ਪੰਜਾਬੀ ਨਾਵਲ
From Wikipedia, the free encyclopedia
Remove ads
ਪੰਜਾਬੀ ਨਾਵਲ ਪੰਜਾਬੀ ਭਾਸ਼ਾ ਵਿੱਚ ਲਿਖੇ ਨਾਵਲਾਂ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਅਨੁਵਾਦਿਤ ਨਾਵਲ ਵੀ ਸ਼ਾਮਿਲ ਕੀਤੇ ਜਾਂਦੇ ਹਨ ਕਿਉਂਕਿ ਉਹ ਵੀ ਅਨੁਵਾਦ ਹੋਈ ਭਾਸ਼ਾ ਵਿੱਚ ਉਸ ਤੋਂ ਬਾਅਦ ਲਿਖੇ ਜਾਣ ਵਾਲੇ ਨਾਵਲਾਂ ਉੱਤੇ ਪ੍ਰਭਾਵ ਪਾਉਂਦੇ ਹਨ ਅਤੇ ਇਸ ਤਰ੍ਹਾਂ ਇਹ ਉਸ ਵਿਸ਼ੇਸ਼ ਭਾਸ਼ਾ ਦੇ ਸਾਹਿਤ ਵਿੱਚ ਨਿਰੰਤਰਾ ਪ੍ਰਦਾਨ ਕਰਦੇ ਹਨ।
ਇਤਿਹਾਸ
1849 ਵਿੱਚ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਵਿਸ਼ੇਸ਼ ਹਿੱਤਾਂ ਦੀ ਪੂਰਤੀ ਲਈ ਪੱਛਮੀ ਸਿੱਖਿਆ ਪ੍ਰਣਾਲੀ ਸ਼ੁਰੂ ਕੀਤੀ। ਧਰਮ ਪ੍ਰਚਾਰ ਲਈ ਈਸਾਈ ਮਿਸ਼ਨਰੀਆਂ ਨੇ ਵੱਖ-ਵੱਖ ਸਾਹਿਤ ਰੂਪਾਂ ਦੀ ਵਰਤੋਂ ਸ਼ੁਰੂ ਕੀਤੀ। ਪੰਜਾਬੀ ਦਾ ਸਭ ਤੋਂ ਪਹਿਲਾ ਅਨੁਵਾਦਿਤ ਨਾਵਲ ਮਸੀਹੀ ਮੁਸਾਫ਼ਰ ਦੀ ਯਾਤਰਾ ਬਣਿਆ ਜੋ ਕਿ ਮੂਲ ਰੂਪ ਵਿੱਚ ਜੌਨ ਬਨੀਅਨ ਦੁਆਰਾ ਅੰਗਰੇਜ਼ੀ ਵਿੱਚ "ਪਿਲਗਰਿਮਜ਼ ਪ੍ਰੋਗਰੈਸ"(Pilgrim's Progress) ਦੇ ਨਾਮ ਨਾਲ ਲਿਖਿਆ ਗਿਆ। ਇਸ ਤੋਂ ਬਾਅਦ ਦੂਜਾ ਨਾਵਲ ਜਯੋਤਿਰੁਦਯ (1882) ਮੰਨਿਆ ਜਾਂਦਾ ਹੈ ਜਿਸ ਬਾਰੇ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਹ ਮਿਸ਼ਨਰੀਆਂ ਦੁਆਰਾ ਪਹਿਲਾਂ ਬੰਗਾਲੀ ਵਿੱਚ ਲਿਖਵਾਇਆ ਗਿਆ ਅਤੇ ਫ਼ਿਰ ਪੰਜਾਬੀ ਵਿੱਚ ਅਨੁਵਾਦ ਕਰਵਾਇਆ ਗਿਆ।[1]
ਗੁਰਪਾਲ ਸਿੰਘ ਸੰਧੂ ਨੇ ਆਪਣੀ ਕਿਤਾਬ ਪੰਜਾਬੀ ਨਾਵਲ ਦਾ ਇਤਿਹਾਸ ਵਿੱਚ ਪੰਜਾਬੀ ਨਾਵਲ ਨੂੰ ਹੇਠਲੇ ਚਾਰ ਭਾਗਾਂ ਵਿੱਚ ਵੰਡਿਆ ਹੈ[2] ( ਪੰਜਵਾਂ ਭਾਗ ਸਿਰਫ਼ ਯੂ.ਕੇ ਦੇ ਵਿੱਚ ਹੀ ਅੱਜ ਤੱਕ ਪਛਾਣਿਆ ਗਿਆ ਹੈ।) :-
ਮੁੱਢਲਾ ਪੰਜਾਬੀ ਨਾਵਲ
ਮੁੱਢਲੇ ਦੌਰ ਦੇ ਪੰਜਾਬੀ ਨਾਵਲ ਵਿੱਚ ਧਰਮ ਕੇਂਦਰ ਵਿੱਚ ਰਹਿੰਦਾ ਹੈ ਅਤੇ ਇਹਨਾਂ ਨੂੰ ਲਿਖਣ ਦਾ ਮਕਸਦ ਮਨੋਰੰਜਨ ਨਹੀਂ ਸਗੋਂ ਉਪਦੇਸ਼ਤਮਕ ਹੈ। ਇਹਨਾਂ ਦਾ ਸਿੱਧਾ ਸਿੱਧਾ ਸਬੰਧ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਹੈ। ਇਸ ਦੌਰ ਦਾ ਮੁੱਖ ਨਾਵਲਕਾਰ ਭਾਈ ਵੀਰ ਸਿੰਘ ਹੈ ਜਿਸਦੇ ਨਾਵਲ "ਸੁੰਦਰੀ" ਨੂੰ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਮੰਨਿਆ ਜਾਂਦਾ ਹੈ। ਇਸ ਤੋਂ ਬਿਨਾਂ ਮੋਹਨ ਸਿੰਘ ਵੈਦ ਦਾ ਨਾਵਲ "ਦੰਪਤੀ ਪਿਆਰ" ਅਤੇ ਚਰਨ ਸਿੰਘ ਸ਼ਹੀਦ ਦੇ ਨਾਵਲ "ਦਲੇਰ ਕੌਰ" ਤੇ "ਬੀਬੀ ਰਣਜੀਤ ਕੌਰ" ਵੀ ਇਸੇ ਦੌਰ ਵਿੱਚ ਸ਼ਾਮਿਲ ਹੁੰਦੇ ਹਨ। ਇਹਨਾਂ ਨਾਵਲਾਂ ਵਿੱਚ ਨਾਇਕ ਅਤੇ ਖਲਨਾਇਕ ਸਪਸ਼ਟ ਹੈ ਅਤੇ ਨਾਇਕ ਦੀ ਜਿੱਤ ਹੀ ਹੁੰਦੀ ਹੈ।
ਵਿਅਕਤੀਵਾਦੀ ਆਦਰਸ਼ਵਾਦੀ ਨਾਵਲ
ਪੰਜਾਬੀ ਨਾਵਲ ਦੇ ਦੂਜਾ ਦੌਰ ਵਿੱਚ ਧਰਮ ਦੀ ਜਗ੍ਹਾ ਸਮਾਜਿਕ ਸਮੱਸਿਆਵਾਂ ਕੇਂਦਰ ਵਿੱਚ ਆ ਜਾਂਦੀਆਂ ਹਨ ਅਤੇ ਇਹਨਾਂ ਦਾ ਹੱਲ ਆਦਰਸ਼ਵਾਦੀ ਪਾਤਰਾਂ ਦੀ ਸਿਰਜਣਾ ਨਾਲ ਕੀਤਾ ਜਾਂਦਾ ਹੈ। ਇਸ ਦੌਰ ਦਾ ਪਹਿਲਾ ਨਾਵਲ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੁਆਰਾ ਲਿਖਿਆ ਅਣਵਿਆਹੀ ਮਾਂ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਨਾਨਕ ਸਿੰਘ ਦੇ ਨਾਵਲ ਚਿੱਟਾ ਲਹੂ, ਪਵਿੱਤਰ ਪਾਪੀ, ਗਗਨ ਦਮਾਮਾ ਬਾਜਿਆ ਆਦਿ ਵੇਖੇ ਜਾ ਸਕਦੇ ਹਨ। ਸੰਤ ਸਿੰਘ ਸੇਖੋਂ ਨੇ ਲਹੂ ਮਿੱਟੀ ਅਤੇ ਬਾਬਾ ਉਸਮਾਨ ਵਰਗੇ ਨਾਵਲ ਲਿਖੇ। ਜਸਵੰਤ ਸਿੰਘ ਕੰਵਲ ਨੇ ਰੋਮਾਂਸਵਾਦੀ ਆਦਰਸ਼ਵਾਦੀ ਨਾਵਲ ਲਿਖੇ ਜਿਹਨਾਂ ਵਿੱਚ ਸੱਚ ਨੂੰ ਫ਼ਾਂਸੀ, ਪੂਰਨਮਾਸ਼ੀ, ਰਾਤ ਬਾਕੀ ਹੈ ਆਦਿ ਵੇਖੇ ਜਾ ਸਕਦੇ ਹਨ। ਇਹਨਾਂ ਤੋਂ ਬਿਨਾਂ ਸੁਰਿੰਦਰ ਸਿੰਘ ਨਰੂਲਾ ਅਤੇ ਨਰਿੰਦਰ ਪਾਲ ਸਿੰਘ ਵੀ ਇਸੇ ਦੌਰ ਦੇ ਨਾਵਲਕਾਰ ਹਨ।
ਪ੍ਰਗਤੀਵਾਦੀ ਯਥਾਰਥਵਾਦੀ ਨਾਵਲ
ਇਸ ਦੌਰ ਵਿੱਚ ਆਦਰਸ਼ਵਾਦੀ ਅਤੇ ਰੋਮਾਂਸਵਾਦੀ ਜੀਵਨ ਦਾ ਚਿਤਰਨ ਕਰਨ ਦੀ ਜਗ੍ਹਾ ਉੱਤੇ ਜੀਵਨ ਦਾ ਵਿਸਤਾਰ ਯਥਾਰਥ ਦੇ ਪੱਧਰ ਉੱਤੇ ਕੀਤਾ ਜਾਣਾ ਸ਼ੁਰੂ ਹੋਇਆ। ਇਸ ਵਿੱਚ ਗੁਰਦਿਆਲ ਸਿੰਘ ਦੇ ਨਾਵਲ ਮੜ੍ਹੀ ਦਾ ਦੀਵਾ ਤੇ ਅੰਨ੍ਹੇ ਘੋੜੇ ਦਾ ਦਾਨ ਅਤੇ ਰਾਮ ਸਰੂਪ ਅਣਖੀ ਦਾ ਕੋਠੇ ਖੜਕ ਸਿੰਘ ਵੇਖੇ ਜਾ ਸਕਦੇ ਹਨ। ਔਰਤ ਨਾਵਲਕਾਰਾਂ ਵਿੱਚ ਅੰਮ੍ਰਿਤਾ ਪ੍ਰੀਤਮ ਅਤੇ ਦਲੀਪ ਕੌਰ ਟਿਵਾਣਾ ਨੇ ਆਪਣੇ ਨਾਵਲਾਂ ਵਿੱਚ ਨਾਰੀ ਦੀ ਵਿਸ਼ੇਸ਼ ਪੇਸ਼ਕਾਰੀ ਕੀਤੀ। ਇਹਨਾਂ ਤੋਂ ਬਿਨਾਂ ਇਸ ਦੌਰ ਦੇ ਹੋਰ ਪ੍ਰਮੁੱਖ ਨਵਲਕਾਰਾਂ ਵਿੱਚ ਕਰਤਾਰ ਸਿੰਘ ਦੁੱਗਲ, ਸੋਹਣ ਸਿੰਘ ਸੀਤਲ, ਕਰਮਜੀਤ ਕੁੱਸਾ, ਨਰਿੰਜਨ ਤਸਨੀਮ ਆਦਿ ਸ਼ਾਮਿਲ ਹੁੰਦੇ ਹਨ।
ਉੱਤਰ-ਯਥਾਰਥਵਾਦੀ ਨਾਵਲ
ਇਸ ਦੌਰ ਵਿੱਚ ਬਿਰਤਾਂਤ ਤਕਨੀਕ ਅਤੇ ਵਿਸ਼ਾ ਦੋਨਾਂ ਹੀ ਪੱਖਾਂ ਵਿੱਚ ਤਬਦੀਲੀ ਆਈ। ਇਸ ਵਿੱਚ ਛੋਟੀਆਂ ਪਛਾਣਾਂ ਦੀ ਗੱਲ ਹੋਣੀ ਸ਼ੁਰੂ ਹੋ ਗਈ। ਮਿੱਤਰ ਸੈਨ ਮੀਤ ਦੇ ਨਾਵਲਾਂ ਕੌਰਵ ਸਭਾ, ਤਫ਼ਤੀਸ਼, ਕਟਹਿਰਾ ਆਦਿ ਵਿੱਚ ਅਦਾਲਤ ਅਤੇ ਪੁਲਸ ਪ੍ਰਸ਼ਾਸਨ ਦਾ ਚਿਤਰਨ ਕੀਤਾ ਗਿਆ ਹੈ। ਰਿਸ਼ਤਾ-ਨਾਤਾ ਪ੍ਰਬੰਧ ਵਿੱਚ ਆਇਆਂ ਤਬਦੀਲੀਆਂ ਨੂੰ ਦੇਖਦੇ ਹੋਏ ਇੰਦਰ ਸਿੰਘ ਖਾਮੋਸ਼ ਨੇ ਇੱਕ ਤਾਜ ਮਹਿਲ ਹੋਰ, ਕਾਫ਼ਰ ਮਸੀਹਾ, ਬੁੱਕਲ ਦਾ ਰਿਸ਼ਤਾ ਆਦਿ ਵਰਗੇ ਨਾਵਲ ਲਿਖੇ। ਬਲਦੇਵ ਸਿੰਘ ਸੜਕਨਾਮਾ ਨੇ ਵੇਸਵਾ ਜੀਵਨ ਬਾਰੇ ਲਾਲ ਬੱਤੀ ਨਾਵਲ ਲਿਖਿਆ ਅਤੇ ਇਸ ਤੋਂ ਬਿਨਾਂ "ਦੂਸਰੀ ਹੀਰੋਸ਼ੀਮਾ", "ਜੀ.ਟੀ. ਰੋਡ" ਅਤੇ "ਅੰਨਦਾਤਾ" ਵਰਗੇ ਨਾਵਲ ਲਿਖੇ। ਇਹਨਾਂ ਨਾਵਲਕਾਰਾਂ ਤੋਂ ਬਿਨਾਂ ਇਸ ਦੌਰ ਵਿੱਚ ਜਸਬੀਰ ਮੰਡ, ਸ਼ਾਹ ਚਮਨ, ਬਲਜਿੰਦਰ ਨਸਰਾਲੀ ਆਦਿ ਨਾਵਲਕਾਰ ਸ਼ਾਮਿਲ ਹੁੰਦੇ ਹਨ।
ਵਿਚਿੱਤਰਵਾਦ ਨਾਵਲ
ਵਿਚਿੱਤਰਵਾਦ ਸ਼ੈਲੀ ਇੱਕ ਨਵਾਂ ਅੰਦਾਜ਼ ਹੈ ਜੋ ਇਕ੍ਹੀਵੀਂ ਸਦੀ ਵਿੱਚ ਰੂਪ ਢਿੱਲੋਂ ( ਰੂਪਿੰਦਰਪਾਲ ) ਨੇ ਬਰਤਾਨੀਆ ਵਿੱਚ ਪਰਗਤੀ ਕੀਤਾ ਹੈ। ਸਮਕਾਲੀ ਸਾਹਿਤ ਦਾ ਆਧੁਨਿਕ ਰੂਪ ਹੈ ਜਿਸ ਨੇ ਉੱਤਰ-ਯਥਾਰਥਵਾਦੀ, ਪ੍ਰਗਤੀਵਾਦੀ ਯਥਾਰਥਵਾਦੀ ਅਤੇ ਵਿਗਿਆਨ ਗਲਪ ਨਾਵਲਾਂ ਨੂੰ ਆਪਣਾ ਅਧਾਰ ਬਣਾਇਆ ਹੈ। ਸਭ ਤੋਂ ਵਿਅਕਤ ਗੱਲ ਹੈ ਕਿ ਬਰਤਾਨੀਆ ਦੇ ਲਹਿਜੇ ਵਿੱਚ ਵਾਕ ਬਣਤਰ ਹਨ ( ਮਤਲਬ ਫਿਕਰਾ ਬੰਦੀ ) ਅਤੇ ਸ਼ੈਲੀ ਬਹੁਤ ਖੱਲ੍ਹੀ ਹੈ, ਜਿਸ ਵਿੱਚ ਨਾਟਕ ਦਾ ਰੂਪ, ਜਾਂ ਕਵਿਤਾ ਦਾ ਰੂਪ ਜਾਂ ਡਾਇਰੀ ਦਾ ਇਸਤੇਮਾਲ ਹੁੰਦਾ ਹੈ। ਕਦੀ ਕਦੀ ਕਾਂਡ ਖ਼ਤ ਦੀ ਘੜਤ ਵਿੱਚ ਪੇਸ਼ ਕੀਤੇ ਜਾਂਦੇ, ਕਦੀ ਕਦੀ ਕੋਈ ਸਪਸ਼ਟਤਾ ਨਹੀਂ ਹੁੰਦੀ। ਸਭ ਤੋਂ ਖ਼ਾਸ ਗੱਲ ਹੈ ਕਿ ਸਿਨੀਮਾ ਦਾ ਕਾਫ਼ੀ ਅਸਰ ਹੈ, ਦ੍ਰਿਸ਼ ਬਹੁਤ ਬਰੀਕੀ 'ਚ ਦਿਖਾਇਆ ਜਾਂਦਾ ਹੈ, ਅਤੇ ਹਰ ਪਾਤਰ ਦੇ ਲੀੜੇ, ਸ਼ਕਲ ਅਤੇ ਸੁਭਾੳ ਵੀ। ਪਾਤਰ ਦਾ ਆਲ਼ਾ ਦੁਆਲ਼ਾ ਵੀ ਬਿਓਰੇਵਾਰ ਨਾਲ਼ ਤਸ਼ਰੀਹ ਹੁੰਦਾ ਹੈ। ਵਿਚਿੱਤਰਵਾਦ ਨਾਵਲ ਪ੍ਰਯੋਗਵਾਦੀ ਹੈ ਅਤੇ ਜੋ ਹੋਰ ਮੁਲਕਾਂ ਦੇ ਸਾਹਿਤਾਂ ਵਿੱਚ ਹੁਣ ਆਮ ਹੈ ਨੂੰ ਪੰਜਾਬੀ ਵਿੱਚ ਲਿਆਉਂਦਾ, ਪਾਠਕ ਨੂੰ ਨਵਾਂ ਸੁਆਦ ਦੇਣ ਲਈ। ਇਸ ਨੂੰ ਪ੍ਰਾਪਤੀ ਕਰਨ ਵਾਸਤੇ ਕਈ ਢੰਗ ਵਰਤਦਾ ਹੈ: ਕਰਮ ਖੇਤਰ ਵਿਚਾਲੇ, ਤਫਸੀਲ ਰੇਖਾ,ਅਦਬੀ ਸੰਭਾਵਨਾ,ਵਿਰੋਧਾਭਾਸ, ਮੂਰਤੀਮਾਨ,ਠਹਿਰਾਊ-ਮੁਕਤ ਵਾਕ ਵਗੈਰ ਵਗੈਰ।
ਰੂਪ ਢਿੱਲੋਂ ਦਾ ਯੂ.ਕੇ ਵਿੱਚ ਟੋਲਾ ਹੈ ਜਿਸ ਦਾ ਨਾਂ ਹੈ ਬਾਗ਼ੀ ਬੱਤੀ ਅਤੇ ਲਕੀਰ ਦੇ ਫ਼ਕੀਰਾਂ ਤੋਂ ਛੁਟਕਾਰਾ ਚਾਹੁੰਦੇ ਹਨ। ੳਨ੍ਹਾਂ ਦਾ ਉਦੇਸ਼ ਵਾਕ ਹੈ ਕਿ - ਕੁਝ ਨਵਾਂ ਲਿਖੋ!-। ਜਿਹੜਾ ਨਾਵਲ ਰਿਵਾਜੀ ਨਿਯਤ ਅਸੂਲ ਤੋੜ ਦੇ ਨੇ, ਵਿਚਿੱਤਰਵਾਦ ਨਾਵਲ ਉਨ੍ਹਾਂ ਦੇ ਪਾਸੇ ਹੈ। ਇਸ ਵਿੱਚ ਦੁਨੀਆ ਤੋਂ ਉਧਾਰ ਕਰੀਆਂ ਤਕਨੀਕਾਂ ਹਨ ਅਤੇ ਨਾਰੀਵਾਦ, ਨਜਾਤਾਵਾਦ ਅਤੇ ਹੋਰ ਬਾਗ਼ੀ ਗੱਲਾਂ ਸ਼ਾਮਲ ਹਨ। ਵਿਚਿੱਤਰਵਾਦ ਵਰਗੀ ਇੱਕ ਕੌਮਾਂਤਰੀ ਲਹਿਰ ਹੈ--Transrealism-।
ਰੂਪ ਢਿੱਲੋਂ ਤੋਂ ਬਿਨਾਂ ਇਸ ਦੌਰ ਵਿੱਚ ਅਮਨਪ੍ਰੀਤ ਸਿੰਘ ਮਾਨ, ਮੁਦੱਸਰ ਬਸ਼ੀਰ, ਮਖਦੂਮ ਟੀਪੂ ਸਲਮਾਨ, ਅਮਨਦੀਪ ਸਿੰਘ, ਡਾ.ਡੀ.ਪੀ ਸਿੰਘ ਆਦਿ ਨਾਵਲਕਾਰ ਸ਼ਾਮਿਲ ਹੁੰਦੇ ਹਨ। ਇਨ੍ਹਾਂ ਦੇ ਨਾਵਲ ਚਿੱਟਾ ਤੇ ਕਾਲ਼ਾ, ਸਿੰਧਬਾਦ, ਓ, ਸਮੁਰਾਈ, ਹੌਲ, ਭਵਿੱਖ ਦੀ ਪੈੜ, ਸਿਤਾਰਿਆਂ ਤੋਂ ਅੱਗੇ, ਕੌਣ, ਖ਼ਬਰ ਇੱਕ ਪਿੰਡ ਦੀ, ਮਸ਼ੀਨੀ ਅੱਥਰੂ ਆਦਿ ਵਰਗੇ ਲਿਖੇ ਲਹਿਰ’ਚ ਸ਼ਮਾਲ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads