ਮਾਲਵਾ (ਪੰਜਾਬ)

From Wikipedia, the free encyclopedia

ਮਾਲਵਾ (ਪੰਜਾਬ)
Remove ads

ਮਾਲਵਾ (ਅੰਗਰੇਜ਼ੀ: Malwa) ਪੰਜਾਬ ਖੇਤਰ ਦਾ ਸਤਲੁਜ ਦੇ ਦੱਖਣ ਵਾਲੇ ਪਾਸੇ ਦਾ ਇਲਾਕਾ ਹੈ।.[1] ਇਸ ਵਿੱਚ ਹਰਿਆਣਾ ਸੂਬੇ ਦੇ ਵੀ ਕੁਝ ਹਿੱਸੇ ਸ਼ਾਮਲ ਹਨ। ਦੱਖਣ-ਪੱਛਮ ਵਾਲ਼ੇ ਪਾਸੇ ਰਾਜਸਥਾਨ ਦਾ ਰੇਗਿਸਤਾਨ ਹੈ। ਇੱਥੋਂ ਦਾ ਵਾਤਾਵਰਨ ਖ਼ੁਸ਼ਕ, ਮਿੱਟੀ ਰੇਤਲੀ ਅਤੇ ਪਾਣੀ ਦੀ ਘਾਟ ਸੀ ਪਰ ਹੁਣ ਇੱਥੇ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ। ਮੱਧਕਾਲ ਵਿੱਚ ਇਹ ਇਲਾਕਾ ਮੁੱਖ ਰੂਪ ਵਿੱਚ ਰਾਜਪੂਤ ਕਬੀਲਿਆਂ ਦੇ ਪ੍ਰਭਾਵ ਵਾਲਾ ਸੀ ਅਤੇ ਅਜੇ ਵੀ ਮਾਲਵੇ ਇਲਾਕੇ ਦੇ ਬਹੁਤੇ ਗੋਤ ਰਾਜਪੂਤਾਂ ਨਾਲ ਮਿਲਦੇ-ਜੁਲਦੇ ਹਨ।

Thumb
ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ ਪੰਜਾਬ ਦੇ ਮਾਲਵਾ ਖੇਤਰ ਦਾ ਬਣਾਇਆ ਗਿਆ ਨਕਸ਼ਾ ਜਿਸ ਵਿੱਚ ਇਸ ਖੇਤਰ ਦੀਆਂ ਵੱਖ-ਵੱਖ ਰਾਜ-ਵਿਵਸਥਾਵਾਂ, ਸਰਹੱਦਾਂ ਅਤੇ ਬਸਤੀਆਂ ਦਿਖਾਈਆਂ ਗਈਆਂ ਹਨ, ਲਗਭਗ 1829-1835। ਰੂਪਨਗਰ, ਮੋਗਾ, ਜਗਰਾਉਂ, ਧਰਮਕੋਟ, ਕੋਟਕਪੂਰਾ, ਮੁਕਤਸਰ ਅਤੇ ਸਾਹਨੇਵਾਲ, ਸਤਲੁਜ ਦਰਿਆ ਦੇ ਦੱਖਣ ਵੱਲ ਦੇ ਇਲਾਕਿਆਂ ਵਜੋਂ ਚਿੰਨ੍ਹਿਤ ਹਨ ਜੋ ਸਿੱਖ ਸਾਮਰਾਜ ਦੁਆਰਾ ਨਿਯੰਤਰਿਤ ਸਨ।

ਮਾਲਵਾ ਇਲਾਕੇ ਵਿੱਚ ਰਹਿਣ ਵਾਲ਼ੇ ਲੋਕਾਂ ਅਤੇ ਓਹਨਾਂ ਵੱਲੋਂ ਬੋਲੀ ਜਾਂਦੀ ਪੰਜਾਬੀ ਦੀ ਉਪਬੋਲੀ ਨੂੰ ਮਲਵਈ ਭਾਸ਼ਾ ਆਖਦੇ ਹਨ।

Remove ads

ਇਤਿਹਾਸ

ਮਾਲਵਾ ਖੇਤਰ ਵਿੱਚ ਸਥਿਤ ਫਿਰੋਜ਼ਪੁਰ ਸ਼ਹਿਰ ਦੀ ਸਥਾਪਨਾ 14ਵੀਂ ਸਦੀ ਦੇ ਅਖੀਰਲੇ ਅੱਧ ਵਿੱਚ ਦਿੱਲੀ ਸਲਤਨਤ ਦੇ ਤੀਜੇ ਫਿਰੋਜ਼ ਸ਼ਾਹ ਤੁਗਲਕ ਦੁਆਰਾ ਕੀਤੀ ਗਈ ਸੀ। [2] ਬਾਅਦ ਵਿੱਚ ਮੁਗਲ ਸਾਮਰਾਜ ਦੇ ਦੌਰਾਨ, ਫਿਰੋਜ਼ਪੁਰ ਨੇ ਆਈਨ-ਏ-ਅਕਬਰੀ ਦੇ ਅਨੁਸਾਰ ਮੁਲਤਾਨ ਸੂਬੇ (ਸੂਬਾ) ਦੀ ਰਾਜਧਾਨੀ ਵਜੋਂ ਕੰਮ ਕੀਤਾ। [2] [3] ਸਤਲੁਜ ਦਰਿਆ ਦੇ ਰੁਖ ਬਦਲਣ ਨਾਲ, ਇਹ ਖੇਤਰ ਪਤਨ ਵਿੱਚ ਚਲਾ ਗਿਆ, ਕਿਉਂਕਿ ਦਰਿਆ ਜੋ ਪਹਿਲਾਂ ਜ਼ਮੀਨ ਨੂੰ ਪਾਣੀ ਅਤੇ ਉਪਜਾਊ ਸ਼ਕਤੀ ਪ੍ਰਦਾਨ ਕਰਦਾ ਸੀ, ਵਿਨਾਸ਼ਕਾਰੀ ਹੋ ਗਿਆ ਅਤੇ ਮਾਲਵੇ ਦੀ ਧਰਤੀ ਨੂੰ ਟਿੱਲਿਆਂ ਅਤੇ ਮਾਰੂਥਲਾਂ ਵਿੱਚ ਬਦਲ ਦਿੱਤਾ। [3] ਇਨ੍ਹਾਂ ਕੁਦਰਤੀ ਹਾਲਾਤਾਂ ਕਾਰਨ ਮਾਲਵਾ 16ਵੀਂ ਸਦੀ ਦੇ ਸ਼ੁਰੂ ਤੱਕ ਮਾਰੂਥਲ ਦਾ ਰੂਪ ਧਾਰਨ ਕਰ ਚੁੱਕਾ ਸੀ। [3]

16ਵੀਂ ਸਦੀ ਦੇ ਅੰਤ ਤੱਕ, ਵੱਖ-ਵੱਖ ਜਾਟ ਕਬੀਲਿਆਂ ਦਾ ਇਸ ਖੇਤਰ ਵਿੱਚ ਵਸੇਬੇ ਲਈ ਪ੍ਰਵਾਸ ਹੋਇਆ, ਜਿਵੇਂ ਕਿ ਭੱਟੀ, ਧਾਲੀਵਾਲ, ਗਿੱਲ ਅਤੇ ਸਿੱਧੂ ਕਬੀਲੇ, ਜੋ ਦੱਖਣ ਅਤੇ ਦੱਖਣ-ਪੂਰਬ ਤੋਂ ਇਸ ਖੇਤਰ ਵਿੱਚ ਦਾਖਲ ਹੋਏ ਸਨ। [4] ਜਾਟਾਂ ਦੇ ਸਿੱਧੂ ਕਬੀਲੇ ਨੇ ਸਥਾਨਕ ਖੇਤਰ ਵਿੱਚ ਸ਼ਕਤੀ ਅਤੇ ਪ੍ਰਭਾਵ ਪਾਇਆ। [5] [6] ਪਸ਼ੌਰਾ ਸਿੰਘ ਦੇ ਅਨੁਸਾਰ, ਸਤਲੁਜ ਦਰਿਆ ਦੀ ਅਣਪਛਾਤੀ ਸ਼ਕਤੀ ਨੇ ਇਨ੍ਹਾਂ ਨਵੇਂ ਆਏ ਲੋਕਾਂ ਦੇ ਸੁਭਾਅ ਨੂੰ ਸਖ਼ਤ ਜਾਨ ਬਣਾਇਆ। [4]

Remove ads

ਖੇਤਰ

ਮਾਲਵੇ ਦਾ ਸਾਹਿਤ

ਪੰਜਾਬੀ ਸਾਹਿਤ ਦੇ ਪੱਖ ਤੋਂ ਪਹਿਲਾ ਹਵਾਲਾ ਬਾਬਾ ਫਰੀਦ ਦਾ ਮਾਲਵੇ ਦੀ ਧਰਤੀ ਨਾਲ ਜੋੜਿਆ ਜਾ ਸਕਦਾ ਹੈ। ਕਿਉਂਕਿ ਦੰਦ-ਕਥਾ ਅਨੁਸਾਰ ਬਾਬਾ ਫਰੀਦ ਮੁਲਤਾਨ ਤੋਂ ਅਜਮੇਰ ਜਾਂਦਿਆਂ ਫਰੀਦਕੋਟ ਰੁਕੇ ਸਨ ਪਰ ਅਸਲ ਵਿੱਚ ਤਾਂ ਮਾਲਵਾ ਸਾਹਿਤਕ ਚਿੱਤਰਪੱਟ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਨਾਲ ਹੀ ਆਇਆ। ਉਨ੍ਹਾਂ ਦੀ ਜਿ਼ੰਦਗੀ ਦਾ ਬਹੁਤ ਮਹੱਤਵਪੂਰਨ ਭਾਗ ਮਾਲਵੇ ਇਲਾਕੇ ਵਿੱਚ ਬੀਤਿਆ। ਉਨ੍ਹਾਂ ਨੇ ਆਪਣੀ ਪ੍ਰਸਿੱਧ ਇਤਿਹਾਸਕ ਰਚਨਾ ਜ਼ਫ਼ਰਨਾਮਾ ਫ਼ਾਰਸੀ ਜ਼ੁਬਾਨ ਵਿੱਚ ਦੀਨਾ ਕਾਂਗੜ ਵਿਖੇ ਰਚੀ ਅਤੇ ਦਮਦਮਾ ਸਾਹਿਬ ਨੂੰ ਉਨ੍ਹਾਂ ਦੇ ਗੁਰਵਾਕ ਅਨੁਸਾਰ ਹੀ ਗੁਰੂ ਕੀ ਕਾਸ਼ੀ ਹੋਣ ਦਾ ਮਾਣ ਪ੍ਰਾਪਤ ਹੋਇਆ ਅਤੇ ਇਹ ਸਾਰਾ ਇਲਾਕਾ ਗੁਰੂ ਕਾ ਮਾਲਵਾ ਅਖਵਾਇਆ। ਮੱਧਕਾਲ ਦੇ ਬਾਕੀ ਸਾਹਿਤ ਰੂਪ ਕਿੱਸਾ, ਵੀਰ ਕਾਵਿ ਅਤੇ ਵਾਰਤਕ ਵਿੱਚ ਵੀ ਦੂਸਰੇ ਭੂਗੋਲਿਕ ਖਿੱਤਿਆਂ ਦਾ ਹੀ ਜੋਰ ਰਿਹਾ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਆਮਦ ਤੋਂ ਬਾਅਦ ਇਸ ਖਿੱਤੇ ਨੂੰ ਵੀ ਭਾਗ ਲੱਗੇ। ਪਹਿਲੇ ਪੰਜੇ ਗੁਰੂ ਸਾਹਿਬਾਨ, ਭਾਈ ਗੁਰਦਾਸ, ਪ੍ਰਮੁੱਖ ਕਿੱਸਾਕਾਰ ਦਮੋਦਰ, ਪੀਲੂ, ਵਾਰਿਸ ਸ਼ਾਹ, ਹਾਸ਼ਮ ਸ਼ਾਹ ਤੇ ਇਸੇ ਪ੍ਰਕਾਰ ਵਾਰਕਾਰ ਮਾਝਾ ਅਤੇ ਪੋਠੋਹਾਰ ਦੇ ਇਲਾਕੇ ਨਾਲ ਹੀ ਸਬੰਧਤ ਰਹੇ ਹਨ। ਅੰਗਰੇਜ਼ਾਂ ਦੀ ਆਮਦ ਤੋਂ ਬਾਅਦ ਇੱਕ ਪਾਸੇ ਤਾਂ ਮਾਲਵਾ ਖਿੱਤਾ ਜਿ਼ਆਦਾਤਰ ਰਿਆਸਤੀ ਪ੍ਰਬੰਧ ਅਧੀਨ ਰਿਹਾ ਜਿੱਥੇ ਸਿੱਧੀ ਅੰਗਰੇਜ਼ੀ ਸਿੱਖਿਆ ਅਤੇ ਸਭਿਆਚਾਰ ਦਾ ਅਸਰ ਘੱਟ ਸੀ। ਦੂਸਰੇ ਪਾਸੇ ਗ਼ੈਰ ਮਲਵੱਈ ਇਲਾਕੇ ਜਿਨ੍ਹਾਂ ਦੇ ਕੇਂਦਰ ਅੰਮ੍ਰਿਤਸਰ ਅਤੇ ਲਾਹੌਰ ਬਣੇ, ਸਿੱਧੇ ਅੰਗਰੇਜ਼ੀ ਪ੍ਰਭਾਵ ਅਧੀਨ ਆਏ ਅਤੇ ਉਥੇ ਆਧੁਨਿਕ ਵਿਚਾਰਾਂ ਦਾ ਪ੍ਰਭਾਵ ਵੀ ਵਧੇਰੇ ਪਿਆ। ਸਿੱਟੇ ਵਜੋਂ ਜਿਸ ਸਮੇਂ ਆਧੁਨਿਕ ਕਵਿਤਾ ਆਪਣਾ ਮੂੰਹਮੱਥਾ ਨਿਖ਼ਾਰ ਰਹੀ ਸੀ, ਉਸੇ ਸਮੇਂ ਮਾਲਵੇ ਵਿੱਚ ਕਵੀਸ਼ਰਾਂ ਦਾ ਜ਼ੋਰ ਸੀ। ਬਾਬੂ ਰਜਬ ਅਲੀ ਨੂੰ ਇਸ ਦਾ ਸਿਖਰ ਮੰਨਿਆ ਜਾ ਸਕਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤਾਂ ਮਾਲਵੇ ਇਲਾਕੇ ਵਿੱਚ ਕੁਝ ਪੜ੍ਹਿਆਂ ਲਿਖਿਆਂ ਨੂੰ ਛੱਡ ਕੇ ਆਮ ਲੋਕਾਂ ਵਿੱਚ ਤਾਂ ਕਵਿਤਾ ਦਾ ਰੂਪ ਕਵੀਸ਼ਰੀ ਹੀ ਸੀ। ਇਹ ਮਾਲਵੇ ਦੀ ਵਿਲੱਖਣਤਾ ਬਣਦੀ ਹੈ। ਆਧੁਨਿਕ ਸਾਹਿਤ ਵਿੱਚ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਗ਼ੈਰ ਮਲਵੱਈ ਖਿੱਤਿਆਂ ਦਾ ਹੀ ਬੋਲਬਾਲਾ ਰਿਹਾ। ਬਲਵੰਤ ਗਾਰਗੀ, ਦਵਿੰਦਰ ਸਤਿਆਰਥੀ ਅਤੇ ਜਸਵੰਤ ਸਿੰਘ ਕੰਵਲ ਤੋਂ ਬਗੈਰ ਬਾਕੀ ਸਾਹਿਤਕਾਰ ਸਤਲੁਜ ਤੋਂ ਪਾਰ ਹੀ ਪੈਦਾ ਹੋਏ ਸਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਤੇ ਖ਼ਾਸ ਕਰਕੇ ਚੜ੍ਹਦੇ ਪੰਜਾਬ ਦੀ ਪੁਨਰ-ਗਠਨ ਤੋਂ ਪਿੱਛੋਂ ਆਧੁਨਿਕ ਸਾਹਿਤ ਵਿੱਚ ਮਲਵੱਈ ਭਾਸ਼ਾ ਦੀ ਇਕਦਮ ਹੀ ਚੜ੍ਹਾਈ ਹੋ ਗਈ। ਇਸ ਦੇ ਕਈ ਕਾਰਨ ਸਨ ਪਰ ਸਭ ਤੋਂ ਵੱਧ ਮੌਜੂਦਾ ਪੰਜਾਬ ਵਿੱਚ ਰਕਬੇ ਪੱਖੋਂ ਅਤੇ ਆਬਾਦੀ ਪੱਖੋਂ ਮਲਵੱਈ ਖੇਤਰ ਵਧੇਰੇ ਸੀ। ਦੂਸਰਾ ਕਾਰਨ ਇਹ ਵੀ ਬਣਿਆ ਕਿ ਮਲਵੱਈ ਇਲਾਕੇ ਵਿੱਚ ਵੀ ਸਿੱਖਿਆ ਦਾ ਪਸਾਰ ਹੋਇਆ ਜਿਸ ਦੇ ਸਿੱਟੇ ਵਜੋਂ ਨਵੀਂ ਕਿਸਮ ਦੀ ਸਾਹਿਤਕ ਚੇਤਨਾ ਪੈਦਾ ਹੋਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ, ਭਾਸ਼ਾ ਵਿਭਾਗ ਪੰਜਾਬ ਦਾ ਮੁੱਖ ਦਫਤਰ ਪਟਿਆਲਾ ਵਿਖੇ ਸਥਿਤ ਹੋਣਾ ਵੀ ਮਲਵੱਈ ਭਾਸ਼ਾ ਲਈ ਚੰਗਾ ਸਾਬਤ ਹੋਇਆ। ਇਸ ਤੋਂ ਇਲਾਵਾ ਨਵੇਂ ਵਿਕਸਤ ਹੋ ਰਹੇ ਸੂਬੇ ਵਿੱਚ ਲੁਧਿਆਣਾ ਅਤੇ ਬਠਿੰਡਾ ਦਾ ਆਧੁਨਿਕ ਉਦਯੋਗਿਕ ਸ਼ਹਿਰੀ ਵਿਕਾਸ ਵੀ ਸ਼ਾਮਲ ਹੈ। ਸੋ ਇਸ ਪ੍ਰਕਾਰ ਇੱਕ ਤਰ੍ਹਾਂ ਨਾਲ ਦੇੋਸ਼ ਦੀ ਆਜ਼ਾਦੀ ਦੀ ਇੱਕ ਚੌਥਾਈ ਪੂਰੀ ਹੋਣ ਤੇ ਮੌਜੂਦਾ ਪੰਜਾਬ ਦਾ ਸਾਹਿਤਕ ਦ੍ਰਿਸ਼ ਹੀ ਬਦਲ ਗਿਆ। ਇਸ ਵਿੱਚ ਨਾਵਲਕਾਰਾਂ ਵਿਚੋਂ ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ, ਗੁਰਦਿਆਲ ਸਿੰਘ ਅਤੇ ਰਾਮ ਸਰੂਪ ਅਣਖੀ, ਕਹਾਣੀਕਾਰਾਂ ਵਿਚੋਂ ਗੁਰਦੇਵ ਰੁਪਾਣਾ, ਗੁਰਬਚਨ ਸਿੰਘ ਭੁੱਲਰ, ਜਸਬੀਰ ਸਿੰਘ ਭੁੱਲਰ ਅਤੇ ਨਾਟਕਕਾਰਾਂ ਵਿਚੋਂ ਬਲਵੰਤ ਗਾਰਗੀ ਤੋਂ ਬਾਅਦ ਅਜਮੇਰ ਸਿੰਘ ਔਲਖ ਨੇ ਇੱਕ ਤਰ੍ਹਾਂ ਨਾਲ ਮਲਵੱਈ ਭਾਸ਼ਾ ਦੀ ਝੰਡੀ ਕਰ ਦਿੱਤੀ। ਇਸ ਵਿੱਚ ਪੰਜਾਬ ਦੇ ਲੋਕ-ਗਾਇਕਾਂ ਵੱਲੋਂ ਗਾਏ ਜਾਣ ਵਾਲੇ ਗਾਣਿਆਂ ਨੂੰ ਲਿਖਣ ਵਾਲੇ ਇੰਦਰਜੀਤ ਹਸਨਪੁਰੀ, ਬਾਬੂ ਸਿੰਘ ਮਾਨ ਮਰਾੜਾਂਵਾਲਾ, ਗੁਰਦਾਸ ਮਾਨ, ਹਰਦੇਵ ਥਰੀਕਿਆਂ ਵਾਲੇ ਤੋਂ ਲੈ ਕੇ ਅਮਰਦੀਪ ਗਿੱਲ ਤਕ ਮਾਲਵੇ ਦੀ ਧਰਤੀ ਉਪਰ ਹੀ ਪੈਦਾ ਹੋਏ। ਇਸ ਪ੍ਰ਼ਕਾਰ ਇੱਕ ਤਰ੍ਹਾਂ ਨਾਲ ਸਾਰਾ ਸਾਹਿਤਕ ਦ੍ਰਿਸ਼ ਹੀ ਮਲਵੱਈ ਰੂਪ ਲੈ ਗਿਆ। ਇਸੇ ਪ੍ਰਕਾਰ ਸਤਲੁਜ ਅਤੇ ਬਿਆਸ ਉਪਰ ਪੁਲ ਬੱਝਣ ਨਾਲ ਨਾ ਕੇਵਲ ਆਵਾਜਾਈ ਹੀ ਆਮ ਹੋਈ ਸਗੋਂ ਬਹੁਤ ਸਾਰੇ ਦੂਸਰੇ ਖਿੱਤਿਆਂ ਦੇ ਸਾਹਿਤਕਾਰਾਂ ਦਾ ਵੀ ਮਲਵੱਈਕਰਨ ਹੋ ਗਿਆ। ਉਦਾਹਰਨ ਵਜੋਂ ਪੰਜਾਬੀ ਗ਼ਜ਼ਲ ਦੇ ਸ਼ਾਹ ਅਸਵਾਰ ਸੁਰਜੀਤ ਪਾਤਰ ਲੰਮਾ ਸਮਾਂ ਮਾਲਵੇ ਵਿੱਚ ਵਿਚਰਦੇ ਰਹੇ ਅਤੇ ਅਖੀਰ ਪਟਿਆਲੇ ਪੜ੍ਹਨ ਤੋਂ ਬਾਅਦ ਲੁਧਿਆਣੇ ਹੀ ਪੱਕੇ ਤੌਰ ਤੇ ਰਹਿਣ ਲੱਗ ਪਏ।

ਮਾਲਵਾ ਤੇ ਗੁਰੂ ਗੋਬਿੰਦ ਸਿੰਘ

ਮਾਲਵੇ ਦੇ ਇਲਾਕੇ ਨੂੰ ਪੁਰਾਣੇ ਜ਼ਮਾਨੇ ਵਿਚ, ਪੰਜਾਬ ਦੇ ਦੂਸਰੇ ਇਲਾਕਿਆਂ ਦੇ ਲੋਕ ‘ਜੰਗਲ’ ਕਹਿੰਦੇ ਸਨ। ਇਸ ਦੇ ਕੁਝ ਪ੍ਰਮਾਣ ਵੀ ਮਿਲਦੇ ਹਨ। ਜਦੋਂ ਗੁਰੂ ਗੋਬਿੰਦ ਸਿੰਘ, ਖਦਰਾਣੇ ਦੀ ਢਾਬ (ਮੁਕਤਸਰ) ਤੋਂ ਤਲਵੰਡੀ ਸਾਬੋ ਵੱਲ ਜਾ ਰਹੇ ਸਨ ਤਾਂ ਗੋਨਿਆਣਾ ਮੰਡੀ ਦੇ ਨਜ਼ਦੀਕ ਜਿੱਥੇ ਕੁਝ ਸਮਾਂ ਰੁਕੇ, ਉਥੇ ਜੋ ਗੁਰਦੁਆਰਾ ਬਣਿਆ ਹੈ ਉਸ ਦਾ ਨਾਂ ‘ਲੱਖੀ-ਜੰਗਲ’ ਹੈ। ਦੂਸਰੀ ਤਲਵੰਡੀ ਸਾਬੋ ਦੇ ਭਾਈ ਡੱਲੇ ਦੀ ਕਥਾ ਵੀ ਪ੍ਰਸਿਧ ਹੈ ਕਿ ਉਹਨੂੰ ਗੁਰੂ ਸਾਹਿਬ ਨੇ ਕਿਹਾ, ‘ਭਾਈ ਡੱਲੇ ਦੇਖ ਕਿੰਨੇ ਅੰਬਾਂ ਦੇ ਰੁੱਖ ਤੇ ਕਣਕ ਦੇ ਬੂਟੇ ਕਿੰਝ ਲਹਿਲਹਾ ਰਹੇ ਨੇ।’ ਤਾਂ ਡੱਲੇ ਨੇ ਉੱਤਰ ਦਿੱਤਾ, ‘ਸੱਚੇ ਪਾਤਸ਼ਾਹ ਇਹ ਅੰਬ ਨਹੀਂ ਅੱਕਾਂ ਦੀਆਂ ਕੁਕੜੀਐਂ। ਜਿਸ ਨੂੰ ਆਪ ਕਣਕ ਕਹਿੰਦੇ ਹੋ ਉਹ ਤਾਂ ਸਰਕੜਾ ਹੈ।’ ਲੋਕਾਂ ਦਾ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਦੇ ਬਚਨ ਤਿੰਨ ਸਦੀਆਂ ਮਗਰੋਂ ਸੱਚ ਹੋਏ। ਹੁਣ ਸਿਰਫ ਤਲਵੰਡੀ ਸਾਬੋ ਹੀ ਨਹੀਂ, ਮਾਲਵੇ ਦੇ ਬਹੁਤ ਇਲਾਕੇ ਵਿਚ, ਕਣਕ, ਝੋਨਾ, ਕਪਾਹ-ਨਰਮਾ ਆਦਿ ਫਸਲਾਂ ਦੀ ਉਪਜ ਦੁਆਬੇ ਤੇ ਮਾਝੇ ਤੋਂ ਹੀ ਨਹੀਂ। ਪੂਰੇ ਦੇਸ਼ ਦੇ ਕਿਸੇ ਵੀ ਏਨੇ ਇਲਾਕੇ ਦੀ ਪੈਦਾਵਾਰ ਤੋਂ ਕਈ ਗੁਣਾਂ ਵਧੇਰੇ ਹੋ ਰਹੀ ਹੈ। ਇਸ ਇਲਾਕੇ ਦਾ ਪ੍ਰਸਿਧ ਕੇਂਦਰੀ ਸ਼ਹਿਰ ਬਠਿੰਡਾ, ਜੋ ਚਾਰ ਪੰਜ ਦਹਾਕੇ ਪਹਿਲਾਂ ਸਿਰਫ ਉੱਤਰੀ ਭਾਰਤ ਦਾ ਰੇਲਾਂ ਦਾ ਜੰਕਸ਼ਨ ਜਾਂ ਹਜ਼ਾਰ ਸਾਲ ਪੁਰਾਣੇ ਕਿਲੇ ਕਰਕੇ ਹੀ ਪ੍ਰਸਿੱਧ ਸੀ, (ਉਂਜ ਬਹੁਤ ਹੀ ਮਾਮੂਲੀ ਪਿੰਡ ਵਰਗਾ ਕਸਬਾ ਸੀ) ਅੱਜ ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਸ਼ਾਮਲ ਹੈ।[7]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads