗ੍ਰਹਿ ਨੂੰ ਧਰਤੀ ਦਾ ਭੈਣ ਗ੍ਰਹਿ ਵੀ ਕਿਹਾ ਜਾਂਦਾ ਹੈ ਕਿਉਂਕਿ ਇਸਦਾ ਗੁਰੂਤਾਕਰਸ਼ਣ ਅਤੇ ਇਸਦਾ ਆਕਾਰ ਦੋਵੇਂ ਧਰਤੀ ਦੇ ਲਗਭਗ ਬਰਾਬਰ ਹਨ। ਸ਼ੁੱਕਰ ਦੇ ਵਾਤਾਵਰਨ ਵਿੱਚ ਹਵਾ ਦੇ ਤੌਰ ਤੇ ਮੁੱਖ ਤੌਰ ਤੇ ਕਾਰਬਨ ਡਾਈਆਕਸਾਈਡ (96.5%) ਅਤੇ ਨਾਈਟ੍ਰੋਜਨ (3.5%) ਦਾ ਮੌਜੂਦ ਹੈ ਜਿਸ ਵਿੱਚ ਸਲਫ਼ਿਊਰਿਕ ਐਸਿਡ ਦੇ ਬੱਦਲ ਘਿਰੇ ਰਹਿੰਦੇ ਹਨ। ਸਲਫ਼ਿਊਰਿਕ ਐਸਿਡ ਇੱਕ ਅਜਿਹਾ ਰਸਾਇਣ ਹੈ ਜਿਹੜਾ ਮਨੁੱਖਾਂ ਲਈ ਬਹੁਤ ਜ਼ਹਿਰੀਲਾ ਹੈ।[14]

ਇਸਦੀ ਧੁੰਦਲੇ ਵਾਤਾਵਰਨ ਦੇ ਕਾਰਨ ਸ਼ੁੱਕਰ ਦੀ ਸਤ੍ਹਾ ਨੂੰ ਵੇਖਣਾ ਬਹੁਤ ਮੁਸ਼ਕਿਲ ਹੈ ਅਤੇ 21ਵੀਂ ਸਦੀ ਤੋਂ ਪਹਿਲਾਂ ਕੁਝ ਲੋਕ ਇਹ ਸੋਚਦੇ ਸਨ ਕਿ ਉੱਥੇ ਕੋਈ ਜੀਵਨ ਮੌਜੂਦ ਹੋ ਸਕਦਾ ਹੈ। ਸ਼ੁੱਕਰ ਦੀ ਸਤ੍ਹਾ ਤੇ ਦਬਾਅ ਧਰਤੀ ਤੋਂ 92 ਗੁਣਾ ਜ਼ਿਆਦਾ ਹੈ ਅਤੇ ਇਸਦਾ ਕੋਈ ਵੀ ਕੁਦਰਤੀ ਉਪਗ੍ਰਹਿ ਨਹੀਂ ਹੈ। ਸ਼ੁਕਰ ਆਪਣੇ ਧੁਰੇ ਤੇ ਬਹੁਤ ਹੌਲੀ ਗਤੀ ਨਾਲ ਘੁੰਮਦਾ ਹੈ ਅਤੇ ਦੂਜੇ ਗ੍ਰਹਿਆਂ ਨਾਲੋਂ ਉਲਟੀ ਦਿਸ਼ਾ ਵਿੱਚ ਘੁੰਮਦਾ ਹੈ।

Remove ads

ਭੌਤਿਕ ਗੁਣ

Thumb
ਮਾਜੇਲਨ ਸਪੇਸਕ੍ਰਾਫ਼ਟ ਤੋਂ ਸ਼ੁੱਕਰ ਦੀ ਸਤ੍ਹਾ ਦਾ ਰੇਡਾਰ ਦ੍ਰਿਸ਼

ਸ਼ੁੱਕਰ ਗ੍ਰਹਿ ਧਰਤੀ ਵਾਂਗ ਇੱਕ ਸਥਲੀ ਗ੍ਰਹਿ ਹੈ ਅਤੇ ਇਸਦੀ ਸਤ੍ਹਾ ਚੱਟਾਨਾਂ ਦੀ ਬਣੀ ਹੋਈ ਹੈ। ਸ਼ੁੱਕਰ ਗ੍ਰਹਿ ਧਰਤੀ ਨਾਲੋਂ ਬਹੁਤ ਜ਼ਿਆਦਾ ਗਰਮ ਹੈ। ਇਸਦੇ ਵਾਤਾਵਰਨ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਇਸਦੀ ਸਤ੍ਹਾ ਦੇ ਆਲੇ-ਦੁਆਲੇ ਇੱਕ ਕੰਬਲ ਦਾ ਕੰਮ ਕਰਦੀ ਹੈ ਜਿਸ ਕਰਕੇ ਇਹ ਸੂਰਜੀ ਦੀ ਸਾਰੀ ਗਰਮੀ ਨੂੰ ਆਪਣੇ ਅੰਦਰ ਲੈ ਲੈਂਦੀ ਹੈ। ਇਸ ਪ੍ਰਭਾਵ ਨੂੰ ਗ੍ਰੀਨਹਾਊਸ ਪ੍ਰਭਾਵ ਕਿਹਾ ਜਾਂਦਾ ਹੈ ਅਤੇ ਇਹ ਪ੍ਰਭਾਵ ਸ਼ੁੱਕਰ ਗ੍ਰਹਿ ਉੱਪਰ ਬਹੁਤ ਮਜ਼ਬੂਤ ਹੈ। ਇਸ ਕਰਕੇ ਸਾਰੇ ਸੂਰਜ ਮੰਡਲ ਦੇ ਗ੍ਰਹਿਆਂ ਦੀ ਸਤ੍ਹਾ ਵਿੱਚੋਂ ਸ਼ੁੱਕਰ ਗ੍ਰਹਿ ਦੀ ਸਤ੍ਹਾ ਦਾ ਔਸਤ ਤਾਪਮਾਨ 480 °C (896.0 °F) ਸਭ ਤੋਂ ਜ਼ਿਆਦਾ ਹੈ। ਇਹ ਗਰਮੀ ਇੰਨੀ ਜ਼ਿਆਦਾ ਹੈ ਕਿ ਇਹ ਸੀਸੇ ਜਾਂ ਜ਼ਿੰਕ ਨੂੰ ਆਸਾਨੀ ਨਾਲ ਪਿਘਲਾ ਸਕਦੀ ਹੈ।[15][16]

ਭੂਗੋਲ

ਸ਼ੁੱਕਰ ਗ੍ਰਹਿ ਉੱਪਰ ਕੋਈ ਸਮੁੰਦਰ ਨਹੀਂ ਹੈ ਕਿਉਂਕਿ ਪਾਣੀ ਦੀ ਹੋਂਦ ਲਈ ਇਹ ਗ੍ਰਹਿ ਬਹੁਤ ਗਰਮ ਹੈ। ਸ਼ੁੱਕਰ ਦੀ ਸਤ੍ਹਾ ਸੁੱਕਾ ਮਾਰੂਥਲ ਹੈ। ਗਹਿਰੇ ਬੱਦਲਾਂ ਦੇ ਕਾਰਨ ਸਿਰਫ਼ ਰਾਡਾਰ ਦੀ ਮਦਦ ਨਾਲ ਹੀ ਇਸਦੀ ਸਤ੍ਹਾ ਦਾ ਖ਼ਾਕਾ ਖਿੱਚਿਆ ਜਾ ਸਕਦਾ ਹੈ। ਇਹ ਲਗਭਗ 80% ਪ੍ਰਤੀਸ਼ਤ ਪੱਧਰਾ, ਚੱਟਾਨੀ ਮੈਦਾਨਾਂ ਦਾ ਬਣਿਆ ਹੋਇਆ ਹੈ ਜਿਹੜਾ ਕਿ ਮੁੱਖ ਤੌਰ ਤੇ ਬਸਾਲਟ ਦਾ ਬਣਿਆ ਹੋਇਆ ਹੈ। ਦੋ ਉੱਚੇ ਇਲਾਕਿਆਂ ਨੂੰ ਮਹਾਂਦੀਪ ਕਿਹਾ ਜਾਂਦਾ ਹੈ ਜਿਹੜੇ ਕਿ ਗ੍ਰਹਿ ਨੂੰ ਉੱਤਰੀ ਅਤੇ ਦੱਖਣੀ ਹਿੱਸਿਆਂ ਵਿੱਚ ਵੰਡਦੇ ਹਨ। ਉੱਤਰੀ ਹਿੱਸੇ ਨੂੰ ਇਸ਼ਤਾਰ ਟੈਰਾ (Ishtar Terra) ਅਤੇ ਦੱਖਣੀ ਹਿੱਸੇ ਨੂੰ ਐਫ਼ਰੋਡਾਈਟ ਟੈਰਾ (Aphrodite Terra) ਕਿਹਾ ਜਾਂਦਾ ਹੈ। ਇਹਨਾਂ ਦਾ ਨਾਮ ਪਿਆਰ ਦੀਆਂ ਬੇਬੀਲੋਨੀਆਈ ਅਤੇ ਯੂਨਾਨੀ ਦੇਵੀਆਂ ਦੇ ਨਾਮ ਉੱਪਰ ਰੱਖਿਆ ਗਿਆ ਹੈ।[17]

ਵਾਤਾਵਰਨ

ਸ਼ੁੱਕਰ ਗ੍ਰਹਿ ਦਾ ਵਾਤਾਵਰਨ ਮੁੱਖ ਤੌਰ ਤੇ ਕਾਰਬਨ ਡਾਈਆਕਸਾਈਡ ਅਤੇ ਨਾਈਟ੍ਰੋਜਨ ਗੈਸਾਂ ਦਾ ਬਣਿਆ ਹੋਇਆ ਹੈ ਜਿਸ ਵਿੱਚ ਸਲਫ਼ਿਊਰਿਕ ਐਸਿਡ ਦੇ ਬੱਦਲ ਛਾਏ ਰਹਿੰਦੇ ਹਨ। ਕਿਉਂਕਿ ਇਸਦਾ ਵਾਤਾਵਰਨ ਬਹੁਤ ਮੋਟਾ ਅਤੇ ਧੁੰਦਲਾ ਹੈ ਇਸ ਕਰਕੇ ਇਸਦੀ ਸਤ੍ਹਾ ਤੇ ਦਬਾਅ ਬਹੁਤ ਜ਼ਿਆਦਾ ਹੈ। ਇਸਦੀ ਸਤ੍ਹਾ ਦਾ ਦਬਾਅ ਧਰਤੀ ਦੀ ਸਤ੍ਹਾ ਤੋਂ 92 ਗੁਣਾ ਜ਼ਿਆਦਾ ਹੈ ਜਿਹੜਾ ਕਿ ਬਹੁਤ ਸਾਰੀਆਂ ਵਸਤੂਆਂ ਨੂੰ ਬੜੀ ਆਸਾਨੀ ਨਾਲ ਤੋੜ-ਮਰੋੜ ਸਕਦਾ ਹੈ।

ਬਾਹਰੀ ਖਲਾਅ ਤੋਂ ਸ਼ੁੱਕਰ ਦੀ ਸਤ੍ਹਾ ਨੂੰ ਵੇਖਣਾ ਨਾਮੁਮਕਿਨ ਹੈ ਕਿਉਂਕਿ ਸੂਰਜ ਦੁਆਰਾ ਸੁੱਟੀ ਗਈ 60 ਪ੍ਰਤੀਸ਼ਤ ਰੌਸ਼ਨੀ ਨੂੰ ਇਸਦੀ ਸਤ੍ਹਾ ਤੇ ਮੌਜੂਦ ਮੋਟੇ ਬੱਦਲਾਂ ਦੁਆਰਾ ਵਾਪਸ ਭੇਜ ਦਿੱਤਾ ਜਾਂਦਾ ਹੈ। ਇਸਦੀ ਸਤ੍ਹਾ ਨੂੰ ਵੇਖਣ ਲਈ ਇਨਫ਼ਰਾਰੈਡ ਅਤੇ ਅਲਟ੍ਰਾਵਾਇਲਟ ਕੈਮਰਿਆਂ ਅਤੇ ਰਾਡਾਰ ਦੀ ਮਦਦ ਨਾਲ ਹੀ ਵੇਖਿਆ ਜਾ ਸਕਦਾ ਹੈ।

ਸ਼ੁੱਕਰ ਦਾ ਪੰਧ

ਸ਼ੁੱਕਰ ਨੂੰ ਕਦੇ-ਕਦੇ ਸੂਰਜ ਅਤੇ ਧਰਤੀ ਦੇ ਵਿਚਕਾਰੋਂ ਗੁਜ਼ਰਦੇ ਵੇਖਿਆ ਜਾ ਸਕਦਾ ਹੈ। ਸ਼ੁੱਕਰ ਗ੍ਰਹਿ ਇੱਕ ਖ਼ਾਸ ਦੂਰਬੀਨ ਨਾਲ ਇੱਕ ਕਾਲੇ ਧੱਬੇ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਇਹ ਵਰਤਾਰਾ 8 ਸਾਲ ਦੇ ਅੰਤਰਾਲ ਵਿੱਚ ਦੋ ਵਾਰ ਵਾਪਰਦਾ ਹੈ। ਉਸ ਪਿੱਛੋਂ ਇਹ ਸੌ ਸਾਲਾਂ ਬਾਅਦ ਹੁੰਦਾ ਹੈ।

Remove ads

ਇਹ ਵੀ ਵੇਖੇ

ਬਾਹਰਲੇ ਲਿੰਕ

ਬਾਹਰੀ ਕੜੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads